ਚੰਗਿਆਈ ਅਤੇ ਹੰਕਾਰ - Punjabi Kahani
ਜਾਣੋ ਕਿਵੇਂ ਇੱਕ ਗੁਰੂ ਨੇ ਚੋਰ ਨੂੰ ਆਸ਼ਰਮ ਵਿੱਚੋਂ ਕੱਢਣ ਦੀ ਬਜਾਏ ਉਸ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ ਅਤੇ ਭਗਤੀ ਦੇ ਹੰਕਾਰ ਵਿੱਚ ਡੁੱਬੇ ਸਾਧਕਾਂ ਨੂੰ 'ਵੱਸਦੇ ਰਹੋ, ਉੱਜੜ ਜਾਓ' ਦਾ ਅਸਲ ਮਤਲਬ ਸਮਝਾਇਆ। ਇੱਕ ਪ੍ਰੇਰਨਾਦਾਇਕ ਪੰਜਾਬੀ ਅਧਿਆਤਮਕ ਕਹਾਣੀ।
ਕਹਿੰਦੇ ਨੇ ਉੱਥੇ ਇੱਕ ਗੁਰੂ ਵੱਲੋਂ ਹਰ ਸਾਲ ਸਲਾਨਾ ਸਮਾਗਮ ਕਰਵਾਇਆ ਜਾਂਦਾ ਸੀ, ਜਿੱਥੇ ਦੁਨੀਆਂ ਭਰ ਤੋਂ ਜਾਂ ਆਸ-ਪਾਸ ਤੋਂ ਉਹਨਾਂ ਦੇ ਸ਼ਰਧਾਲੂ ਪਹੁੰਚਦੇ ਸਨ। ਹਰ ਕੋਈ, ਜਿਹੜਾ ਇਹ ਦਾਅਵਾ ਕਰਦਾ ਸੀ ਕਿ ਉਹ ਰੱਬ ਦੇ ਰਾਹ 'ਤੇ ਚੱਲ ਰਿਹਾ ਹੈ, ਟਿਕ ਕੇ ਬੈਠ ਸਕਦਾ ਹੈ ਅਤੇ ਆਪਣਾ ਅਧਿਆਤਮਕ ਸਫ਼ਰ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ, ਉਹ ਇਸ ਸਮਾਗਮ ਵਿੱਚ ਜ਼ਰੂਰ ਪੁੱਜਦਾ। ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂ ਆਸ-ਪਾਸ ਤੋਂ ਆਉਂਦੇ ਅਤੇ ਕੁਝ ਉਹਨਾਂ ਦੇ ਆਪਣੇ ਸ਼ਿਸ਼ (ਚੇਲੇ) ਹੁੰਦੇ।
ਬਾਕੀ ਸਭ ਤਾਂ ਸਮਾਗਮ ਵਿੱਚ ਹੁੰਦਾ ਹੀ ਸੀ, ਪਰ ਕੁਝ ਬੇਸਿਕ ਸ਼ਰਤਾਂ ਸਨ। ਸ਼ਰਤਾਂ ਇਹ ਕਿ ਤੁਸੀਂ ਅੰਮ੍ਰਿਤ ਵੇਲੇ ਉੱਠੋਗੇ, ਉੱਠ ਕੇ ਰੱਬ ਦਾ ਨਾਂ ਜਪੋਗੇ ਅਤੇ ਵੇਲੇ ਸਿਰ ਸੌਂਵੋਗੇ। ਕੋਈ ਫ਼ਜ਼ੂਲ ਜਾਂ ਅਜਾਈਂ ਗੱਲ ਨਹੀਂ ਕਰੋਗੇ, ਵੱਧ ਤੋਂ ਵੱਧ ਮੋਨ (ਚੁੱਪ) ਰੱਖੋਗੇ। ਆਪਣੇ ਗਿਆਨ ਨੂੰ ਆਪਣੇ ਦਿਮਾਗ ਉੱਤੇ ਹਾਵੀ ਨਹੀਂ ਹੋਣ ਦਿਓਗੇ ਅਤੇ ਕਿਸੇ ਨਾਲ ਬਹਿਸਬਾਜ਼ੀ ਨਹੀਂ ਕਰੋਗੇ। ਹੋਰ ਤਾਂ ਹੋਰ, ਖਾਣਾ ਵੀ ਬਿਲਕੁਲ ਸਾਦਾ ਅਤੇ ਉਬਲਿਆ ਹੋਇਆ ਮਿਲੇਗਾ—ਕੋਈ ਕਿਸੇ ਕਿਸਮ ਦਾ ਸੁਆਦ ਨਹੀਂ, ਕੋਈ ਚਟਕਾਰੇ ਨਹੀਂ। ਇਸੇ ਤਰੀਕੇ ਨਾਲ ਤੁਹਾਨੂੰ ਲਗਭਗ ਚਾਲੀ ਦਿਨ ਉੱਥੇ ਰਹਿਣਾ ਪੈਣਾ ਸੀ।
