ਰੱਬ ਨਾਲ ਮਿਲਾਪ - Punjabi Spiritual Story
ਕੀ ਤੂੰ ਮੈਨੂੰ ਰੱਬ ਨੂੰ ਮਿਲਾ ਸਕਦਾ? A Punjabi spiritual story about our fear of the divine
ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਸੀ। ਰਾਜੇ ਨੇ ਇੱਕ ਬੜਾ ਸੋਹਣਾ ਬੜਾ ਆਲੀਸ਼ਾਨ ਮਹਿਲ ਤਿਆਰ ਕਰਵਾਇਆ ਤੇ ਚਾਰ ਚੁਫੇਰੇ ਢੰਡੋਰਾ ਪਿਟਵਾ ਦਿੱਤਾ ਕਿ ਇਹ ਮਹਿਲ ਸਾਧੂ, ਸੰਤਾਂ, ਸਨਿਆਸੀਆਂ ਦੇ ਰਹਿਣ ਦੇ ਲਈ ਐ। ਜਦੋਂ ਵੀ ਕੋਈ ਇੱਥੇ ਆਉਂਦਾ ਉਹਨੂੰ ਕਿਸੇ ਕਿਸਮ ਦੀ ਕੋਈ ਕਿੱਲਤ ਨਹੀਂ ਆਉਣੀ ਚਾਹੀਦੀ, ਉਹਦੀ ਪੂਰੀ ਫੁੱਲ-ਓਨ ਸੇਵਾ ਕਰਨੀ ਚਾਹੀਦੀ ਐ।
ਪਰ ਜਿਹੜਾ ਵੀ ਕੋਈ ਆਊਗਾ ਉਹਨੂੰ ਮੇਰੇ ਸਵਾਲ ਦਾ ਜਵਾਬ ਦੇਣਾ ਪਊਗਾ। ਜੇਕਰ ਉਹ ਮੇਰੇ ਸਵਾਲ ਦਾ ਜਵਾਬ ਦੇ ਪਾਇਆ ਤਾਂ ਜਿੰਨਾ ਚਿਰ ਉਹ ਚਾਹੇ ਇਸ ਮਹਿਲ ਦੇ ਵਿੱਚ ਰਹਿ ਸਕਦਾ। ਸਾਰਾ ਕੁਝ ਉਹਦਾ ਮਹਿਲ ਦੇ ਵਿੱਚੋਂ ਆਊਗਾ, ਸਾਰਾ ਦੇਖ-ਰੇਖ ਉਹਦਾ ਸਰਕਾਰੀ ਖਰਚੇ ਦੇ ਉੱਤੇ ਹੋਊਗਾ। ਉਹ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਸਕਦਾ ਤੇ ਜੇਕਰ ਉਹਦੇ ਕੋਲੋਂ ਮੇਰੇ ਸਵਾਲ ਦਾ ਜਵਾਬ ਨਾ ਦਿੱਤਾ ਗਿਆ ਤਾਂ ਫਿਰ ਜਿੰਨਾ ਵੀ ਉਹਦਾ ਰਹਿਣ-ਸਹਿਣ, ਜਿੰਨਾ ਵੀ ਉਹਦਾ ਖਾਣ-ਪੀਣ ਜਿੱਥੋਂ ਮਰਜ਼ੀ ਕਰੇ ਉਹਨੂੰ ਭੁਗਤਾਨ ਕਰਕੇ ਜਾਣਾ ਪਊਗਾ।
ਇਸੇ ਤਰ੍ਹਾਂ ਦੇ ਨਾਲ ਦੂਰੋਂ-ਦੁਰਾਡਿਓਂ ਸਨਿਆਸੀ ਆਉਂਦੇ। ਉਹਨਾਂ ਨੂੰ ਲੱਗਦਾ ਸੀ ਕਿ ਕਿੱਡਾ ਕੁ ਕੋਈ ਸਵਾਲ ਪੁੱਛ ਲਊਗਾ। ਚਲੋ ਚੱਲਦੇ ਆਂ ਵੇਖ ਕੇ ਆਉਨੇ ਆਂ। ਐਡਾ ਵੀ ਕਿੱਡਾ ਨਿਰਦਈ ਰਾਜਾ ਹੋਊਗਾ, ਸਨਿਆਸੀਆਂ ਦੇ ਕੋਲੋਂ ਪੈਸੇ ਮੰਗੂਗਾ ਧੱਕੇ ਦੇ ਨਾਲ। ਪਰ ਕਰਦਾ ਉਹ ਇੱਦਾਂ ਹੀ। ਸਨਿਆਸੀ ਆਉਂਦੇ ਰਹਿੰਦੇ। ਉਹਨਾਂ ਦਾ ਖਾਣ-ਪੀਣ ਹੁੰਦਾ ਤੇ ਸਵੇਰੇ ਰਾਜੇ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਰਾਜਾ ਇੱਕੋ ਸਵਾਲ ਪੁੱਛਦਾ— "ਕੀ ਤੂੰ ਮੈਨੂੰ ਰੱਬ ਦੇ ਨਾਲ ਮਿਲਾ ਸਕਦਾ?"
ਹਰ ਕੋਈ ਆਪੋ-ਆਪਣੇ ਤਰੀਕੇ ਦੇ ਨਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਰਾਜੇ ਦੀ ਸੰਤੁਸ਼ਟੀ ਨਾ ਹੋ ਪਾਉਂਦੀ। ਆਖ਼ਰਕਾਰ ਉਹਨਾਂ ਨੂੰ ਉੱਥੋਂ ਜਾਣਾ ਪੈਂਦਾ ਤੇ ਜੋ ਕੁਝ ਵੀ ਉਹਨਾਂ ਦੇ ਕੋਲ ਹੁੰਦਾ ਉਹ ਉਹਨਾਂ ਨੂੰ ਉੱਥੇ ਛੱਡ ਕੇ ਜਾਣਾ ਪੈਂਦਾ। ਇਸੇ ਤਰ੍ਹਾਂ ਦੇ ਨਾਲ ਸਨਿਆਸੀ ਆਉਂਦੇ ਰਹੇ ਜਾਂਦੇ ਰਹੇ। ਦੂਰੋਂ-ਦੁਰੇਡਿਓਂ ਦੱਸ ਪੈਂਦੀ ਐ, ਇੱਕ ਦਿਨ ਇੱਕ ਸਨਿਆਸੀ ਰਾਜੇ ਦੇ ਮਹਿਲਾਂ 'ਚ ਆਣ ਪਹੁੰਚਿਆ। ਅਗਲੇ ਦਿਨ ਜਦੋਂ ਰਾਜੇ ਸਾਹਮਣੇ ਪੇਸ਼ ਕੀਤਾ ਤੇ ਰਾਜੇ ਨੇ ਆਪਣਾ ਉਹੀ ਸਵਾਲ ਉਹਨੂੰ ਪੁੱਛਿਆ— "ਕੀ ਤੂੰ ਮੈਨੂੰ ਰੱਬ ਦੇ ਨਾਲ ਮਿਲਾ ਸਕਦਾ? ਜੇ ਮਿਲਾ ਸਕਦਾ ਐਂ ਤਾਂ ਠੀਕ ਐ ਨਹੀਂ ਤੇ ਉਹ ਪਿਆ ਤੇਰਾ ਝੋਲਾ। ਜੋ ਦੋ ਰਾਤ ਦਾ ਖਾਧਾ-ਪੀਤਾ ਉਹਦਾ ਭੁਗਤਾਨ ਕਰ ਤੇ ਚਲਦਾ ਬਣ। ਤੇ ਜੇ ਤੂੰ ਭੁਗਤਾਨ ਨਾ ਕਰ ਸਕਿਆ ਤੇ ਫਿਰ ਬਾਕੀਆਂ ਦੇ ਵਾਂਗੂੰ ਤੈਨੂੰ ਕੋਈ ਨਾ ਕੋਈ ਸਰਕਾਰੀ ਕੰਮਕਾਰ ਕਰਵਾਉਣਾ ਪਊਗਾ। ਕੋਈ ਦੋ-ਚਾਰ ਦਿਨ ਇੱਥੇ ਫਿਰ ਤੈਨੂੰ ਮਹਿਲਾਂ ਦੇ ਵਿੱਚ ਮਿਹਨਤ-ਮਜ਼ਦੂਰੀ ਕਰਨੀ ਪੈ ਸਕਦੀ ਐ। ਕਿਉਂਕਿ ਇਹਦਾ ਮਤਲਬ ਇਹ ਐ ਕਿ ਤੂੰ ਝੂਠਾ, ਇਹਦਾ ਮਤਲਬ ਇਹ ਐ ਕਿ ਤੂੰ ਐਵੇਂ ਕੱਪੜੇ ਪਾਈ ਫਿਰਦਾ ਐਂ, ਅੰਦਰੋਂ ਤੂੰ ਹਾਲੇ ਤੱਕ ਸਨਿਆਸੀ ਨਹੀਂ ਬਣਿਆ।"
ਪਰ ਇਹ ਸਨਿਆਸੀ ਕੁਝ ਵੱਖਰਾ ਸੀ। ਇਹਨੇ ਰਾਜੇ ਦੀ ਚੁਣੌਤੀ ਸਵੀਕਾਰ ਕੀਤੀ। ਅੱਗੋਂ ਕਹਿਣ ਲੱਗਿਆ— "ਰਾਜਾ ਹੁਣੇ ਮਿਲਣਾ ਕਿ ਥੋੜ੍ਹਾ ਇੰਤਜ਼ਾਰ ਕਰਨਾ?"
