ਲਾਂਘਾ - Emotional Punjabi Story on Family & Brotherhood

ਦੋ ਭਰਾਵਾਂ ਦੇ ਵਿਹੜੇ ਵਿੱਚ ਕੰਧ ਨਿਕਲਣ ਤੋਂ ਬਾਅਦ ਇੱਕ ਬੁੱਢੀ ਮਾਂ ਨੇ ਕਿਵੇਂ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਇਆ? ਪੜ੍ਹੋ ਪਰਿਵਾਰਕ ਸਾਂਝ ਤੇ ਮਮਤਾ ਦੀ ਇਹ ਦਿਲ ਛੂਹ ਲੈਣ ਵਾਲੀ ਪੰਜਾਬੀ ਕਹਾਣੀ 'ਲਾਂਘਾ'।

Aug 26, 2026 - 14:18
 0  0

Share -

ਲਾਂਘਾ - Emotional Punjabi Story on Family & Brotherhood
ਪੰਜਾਬੀ ਕਹਾਣੀ ਲਾਂਘਾ - ਪੇਂਡੂ ਘਰ ਦੇ ਵਿਹੜੇ ਦੀ ਕੰਧ ਵਿੱਚ ਛੋਟਾ ਜਿਹਾ ਲਾਂਘਾ ਅਤੇ ਨਿੰਮ ਹੇਠ ਬੈਠੀ ਬਜ਼ੁਰਗ ਮਾਂ

ਕਾਫ਼ੀ ਦੇਰ ਹੋ ਚੁੱਕੀ ਸੀ ਹੁਣ। ਦੋਵਾਂ ਭਰਾਵਾਂ ਦੇ ਦਰਮਿਆਨ ਆਪਸੀ ਅੱਗ ਹੌਲੀ-ਹੌਲੀ ਸੁਲਗਦੀ ਸੁਲਗਦੀ ਲੱਗਦਾ ਸੀ ਭਾਂਬੜ ਬਣ ਹੀ ਜਾਣੀ ਆ। ਦੋਵੇਂ ਵਹੁਟੀਆਂ ਆਪਸ ਦੇ ਵਿੱਚ ਬੋਲ-ਬੁਲਾਰੇ ਤੋਂ ਟੱਪ ਗਈਆਂ। ਅੱਜ ਉਹਨਾਂ ਨੇ ਇੱਕ-ਦੂਸਰੇ ਦੇ ਨਿਆਣਿਆਂ 'ਤੇ ਵੀ ਗੁੱਸਾ ਕੱਢਿਆ।
ਹੌਲੀ-ਹੌਲੀ ਇਹ ਗੱਲ ਦੋਵਾਂ ਭਰਾਵਾਂ ਤੱਕ ਪਹੁੰਚੀ। ਹੁਣ ਕੁੜੱਤਣ ਦੋਵਾਂ ਭਰਾਵਾਂ ਦੇ ਵਿੱਚ ਵੀ ਆ ਗਈ। ਸ਼ਰਾਬ ਪੀ ਕੇ ਵੱਡੇ ਨੇ ਛੋਟੇ ਨੂੰ ਗਾਲ੍ਹਾਂ ਕੱਢ ਦਿੱਤੀਆਂ। ਬਸ ਫਿਰ ਕੀ ਸੀ, ਹੁਣ ਘਰ ਦੀ ਵੰਡ ਤੈਅ ਸੀ।