ਇਸ ਵਾਰ ਜਦੋਂ ਸਲਾਨਾ ਸਮਾਗਮ ਸ਼ੁਰੂ ਹੋਇਆ, ਤਾਂ ਕਹਿੰਦੇ ਨੇ ਕਿ ਆਸ-ਪਾਸ ਤੋਂ ਬਹੁਤ ਸਾਰੇ ਲੋਕ ਪਹੁੰਚੇ। ਪਰ ਉਹਨਾਂ ਦੇ ਵਿੱਚ ਇੱਕ ਚੋਰ ਵੀ ਸੀ, ਜਿਹੜਾ ਪੁਲਿਸ ਦੇ ਡਰੋਂ ਉੱਥੇ ਆ ਲੁਕਿਆ ਸੀ। ਸ਼ਾਇਦ ਉਹਨੂੰ ਲੱਗਦਾ ਸੀ ਕਿ ਜੇਕਰ ਮੈਂ ਬਾਹਰ ਰਿਹਾ, ਤਾਂ ਪੁਲਿਸ ਮੈਨੂੰ ਲੱਭ ਲਵੇਗੀ; ਇਸ ਲਈ ਇਹ ਲੁਕਣ ਵਾਸਤੇ ਇੱਕ ਸੋਹਣੀ ਜਗ੍ਹਾ ਸੀ। ਉਹ ਚੋਰ ਵੀ ਉੱਥੇ ਆ ਕੇ ਦੂਜੇ ਭਿਕਸ਼ੂਆਂ ਵਾਂਗ ਸਭ ਕੁਝ ਕਾਪੀ (ਨਕਲ) ਕਰਨ ਲੱਗਾ। ਜਿੱਦਾਂ ਉਹ ਬਹਿੰਦੇ, ਉੱਦਾਂ ਹੀ ਬੈਠਾ ਰਹਿੰਦਾ; ਜਿੰਨੇ ਵਜੇ ਉਹ ਉੱਠਦੇ, ਇਹਨੂੰ ਵੀ ਨਾਲ ਹੀ ਉੱਠਣਾ ਪੈਂਦਾ। ਸੁਕੂਨ ਤਾਂ ਉਹਨੂੰ ਆ ਰਿਹਾ ਸੀ, ਪਰ ਉਹਦੇ ਅੰਦਰੋਂ ਚੋਰੀ ਦੀ ਆਦਤ ਨਹੀਂ ਸੀ ਜਾ ਰਹੀ, ਜੋ ਉਹਨੂੰ ਵਾਰ-ਵਾਰ ਤੰਗ ਕਰਦੀ।
ਇਸ ਸਭ ਦੇ ਦਰਮਿਆਨ, ਆਖ਼ਰਕਾਰ ਇੱਕ ਦਿਨ ਉਹ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ। ਚਾਹੇ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ, ਪਰ ਫਿਰ ਵੀ ਉਹਨੇ ਇੱਕ ਦੂਸਰੇ ਭਿਕਸ਼ੂ ਦਾ ਦਾਨ-ਪਾਤਰ ਚੁਰਾ ਲਿਆ। ਇਸ ਚੋਰੀ ਕਰਕੇ ਸਵੇਰੇ ਚਾਰ-ਚੁਫੇਰੇ ਰੌਲਾ ਪੈ ਗਿਆ—"ਕਿੱਥੇ ਗਿਆ, ਕਿਸਨੇ ਰੱਖਿਆ?" ਚਲੋ, ਥੋੜ੍ਹਾ ਚਿਰ ਰੌਲਾ-ਰੱਪਾ ਪੈਣ ਤੋਂ ਬਾਅਦ ਉਹ ਗੱਲ ਆਈ-ਗਈ ਹੋ ਗਈ। ਪਰ ਉਹਦਾ ਉਹ ਸੁਭਾਅ ਫਿਰ ਵੀ ਨਾ ਬਦਲਿਆ। ਦੋ ਕੁ ਦਿਨ ਬੀਤੇ, ਉਹਨੇ ਫਿਰ ਦੁਬਾਰਾ ਜੋ ਵੀ ਕਿਸੇ ਦਾ ਕੀਮਤੀ ਸਾਮਾਨ ਲੱਭਿਆ, ਚੁਰਾ ਕੇ ਆਪਣੇ ਕੋਲ ਰੱਖ ਲਿਆ।
ਇਸ ਵਾਰ ਅੱਗੇ ਨਾਲੋਂ ਵੀ ਵੱਧ ਰੌਲਾ ਪਿਆ। ਆਸ਼ਰਮ ਦਾ ਜਿਹੜਾ ਮਾਹੌਲ ਪਹਿਲਾਂ ਸ਼ਾਂਤ ਅਤੇ ਮੋਨ ਸੀ, ਉਹ ਹੌਲੀ-ਹੌਲੀ ਖਿੱਲਰਦਾ ਜਾਪਿਆ ਅਤੇ ਚੀਕ-ਚਿਹਾੜਾ ਵਧਣ ਲੱਗ ਪਿਆ। ਸਵੇਰ ਦੇ ਸਮੇਂ ਤਾਂ ਚਲੋ ਸਾਰੇ ਆਪਣੀ ਸਮਾਧੀ ਕਰਦੇ, ਪਰ ਉਸ ਤੋਂ ਬਾਅਦ ਗੱਲਾਂ-ਬਾਤਾਂ ਦਾ ਮੁੱਖ ਵਿਸ਼ਾ ਇਹੋ ਰਹਿਣ ਲੱਗ ਪਿਆ ਕਿ ਆਖ਼ਰਕਾਰ ਚੀਜ਼ਾਂ ਜਾਂਦੀਆਂ ਕਿੱਥੇ ਨੇ?
