Fakir Te Chor: Punjabi Kahani

ਜ਼ਿੰਦਗੀ ਦੀ ਭੱਜ-ਦੌੜ ਵਿੱਚ ਅਸੀਂ ਹੋਸ਼ ਕਿਉਂ ਗੁਆ ਬੈਠਦੇ ਹਾਂ? Today’s Kitaab Kahani brings you a deeply touching and motivational Punjabi audio story about the great Fakir Nagarjuna and a thief.

May 6, 2026 - 14:04
 0  0

Share -

Fakir Te Chor: Punjabi Kahani
Kitaab Kahani is Radio Haanji 1674 AM's daily Punjabi audio story series — new stories every weekday morning, free on all platforms.

ਕਹਿੰਦੇ ਨੇ ਇੱਕ ਫਕੀਰ ਹੋਇਆ, ਨਾਗਾਰਜੁਨ। ਉਹ ਆਪਣੇ ਤਨ ਦੇ ਉੱਤੇ ਕੱਪੜੇ ਨਹੀਂ ਸੀ ਪਾਉਂਦਾ, ਉਹਨੂੰ ਜ਼ਰੂਰਤ ਹੀ ਨਹੀਂ ਸੀ ਮਹਿਸੂਸ ਹੁੰਦੀ। ਉਹਦੇ ਲਈ ਸਿਰਫ਼ ਇੱਕ ਹੀ ਜ਼ਰੂਰਤ ਸੀ ਕਿ ਮੈਂ ਰੱਬ ਦਾ ਨਾਂ ਲੈਣਾ। ਸਾਰਾ ਦਿਨ ਲੋਕਾਂ ਦੇ ਲਈ ਦੁਆਵਾਂ ਮੰਗਦਾ ਰਹਿੰਦਾ, ਗਲੀਆਂ ਦੇ ਵਿੱਚ ਘੁੰਮਦਾ ਰਹਿੰਦਾ। ਜਦੋਂ ਭੁੱਖ ਲੱਗਦੀ ਤਾਂ ਹੱਥ ਦੇ ਵਿੱਚ ਉਹਦੇ ਇੱਕ ਲੱਕੜ ਦਾ ਬਣਿਆ ਕਾਸਾ (ਭਾਂਡਾ) ਸੀ, ਜਿਹੜੇ ਵੀ ਘਰ ਦੇ ਵਿੱਚ ਦਰਵਾਜ਼ਾ ਖੜਕਾ ਕੇ ਉਹ ਕਾਸਾ ਅੱਗੇ ਕਰਦਾ, ਕਦੀ ਕਿਸੇ ਨੇ ਮਨ੍ਹਾ ਨਹੀਂ ਕੀਤਾ। ਤੇ ਉਸ ਘਰ ਨੂੰ ਇੰਨੀਆਂ ਕੁ ਦੁਆਵਾਂ ਦੇ ਕੇ ਜਾਂਦਾ ਕਿ ਉਸ ਘਰ ਦੇ ਵਿੱਚ ਲਹਿਰਾਂ-ਬਹਿਰਾਂ ਹੋ ਜਾਂਦੀਆਂ। ਉਸ ਘਰ ਦੇ ਵਿੱਚ ਕਦੀ ਕਿਸੇ ਚੀਜ਼ ਦੀ ਕਦੀ ਤੋਟ ਨਾ ਆਈ। ਇਸ ਕਰਕੇ ਕਦੀ ਵੀ ਕੋਈ ਦਰਵਾਜ਼ਾ ਉਹਦੇ ਲਈ ਕਦੀ ਬੰਦ ਹੀ ਨਹੀਂ ਹੋਇਆ।
ਆਸ-ਪਾਸ ਦੇ ਇਲਾਕੇ ਦੇ ਵਿੱਚ ਉਹਦੀ ਖੂਬ ਪ੍ਰਸਿੱਧੀ ਕਰਮਾਂ ਵਾਲਾ ਹੈ ਉਹ, ਜਿਹਦੇ ਘਰ ਦਾ ਉਹ ਦਰਵਾਜ਼ਾ ਖੜਕਾਵੇ। ਜਿਹੜਾ ਵੀ ਕੋਈ ਮਿਲਦਾ, ਉਹ ਵੇਖਦਾ ਉਹਦੇ ਚਿਹਰੇ 'ਤੇ ਇੱਕ ਅਜੀਬ ਜਿਹਾ, ਅਜਬ ਜਿਹਾ ਨੂਰ ਹੈ। ਉਹਨੂੰ ਵੇਖ ਕੇ ਕਈਆਂ ਦੇ ਦੁੱਖ ਦੂਰ ਹੋ ਜਾਂਦੇ ਨੇ। ਜਿਹੜਾ ਵੀ ਕੋਈ ਮਿਲਦਾ, ਉਹਨੂੰ ਉਹ ਰੱਬ ਦੀਆਂ ਗੱਲਾਂ ਹੀ ਸੁਣਾਉਂਦਾ। ਜੋ ਉਹਨੇ ਸਿੱਖਿਆ, ਉਹੀ ਉਹਨੂੰ ਅੱਗੇ ਤੋਰਦਾ।
ਇਸੇ ਤਰ੍ਹਾਂ ਦੇ ਨਾਲ ਕਹਿੰਦੇ ਨੇ ਇੱਕ ਵਾਰੀ ਉਸ ਨਗਰ ਦੀ ਸ਼ਹਿਜ਼ਾਦੀ ਉਹਦੇ ਤੋਂ ਬੜੀ ਪ੍ਰਭਾਵਿਤ ਹੋਈ। ਉਹਨੇ ਉਹਦੇ ਬਾਰੇ ਇੰਨਾ ਕੁਝ ਸੁਣਿਆ ਸੀ ਕਿ ਇੱਕ ਦਿਨ ਉਹਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਆਈ। ਰਾਣੀ ਮਾਨਸਿਕ ਤੌਰ ਦੇ ਉੱਤੇ ਬਿਮਾਰ ਰਹਿੰਦੀ ਸੀ। ਜਦੋਂ ਉਹਦੀ ਨਿਗਾਹ ਨਾਗਾਰਜੁਨ ਦੇ ਉੱਤੇ ਪਈ, ਤੇ ਉਹਦੇ ਸਾਰੇ ਦੁੱਖ ਜਿੱਦਾਂ ਦੂਰ ਹੋ ਗਏ। ਉਹਨੂੰ ਲੱਗਾ ਕਿ ਉਹਦੇ ਸਿਰ ਦੇ ਉੱਤੋਂ ਮਣਾਂ-ਮੂੰਹੀਂ ਭਾਰ ਲਹਿ ਗਿਆ, ਬਿਲਕੁਲ ਹਲਕੀ ਹੋ ਗਈ ਫੁੱਲ ਵਰਗੀ।