ਘਰ ਦੀਆਂ ਔਰਤਾਂ ਨੇ ਗੁੱਸੇ ਦੇ ਵਿੱਚ ਤਪ ਕੇ ਕਹਿ ਹੀ ਦਿੱਤਾ ਸੀ ਕਿ ਆਪਾਂ ਹੁਣ ਇਕੱਠੀਆਂ ਨਹੀਂ ਰਹਿ ਸਕਦੀਆਂ। ਇਹ... ਇਹ ਚੌਂਕਾ ਸਾਂਝਾ ਨਹੀਂ ਰਹਿ ਸਕਦਾ। ਇਸ ਚੁੱਲ੍ਹੇ ਦੇ ਉੱਤੇ ਇੱਕੋ ਘਰ ਦੀ ਰੋਟੀ ਪੱਕੂਗੀ, ਇੱਕ ਚੁੱਲ੍ਹਾ ਹੁਣ ਹੋਰ ਬਣੂਗਾ-ਬਣੂਗਾ।
ਵੱਡੇ ਭਰਾ ਨੇ ਬਹੁਤੀ ਦੇਰ ਨਹੀਂ ਕੀਤੀ, ਅਗਲੇ ਹੀ ਦਿਨ ਰਾਜ ਮਿਸਤਰੀ ਨੂੰ ਬੁਲਾ ਲਿਆ। ਹੁਕਮ ਦਿੱਤਾ ਕਿ ਇੱਧਰੋਂ ਮਿਣ ਉੱਧਰੋਂ ਫ਼ੀਤਾ ਧਰ, ਵਿਹੜੇ ਦੇ ਵਿਚਕਾਰ ਐਂ ਸਿੱਧੀ ਇੱਕ ਕੰਧ ਮਾਰ ਦੇ। ਦੋਵੇਂ ਪਰਿਵਾਰ ਹੁਣ ਇੱਕ-ਦੂਸਰੇ ਦੇ ਲਈ ਬੇਗਾਨੇ ਹੋਣ ਵਾਲੇ ਸੀ।
ਇਸ ਵੰਡ ਦੀ ਸਭ ਤੋਂ ਵੱਧ ਪੀੜ ਸੀ ਘਰ ਬੈਠੀ ਬੁੱਢੀ ਮਾਂ ਨੂੰ। ਉਹ ਯਾਦ ਕਰਦੀ, "ਸਿਰ ਦਿਆ ਸਾਈਆਂ, ਜੇ ਤੂੰ ਹੁੰਦਾ, ਕੁਝ ਕਰਦਾ। ਤੂੰ ਹੁੰਦਾ, ਮੁੰਡਿਆਂ ਨੂੰ ਦਬਕਾ ਮਾਰਦਾ। ਤੂੰ ਹੁੰਦਾ, ਹੋ ਸਕਦਾ ਸੀ ਤੇਰੀ ਸ਼ਰਮ ਕਰਦੇ। ਪਰ ਖ਼ੈਰ, ਜੋ ਰੱਬ ਨੂੰ ਮੰਜ਼ੂਰ।"
ਮਾਂ ਨੇ ਵੰਡ ਕੀ ਰੋਕਣੀ ਸੀ, ਮਾਂ ਦੀ ਆਪਣੀ ਵੰਡ ਹੋ ਗਈ। ਕੁਲ ਮਿਲਾ ਕੇ ਮਾਂ ਛੋਟੇ ਪੁੱਤ ਦੇ ਹਿੱਸੇ ਆ ਗਈ। ਮਾਂ ਨੇ ਪਰ੍ਹੇ ਨੂੰ ਚੁੰਨੀ ਦਾ ਓਹਲਾ ਕਰਕੇ, ਪੱਲੇ ਦੇ ਨਾਲ ਅੱਖਾਂ ਪੂੰਝਦਿਆਂ ਦੋਵਾਂ ਪੁੱਤਾਂ ਨੂੰ ਕੋਲ ਬਿਠਾਇਆ ਤੇ ਬੜੇ... ਬੜੇ ਸਬਰ ਦੇ ਨਾਲ ਇੱਕ ਗੁਜ਼ਾਰਿਸ਼ ਕੀਤੀ, "ਪੁੱਤਰੋ, ਮੈਨੂੰ ਪਤਾ ਤੁਸੀਂ ਹੁਣ ਆਪਣੀ ਜਿੱਦ ਪੁਗਾਉਣੀ-ਪੁਗਾਉਣੀ ਆ, ਮੈਂ ਤੁਹਾਨੂੰ ਢਿੱਡੋਂ ਜੰਮਿਆ। ਮੈਨੂੰ ਪਤਾ ਜਿੱਦ ਦੇ ਵਿੱਚ ਆ ਕੇ ਤੁਸੀਂ ਕੀ-ਕੀ ਕਰ ਸਕਦੇ ਓ। ਬਸ ਇੱਕ ਗੱਲ ਮੈਂ ਕਹਿਣੀ ਆ ਤੇ ਮੈਨੂੰ ਇਹ ਵੀ ਪਤਾ ਮੇਰੇ ਬੀਬੇ ਪੁੱਤ ਮੇਰੀ ਇੱਕ ਗੱਲ ਮੰਨ ਵੀ ਲਓਗੇ। ਤੁਸੀਂ ਕਦੀ ਨਹੀਂ ਮੇਰੀ ਮੋੜੀ, ਇਹ ਵੀ ਨਹੀਂ ਮੋੜੋਗੇ। ਇਸ ਕੰਧ ਦੇ ਵਿੱਚ ਇੱਕ ਛੋਟਾ ਜਿਹਾ ਲਾਂਘਾ ਰਹਿਣ ਦਿਓ। ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਮੰਗਦੀ। ਜਿੱਥੇ ਰੱਖੋਗੇ, ਜਿਹੜੇ ਹਾਲ ਰੱਖੋਗੇ, ਮੈਂ ਖ਼ੁਸ਼ ਆਂ। ਤੁਸੀਂ ਆਪਣੇ ਘਰੀਂ ਖ਼ੁਸ਼ ਚਾਹੀਦੇ ਓ।"
ਵਹੁਟੀਆਂ ਭਾਵੇਂ ਆਨਾ-ਕਾਨੀ ਕਰਦੀਆਂ ਸੀ, ਪਰ ਭਰਾਵਾਂ ਨੇ ਮਾਂ ਦੀ ਗੱਲ ਮੰਨ ਲਈ। ਸ਼ਰਤ ਸੀ ਕਿ ਕੋਈ ਵੀ ਇੱਕ-ਦੂਸਰੇ ਦੇ ਵਿਹੜੇ 'ਚ ਪੈਰ ਨਹੀਂ ਧਰੂਗਾ, ਕਿਸੇ ਦਾ ਵੀ ਬੱਚਾ ਇੱਕ-ਦੂਸਰੇ ਦੇ ਘਰ ਖੇਡਣ ਨਹੀਂ ਜਾਊਗਾ।
ਦਿਨ ਭਰ ਮਾਂ ਬਾਹਰ ਨਿੰਮ ਦੇ ਹੇਠਾਂ ਬੈਠੀ ਰਹਿੰਦੀ। ਨਿੰਮ ਦੇ ਹੇਠਾਂ ਉਹਦਾ ਮੰਜਾ... ਚਾਹੇ ਕਿੰਨੀ ਵੀ ਧੁੱਪ ਹੋਵੇ ਜਾਂ ਫਿਰ ਮੀਂਹ ਪੈਂਦਾ ਹੋਵੇ, ਸ਼ਾਮਾਂ ਢਲਦੀਆਂ ਹੋਣ ਜਾਂ ਫਿਰ... ਜਾਂ ਫਿਰ ਦਿਨ ਚੜ੍ਹ ਰਿਹਾ ਹੋਵੇ। ਕਈ ਵਾਰੀ ਤਾਂ ਇੱਦਾਂ ਲੱਗਦਾ ਸੀ ਜਿੱਦਾਂ ਉਹ... ਉਹ ਰਾਤ ਸੌਂਦੀ ਨਹੀਂ। ਉਹ ਰਾਤ ਵੀ ਉੱਠ ਕੇ ਜਿੱਦਾਂ ਉਸ ਲਾਂਘੇ ਦੇ ਕੋਲ ਆ ਕੇ ਵੇਂਹਦੀ ਰਹਿੰਦੀ ਹੋਵੇ।