ਰਾਜੇ ਨੇ ਇੱਦਾਂ ਦਾ ਜਵਾਬ ਪਹਿਲਾਂ ਕਦੇ ਨਹੀਂ ਸੀ ਸੁਣਿਆ। ਇਸ ਤੋਂ ਪਹਿਲਾਂ ਤਾਂ ਜਿੰਨਿਆਂ ਨੂੰ ਵੀ ਉਹਨੇ ਇਹ ਸਵਾਲ ਪੁੱਛਿਆ ਉਹ ਜਾਂ ਤਾਂ ਘਬਰਾ ਗਏ ਤੇ ਜਾਂ ਫਿਰ ਐਵੇਂ ਹੀ ਇੱਧਰ-ਉੱਧਰ ਗੱਲਾਂ ਘੁਮਾਉਣ ਲੱਗ ਗਏ। ਕਦੀ ਕਿਸੇ ਨੇ ਇੱਦਾਂ ਸਪੱਸ਼ਟ ਤੌਰ ਦੇ ਉੱਤੇ ਨਹੀਂ ਸੀ ਕਿਹਾ "ਚੱਲ ਆ ਫਿਰ ਮਿਲਾਵਾਂ"। ਰਾਜੇ ਨੇ ਫਿਰ ਆਪਣਾ ਸਵਾਲ ਰਪੀਟ ਕੀਤਾ— "ਕੀ ਤੂੰ ਮੈਨੂੰ ਰੱਬ ਨੂੰ ਮਿਲਾ ਸਕਦਾ?" ਤੇ ਸਨਿਆਸੀ ਨੇ ਫਿਰ ਦੁਬਾਰਾ ਉਸੇ ਹੀ ਕੌਂਫੀਡੈਂਸ ਦੇ ਨਾਲ ਜਵਾਬ ਦਿੱਤਾ— "ਹਾਂ ਰਾਜਨ ਮੈਂ ਤੈਨੂੰ ਮਿਲਾ ਸਕਦਾ। ਤੂੰ ਮੈਨੂੰ ਇਹ ਦੱਸ ਕਿ ਹੁਣੇ ਮਿਲਣਾ ਜਾਂ ਫਿਰ ਥੋੜ੍ਹਾ ਵਿੱਚ ਟਾਈਮ ਪਾਉਣਾ?"
ਰਾਜਾ ਸੋਚਾਂ ਦੇ ਵਿੱਚ ਪੈ ਗਿਆ। ਇੱਕਦਮ ਹੁਣ ਜਦੋਂ ਕੋਈ ਇੱਦਾਂ ਦੀ ਗੱਲ ਕਹਿ ਦੇਵੇ ਤੇ ਸੌ ਤਰ੍ਹਾਂ ਦੇ ਵਿਚਾਰ ਬੰਦੇ ਦੇ ਦਿਮਾਗ ਦੇ ਵਿੱਚ ਘੁੰਮ ਜਾਂਦੇ। ਰਾਜਾ ਇੱਧਰ-ਉੱਧਰ ਆਪਣੇ ਵਜ਼ੀਰਾਂ ਵੱਲ ਵੇਖਣਾ ਸ਼ੁਰੂ ਹੋ ਗਿਆ। ਮਨ ਦੇ ਵਿੱਚ ਵਿਚਾਰ ਆਇਆ— ਇਹਨੇ ਰੱਬ ਨੂੰ ਮਿਲਾਉਣਾ ਪਤਾ ਨਹੀਂ ਕਿੱਥੇ ਲੈ ਜਾਵੇ, ਕੀ ਕਰਦੇ। ਹੁਣ ਤੇ ਉਹਨੂੰ ਪੁੱਛਣ ਜੋਗਾ ਵੀ ਨਹੀਂ ਕਿ ਕਿੱਡੀ ਕੁ ਦੂਰ ਜਾਣਾ, ਮੈਂ ਵਾਪਸ ਆਊਂਗਾ ਵੀ ਜਾਂ ਨਹੀਂ ਆਊਂਗਾ, ਕਿੰਨਾ ਕੁ ਔਖਾ ਰਾਹ ਐ। ਇਹ ਸਾਰੇ ਸਵਾਲ ਰਾਜੇ ਦੇ ਅੰਦਰ ਹੀ ਚੱਲ ਰਹੇ ਨੇ ਤੇ ਨਾਲ ਦੀ ਨਾਲ ਸਵਾਲ ਇਹ ਵੀ ਚੱਲ ਰਿਹਾ ਕਿ ਜੇ ਕਿਤੇ ਲੰਮਾ ਰਾਹ ਪੈ ਗਿਆ ਤਾਂ ਪਰਿਵਾਰ ਪਿੱਛੋਂ ਕੀ ਕਰੂਗਾ। ਹੋਵੇ ਨਾ ਤੇ ਇਹਦੇ ਕੋਲੋਂ ਮੈਂ ਥੋੜ੍ਹਾ ਜਿਹਾ ਵਕਤ ਲੈ ਲਵਾਂ, ਥੋੜ੍ਹਾ ਟਾਈਮ ਲੈ ਲਵਾਂ, ਚੰਗੀ ਤਰ੍ਹਾਂ ਦੇ ਨਾਲ ਪਰਿਵਾਰ ਨੂੰ ਮਿਲ-ਤਿਲ ਲਵਾਂ। ਹੋਵੇ ਨਾ ਤੇ ਪਰਿਵਾਰ ਦੇ ਨਾਲ ਸਲਾਹ ਕਰ ਲਵਾਂ, ਮੰਤਰੀਆਂ ਨਾਲ ਸਲਾਹ ਕਰ ਲਵਾਂ।
ਕਿਉਂਕਿ ਹਮੇਸ਼ਾ ਆਪਾਂ ਇਹ ਸੁਣਿਆ— ਫਲਾਣਾ ਰੱਬ ਕੋਲ ਚਲਾ ਗਿਆ। ਜਦੋਂ ਕੋਈ ਇਸ ਦੁਨੀਆ ਦੇ ਉੱਤੇ ਨਹੀਂ ਰਹਿੰਦਾ ਉਹਨੂੰ ਆਪਾਂ ਇੱਦਾਂ ਕਹਿੰਦੇ ਆਂ— ਉਹ ਤਾਂ ਰੱਬ ਨੂੰ ਪਿਆਰਾ ਹੋ ਗਿਆ, ਉਹ ਰੱਬ ਦੇ ਘਰ ਚਲਾ ਗਿਆ। ਤੇ ਰਾਜੇ ਦੀ ਗਰਾਰੀ ਹੁਣ ਇੱਕਦਮ ਉਸ ਪਾਸੇ ਨੂੰ ਘੁੰਮ ਗਈ। ਉਹ ਨਾ ਹੋਵੇ ਕਿਤੇ ਮੈਨੂੰ ਸਨਿਆਸੀ ਰੱਬ ਨੂੰ ਮਿਲਾ ਦੇਵੇ ਜਾਂ ਮਿਲਾਉਣ ਦੇ ਲਈ ਲੈ ਜਾਵੇ ਮੈਂ ਵਾਪਸ ਆ ਹੀ ਨਾ ਪਾਵਾਂ।
ਰਾਜੇ ਨੇ ਅੱਜ ਦਾ ਇੱਕ ਦਿਨ ਮੋਹਲਤ ਲੈ ਲਈ। ਹਾਲੇ ਨਹੀਂ ਜਾਣਾ। ਤੁਸੀਂ ਅੱਜ ਦਾ ਦਿਨ ਹੋਰ ਰਹੋ। ਆਪਣੇ ਬੰਦਿਆਂ ਨੂੰ ਉਹਦਾ ਸੇਵਾ-ਪਾਣੀ ਕਰਨ ਦੇ ਲਈ ਕਹਿ ਦਿੱਤਾ ਤੇ ਆਪ ਆਪਣੇ ਮਹਿਲਾਂ ਦੇ ਵਿੱਚ ਚਲਾ ਗਿਆ। ਪਰ ਇੱਕ ਦਿਨ ਤੇ ਉਹ ਰਾਤ ਉਹਦੀ ਇਸੇ ਸੋਚ ਵਿਚਾਰ ਦੇ ਵਿੱਚ ਲੰਘ ਗਈ। ਕਰਾਂ ਤੇ ਕੀ ਕਰਾਂ। ਹੁਣ ਉਹ ਮਿਲਣ ਦੇ ਲਈ ਕਹਿ ਰਿਹਾ। ਮਨਾ ਕਰਦਾਂ ਜਾਂ ਚਲਿਆ ਜਾਵਾਂ ਰੱਬ ਕੋਲ। ਕਿਸੇ ਨੇ ਜਾ ਕੇ ਰਾਣੀ ਨੂੰ ਵੀ ਇਹ ਗੱਲ ਦੱਸ ਦਿੱਤੀ। ਰਾਣੀ ਨੇ ਰਾਜੇ ਦੇ ਅੱਗੇ ਹੋਰ ਦੁਹਾਈ ਪਿੱਟੀ— "ਤੂੰ ਕਿਹੜੇ ਕੰਮਾਂ ਦੇ ਵਿੱਚ ਪਿਆ? ਰੱਬ ਨੂੰ ਮਿਲਣਾ ਕਿਤੇ ਸੌਖਾ ਪਿਆ। ਕੀ ਪਤਾ ਉੱਥੋਂ ਤੂੰ ਪਰਤਣਾ ਐ ਕਿ ਨਹੀਂ ਪਰਤਣਾ, ਸਾਡਾ ਪਿੱਛੋਂ ਕੀ ਬਣੂਗਾ? ਇਹ ਕਿੱਦਾਂ ਦੀ ਜ਼ਿੱਦ ਤੂੰ ਫੜ ਕੇ ਬੈਠਾ? ਕੀ ਪਤਾ ਕਿੰਨਾ ਕੁ ਪਹੁੰਚਿਆ ਸਨਿਆਸੀ ਐ, ਸੱਚੀ ਤੈਨੂੰ ਕਿਤੇ ਰੱਬ ਕੋਲ ਲੈ ਜਾਵੇ।"
ਰਾਜੇ ਨੇ ਕਿਹਾ— "ਨਹੀਂ, ਲੈ ਉਹਨੇ ਕਿੱਥੇ ਜਾਣਾ। ਇੱਦਾਂ ਥੋੜ੍ਹੀ ਜਿੰਨਾ ਚਿਰ ਕਿਸੇ ਦੇ ਸੁਆਸ ਨਹੀਂ ਪੂਰੇ ਹੁੰਦੇ ਉਹ ਕਿੱਥੇ ਜਾ ਸਕਦਾ।" ਰਾਜਾ ਵੀ ਆਪਣੇ ਆਪ ਨੂੰ ਭਰੋਸਾ ਜਿਹਾ ਦੇਈ ਜਾਵੇ ਪਰ ਅੰਦਰੋਂ-ਅੰਦਰ ਤਾਂ ਰਾਜਾ ਵੀ ਡਰਿਆ ਸੀ। ਬੱਚੇ ਵੱਖਰਾ ਲੱਤਾਂ ਦੇ ਨਾਲ ਚਿੰਬੜੀ ਜਾਣ। ਅਗਲੇ ਦਿਨ ਫਿਰ ਦੁਬਾਰਾ ਸਨਿਆਸੀ ਨੂੰ ਜਦੋਂ ਰਾਜੇ ਸਾਹਮਣੇ ਲਿਆਂਦਾ ਗਿਆ ਫਿਰ ਉਹੀ ਗੱਲ। ਸਨਿਆਸੀ ਆਪਣੀ ਗੱਲ ਦੇ ਉੱਤੇ ਪੱਕਾ— "ਰਾਜਾ ਦੱਸ ਹੁਣੇ ਮਿਲਣਾ ਰੱਬ ਨੂੰ ਕਿ ਲੈਣਾ ਟਾਈਮ?" ਰਾਜੇ ਨੇ ਇੱਕ ਦਿਨ ਹੋਰ ਲੈ ਲਿਆ। ਇੱਕ ਦਿਨ, ਇੱਕ ਦਿਨ, ਇੱਕ ਦਿਨ ਇੱਦਾਂ ਕਰਕੇ ਪਤਾ ਨਹੀਂ ਕਿੰਨੇ ਕੁ ਸਾਲ ਰਾਜੇ ਨੇ ਲੰਘਾ ਲਏ।
ਹੁਣ ਉਹਨੂੰ ਪਤਾ ਆ ਵੀ ਮੈਨੂੰ ਰਾਹ ਕਿੱਧਰ ਐ, ਹੁਣ ਉਹਨੂੰ ਪਤਾ ਆ ਵੀ ਮੇਰੇ ਕੋਲ ਮਿਲਾਉਣ ਵਾਲਾ ਹੈਗਾ। ਇੱਕ ਰਿਸਕ ਰਾਜਾ ਲੈ ਤੇ ਸਕਦਾ ਨਾ। ਜਿਹੜੀ ਚੀਜ਼ ਦੇ ਲਈ ਉਹ ਇੰਨੇ ਚਿਰ ਤੋਂ ਸਾਰਿਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ, ਇੱਕ ਵੱਡਾ ਆਲੀਸ਼ਾਨ ਮਹਿਲ ਬਣਵਾਇਆ। ਜਿਹੜੀ ਚੀਜ਼ ਦੇ ਲਈ ਉਹ ਜਿਹੜਾ ਵੀ ਆਉਂਦਾ ਸੀ ਬਾਅਦ ਵਿੱਚ ਹੱਸਦਾ ਸੀ— "ਵੇਖਿਆ ਕੋਈ ਰੱਬ-ਰੁੱਬ ਨਹੀਂ, ਐਵੇਂ ਝੂਠ ਬੋਲਦੇ ਆ, ਐਵੇਂ ਪਾਈ ਫਿਰਦੇ ਆ ਚੋਲੇ। ਵੇਖਿਆ ਸੱਚ ਸਾਹਮਣੇ ਆ ਗਿਆ।"
ਪਰ ਅੱਜ ਉਹਨੂੰ ਕੁਝ ਐਸਾ ਟੱਕਰਿਆ ਸੀ ਜਿਹਦੇ ਨਾਲ ਉਹਦੇ ਸਾਰੇ ਅਗਲੇ ਪਿਛਲੇ ਭਰਮ ਭੁਲੇਖੇ ਦੂਰ ਹੋ ਗਏ। ਹੁਣ ਰਾਜਾ ਰਿਸਕ ਲਵੇ ਤਾਂ ਲਵੇ ਵੀ ਕਿੱਦਾਂ। ਜਿੰਨਾ-ਜਿੰਨਾ ਉਹ ਸੋਚਦਾ, ਜਿੱਦਾਂ-ਜਿੱਦਾਂ ਉਹ ਆਪਣਾ ਵਿਚਾਰ ਬਣਾਉਂਦਾ ਉਹ ਹੋਰ ਮੋਹਲਤ ਲਈ ਜਾਵੇ, ਹੋਰ ਦਿਨ ਟਪਾਈ ਜਾਵੇ। ਇਸੇ ਤਰ੍ਹਾਂ ਦੇ ਨਾਲ ਦਿਨ ਟੱਪਦੇ ਗਏ ਲੰਘਦੇ ਗਏ। ਪਤਾ ਨਹੀਂ ਕਿੰਨੇ ਕੁ ਜਾਂ ਫਿਰ ਕਹਿ ਲਓ ਕਿ ਰਾਜੇ ਨੇ ਇਹ ਰਿਸਕ ਲਿਆ ਹੀ ਨਹੀਂ। ਉਦਾਂ ਹੀ ਦੁਨੀਆ ਤੋਂ ਚਲਾ ਗਿਆ।
ਕਹਾਣੀ ਪੜ੍ਹਦਿਆਂ ਇੱਦਾਂ ਲੱਗਦਾ ਸੀ ਜਿੱਦਾਂ ਉਹ ਰਾਜਾ ਮੈਂ ਆਪ ਹੋਵਾਂ, ਤੁਹਾਨੂੰ ਸੁਣਦਿਆਂ ਸ਼ਾਇਦ ਲੱਗਦਾ ਹੋਵੇ ਉਹ ਰਾਜਾ ਤੁਸੀਂ ਹੋ। ਬਹੁਤਾ ਨਹੀਂ ਤਾਂ ਇੱਕ ਪੱਖ ਤਾਂ ਜ਼ਰੂਰ ਰਾਜੇ ਨਾਲ ਸਾਡਾ ਸਾਰਿਆਂ ਦਾ ਮੈਚ ਕਰਦਾ। ਆਪਾਂ ਸਾਰੇ ਦੁਹਾਈ ਪਾਉਂਦੇ ਆਂ, ਰੱਬ ਰੱਬ ਕਰਦੇ ਆਂ, ਰੱਬ ਦੇ ਨੇੜੇ ਹੋਣ ਦੀਆਂ ਗੱਲਾਂ ਕਰਦੇ ਆਂ। ਪਰ ਦੂਸਰੇ ਪਾਸਿਓਂ ਆਪਾਂ ਡਰਦੇ ਵੀ ਆਂ। ਰੱਬ ਦੇ ਘਰ ਜਾਣ ਨੂੰ ਆਪਾਂ ਬਹੁਤਾ ਚੰਗਾ ਤੇ ਨਹੀਂ ਸਮਝਦੇ। ਜੇ ਕੋਈ ਵਾਕਈ ਸਾਨੂੰ ਵੀ ਹੱਥ ਫੜ ਕੇ ਕਹਿ ਦੇਵੇ "ਚਲੋ ਆਓ ਆ ਜਾਓ ਫਿਰ ਅੱਜ ਰੱਬ ਦੇ ਨਾਲ ਤੁਹਾਨੂੰ ਮਿਲਾ ਹੀ ਦਿੰਦੇ ਆਂ" ਤੇ ਸ਼ਾਇਦ ਆਪਾਂ ਵੀ ਹੱਥ ਛੁਡਾ ਕੇ ਪਾਸੇ ਹੋ ਜਾਈਏ।
ਇਸੇ ਤਰ੍ਹਾਂ ਦੇ ਨਾਲ ਇਨਸਾਨ ਸਾਰੀ ਜ਼ਿੰਦਗੀ ਕੱਢ ਦਿੰਦਾ। ਜਦੋਂ ਸਾਨੂੰ ਸਾਡੇ ਗੁਰੂ, ਸਾਡੇ ਪੁਰਖੇ ਦੱਸਦੇ ਨੇ— ਕੋਈ ਵੀ ਵੇਲਾ ਨਹੀਂ ਕੋਈ ਕੁਵੇਲਾ ਨਹੀਂ, ਕੋਈ ਉਮਰ ਨਹੀਂ, ਤੁਸੀਂ ਕਿਸੇ ਵੀ ਵੇਲੇ ਰੱਬ ਦਾ ਨਾਮ ਲੈ ਸਕਦੇ ਹੋ। ਕੱਲ੍ਹ ਨਹੀਂ ਅੱਜ ਹੀ ਸ਼ੁਰੂ ਕਰ ਸਕਦੇ ਹੋ, ਅੱਜ ਨਹੀਂ ਹੁਣੇ ਹੀ ਇਸੇ ਪਲ ਹੀ ਤੁਸੀਂ ਸ਼ੁਰੂ ਕਰੋ। ਪਰ ਬਹੁਤੀ ਵਾਰੀ ਸਾਡਾ ਵਿਚਾਰ ਇਹ ਹੁੰਦਾ ਕਿ ਨਹੀਂ ਹਾਲੇ ਤਾਂ ਕੰਮਾਂ-ਕਾਰਾਂ ਦੇ ਵਿੱਚ ਬਿਜ਼ੀ ਆਂ, ਹਾਲੇ ਆਪਾਂ ਬੱਚਿਆਂ ਦੇ ਵਿੱਚ ਬਿਜ਼ੀ ਆਂ, ਪੈਸਾ ਪੂਸਾ ਕਮਾਉਣਾ ਹੋਰ ਵੀ ਛੱਤੀ ਸੌ ਕੰਮ ਐ। ਆਪਾਂ ਇਹ ਕੰਮ ਆਪਣੀ ਪਿਛਲੀ ਉਮਰ ਦੇ ਲਈ ਰੱਖ ਛੱਡਦੇ ਆਂ।
ਇੱਕ ਸਮਾਂ ਰਾਜੇ ਨੇ ਵੀ ਸ਼ਾਇਦ ਇੱਦਾਂ ਹੀ ਸੋਚਿਆ ਵੀ ਚਲੋ ਕੋਈ ਨਹੀਂ ਹੋਰ ਰਾਜ ਭੋਗ ਲੈਂਦੇ ਆਂ, ਹੋਰ ਰੰਗ-ਤਮਾਸ਼ੇ ਵੇਖ ਲੈਂਦੇ ਆਂ। ਹੁਣ ਆਪਣੇ ਕੋਲ ਇੱਕ ਸਾਧਨ ਤੇ ਆ ਹੀ ਗਿਆ, ਬੁੱਢੇ ਵਾਰੇ ਜਾ ਕੇ ਹੱਥ ਪਾ ਲਾਂਗੇ, ਬੁੱਢੇ ਵਾਰੇ ਕਹਾਂਗੇ ਤੇ ਉਹ ਮਿਲਾ ਦੂਗਾ। ਤੇ ਸਾਧਨ ਤੇ ਸਾਨੂੰ ਵੀ ਸਾਡੇ ਗੁਰੂਆਂ ਨੇ ਦੱਸੇ ਨੇ ਤੇ ਆਪਾਂ ਵੀ ਇਸੇ ਤਰ੍ਹਾਂ ਦੇ ਨਾਲ ਹੌਲੀ-ਹੌਲੀ ਟਾਈਮ ਲੰਘਾਈ ਜਾਂਦੇ ਆਂ।