ਇੱਕ ਦਿਨ ਤਾਂ ਹੱਦ ਹੀ ਹੋ ਗਈ। ਉਹਨੇ ਵੇਖਿਆ ਕਿ ਸਾਰੇ ਸਮਾਧੀ ਵਿੱਚ ਲੀਨ ਨੇ ਅਤੇ ਆਪਣੇ ਕੰਮਾਂ-ਕਾਰਾਂ ਵਿੱਚ ਮਸਤ ਨੇ, ਤਾਂ ਉਹਨੇ ਇੱਕ ਵੱਡਾ ਹੱਥ ਮਾਰਿਆ। ਤਸੱਲੀ ਨਾਲ, ਜਿਸ ਕਿਸੇ ਕੋਲ ਵੀ ਕੋਈ ਪੈਸਾ-ਧੇਲਾ, ਮਹਿੰਗੀ ਵਸਤੂ ਜਾਂ ਮਹਿੰਗਾ ਲੀੜਾ-ਕੱਪੜਾ ਸੀ, ਉਹ ਸਾਰਾ ਕੁਝ ਚੁੱਕ ਕੇ ਥੋੜ੍ਹਾ ਦੂਰ ਝਾੜੀਆਂ ਅਤੇ ਜੰਗਲ ਵਿੱਚ ਲੁਕਾ ਆਇਆ। ਉਹ ਸੋਚ ਰਿਹਾ ਸੀ ਕਿ ਜਿੱਦਣ ਮੈਂ ਇੱਥੋਂ ਜਾਵਾਂਗਾ, ਉਸ ਦਿਨ ਨਾਲ ਲੈ ਜਾਵਾਂਗਾ। ਬੱਸ ਫਿਰ ਕੀ ਸੀ, ਅਗਲੇ ਦਿਨ ਆਸ਼ਰਮ ਵਿੱਚ ਹਾਹਾਕਾਰ ਮੱਚ ਗਈ। ਸਵੇਰ ਦਾ ਸਮਾਂ ਜਿਹੜਾ ਪਾਠ-ਪੂਜਾ ਅਤੇ ਪ੍ਰਭੂ-ਭਗਤੀ ਵਿੱਚ ਲੀਨ ਹੋਣ ਲਈ ਰੱਖਿਆ ਸੀ, ਉੱਥੇ ਹੁਣ ਚੀਕ-ਚਿਹਾੜਾ ਪੈ ਰਿਹਾ ਸੀ।
ਸਾਰੇ ਜਣੇ ਗੁਰੂ ਕੋਲ ਸ਼ਿਕਾਇਤ ਲੈ ਕੇ ਪਹੁੰਚੇ। ਗੁਰੂ ਨੇ ਬਥੇਰਾ ਕਿਹਾ ਕਿ ਇਹ ਸਮਾਂ ਸਾਡੀ ਸਮਾਧੀ ਦਾ ਹੈ, ਪਰ ਕੌਣ ਮੰਨੇ! ਆਖ਼ਰਕਾਰ ਉਹਨਾਂ ਦੀਆਂ ਕੀਮਤੀ ਵਸਤਾਂ ਚੋਰੀ ਹੋਈਆਂ ਸਨ। ਅੰਤ ਵਿੱਚ ਇੱਕ ਜਣੇ ਨੇ ਸ਼ੱਕ ਜਤਾਉਂਦਿਆਂ ਕਿਹਾ, "ਮੈਂ ਇਸਨੂੰ ਝਾੜੀਆਂ ਵੱਲ ਜਾਂਦੇ ਵੇਖਿਆ ਸੀ, ਹੋਵੇ ਨਾ ਹੋਵੇ ਸਾਨੂੰ ਇਸ ਉੱਤੇ ਹੀ ਸ਼ੱਕ ਹੈ।" ਚੋਰ ਨੇ ਬਥੇਰਾ ਮਨ੍ਹਾ ਕੀਤਾ, ਪਰ ਜਦੋਂ ਜਾ ਕੇ ਝਾੜੀਆਂ ਫੋਲੀਆਂ ਤਾਂ ਉੱਥੋਂ ਸਾਰਾ ਸਾਮਾਨ ਬਰਾਮਦ ਹੋ ਗਿਆ।
ਹੁਣ ਬੰਦਾ ਵੀ ਫੜਿਆ ਗਿਆ ਸੀ, ਇਸ ਲਈ ਸਾਰਿਆਂ ਦਾ ਧਿਆਨ ਇਹ ਸੀ ਕਿ ਗੁਰੂ ਇਹਨੂੰ ਕੋਈ ਨਾ ਕੋਈ ਸਖ਼ਤ ਸਜ਼ਾ ਦੇਣਗੇ ਜਾਂ ਆਸ਼ਰਮ ਵਿੱਚੋਂ ਕੱਢ ਦੇਣਗੇ। ਪਰ ਗੁਰੂ ਨੇ ਬਿਲਕੁਲ ਸ਼ਾਂਤ ਰਹਿ ਕੇ ਉਹਨੂੰ ਇੱਕ ਮੌਕਾ ਹੋਰ ਦੇ ਦਿੱਤਾ ਅਤੇ ਕਿਹਾ, "ਭਾਈ, ਇੱਥੇ ਤੂੰ ਕੁਝ ਸਿੱਖਣ ਅਤੇ ਪਾਉਣ ਲਈ ਆਇਆ ਸੀ, ਵੇਖੀਂ ਕਿਤੇ ਸਭ ਕੁਝ ਗੁਆ ਕੇ ਨਾ ਚਲਿਆ ਜਾਵੇਂ।" ਇੰਨਾ ਕਹਿ ਕੇ, ਉਹ ਮੁਸਕਰਾਏ ਅਤੇ ਫਿਰ ਆਪਣੀ ਸਮਾਧੀ ਵਿੱਚ ਲੀਨ ਹੋ ਗਏ। ਬਾਕੀ ਆਏ ਲੋਕ ਜੋ ਮਰਜ਼ੀ ਕਰਦੇ ਰਹਿਣ, ਪਰ ਗੁਰੂ ਨੇ ਆਪਣਾ ਨੇਮ ਨਾ ਛੱਡਿਆ।
ਇਸੇ ਤਰ੍ਹਾਂ ਕੁਝ ਦਿਨ ਹੋਰ ਬੀਤੇ, ਪਰ ਉਸਦੇ ਅੰਦਰ ਦਾ ਚੋਰ ਹਾਲੇ ਵੀ ਸ਼ਾਂਤ ਨਹੀਂ ਸੀ ਹੋਇਆ। ਕੁਝ ਵਸਤਾਂ ਅਜਿਹੀਆਂ ਸਨ ਜੋ ਉਹ ਹਰ ਹਾਲ ਵਿੱਚ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਅਤੇ ਹੁਣ ਤਾਂ ਉਹਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਕਿਸ ਕੋਲ ਕੀ ਅਤੇ ਕਿੰਨਾ ਹੈ। ਜਦੋਂ ਦੁਬਾਰਾ ਕੁਝ ਕੀਮਤੀ ਚੀਜ਼ਾਂ ਚੋਰੀ ਹੋਈਆਂ, ਤਾਂ ਇਸ ਵਾਰ ਰੌਲਾ-ਰੱਪਾ ਠੱਲ੍ਹਣ ਵਾਲਾ ਨਹੀਂ ਸੀ। ਇਸ ਵਾਰ ਬਹੁਤ ਵੱਡਾ ਹੰਗਾਮਾ ਹੋਇਆ।
ਸਾਰਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਹੁਣ ਗੁਰੂ ਨੂੰ ਇੱਕ ਪਾਸਾ ਕਰਨਾ ਹੀ ਪਵੇਗਾ—ਜਾਂ ਤਾਂ ਇਹ ਚੋਰ ਇੱਥੇ ਰਹੇਗਾ ਜਾਂ ਫਿਰ ਅਸੀਂ ਸਾਰੇ ਰਹਾਂਗੇ। ਹੁਣ ਤਾਂ ਸਭ ਨੂੰ ਪਤਾ ਵੀ ਸੀ ਕਿ ਕਿਹੜਾ ਬੰਦਾ ਤੰਗ ਕਰ ਰਿਹਾ ਹੈ, ਪਰ ਇਸਦੇ ਬਾਵਜੂਦ ਗੁਰੂ ਚੁੱਪ ਹਨ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੇ ਇਕੱਠੇ ਹੋ ਕੇ ਗੁਰੂ ਕੋਲ ਗਏ ਅਤੇ ਬੋਲੇ, "ਹੁਣ ਦੋ ਹੀ ਰਾਹ ਨੇ, ਜਾਂ ਤਾਂ ਇਸਨੂੰ ਆਸ਼ਰਮ ਵਿੱਚੋਂ ਕੱਢਿਆ ਜਾਵੇ ਜਾਂ ਫਿਰ ਅਸੀਂ ਸਾਰੇ ਜਾ ਰਹੇ ਹਾਂ।"
ਗੁਰੂ ਕੁਝ ਦੇਰ ਸ਼ਾਂਤ ਰਹੇ, ਫਿਰ ਉਹਨਾਂ ਨੇ ਆਪਣਾ ਫ਼ੈਸਲਾ ਸੁਣਾਇਆ, "ਦੇਖੋ, ਤੁਸੀਂ ਬੜੇ ਭਲੇ ਅਤੇ ਨੇਕ ਇਨਸਾਨ ਹੋ, ਜੋ ਰੱਬ ਦੇ ਰਾਹ 'ਤੇ ਚੱਲ ਰਹੇ ਹੋ। ਤੁਹਾਡੇ ਵਿੱਚੋਂ ਬਹੁਤੇ ਹਰ ਸਾਲ ਆਉਂਦੇ ਨੇ, ਇੱਥੋਂ ਕੁਝ ਲੈ ਕੇ ਜਾਂਦੇ ਨੇ ਅਤੇ ਕੁਝ ਦੇ ਕੇ ਜਾਂਦੇ ਨੇ। ਤੁਸੀਂ ਜਿੱਥੇ ਵੀ ਜਾਓਗੇ, ਉੱਥੇ ਰੌਸ਼ਨੀ ਫੈਲਾਓਗੇ ਕਿਉਂਕਿ ਤੁਸੀਂ ਪਹਿਲਾਂ ਹੀ ਸਿੱਖੇ-ਸਿਖਾਏ ਹੋ। ਤੁਸੀਂ ਚਲੇ ਵੀ ਜਾਓਗੇ ਤਾਂ ਕੋਈ ਫ਼ਰਕ ਨਹੀਂ ਪੈਂਦਾ। ਪਰ ਇਹ ਵਿਚਾਰਾ ਭਟਕਿਆ ਹੋਇਆ ਹੈ। ਇਹ ਇਨਸਾਨੀਅਤ ਦੇ ਰਾਹ ਤੋਂ ਪਤਾ ਨਹੀਂ ਕਦੋਂ ਦਾ ਲੀਹੋਂ ਲੱਥ ਚੁੱਕਾ ਹੈ। ਮੇਰੀ ਜ਼ਮੀਰ ਇਹ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਇਸ ਦਾ ਸਾਥ ਛੱਡਾਂ।"
ਕੁੱਲ ਮਿਲਾ ਕੇ ਗੁਰੂ ਦਾ ਇਸ਼ਾਰਾ ਇਹ ਸੀ ਕਿ ਜੇ ਤੁਸੀਂ ਸਾਰਿਆਂ ਨੇ ਜਾਣਾ ਹੈ ਤਾਂ ਜਾ ਸਕਦੇ ਹੋ, ਪਰ ਮੈਂ ਇਸ ਇੱਕ ਚੋਰ ਨੂੰ ਆਸ਼ਰਮ ਵਿੱਚੋਂ ਉਦੋਂ ਤੱਕ ਨਹੀਂ ਜਾਣ ਦੇਵਾਂਗਾ ਜਦੋਂ ਤੱਕ ਇਹ ਸਮਾਗਮ ਪੂਰਾ ਨਹੀਂ ਹੁੰਦਾ। ਗੁਰੂ ਨੇ ਉਸ ਚੋਰ ਵੱਲ ਵੇਖਿਆ ਤੇ ਕਿਹਾ, "ਤੁਹਾਨੂੰ ਨਹੀਂ ਲੱਗਦਾ ਕਿ ਜੇ ਮੈਂ ਇਸਨੂੰ ਵਾਪਸ ਦੁਨੀਆਂ ਵਿੱਚ ਇੰਜ ਹੀ ਭੇਜ ਦਿੱਤਾ, ਤਾਂ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਾਤਰ ਬਣ ਕੇ ਜਾਵੇਗਾ? ਹੁਣ ਤਾਂ ਇਹਨੇ ਇੱਥੇ ਰਹਿ ਕੇ ਹੋਰ ਵੀ ਕਈ ਗੁਣ ਸਿੱਖ ਲਏ ਹਨ। ਇਹ ਜਿੱਥੇ ਵੀ ਜਾਵੇਗਾ, ਆਪਣਾ ਹੁਨਰ ਦਿਖਾ ਕੇ ਲੋਕਾਂ ਨੂੰ ਚੋਰੀਆਂ ਸਿਖਾਵੇਗਾ ਅਤੇ ਸਮਾਜ ਵਿੱਚ ਹੋਰ ਅਰਾਜਕਤਾ ਫੈਲਾਵੇਗਾ। ਜੇ ਅੱਜ ਤੁਸੀਂ ਸੈਂਕੜੇ ਲੋਕ ਚਲੇ ਵੀ ਜਾਂਦੇ ਹੋ, ਤਾਂ ਸਮਾਜ ਨੂੰ ਕੁਝ ਚੰਗਾ ਹੀ ਦਿਓਗੇ—ਵੱਧ ਤੋਂ ਵੱਧ ਮੇਰੇ ਬਾਰੇ ਮਾੜਾ ਕਹਿ ਲਓਗੇ, ਪਰ ਇਸ ਤੋਂ ਇਲਾਵਾ ਜੋ ਵੀ ਤੁਸੀਂ ਦੁਨੀਆਂ ਨੂੰ ਪਰੋਸੋਗੇ, ਉਹ ਚੰਗਾ ਹੀ ਹੋਵੇਗਾ।"
ਸਾਰੇ ਹੈਰਾਨ ਸਨ ਕਿ ਗੁਰੂ ਇਸਦੇ ਹੱਕ ਵਿੱਚ ਸਟੈਂਡ ਕਿਉਂ ਲੈ ਰਹੇ ਹਨ? ਪਰ ਗੁਰੂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ। ਹੁਣ ਉਹਨਾਂ ਦੀ ਮਰਜ਼ੀ ਸੀ ਕਿ ਉਹਨਾਂ ਨੇ ਜਾਣਾ ਹੈ ਜਾਂ ਰਹਿਣਾ ਹੈ, ਪਰ ਫ਼ੈਸਲਾ ਸਾਫ਼ ਤੇ ਸਪੱਸ਼ਟ ਸੀ। ਇਹ ਫ਼ੈਸਲਾ ਬਿਲਕੁਲ ਉਸੇ ਤਰ੍ਹਾਂ ਦਾ ਸੀ, ਜਿੱਦਾਂ ਦਾ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਵਿੱਚ ਸੁਣਦੇ ਆਏ ਹਾਂ—'ਵੱਸਦੇ ਰਹੋ, ਉੱਜੜ ਜਾਓ' ਦਾ ਸੰਦੇਸ਼।
ਮਾੜੇ ਲੋਕਾਂ ਨੂੰ ਇਹ ਕਹਿਣਾ ਕਿ ਤੁਸੀਂ ਇਸੇ ਨਗਰ ਵਿੱਚ ਵੱਸਦੇ ਰਹੋ, ਕਿਉਂਕਿ ਜੇ ਉਹ ਬਾਹਰ ਗਏ ਤਾਂ ਗਲਤ ਚੀਜ਼ਾਂ ਫੈਲਾਉਣਗੇ ਅਤੇ ਦੁਨੀਆਂ ਨੂੰ ਕੋਈ ਚੰਗਾ ਸੰਦੇਸ਼ ਨਹੀਂ ਦੇਣਗੇ। ਦੂਜੇ ਪਾਸੇ, ਜਿਹੜੇ ਚੰਗੇ ਨੇ, ਉਹ ਉੱਜੜੇ ਵੀ ਚੰਗੇ ਨੇ, ਕਿਉਂਕਿ ਉਹ ਜਿੱਥੇ ਵੀ ਜਾਣਗੇ, ਆਪਣੀ ਚੰਗਿਆਈ ਨਾਲ ਲੈ ਕੇ ਜਾਣਗੇ।
ਧਰਮ ਦਾ ਕੰਮ ਇੱਕੋ ਹੀ ਹੈ। ਜਿੱਥੇ ਵੀ ਕਿਤੇ ਰੱਬ ਨੂੰ ਪਹੁੰਚੇ ਹੋਏ ਇਨਸਾਨ ਮਿਲੇ ਨੇ, ਉਹਨਾਂ ਦਾ ਦੁਨੀਆਂ ਨੂੰ ਵੇਖਣ ਦਾ ਨਜ਼ਰੀਆ ਅਲੱਗ ਹੁੰਦਾ ਹੈ ਅਤੇ ਉਹਨਾਂ ਦੇ ਸੰਦੇਸ਼ ਵੀ ਵੱਖਰੇ ਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਅਸੀਂ ਉਹਨਾਂ 'ਤੇ ਪੂਰੀ ਤਰ੍ਹਾਂ ਚੱਲ ਨਹੀਂ ਪਾਉਂਦੇ। ਜੇ ਇੱਕ ਵੀ ਮਾੜਾ ਬੰਦਾ ਦੁਨੀਆਂ ਵਿੱਚ ਬਾਹਰ ਜਾ ਕੇ ਵਿਚਰਦਾ ਹੈ, ਤਾਂ ਉਹ ਆਪਣੇ ਵਰਗੇ ਸੈਂਕੜੇ ਹੋਰ ਤਿਆਰ ਕਰ ਦਿੰਦਾ ਹੈ। ਜੇ ਇੱਕ ਚੋਰ ਹੈ, ਤਾਂ ਉਹਨੇ ਪਤਾ ਨਹੀਂ ਕਿੰਨੇ ਚੋਰ ਪੈਦਾ ਕਰ ਦੇਣੇ ਨੇ। ਸ਼ਾਇਦ ਸੈਂਕੜੇ ਚੰਗੇ ਲੋਕ ਮਿਲ ਕੇ ਵੀ ਉੱਨੇ ਚੰਗੇ ਬੰਦੇ ਤਿਆਰ ਨਾ ਕਰ ਸਕਣ, ਕਿਉਂਕਿ ਬੁਰਾਈ ਬਹੁਤ ਤੇਜ਼ੀ ਨਾਲ ਫੈਲਦੀ ਹੈ। ਬੁਰਾਈ ਤਾਂ ਇਹੋ ਕਹਿੰਦੀ ਹੈ ਕਿ ਤੁਸੀਂ ਰਾਤੋ-ਰਾਤ ਅਮੀਰ ਹੋ ਜਾਣਾ ਹੈ, ਮਿਹਨਤ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਕਿਸੇ ਦਾ ਖੋਹ ਕੇ ਖਾ ਸਕਦੇ ਹੋ। ਕੀ ਲੋੜ ਹੈ ਕਿਸੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਮਾਰਨ ਦੀ? ਜੋ ਤੁਹਾਡੇ ਅੰਦਰ ਜ਼ਹਿਰ ਹੈ, ਉਹਨੂੰ ਬਾਹਰ ਕੱਢੋ; ਆਪਣੇ ਆਪ ਨੂੰ ਕਿਉਂ ਤੰਗ ਕਰਨਾ ਅਤੇ ਚੁੱਪ ਵੱਟ ਕੇ ਅੰਦਰ ਗੁਬਾਰ ਭਰੀ ਰੱਖਣਾ? ਬਾਹਰ ਕੱਢੋ, ਕੀ ਫ਼ਰਕ ਪੈਂਦਾ ਹੈ? ਜੇ ਤੁਸੀਂ ਖੁਸ਼ ਨਹੀਂ, ਤਾਂ ਕੋਈ ਹੋਰ ਕਿਉਂ ਖੁਸ਼ ਰਹੇ!
ਯਾਨੀ ਕਿ, ਬੰਦਾ ਸਿਰਫ਼ ਆਪਣੇ ਆਪ ਲਈ ਸੋਚਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਸਮਾਜ ਨੂੰ ਚੰਗੇ ਲੋਕਾਂ ਦੀ ਲੋੜ ਹੈ। ਵੈਸੇ ਚੰਗੇ ਲੋਕਾਂ ਵਿੱਚ ਵੀ ਵੇਖਿਆ ਜਾਵੇ ਤਾਂ ਚੰਗਿਆਈ ਵੀ ਇੱਕ ਪੱਧਰ 'ਤੇ ਜਾ ਕੇ ਬੁਰਾਈ ਬਣ ਜਾਂਦੀ ਹੈ ਅਤੇ ਹੰਕਾਰ ਦਾ ਰੂਪ ਧਾਰਨ ਕਰ ਲੈਂਦੀ ਹੈ। ਗੁਰੂ ਨੇ ਚਾਹੇ ਸਪੱਸ਼ਟ ਸ਼ਬਦਾਂ ਵਿੱਚ ਨਾ ਕਿਹਾ ਹੋਵੇ, ਪਰ ਜਿਹੜੇ ਲੋਕ ਧਰਮ-ਕਰਮ ਦੇ ਰਾਹ 'ਤੇ ਤੁਰਦੇ ਨੇ ਜਾਂ ਇਸ ਸਮਾਗਮ ਵਿੱਚ ਆਏ ਸਨ, ਜੇ ਉਹ ਸੱਚਮੁੱਚ ਹੀ ਰੱਬ ਦੇ ਰਾਹ 'ਤੇ ਤੁਰ ਪਏ ਸਨ, ਤਾਂ ਉਹਨਾਂ ਨੂੰ ਦੁਨਿਆਵੀ ਵਸਤਾਂ ਨਾਲ ਇੰਨਾ ਮੋਹ ਨਹੀਂ ਹੋਣਾ ਚਾਹੀਦਾ ਸੀ ਅਤੇ ਨਾ ਹੀ ਉਹਨਾਂ ਦੀਆਂ ਸਮਾਧੀਆਂ ਇੰਨੀ ਜਲਦੀ ਭੰਗ ਹੋਣੀਆਂ ਚਾਹੀਦੀਆਂ ਸਨ।