ਮੰਜਾ ਨਹੀਂ ਤਾਂ ਕੁਰਸੀ, ਕੁਝ ਨਾ ਕੁਝ ਆਨੇ-ਬਹਾਨੇ ਉਹ ਇਸ ਲਾਂਘੇ ਦੇ ਲਾਗੇ ਗੇੜਾ ਮਾਰਦੀ ਰਹਿੰਦੀ। ਦੋਵੇਂ ਨੂੰਹਾਂ ਇਸ ਗੱਲ ਤੋਂ ਬਹੁਤ ਖਿੱਝਦੀਆਂ ਸੀ। ਹਰ ਕੋਈ ਸੋਚਦਾ ਕਿ ਮਾਂ ਦਾ ਦਿਲ ਦੂਸਰੇ ਘਰ ਵੱਲ ਸ਼ਾਇਦ ਵੱਧ ਲੱਗਦਾ। ਇਸ ਗੱਲ ਦੇ ਉੱਤੇ ਨੂੰਹਾਂ ਕਿਤੇ ਗੱਲੀਂ-ਬਾਤੀਂ ਸੁਣਾ ਵੀ ਦਿੰਦੀਆਂ। ਪਰ ਮਾਂ... ਮਾਂ ਦੇ ਲਈ ਇਹ ਲਾਂਘਾ ਕੋਈ ਥਾਂ ਨਹੀਂ ਸੀ, ਉਹਦੇ ਲਈ ਤਾਂ ਇੱਕ ਪੁਲ ਸੀ। ਉਹ ਹਰ ਰੋਜ਼ ਆਪਣੀ ਹਾਜ਼ਰੀ, ਚਾਹੇ ਨਜ਼ਰਾਂ ਰਾਹੀਂ ਦੂਸਰੇ ਘਰ ਲਵਾ ਲੈਂਦੀ। ਉਹਨੂੰ ਲੱਗਦਾ ਸੀ ਉਹਦੇ ਲਈ ਜਿਊਣ ਲਈ ਇਹੋ ਹੀ ਆਸਰਾ ਬਹੁਤ ਹੈ।
ਵੱਡਾ ਪੁੱਤ ਰੋਡਵੇਜ਼ ਦੇ ਵਿੱਚ ਡਰਾਈਵਰੀ ਕਰਦਾ ਸੀ, ਅਕਸਰ ਦੇਰ ਰਾਤ ਦੇ ਨਾਲ ਘਰ ਮੁੜਦਾ। ਜਦੋਂ ਤੱਕ ਉਹ ਘਰ ਨਾ ਨਾ ਆਉਂਦਾ, ਮਾਂ ਉਨਾ ਚਿਰ ਕਈ ਵਾਰੀ ਰੋਟੀ ਵੀ ਨਾ ਖਾਂਦੀ। ਮਨ੍ਹਾਂ ਕਰ ਦਿੰਦੀ, "ਮੈਂ ਇਸ ਲਾਂਘੇ ਦੇ ਨਾਲੋਂ ਹਾਲੇ ਉੱਠ ਕੇ ਅੰਦਰ ਨਹੀਂ ਜਾਣਾ। ਹਾਲੇ ਮੇਰਾ ਜੀਅ ਨਹੀਂ ਕਰਦਾ। ਹਾਲੇ ਮੇਰਾ ਪਾਠ ਕਰਨ ਵਾਲਾ ਪਿਆ। ਹਾਲੇ ਮੇਰਾ ਸਵੈਟਰ ਬੁਣਨ ਵਾਲਾ ਪਿਆ।" ਆਨੇ-ਬਹਾਨੇ ਉਹ ਇੰਤਜ਼ਾਰ ਕਰਦੀ ਕਿ ਪੁੱਤ ਘਰ ਆ ਜਾਵੇ। ਰੱਬ ਦਾ ਸ਼ੁਕਰ ਕਰਦੀ ਤੇ ਫਿਰ ਅੰਦਰ ਜਾ ਕੇ ਸੌਂਦੀ। ਉਹਦੇ ਸਾਹ ਸੁੱਕੇ ਰਹਿੰਦੇ।