ਤੇ ਸੱਚ ਤਾਂ ਇਹ ਐ ਕਹਿੰਦੇ ਨੇ ਜਿਹੜਾ ਉਸ ਉਮਰ ਦੇ ਵਿੱਚ ਚਲਾ ਜਾਂਦਾ, ਬਜ਼ੁਰਗ ਵੀ ਹੋ ਜਾਂਦਾ ਉਹ ਵੀ ਹਿੰਮਤ ਨਹੀਂ ਕਰ ਪਾਉਂਦਾ। ਉਹ ਫਿਰ ਜਵਾਨਾਂ ਦੇ ਨਾਲੋਂ ਵੀ ਜ਼ਿਆਦਾ ਹੱਥ ਘੁੱਟਦਾ। ਕਿਉਂਕਿ ਉਹਨੂੰ ਦੂਸਰੇ ਪਾਸਿਓਂ ਹੋਰ ਫ਼ਿਕਰ ਸਤਾਉਣ ਲੱਗ ਪੈਂਦੇ ਆ ਕਿ ਇਸ ਉਮਰ ਦੇ ਵਿੱਚ ਤਾਂ ਵੈਸੇ ਹੀ ਬੰਦਾ ਚਲਾ ਜਾਂਦਾ।
ਕੁੱਲ ਮਿਲਾ ਕੇ ਸ਼ਾਇਦ ਕਹਾਣੀ ਸਾਨੂੰ ਇਹੋ ਹੀ ਕਹਿਣਾ ਚਾਹੁੰਦੀ ਐ ਕਿ ਰੱਬ ਤਾਂ ਤੁਹਾਡੇ ਨੇੜੇ ਹੀ ਐ। ਰੱਬ ਤਾਂ ਤੁਹਾਡੇ ਲਾਗੇ ਬੰਨੇ ਐ। ਜਿਹੜੇ ਤੁਸੀਂ ਆਪ ਮਹਿਲ ਉਸਾਰੇ ਆ ਰੱਬ ਤਾਂ ਉਹਨਾਂ ਦੇ ਵਿੱਚ ਹੀ ਰਹਿੰਦਾ, ਰੱਬ ਤਾਂ ਤੁਹਾਡੇ ਅੰਦਰ ਹੀ ਐ। ਉਹ ਤਾਂ ਕਦੇ ਵੀ ਆਪਣੇ ਆਪ ਨੂੰ ਤੁਹਾਡੇ ਨਾਲ ਮਿਲਾਉਣ ਦੇ ਲਈ ਤਿਆਰ ਬੈਠਾ। ਪਰ ਹਾਮੀ ਆਪਾਂ ਹੀ ਨਹੀਂ ਭਰਦੇ ਤੇ ਫਿਰ ਆਪਾਂ ਕਹਿ ਦਿੰਦੇ ਆਂ— ਨਹੀਂ ਸਾਡੇ ਵੱਸ ਦਾ ਨਹੀਂ, ਨਹੀਂ ਸਾਡੇ ਕੋਲੋਂ ਕੀਤਾ ਨਹੀਂ ਜਾਣਾ, ਨਹੀਂ ਉਹ ਬੜੀ ਦੂਰ ਵੱਸਦਾ, ਉੱਥੋਂ ਤੱਕ ਬਹੁਤਿਆਂ ਦੀ ਪਹੁੰਚ ਨਹੀਂ ਐ, ਨਹੀਂ ਕੋਈ ਸੱਚਾ ਮਿਲਾਉਣ ਵਾਲਾ ਹੀ ਨਹੀਂ ਸਾਨੂੰ ਮਿਲਿਆ ਸਾਰੀ ਜ਼ਿੰਦਗੀ।
ਤੇ ਜਿੰਨਾ ਚਿਰ ਇਹ ਸਾਰੇ ਸਵਾਲ, ਜਿੰਨਾ ਚਿਰ ਭਰਮ ਭੁਲੇਖੇ ਸਾਨੂੰ ਆਪਣੇ ਆਪ ਦੇ ਬਾਰੇ ਰਹਿਣਗੇ ਓਨਾ ਚਿਰ ਵਾਕਈ ਨਹੀਂ ਮਿਲਣਾ। ਮਿਲਣਗੇ ਤੇ ਸਿਰਫ਼ ਪਾਖੰਡੀ, ਮਿਲਣਗੇ ਤੇ ਸਿਰਫ਼ ਐਸੇ ਮਹਿਲ ਐਸੇ ਘਰ ਜਿੱਥੇ ਰੱਬ ਨਹੀਂ ਵੱਸਦਾ, ਜਿੱਥੇ ਸਿਰਫ਼ ਤੁਹਾਡੇ ਡਰ ਨੂੰ ਕੈਸ਼ ਕੀਤਾ ਜਾਂਦਾ ਤੇ ਕੀਤਾ ਜਾ ਰਿਹਾ।
What's Your Reaction?