ਹੱਥ ਜੋੜ ਕੇ ਕਹਿਣ ਲੱਗੀ, "ਫਕੀਰ ਜੀ, ਮੈਂ ਤੁਹਾਡੇ ਲਈ ਕੁਝ ਕਰ ਸਕਦੀ ਹਾਂ?" ਫਕੀਰ ਦੇ ਲਈ ਕੋਈ ਕੀ ਕਰ ਸਕਦਾ? ਕਹਿਣ ਲੱਗਾ, "ਤੁਸੀਂ ਤਾਂ ਮਾਈ-ਬਾਪ ਹੋ ਇਸ ਨਗਰ ਦੇ, ਤੁਸੀਂ ਜੋ ਚਾਹੋ ਉਹੀ ਤੁਸੀਂ ਕਰ ਦਿਓ।" ਤੁਹਾਨੂੰ ਲੱਗਣਾ ਤੁਸੀਂ ਕੀਤਾ, ਪਰ ਕੀਤਾ ਤੇ ਉਸ ਰੱਬ ਨੇ ਹੋਣਾ। ਜੋ ਕਰਵਾਉਣ ਵਾਲਾ, ਉਹ ਕਰਵਾਉਣ ਵਾਲਾ, ਕਿਹਦੇ ਹੱਥੋਂ ਕਰਵਾਉਣਾ, ਇਹ ਜ਼ਰੂਰ ਸਾਨੂੰ ਵੇਖਣਾ ਪਊਗਾ। ਇੰਨਾ ਕਹਿ ਕੇ ਹੱਸਦਾ ਅੱਗੇ ਲੰਘ ਗਿਆ। ਪਰ ਉਹਦੇ ਮਨ ਦੇ ਵਿੱਚ ਇਹ ਖਿਆਲ ਘਰ ਕੀਤਾ ਰਿਹਾ ਕਿ ਮੈਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ। ਫਿਰ ਕਦੀ ਉਹਨੇ ਸੁਨੇਹਾ ਘੱਲ ਕੇ ਪੁੱਛਿਆ ਕਿ, "ਤੁਹਾਡੀ ਘਰ ਬਣਾ ਦਈਏ? ਕਦੀ ਉਹਨੇ ਪੁੱਛਿਆ ਕਿ ਤੁਸੀਂ ਖਾਣਾ ਖਾਣਾ ਹੁੰਦਾ ਵਾ, ਤੁਹਾਡੇ ਲਈ ਸ਼ਾਹੀ ਪਕਵਾਨ ਐਸੇ ਸਮੇਂ ਦੇ ਨਾਲ ਰੈਡੀ ਹੋਣਗੇ। ਜੋ ਵੀ ਬੇਸਿਕ ਸੁੱਖ ਸਹੂਲਤਾਂ ਚਾਹੀਦੀਆਂ ਨੇ, ਉਹ ਸਾਰੀਆਂ ਆਫ਼ਰ ਕੀਤੀਆਂ। ਤੁਹਾਨੂੰ ਇੱਕ ਰੱਥ ਦੇ ਦਈਏ, ਤੁਰੇ ਜਾਂਦੇ ਥੱਕ ਜਾਂਦੇ ਹੋਵੋਗੇ? ਤਨ 'ਤੇ ਪਾਉਣ ਦੇ ਲਈ ਕੱਪੜੇ ਦੇ ਦਈਏ?" ਫਕੀਰ ਨੇ ਕਿਸੇ ਵੀ ਗੱਲ ਦੇ ਉੱਤੇ ਨਾਂਹ ਨਾ ਕੀਤੀ, ਫਕੀਰ ਅੱਗੋਂ ਇੱਦਾਂ ਦੇ ਤਰਕ ਦਿੰਦਾ ਕਿ ਅੱਗੋਂ ਕੋਈ ਉਹਨੂੰ ਦੂਸਰੀ ਗੱਲ ਕਰ ਹੀ ਨਾ ਸਕਦਾ। ਕਿਉਂਕਿ ਇਹ ਸਾਰੀਆਂ ਦੁਨਿਆਵੀ ਚੀਜ਼ਾਂ ਤੋਂ ਉਹ ਪਿੱਛਾ ਛੁਡਾ ਕੇ ਹੁਣ ਰੱਬ ਦੇ ਰਾਹ ਦੇ ਉੱਤੇ ਤੁਰਿਆ ਸੀ।
ਇੱਕ ਦਿਨ ਨਾਗਾਰਜੁਨ ਤੁਰਿਆ ਜਾਵੇ, ਸ਼ਹਿਜ਼ਾਦੀ ਨੇ ਰਾਹ ਦੇ ਵਿੱਚ ਹੋ ਕੇ ਗੁਜ਼ਾਰਿਸ਼ ਕੀਤੀ, "ਫਕੀਰ ਜੀ, ਮੈਂ ਕਾਫੀ ਕੁਝ... ਕਾਫੀ ਗਲਤੀਆਂ ਕੀਤੀਆਂ। ਤੁਹਾਨੂੰ ਉਹ ਸਾਰੀਆਂ ਚੀਜ਼ਾਂ ਪੁੱਛੀਆਂ ਜਿਹੜੀਆਂ ਤੁਹਾਡੀ ਜ਼ਰੂਰਤ ਹੀ ਨਹੀਂ ਸੀ। ਪਰ ਹੁਣ ਅੱਜ ਮੇਰੀ ਇੱਕ ਗੁਜ਼ਾਰਿਸ਼ ਆ, ਇਹਨੂੰ ਨਾ ਖਾਲੀ ਮੋੜਿਓ। ਮੈਂ ਤੁਹਾਡੇ ਲਈ ਇਹ ਕਾਸਾ ਬਣਵਾਇਆ।" (ਮੈਂ ਕਈਆਂ ਨੂੰ ਪੁੱਛਿਆ ਤੇ ਉਹ ਮੈਨੂੰ ਇਹੋ ਕਹਿੰਦੇ ਨੇ ਕਿ ਤੁਹਾਡੇ ਕੋਲ ਇਸ ਕਾਸੇ ਤੋਂ ਇਲਾਵਾ ਹੋਰ ਕੋਈ ਜਾਇਦਾਦ ਹੀ ਨਹੀਂ ਹੈਗੀ ਤੇ ਇਸ ਤੋਂ ਇਲਾਵਾ ਤੁਸੀਂ ਕੁਝ ਰੱਖਣਾ ਵੀ ਨਹੀਂ ਚਾਹੁੰਦੇ)। "ਤੇ ਅੱਜ ਮੇਰੀ ਗੱਲ ਨਾ ਮੋੜਿਓ। ਤੁਸੀਂ ਆਹ ਲੱਕੜ ਦਾ ਇਹ ਟੁੱਟਾ ਜਿਹਾ ਬਾਟਾ, ਤੁਸੀਂ ਛੱਡ ਦਿਓ। ਇਹਦੀ ਜਗ੍ਹਾ ਦੇ ਉੱਤੇ ਤੁਸੀਂ ਇਹ ਸੋਨੇ ਦਾ ਕਾਸਾ ਲੈ ਲਓ। ਤੁਸੀਂ ਇਹ ਇਨਕਾਰ ਤੇ ਨਹੀਂ ਕਰੋਗੇ ਨਾ?"