ਦੂਜੇ ਸ਼ਬਦਾਂ ਵਿੱਚ ਇਹ ਵੀ ਕਹਿੰਦੇ ਨੇ ਨਾ ਕਿ ਜਦੋਂ ਤੁਸੀਂ ਕਿਸੇ ਚੰਗੇ ਕੰਮ ਲਈ ਤੁਰਦੇ ਹੋ, ਤਾਂ ਪ੍ਰਭੂ ਆਪ ਪ੍ਰੀਖਿਆ ਲੈਂਦਾ ਹੈ। ਉਹਨਾਂ ਨੇ ਇਸ ਨੂੰ ਇੱਕ ਪ੍ਰੀਖਿਆ ਕਿਉਂ ਨਹੀਂ ਮੰਨਿਆ? ਉਹ ਵੀ ਤਾਂ ਆਪਣੇ ਆਪ ਨੂੰ ਦੁਨੀਆਂ ਨਾਲੋਂ ਸਰਵਸ੍ਰੇਸ਼ਠ ਅਤੇ ਬਾਕੀ ਸਾਰਿਆਂ ਨੂੰ ਨਿਗੁਣਾ ਮੰਨ ਕੇ ਚੱਲ ਰਹੇ ਸਨ। ਗੱਲ ਕਾਹਦੀ, ਜਦੋਂ ਅਸੀਂ ਕੋਈ ਗਿਆਨ ਜਾਂ ਸਿੱਖਿਆ ਹਾਸਲ ਕਰ ਲੈਂਦੇ ਹਾਂ, ਤਾਂ ਉਹ ਇੱਕ ਸਮੇਂ ਬਾਅਦ ਸਾਡੇ ਮਨ ਉੱਤੇ ਬੋਝ ਅਤੇ ਹੰਕਾਰ ਬਣ ਜਾਂਦੀ ਹੈ। ਉਸ ਸਿੱਖਿਆ ਦਾ ਹੰਕਾਰ ਸਾਡੇ ਆਪਣੇ ਲਈ ਹੀ ਮਾੜਾ ਹੁੰਦਾ ਹੈ।
ਅਸਲ ਇਨਸਾਨ ਉਹ ਹੈ ਜਿਹੜਾ ਸਿੱਖਿਆ ਲੈ ਕੇ ਵੀ ਮਨ ਵਿੱਚ ਹੰਕਾਰ ਨਾ ਆਉਣ ਦੇਵੇ। ਜੇ ਤੁਹਾਨੂੰ ਜਾਂ ਮੈਨੂੰ ਕੋਈ ਚਾਰ ਅੱਖਰ ਆਉਂਦੇ ਨੇ, ਤਾਂ ਉਸ ਪਰਮਾਤਮਾ ਅੱਗੇ ਇਹੋ ਅਰਦਾਸ ਹੋਣੀ ਚਾਹੀਦੀ ਹੈ ਕਿ ਇਸ ਗਿਆਨ ਦਾ ਮਨ ਵਿੱਚ ਹੰਕਾਰ ਨਾ ਹੋਵੇ। ਜੇ ਤੁਸੀਂ ਆਪਣੇ ਆਸ-ਪਾਸ ਕੁਝ ਮਾੜਾ ਵੇਖਦੇ ਹੋ ਜਾਂ ਕੋਈ ਗਲਤ ਇਨਸਾਨ ਵੇਖਦੇ ਹੋ, ਤਾਂ ਉਸਨੂੰ ਆਪਣੇ ਪਰਿਵਾਰ ਦਾ ਜੀਅ ਸਮਝ ਕੇ ਸੁਧਾਰਨ ਦੀ ਕੋਸ਼ਿਸ਼ ਕਰੋ; ਕਿਉਂਕਿ ਜੇ ਤੁਸੀਂ ਉਹਨੂੰ ਲੱਤ ਮਾਰ ਕੇ ਸਮਾਜ ਵਿੱਚ ਛੱਡ ਦਿੱਤਾ, ਤਾਂ ਉਹ ਬੁਰਾਈ ਨੂੰ ਹੋਰ ਫੈਲਾਵੇਗਾ। ਆਪਣੇ-ਆਪਣੇ ਪੱਧਰ 'ਤੇ ਅਤੇ ਆਪਣੇ ਪਰਿਵਾਰਾਂ ਵਿੱਚ, ਮਨੁੱਖ ਦਾ ਇਹੋ ਫ਼ਰਜ਼ ਬਣਦਾ ਹੈ ਕਿ ਉਹ ਇੱਕ-ਦੂਜੇ ਦੀ ਮਦਦ ਕਰੇ। ਮਦਦ ਸਿਰਫ਼ ਪੈਸੇ, ਛੱਤ ਜਾਂ ਲੀੜੇ-ਕੱਪੜੇ ਦੀ ਨਹੀਂ ਹੁੰਦੀ, ਬਲਕਿ ਕਈ ਵਾਰ ਭਟਕੇ ਹੋਏ ਇਨਸਾਨ ਨੂੰ ਵਾਪਸ ਸਹੀ ਲੀਹ 'ਤੇ ਲਿਆਉਣਾ ਵੀ ਸਭ ਤੋਂ ਵੱਡੀ ਮਦਦ ਹੁੰਦੀ ਹੈ।
What's Your Reaction?