ਤੇ ਫਕੀਰ ਨੇ ਹੱਸ ਕੇ ਕਿਹਾ, "ਹਾਂ ਕਿਉਂ ਨਹੀਂ! ਆਪਾਂ ਤਾਂ ਭਾਈ ਖਾਣਾ-ਪਾਣੀ-ਰੋਟੀ ਪਾਉਣੀ ਆ, ਫਿਰ ਕੀ ਫਰਕ ਪੈਂਦਾ ਕਾਸਾ ਮਿੱਟੀ ਦਾ ਹੋਵੇ, ਉਹ ਚਾਹੇ ਸੋਨੇ ਦਾ ਹੋਵੇ, ਚਾਹੇ ਫਿਰ ਲੱਕੜ ਦਾ। ਅਸੀਂ ਤਾਂ ਇਹਦੀ ਵਰਤੋਂ ਸਿਰਫ਼ ਇੰਨੇ ਕੁ ਕੰਮ ਦੇ ਲਈ ਕਰਨੀ ਆ। ਤੁਹਾਡਾ ਕਿਆ ਸਿਰ ਮੱਥੇ, ਪਰ ਹਾਂ, ਇੱਕ ਚੀਜ਼ ਦਾ ਖਿਆਲ ਰੱਖਿਓ, ਇਹ ਜਿਹੜਾ ਟੁੱਟਾ-ਫੁੱਟਾ ਜਿਹਾ ਮੇਰਾ ਤੁਸੀਂ ਕਾਸਾ ਲੈਣ ਲੱਗੇ ਹੋ ਨਾ, ਇਹਨੂੰ ਸੁੱਟਿਓ ਨਾ, ਇਹਨੂੰ ਸਾਂਭ ਕੇ ਰੱਖਿਓ।" ਕਹਿਣ ਲੱਗੀ, "ਕਿਉਂ?" "ਉਹ ਇਸ ਲਈ ਕਿ ਆਹ ਤੁਹਾਡਾ ਦਿੱਤਾ ਸੋਨੇ ਦਾ ਮੇਰੇ ਕੋਲੋਂ ਕਿਸੇ ਨਾ ਕਿਸੇ ਨੇ ਛੇਤੀ ਚੋਰੀ ਕਰ ਲੈਣਾ। ਉਹ ਨਾ ਹੋਵੇ ਮੁੜ ਕੇ ਫਿਰ ਮੈਂ ਲੱਕੜ ਤੋਂ ਵੀ ਜਾਂਦਾ ਰਹਾਂ।" ਫਕੀਰ ਇੰਨੀ ਗੱਲ ਕਹਿ ਕੇ ਅੱਗੇ ਵਧਿਆ।
ਅੱਜ ਨਗਰ ਦੇ ਵਿੱਚ ਜਦੋਂ ਤੁਰਿਆ ਜਾਂਦਾ, ਤਾਂ ਕਾਸੇ ਦੀ ਚਮਕ ਨੇ ਕਈਆਂ ਦੀਆਂ ਨਜ਼ਰਾਂ ਖਿੱਚੀਆਂ। ਅੱਜ ਉਹਨਾਂ ਦੀਆਂ ਨਿਗਾਹਾਂ ਫਕੀਰ ਨੂੰ ਵੇਖਣ ਵਾਲੀਆਂ ਕੁਝ ਹੋਰ ਸੀ। ਪਰ ਫਕੀਰ ਤਾਂ ਉਹੀ ਸੀ, ਉਹਦਾ ਅੰਦਰ ਤੇ ਉਹੀ ਸੀ ਜੋ ਪਹਿਲਾਂ। ਉਹਨੂੰ ਕੋਈ ਲੈਣਾ-ਦੇਣਾ ਨਹੀਂ ਮੇਰੇ ਹੱਥ ਦੇ ਵਿੱਚ ਅੱਜ ਕੀ ਆ। ਨਗਰ ਦੇ ਵਿੱਚੋਂ ਲੰਘਦਿਆਂ ਇੱਕ ਚੋਰ ਦਾ ਧਿਆਨ ਪਿਆ, ਤਾਂ ਉਹ ਫਕੀਰ ਦੇ ਮਗਰ ਹੋ ਤੁਰਿਆ। ਮਨ ਦੇ ਵਿੱਚ ਆਇਆ ਕਿ ਮੈਂ ਚੋਰੀ ਕਰ ਲਵਾਂ। "ਇਹ ਇੰਨਾ ਮਹਿੰਗਾ ਇਹ ਕਾਸਾ ਕਿੱਥੋਂ ਲਈ ਫਿਰਦਾ? ਹੋ ਸਕਦਾ ਇਹਨੂੰ ਪਤਾ ਵੀ ਨਾ ਹੋਵੇ ਕਿ ਇਹ ਕੀ ਲਈ ਫਿਰਦਾ। ਇਹਨੂੰ ਫਰਕ ਵੀ ਕੀ ਪੈਣਾ। ਮੇਰੇ ਵਾਰੇ-ਨਿਆਰੇ ਹੋ ਜਾਣਗੇ।" ਤੇ ਸਾਰਾ ਦਿਨ ਇਸੇ ਤਰ੍ਹਾਂ ਫਕੀਰ ਦੇ ਮਗਰ ਮਗਰ ਤੁਰਿਆ ਫਿਰਦਾ ਰਿਹਾ।
ਫਕੀਰ ਨੂੰ ਵੀ ਇਸ ਚੀਜ਼ ਦਾ ਅਹਿਸਾਸ ਕਿ ਕੋਈ ਮੇਰੇ ਮਗਰ ਤੁਰਿਆ ਫਿਰਦਾ ਤੇ ਅੱਜ ਕਿਉਂ ਤੁਰਿਆ ਫਿਰਦਾ, ਇਹ ਵੀ ਉਹਨੂੰ ਅਹਿਸਾਸ। ਤੇ ਇੱਕ ਸਟੇਜ 'ਤੇ ਆ ਕੇ ਸੋਚਿਆ, ਇੱਦਾਂ ਤੇ ਮੇਰਾ ਧਿਆਨ ਹੀ ਨਹੀਂ ਲੱਗਣਾ। ਇਹ ਜਿਹੜਾ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਤੇ ਮੇਰਾ ਵੀ ਧਿਆਨ ਇਹਦੇ 'ਚ ਵਾਰ ਵਾਰ ਜਾਂਦਾ ਕਿ ਇਹ ਕਿਉਂ ਵਿਚਾਰਾ ਮੇਰੇ ਮਗਰ-ਮਗਰ ਤੁਰਿਆ ਫਿਰਦਾ। ਤੇ ਆਖਰਕਾਰ ਜਦੋਂ ਦਿਨ ਢਲਿਆ, ਸ਼ਾਮੀਂ ਜਾ ਕੇ ਫਕੀਰ ਨੇ ਜਿੱਥੇ ਵੀ ਕਿਤੇ ਆਪਣਾ ਰਾਤ ਰਹਿਣ ਦਾ ਰੁੱਖ ਥੱਲੇ ਕੋਈ ਰੈਣ-ਬਸੇਰਾ ਕੀਤਾ, ਤੇ ਉਹ ਵੀ ਪਿੱਛੇ ਭੌਂ ਕੇ ਵੇਖਿਆ। ਫਕੀਰ ਨੇ ਜਦੋਂ ਪਿੱਛੇ ਭੌਂ ਕੇ ਵੇਖਿਆ, ਤੇ ਇੱਕਦਮ ਰੁੱਖ ਓਹਲੇ ਲੁਕ ਗਿਆ। ਫਕੀਰ ਨੇ ਉਸ ਕਾਸੇ ਵਿੱਚਲਾ ਪਾਣੀ ਪੀਤਾ ਤੇ ਉਹਨੂੰ ਵਗਾਹ ਕੇ ਉਸ ਚੋਰ ਵੱਲ ਨੂੰ ਮਾਰਿਆ ਤੇ ਆਪ ਲੰਮੀ ਤਾਣ ਕੇ ਰੁੱਖ ਦੇ ਥੱਲੇ ਪੈ ਗਿਆ।
ਚੋਰ ਨੂੰ ਬੜੀ ਹੈਰਾਨੀ ਹੋਈ, "ਮੈਂ ਤੇ ਸੋਚਿਆ ਸੀ ਜਦੋਂ ਇਹ ਸੌਂਊਗਾ ਉਦੋਂ ਮੈਂ ਚੋਰੀ ਕਰੂੰਗਾ। ਇਹ ਕੀ? ਇਹਨੇ ਆਪ ਹੀ ਮੇਰੇ ਵੱਲ ਨੂੰ ਸੁੱਟ ਦਿੱਤਾ! ਇਨਸਾਨ ਦੀ ਇੱਕ ਬੇਸਿਕ ਆਦਤ ਆ, ਸੁਭਾਅ ਆ, ਜਿਹੜੀ ਚੀਜ਼ ਉਹਦੇ ਲਈ ਬਹੁਤ ਵੱਡਮੁੱਲੀ ਹੋਵੇ, ਜਦੋਂ ਬਿਨਾਂ ਮਿਹਨਤ ਕੀਤੇ ਬਿਨਾਂ ਕੋਈ ਸੁਖਾਲੇ ਹੀ ਉਹਦੇ ਵੱਲ ਨੂੰ ਸੁੱਟ ਦੇਵੇ, ਤੇ ਉਹਦੇ ਲਈ ਵੀ ਕੋਈ ਵੈਲਿਊ ਨਹੀਂ ਰਹਿੰਦੀ। ਜਾਂ ਫਿਰ ਮਨ ਦੇ ਵਿੱਚ ਇੱਕ ਵਿਚਾਰ ਜ਼ਰੂਰ ਆਉਂਦਾ ਪਈ ਮੈਂ ਜਾਣ ਤੇ ਲਵਾਂ... ਇੱਦਾਂ ਇਹਨੇ ਕੀਤਾ ਕਿਉਂ ਆ?" ਚੋਰ ਨੇ ਉਹ ਕਾਸਾ ਚੁੱਕਿਆ ਤੇ ਆ ਕੇ ਫਕੀਰ ਦੇ ਪੈਰਾਂ ਵੱਲ ਖੜ੍ਹ ਗਿਆ। "ਫਕੀਰ ਜੀ, ਤੁਹਾਨੂੰ ਪਤਾ ਮੈਂ ਇਹ ਚੋਰੀ ਕਰਨ ਦੇ ਲਈ ਸਾਰਾ ਦਿਨ ਤੁਹਾਡੇ ਪਿੱਛੇ ਪਿੱਛੇ ਫਿਰਦਾ ਰਿਹਾ। ਤੇ ਹੁਣ ਜਦੋਂ ਤੁਸੀਂ ਸੌਂਦੇ ਫਿਰ ਮੈਂ ਚੋਰੀ ਕਰਨਾ ਸੀ, ਮੇਰਾ ਆਨੰਦ ਹੀ ਉਸੇ ਦੇ ਵਿੱਚ ਸੀ। ਤੇ ਤੁਸੀਂ ਆਪ ਹੀ ਮੇਰੇ ਵੱਲ ਨੂੰ ਵਗਾਹ ਮਾਰਿਆ, ਤੁਸੀਂ ਤੇ ਮੇਰਾ ਮਜ਼ਾ ਹੀ ਖਰਾਬ ਕਰ ਦਿੱਤਾ! ਇਹ ਗੱਲ ਮੇਰੇ ਦਿਲ ਨੂੰ ਇੰਨੀ ਡੁੰਭੀ ਆ... ਤੇ ਨਾਲੇ ਸਾਰਾ ਦਿਨ ਜਦੋਂ ਮੈਂ ਤੁਹਾਡੇ ਪਿੱਛੇ ਪਿੱਛੇ ਫਿਰਦਾ ਰਿਹਾ, ਇੱਕ ਅਜੀਬ ਜਿਹਾ ਆਨੰਦ ਆਉਂਦਾ ਰਿਹਾ।"
"ਜੇ ਹੋਵੇ ਨਾ ਤਾਂ ਮੈਂ ਤੁਹਾਡੀ ਇਜਾਜ਼ਤ ਦੇ ਨਾਲ ਪੰਜ ਮਿੰਟ ਤੁਹਾਡੇ ਪੈਰਾਂ ਕੋਲ ਬਹਿ ਜਾਵਾਂ? ਮੈਨੂੰ ਇੱਦਾਂ ਲੱਗਦਾ ਜਿੱਦਾਂ... ਜਿੱਦਾਂ ਮੈਂ ਹਲਕਾ ਜਿਹਾ ਮਹਿਸੂਸ ਕਰ ਰਿਹਾ ਹਾਂ। ਮੈਂ ਬਿਆਨ ਨਹੀਂ ਕਰ ਸਕਦਾ ਪਰ ਮੈਨੂੰ ਬੜਾ ਆਨੰਦ ਆ ਰਿਹਾ ਤੁਹਾਡੇ ਕਰੀਬ ਆ ਕੇ।"
ਫਕੀਰ ਨੇ ਕਿਹਾ, "ਭਾਈ ਜੇ ਮੈਂ ਕਾਸਾ ਸੁੱਟਿਆ ਤੇ ਉਹ ਇਸੇ ਲਈ ਸੁੱਟਿਆ ਕਿ ਤੂੰ ਮੇਰੇ ਨੇੜੇ ਆਵੇਂ। ਜੇ ਮੈਂ ਆਪਣੇ ਕੋਲ ਰੱਖ ਕੇ ਤੈਨੂੰ ਆਵਾਜ਼ ਮਾਰਦਾ ਤਾਂ ਫਿਰ ਤੂੰ ਦਿਲੋਂ ਨਹੀਂ ਸੀ ਆਉਣਾ। ਫਿਰ ਤੂੰ ਆਉਣਾ ਸੀ ਇਹ ਸੋਨਾ ਲੈਣ। ਹੁਣ ਤੂੰ ਆਇਆ ਹੈਂ ਸਕੂਨ ਲੈਣ। ਤੇ ਬਹਿ ਜਾ... ਕੀ ਕੰਮ ਕਰਦਾ ਹੈਂ?" "ਹੁਣ ਤੱਕ ਤਾਂ ਫਕੀਰਾ ਤੈਨੂੰ ਪਤਾ ਲੱਗ ਹੀ ਗਿਆ ਹੋਣਾ, ਮੈਂ ਚੋਰੀ ਕਰਦਾ ਤੇ ਇਸੇ ਦੇ ਨਾਲ ਹੀ ਆਪਣਾ ਘਰ ਪਾਲਦਾ।" "ਕਦੀ ਕਿਸੇ ਨੇ ਰੋਕਿਆ ਨਹੀਂ?" "ਹਾਂ, ਬੜਿਆਂ ਨੇ ਰੋਕਿਆ। ਪਰ ਕੀ ਕਰਾਂ? ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ। ਤੇ ਮੈਨੂੰ ਪਤਾ, ਤੁਸੀਂ ਵੀ ਮੈਨੂੰ ਹੁਣ ਇਹੋ ਕਹੋਗੇ, ਚੋਰੀ ਨਾ ਕਰਿਆ ਕਰ, ਇਹ ਸੋਨੇ ਨੂੰ ਵੇਚ ਕੇ ਤੂੰ ਚੰਗਾ ਘਰ ਬਣਾ ਲਾ, ਤੇਰੇ ਘਰ ਦੀ ਰੋਟੀ-ਪਾਣੀ ਚੱਲ ਜੂ, ਕੋਈ ਕਾਰੋਬਾਰ ਖੋਲ੍ਹ ਲਾ।"
ਫਕੀਰ ਨੇ ਕਿਹਾ, "ਨਹੀਂ, ਮੈਂ ਤੈਨੂੰ ਇੱਦਾਂ ਦਾ ਕੋਈ ਉਪਦੇਸ਼ ਨਹੀਂ ਦੇਣ ਵਾਲਾ। ਤੂੰ ਬਿਲਕੁਲ ਚਿੰਤਾ ਨਾ ਕਰ। ਮੈਂ ਤੈਨੂੰ ਚੋਰੀ ਛੱਡਣ ਦੇ ਲਈ ਕਿਉਂ ਕਵਾਂ ਭਲਾ? ਉਹ ਤੇਰਾ ਰੋਜ਼ਗਾਰ ਆ। ਤੈਨੂੰ ਹੋਰ ਜਦੋਂ ਕੋਈ ਹੁਨਰ ਆਉਂਦਾ ਹੀ ਨਹੀਂ, ਤਾਂ ਫਿਰ ਤੂੰ ਉਹੀ ਕਰਿਆ ਕਰ।" ਚੋਰ ਬੜਾ ਹੈਰਾਨ ਹੋਇਆ। ਇਹ ਕਿੱਦਾਂ ਦਾ ਫਕੀਰ ਹੈ? ਇਹ ਮੈਨੂੰ ਚੋਰੀ ਕਰਨ ਦੇ ਲਈ ਕਹਿ ਰਿਹਾ! ਫਕੀਰ ਨੇ ਫਿਰ ਦੁਹਰਾਇਆ, "ਹਾਂ ਭਾਈ, ਮਨ ਲਾ ਕੇ ਚੋਰੀ ਕਰਿਆ ਕਰ।" ਇੰਨਾ ਕਹਿ ਕੇ ਫਕੀਰ ਫੇਰ ਲੰਮੇ ਪੈ ਗਿਆ। ਤੇ ਚੋਰ ਹੈਰਾਨ-ਪਰੇਸ਼ਾਨ ਜਦੋਂ ਉੱਥੋਂ ਜਾਣ ਲੱਗਾ, ਤੇ ਫਕੀਰ ਨੇ ਫਿਰ ਪਿੱਛੋਂ ਆਵਾਜ਼ ਮਾਰੀ। "ਮੈਨੂੰ ਚੰਗਾ ਲੱਗਾ ਤੂੰ ਮੇਰੀ ਗੱਲ ਮੰਨੀ। ਪਰ ਇੱਕ ਗੱਲ ਦਾ ਧਿਆਨ ਰੱਖੀਂ, ਜਦੋਂ ਤੂੰ ਹੁਣ ਚੋਰੀ ਕਰਨ ਜਾਏਂਗਾ, ਉਸ ਸਮੇਂ ਧਿਆਨ ਕਰਕੇ ਚੋਰੀ ਕਰੀਂ। ਜਦੋਂ ਵੀ ਕਿਸੇ ਘਰ ਸੰਨ੍ਹ ਲਾਏਂਗਾ, ਪੂਰਾ ਧਿਆਨ ਤੇਰਾ ਉੱਥੇ ਕੇਂਦਰਿਤ ਹੋਣਾ ਚਾਹੀਦਾ। ਜੋ ਵੀ ਕੰਮ ਕਰੇਂਗਾ, ਮਨ ਦੇ ਨਾਲ ਕਰੀਂ। ਅੱਜ ਤੋਂ ਬਾਅਦ ਇਹ ਇੱਕ ਵਾਅਦਾ ਕਰਦਾ ਜਾ, ਚੋਰੀ ਵੀ ਕਰੇਂਗਾ ਤੇ ਮਨ ਦੇ ਨਾਲ ਕਰੀਂ। ਪੂਰਾ ਚੋਰੀ ਦੇ ਵਿੱਚ ਹੀ ਡੁੱਬ ਜਾਈਂ। ਜਿਹੜਾ ਵੀ ਕੰਮ ਕਰੇਂਗਾ, ਉਦੋਂ ਤੇਰੇ ਲਈ ਹੋਰ ਆਸ-ਪਾਸ ਦਾ ਕੁਝ ਵੀ ਜ਼ਰੂਰੀ ਨਹੀਂ ਹੋਣਾ ਚਾਹੀਦਾ। ਜਿੱਦਾਂ ਸਾਰੀ ਦਿਹਾੜੀ ਮੇਰੇ ਪਿੱਛੇ ਫਿਰਦਾ ਰਿਹਾ ਤੇ ਧਿਆਨ ਤੇਰਾ ਇੱਧਰ-ਉੱਧਰ ਵੀ ਭਟਕਦਾ ਰਿਹਾ, ਪਤਾ ਨਹੀਂ ਇਹ ਮੈਨੂੰ ਮਿਲਣਾ ਆ ਕਿ ਨਹੀਂ ਮਿਲਣਾ, ਪਤਾ ਨਹੀਂ ਮੇਰੀ ਸਾਰੀ ਦਿਹਾੜੀ ਨਾ ਖਰਾਬ ਹੋ ਜਾਵੇ, ਤੇ ਹੋਰ ਵੀ ਜਿਹੜੀਆਂ ਤੂੰ ਇੱਕ-ਦੋ ਚੀਜ਼ਾਂ ਸੋਚੀਆਂ ਸੀ ਅੱਜ ਚੋਰੀ ਕਰਨ ਦੀਆਂ, ਉੱਧਰ ਵੀ ਨਾਲ ਤੂੰ ਤੁਰਿਆ ਫਿਰਦਾ ਰਿਹਾ। ਬਸ ਇੰਨਾ ਕੁ ਵਾਅਦਾ ਕਰ, ਤੇ ਫਿਰ ਆਪਣੀ ਜ਼ਿੰਦਗੀ 'ਚ ਜੋ ਮਰਜ਼ੀ ਕਰ।"
ਇੰਨਾ ਕਹਿ ਕੇ ਫਕੀਰ ਲੰਮੇ ਪੈ ਗਿਆ, ਤੇ ਚੋਰ ਰਾਹ ਦੇ ਵਿੱਚ ਸੋਚਦਾ ਜਾਂਦਾ, "ਇਹ ਤੇ ਕੋਈ ਵੱਡੀ ਗੱਲ ਨਹੀਂ ਜਿਹੜੀ ਇਹਨੇ ਕਹੀ ਆ। ਚੋਰੀ ਤਾਂ ਅੱਗੇ ਵੀ ਕਰੀਦੀ ਆ, ਕਰ ਲਾਂਗੇ ਧਿਆਨ... ਫਿਰ ਕੀ ਹੋਇਆ?" ਤੇ ਥੋੜ੍ਹੇ ਦਿਨਾਂ ਬਾਅਦ ਉਹ ਚੋਰ ਵਾਪਸ ਫਕੀਰ ਦੇ ਕੋਲ ਆਇਆ। ਲਿਆ ਕੇ ਉਹ ਸੋਨੇ ਦਾ ਕਾਸਾ ਫਕੀਰ ਦੇ ਪੈਰਾਂ ਦੇ ਵਿੱਚ ਧਰ ਦਿੱਤਾ, ਹੱਥ ਜੋੜੇ ਤੇ ਰੋਣ ਲੱਗ ਪਿਆ। ਫਕੀਰ ਨੇ ਪੁੱਛਿਆ, "ਕੀ ਹੋਇਆ?" ਕਹਿਣ ਲੱਗਾ, "ਪਤਾ ਨਹੀਂ ਕੀ ਹੋਇਆ, ਚੋਰੀ ਕਰਨ ਨੂੰ ਜੀਅ ਨਹੀਂ ਕੀਤਾ।" "ਕਿਉਂ? ਇਹੋ ਜਿਹਾ ਕੀ ਹੋ ਗਿਆ?" "ਜਦੋਂ ਮੈਂ ਤੁਹਾਡੇ ਕੋਲੋਂ ਗਿਆ ਤਾਂ ਮੈਂ ਦੋ-ਚਾਰ ਘਰਾਂ ਦੇ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ। ਇੱਕ ਦੀ ਤਾਂ ਮੈਂ ਤਿਜੋਰੀ ਤੱਕ ਵੀ ਪਹੁੰਚ ਗਿਆ। ਪਿਛਲੇ ਪੰਜ ਸਾਲਾਂ ਤੋਂ ਮੈਂ ਉਹਦੀ ਤਿਜੋਰੀ ਭੰਨਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਖਰਕਾਰ ਅੱਜ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਖ ਬਚਾ ਕੇ ਉਹਦੀ ਤਿਜੋਰੀ ਤੱਕ ਪਹੁੰਚ ਗਿਆ। ਜਿੱਦਾਂ ਤੁਸੀਂ ਕਿਹਾ ਸੀ ਮੈਂ ਪੂਰਾ ਇਕਾਗਰ-ਚਿੱਤ ਹੋ ਕੇ ਹੋਰ ਕਿਸੇ ਪਾਸੇ ਧਿਆਨ ਨਹੀਂ ਕੀਤਾ, ਤੇ ਸ਼ਾਇਦ ਇਸੇ ਕਰਕੇ ਮੈਂ ਉਹ ਤਾਲਾ ਖੋਲ੍ਹਣ ਦੇ ਵਿੱਚ ਵੀ ਕਾਮਯਾਬ ਹੋ ਗਿਆ। ਜਦੋਂ ਮੈਂ ਉਹ ਸਾਰੇ ਨੋਟ ਚੋਰੀ ਕਰਨ ਦਾ ਸੋਚ ਹੀ ਰਿਹਾ ਸੀ, ਆਪਣੇ ਝੋਲੇ 'ਚ ਪਾ ਹੀ ਰਿਹਾ ਸੀ, ਤਾਂ ਫਿਰ ਮੈਂ ਸਾਰਾ ਕੁਝ ਛੱਡ ਕੇ ਧਿਆਨ ਉੱਥੇ ਲਾਇਆ। ਮੈਨੂੰ ਵਾਰ-ਵਾਰ ਤੁਹਾਡੀ ਕਹੀ ਗੱਲ ਚੇਤੇ ਆਈ ਜਾਂਦੀ ਸੀ, ਤੇ ਜਦੋਂ ਮੈਂ ਬਾਕੀ ਸਾਰੀਆਂ ਚੀਜ਼ਾਂ ਭੁੱਲ ਕੇ ਧਿਆਨ ਲਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੇਰੇ ਮਨ ਨੇ ਮੈਨੂੰ ਚੋਰੀ ਕਰਨ ਹੀ ਨਹੀਂ ਦਿੱਤੀ। ਮੇਰੇ ਅੰਦਰੋਂ ਇਹੋ ਹੀ ਆਵਾਜ਼ਾਂ ਆਉਂਦੀਆਂ ਰਹੀਆਂ, 'ਇਹ ਤੂੰ ਕੀ ਕਰਨ ਲੱਗਾ? ਇਹ ਤੈਨੂੰ ਨਹੀਂ ਕਰਨਾ ਚਾਹੀਦਾ, ਚੋਰੀ ਮਾੜੀ ਗੱਲ ਆ। ਇਹ ਤਾਂ ਕਿਸੇ ਦਾ ਹੱਕ ਆ। ਤੂੰ ਇੱਦਾਂ ਕਿੱਦਾਂ ਚੁੱਕ ਕੇ ਲੈ ਕੇ ਜਾ ਸਕਦਾ?' ਸੱਚ ਮੰਨਿਓ, ਮੈਂ ਖੁੱਲ੍ਹੀ ਤਿਜੋਰੀ ਛੱਡ ਕੇ ਆ ਗਿਆ। ਉਸ ਤੋਂ ਪਹਿਲਾਂ ਵੀ ਮੈਂ ਇੱਕ-ਦੋ ਵਾਰੀ ਕੋਸ਼ਿਸ਼ ਕੀਤੀ ਆ, ਮੈਂ ਕਿਸੇ ਦੀ ਕੰਧ ਹੀ ਨਹੀਂ ਟੱਪ ਸਕਿਆ। ਮੈਂ ਜਦੋਂ ਵੀ ਇਹ ਸੋਚ ਲੈਨਾ ਕਿ ਮੈਂ ਹੋਰ ਕੁਝ ਨਾ ਸੋਚ ਕੇ ਸਾਰੇ ਦਾ ਸਾਰਾ ਧਿਆਨ ਹੁਣ ਇੱਥੇ ਕੇਂਦਰਿਤ ਕਰਨਾ, ਤੇ ਮੈਂ ਇੰਨਾ ਕੁ ਜ਼ਿਆਦਾ ਡੂੰਘਾਈ ਦੇ ਵਿੱਚ ਚਲੇ ਜਾਣਾ, ਮੇਰਾ ਅੰਦਰ ਮੈਨੂੰ ਕਹਿੰਦਾ ਇਹ ਗਲਤ ਆ... ਤੇ ਮੈਂ ਉੱਥੋਂ ਆਪਣਾ ਪੈਰ ਪਿੱਛੇ ਕਰ ਲੈਨਾ।"
ਫਕੀਰ ਨੇ ਹੱਸ ਕੇ ਕਿਹਾ, "ਬਸ ਇੰਨੀ ਕੁ ਗੱਲ ਆ! ਇਨਸਾਨ ਦੇ ਅੰਦਰ ਰੱਬ ਤਾਂ ਬੈਠਾ ਹੀ ਆ। ਪਰ ਜਦੋਂ ਇਹੋ ਜਿਹੇ ਮੌਕੇ ਬਣਦੇ ਨੇ, ਉਦੋਂ ਆਪਾਂ ਉਸ ਰੱਬ ਨੂੰ ਇੱਕ ਪਾਸੇ ਕਰ ਦਿੰਦੇ ਹਾਂ। ਤੇ ਜੇਕਰ ਆਪਾਂ ਹਰ ਇੱਕ ਕੰਮ ਇਸੇ ਤਰ੍ਹਾਂ ਦੇ ਨਾਲ ਇਕਾਗਰ-ਚਿੱਤ ਹੋ ਕੇ ਕਰੀਏ, ਧਿਆਨ ਲਾ ਕੇ ਕਰੀਏ, ਤੇ ਫਿਰ ਤੁਹਾਡਾ ਮਨ ਤੁਹਾਨੂੰ ਦੱਸਦਾ ਜੋ ਤੂੰ ਕਰਨ ਜਾ ਰਿਹਾ ਹੈਂ, ਬਹੁਤ ਚੰਗਾ ਹੈ, ਕਰ, ਮੈਂ ਤੇਰੇ ਨਾਲ ਹਾਂ... ਉਸ ਸਮੇਂ ਰੱਬ ਤੁਹਾਡੇ ਨਾਲ ਹੁੰਦਾ, ਤੁਹਾਡਾ ਮਨ, ਤੁਹਾਡਾ ਚਿੱਤ ਤੁਹਾਡੇ ਨਾਲ ਹੁੰਦਾ। ਤੇ ਜੇ ਤੁਸੀਂ ਕੁਝ ਗਲਤ ਕਰਨ ਲੱਗੇ ਹੋ, ਤੇ ਫਿਰ ਉਹੀ ਮਨ ਤੁਹਾਨੂੰ ਦੱਸਦਾ ਕਿ ਇਹ ਕੰਮ ਮਾੜਾ ਈ, ਇਹ ਸ਼ੈਤਾਨ ਦਾ ਕੰਮ ਈ, ਤੇ ਜੇ ਮਾੜੀ-ਮੋਟੀ ਵੀ ਤੁਹਾਡੇ ਅੰਦਰ ਬੰਦਗੀ ਬਾਕੀ ਆ, ਤੇ ਤੁਸੀਂ ਉਹ ਕਰ ਹੀ ਨਹੀਂ ਪਾਓਗੇ।"
ਇਨਸਾਨ ਦੀ ਵੱਡੀ ਸਮੱਸਿਆ ਪਤਾ ਕੀ ਆ? ਕਿ ਉਹ ਸੁੱਤੇ-ਸਿੱਧ ਹੀ ਬੜਾ ਕੁਝ ਕਰੀ ਜਾਂਦਾ। ਜੇਕਰ ਹੋਸ਼-ਪੂਰਵਕ ਕਰੇ, ਤਾਂ ਕਦੀ ਵੀ ਮੰਦਾ ਕੰਮ ਕਰੇ ਹੀ ਨਾ। ਉਹਨੂੰ ਲੱਗਦਾ ਹੈ ਕਿ ਮੈਂ ਬੜਾ ਚਾਤਰ ਹਾਂ, ਚੋਰ ਦੂਸਰਿਆਂ ਦੇ ਨਾਲੋਂ ਜ਼ਿਆਦਾ ਚਾਤਰ ਹੁੰਦਾ, ਜ਼ਿਆਦਾ ਹੁਸ਼ਿਆਰ ਹੁੰਦਾ। ਆਪਣਾ ਹੱਕ ਸਾਂਭ ਕੇ ਰੱਖਣਾ, ਉਹਦੇ 'ਤੇ ਉੰਨਾ ਦਿਮਾਗ ਨਹੀਂ ਲੱਗਦਾ, ਮਿਹਨਤ 'ਤੇ ਉੰਨਾ ਦਿਮਾਗ ਨਹੀਂ ਲੱਗਦਾ, ਜਿੰਨਾ ਕਿਸੇ ਦਾ ਚੋਰੀ ਕਰਨ ਦੇ ਉੱਤੇ ਦਿਮਾਗ ਲੱਗਦਾ। ਯਾਨੀ ਕਿ ਉਹ ਬੰਦਾ ਬਾਕੀਆਂ ਦੇ ਨਾਲੋਂ ਵੱਧ ਹੁਸ਼ਿਆਰ ਹੁੰਦਾ, ਵੱਧ ਇੰਟੈਲੀਜੈਂਟ ਹੁੰਦਾ। ਪਰ ਗੱਲ ਕੀ ਕਿ ਉਹਦੀ ਮੱਤ ਦੇ ਉੱਤੇ ਪਰਦਾ ਪਿਆ ਹੁੰਦਾ। ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਜੋ ਉਹ ਕਰ ਰਿਹਾ, ਉਹ ਗਲਤ ਕਰ ਰਿਹਾ, ਕਿਉਂਕਿ ਉਹਨੇ ਕਦੀ ਹੋਸ਼-ਪੂਰਵਕ ਉਹ ਕੰਮ ਕੀਤੇ ਹੀ ਨਹੀਂ। ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਕਰੀ ਜਾਂਦਾ। ਉਹਨੂੰ ਲੱਗਦਾ ਹੈ ਕਿ ਮੈਂ ਬਹੁਤ ਹੁਸ਼ਿਆਰ ਹਾਂ, ਮੈਂ ਬੜਾ ਦਿਮਾਗ ਲਾ ਕੇ ਸੋਚਿਆ ਤੇ ਮੈਂ ਇਹ ਚੋਰੀ ਕਰੀ, ਪਰ ਨਹੀਂ... ਅਸਲ ਦੇ ਵਿੱਚ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਕਰੀ ਜਾਂਦਾ। ਤੇ ਜੇਕਰ ਉਹ ਥੋੜ੍ਹੀ ਜਿਹੀ ਵੀ ਹੋਸ਼ ਦੇ ਵਿੱਚ ਆ ਕੇ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰੇ, ਤਾਂ ਯਕੀਨ ਮੰਨਿਓ, ਉਹ ਨਹੀਂ ਕਰ ਪਾਊਗਾ।
ਉਸ ਦਿਨ ਤੋਂ ਬਾਅਦ ਉਸ ਚੋਰ ਨੇ ਚੋਰੀ ਨਹੀਂ ਕੀਤੀ। ਆਪਾਂ ਵੀ ਕੋਸ਼ਿਸ਼ ਕਰਕੇ ਵੇਖੀਏ, ਜ਼ਰੂਰੀ ਨਹੀਂ ਕਿ ਆਪਾਂ ਚੋਰੀਆਂ ਕਰਨੀਆਂ ਜਾਂ ਆਪਾਂ ਚੋਰੀਆਂ ਕਰਦੇ ਹਾਂ। ਪਰ ਜਿਹੜਾ ਵੀ ਤੁਸੀਂ ਕੁਝ ਕਰ ਰਹੇ ਹੋ... ਕਿਤੇ ਨੌਕਰੀ ਕਰ ਰਹੇ ਹੋ, ਆਪਣਾ ਕਾਰੋਬਾਰ ਕਰ ਰਹੇ ਹੋ, ਬੱਚੇ ਪਾਲ ਰਹੇ ਹੋ... ਆਪਣੇ ਆਪ ਦਾ ਧਿਆਨ, ਖਿਆਲ ਰੱਖ ਲਿਓ। ਹੋਸ਼-ਪੂਰਵਕ ਕਰਿਓ। ਸਾਰੇ ਦਾ ਸਾਰਾ ਧਿਆਨ ਉਸੇ ਚੀਜ਼ ਦੇ ਉੱਤੇ ਕੇਂਦਰਿਤ ਕਰਿਓ ਜਿਹੜਾ ਕੰਮ ਤੁਸੀਂ ਕਰ ਰਹੇ ਹੋ। ਤੇ ਅੱਜ ਕਰਕੇ ਵੇਖਿਓ, ਕੋਈ ਫਰਕ ਜਾਪਦਾ? ਜਾਂ ਫਿਰ ਐਟਲੀਸਟ ਪਹਿਲੀ ਵਾਰ ਇੰਨਾ ਜ਼ਰੂਰ ਅਹਿਸਾਸ ਹੋ ਜਾਂਦਾ ਕਿ ਵਾਕਈ ਸਾਡਾ ਧਿਆਨ ਨਹੀਂ ਸੀ, ਅਸੀਂ ਤੇ ਸੁੱਤੇ-ਸਿੱਧ ਹੀ ਐਵੇਂ ਕਰੀ ਜਾਂਦੇ ਸੀ ਬੜਾ ਕੁਝ। ਜਦੋਂ ਆਪਾਂ ਪਹਿਲੇ ਦਿਨ ਗੱਡੀ ਚਲਾਉਂਦੇ ਆਂ, ਉਦੋਂ ਆਪਾਂ ਹੋਸ਼-ਪੂਰਵਕ ਚਲਾਉਂਦੇ ਆਂ, ਇਕੱਲੀ-ਇਕੱਲੀ ਚੀਜ਼ ਦਾ ਸਾਡਾ ਧਿਆਨ ਹੁੰਦਾ। ਅਸੀਂ ਸਿਰਫ਼ ਤੇ ਸਿਰਫ਼ ਕੇਂਦਰਿਤ ਹੁੰਦੇ ਆਂ ਸੜਕ ਦੇ ਉੱਤੇ, ਸਟੇਅਰਿੰਗ ਦੇ ਉੱਤੇ। ਪਰ ਜਦੋਂ ਬਹੁਤ ਸਮਾਂ ਹੋ ਜਾਂਦਾ, ਤੇ ਫਿਰ ਆਪਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲਾਉਂਦੇ ਆਂ। ਬੜੀਆਂ ਆਪਾਂ ਗਲਤੀਆਂ ਵੀ ਕਰਦੇ ਆਂ, ਤੇ ਉਹ ਗਲਤੀਆਂ ਨੂੰ ਆਪਾਂ ਹੁਸ਼ਿਆਰੀ ਸਮਝਦੇ ਆਂ... ਜਦਕਿ ਉਹ ਸਾਡੀ ਕੋਈ ਹੁਸ਼ਿਆਰੀ ਨਹੀਂ ਹੁੰਦੀ, ਉਹ ਤਾਂ ਬੇਵਕੂਫੀ ਆ। ਤੇ ਜਦੋਂ ਆਪਾਂ ਮਨ ਲਾ ਕੇ ਕਰਨ ਲੱਗ ਪਵਾਂਗੇ, ਤੇ ਫਿਰ ਉੱਥੇ ਵੀ ਬੜਾ ਕੁਝ ਤੁਸੀਂ ਅਹਿਸਾਸ ਕਰੋਗੇ ਕਿ ਤੁਸੀਂ ਗਲਤ ਕਰ ਰਹੇ ਸੀ ਬੜੇ ਚਿਰਾਂ ਤੋਂ। ਸੋ ਆਓ ਫਿਰ ਕੋਸ਼ਿਸ਼ ਕਰਦੇ ਹਾਂ ਆਪਾਂ, ਜੋ ਵੀ ਕਰੀਏ, ਉਹਨੂੰ ਧਿਆਨ ਦੇ ਵਿੱਚ ਧਰ ਕੇ ਕਰੀਏ, ਹੋਸ਼-ਪੂਰਵਕ ਕਰੀਏ!

What's Your Reaction?

like

dislike

love

funny

angry

sad

wow