ਜਦੋਂ ਪੁੱਤ ਘਰ ਵੜਦਾ, ਦੂਰੋਂ ਅਵਾਜ਼ ਮਾਰਦੀ, "ਪੁੱਤ! ਵੇ ਇੰਨੀ ਦੇਰ ਨਾ ਕਰਿਆ ਕਰ, ਛੇਤੀ ਘਰ ਆ ਜਾਇਆ ਕਰ।" ਕਿਸੇ ਦਿਨ ਪੈਰ ਲੜਖੜਾਉਂਦੇ ਵੇਖਦੀ ਤੇ ਕਹਿੰਦੀ, "ਵੇ ਘੱਟ ਪੀਆ ਕਰ।" ਪਰ ਉਹਨਾਂ ਨੂੰ ਤਾਂ... ਉਹਨਾਂ ਨੂੰ ਤਾਂ ਹੁਣ ਮਾਂ ਵੀ ਬੇਗਾਨੀ ਲੱਗਦੀ ਸੀ, ਛੋਟੇ ਵੱਲ ਜੋ ਰਹਿੰਦੀ ਸੀ। ਪੁੱਤ ਨੂੰ ਇਸ ਗੱਲ ਤੋਂ ਕਾਫ਼ੀ ਖ਼ਫ਼ਾ ਵੀ ਹੁੰਦੇ, ਪਰ ਮਾਂ ਦੀ ਚਿੰਤਾ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ, ਉਹ ਥੋੜ੍ਹੀ ਘੱਟ ਸਕਦੀ। ਉਹ ਦੋਵੇਂ ਪਾਸਿਓਂ ਗ਼ਲਤ ਸਮਝੀ ਜਾਂਦੀ ਰਹੀ, ਪਰ ਲਾਂਘੇ ਦੇ ਵਿੱਚ ਬੈਠਣਾ ਮਾਂ ਨੇ ਕਦੀ ਨਹੀਂ ਛੱਡਿਆ।
ਸਮਾਂ ਹੌਲੀ-ਹੌਲੀ ਆਪਣੀ ਰਫ਼ਤਾਰ ਚੱਲਦਾ ਰਿਹਾ। ਹੌਲੀ-ਹੌਲੀ ਜ਼ਖ਼ਮ ਵੀ ਜਿੱਦਾਂ ਭਰਦੇ ਰਹੇ, ਜ਼ਖ਼ਮਾਂ ਦੇ ਉੱਤੇ ਖਰੀਂਢ ਆਉਣ ਲੱਗ ਪਏ। ਭਰਾਵਾਂ ਦੀ ਕੁੜੱਤਣ ਹੌਲੀ-ਹੌਲੀ ਹੁਣ ਘਟਣ ਲੱਗ ਪਈ ਸੀ। ਛੋਟਾ ਭਰਾ ਕਦੇ-ਕਦੇ ਮਾਂ ਦੇ ਕੋਲ ਲਾਂਘੇ ਦੇ ਵਿੱਚ ਬੈਠਦਾ ਤੇ ਵੱਡਾ ਮਾਂ ਨੂੰ ਮਿਲਣ ਦੇ ਬਹਾਨੇ ਛੋਟੇ ਨੂੰ ਵੀ ਮਿਲ ਲੈਂਦਾ। ਮਾਂ ਨੂੰ ਇੱਦਾਂ ਲੱਗਦਾ ਮੇਰਾ ਲਾਂਘਾ ਰਖਾਇਆ ਕੰਮ ਆ ਗਿਆ। ਮਾਂ ਦੇ ਦਿਲ ਨੂੰ ਬੜੀ ਠੰਢ ਪੈਂਦੀ ਜਦੋਂ ਦੋਵੇਂ ਭਰਾ ਆਪਸ ਦੇ ਵਿੱਚ ਇੱਕ-ਦੂਸਰੇ ਨੂੰ ਸਤ-ਕਸਾਤੀ ਕਰ ਲੈਂਦੇ। ਮਾਂ ਨੂੰ ਇੱਦਾਂ ਲੱਗਦਾ ਜਿੱਦਾਂ... ਜਿੱਦਾਂ ਮੇਰੇ ਜਿਸਮ ਦੇ ਦੋ ਟੋਟੇ ਇੱਕ ਹੋ ਗਏ ਹੋਣ।
ਫਿਰ ਇੱਕ ਰਾਤ ਮਾਂ ਨੇ 12:00 ਵਜੇ ਤੱਕ ਲਾਂਘੇ ਲਾਗੇ ਬੈਠੀ ਰਹੀ। ਛੋਟੀ ਨੂੰਹ ਨੇ ਅੰਦਰੋਂ ਅਵਾਜ਼ ਮਾਰ ਕੇ ਦੱਸਿਆ ਸੀ, "ਬੀ ਜੀ, 12:00 ਵੱਜ ਗਏ ਆ।" ਉਹਨੂੰ ਤਾਂ ਇਸ ਚੀਜ਼ ਦਾ ਖ਼ਿਆਲ ਵੀ ਨਹੀਂ ਸੀ ਕਿ ਇੰਨਾ ਸਮਾਂ ਹੋ ਗਿਆ। "ਅੱਧੀ ਰਾਤ ਹੋ ਗਈ ਐ, ਹੁਣ ਪਤਾ ਨਹੀਂ ਕਿਹੜਾ ਇਸ ਟਾਈਮ ਤੁਸੀਂ ਪਾਠ ਕਰ ਰਹੇ ਓ? ਤੁਹਾਨੂੰ ਅੰਦਰ ਆ ਜਾਣਾ ਚਾਹੀਦਾ, ਠੰਢ ਵੱਧ ਰਹੀ ਐ। ਫਿਰ ਬਿਮਾਰ ਪੈ ਗਏ ਤਾਂ ਉਹਨਾਂ ਨੇ ਨਹੀਂ ਸਾਂਭਣਾ ਜਿੱਧਰ ਵੇਂਹਦੇ ਰਹਿੰਦੇ ਓ।" ਛੋਟੀ ਨੂੰਹ ਨੇ ਵੀ ਗੱਲਾਂ-ਗੱਲਾਂ ਦੇ ਵਿੱਚ ਕਈ ਸੁਣਾ ਦਿੱਤੀਆਂ। ਪਰ ਮਾਂ ਦੀ ਬੇਚੈਨੀ ਨੂੰ ਕੌਣ ਸਮਝੇ? ਉਹ ਕਿੱਦਾਂ ਦੱਸੇ ਕਿ ਹਾਲੇ ਮੇਰਾ ਵੱਡਾ ਪੁੱਤ ਘਰ ਨਹੀਂ ਆਇਆ। ਜਿੰਨਾ ਚਿਰ ਉਹ ਘਰ ਨਹੀਂ ਆਉਂਦਾ, ਉਨਾ ਚਿਰ ਮੈਂ ਅੰਦਰ ਕਿੱਦਾਂ ਚਲੇ ਜਾਵਾਂ?
ਸ਼ਾਇਦ ਛੋਟੀ ਨੂੰਹ ਨੇ ਅੰਦਰ ਜਾ ਕੇ ਘਰਵਾਲੇ ਨੂੰ ਦੱਸਿਆ। ਮੁੰਡੇ ਨੇ ਬਾਹਰ ਆ ਕੇ ਪੁੱਛਿਆ, "ਬੀ ਜੀ, ਆਏ ਨਹੀਂ ਹਾਲੇ ਵੀਰ ਜੀ?" ਮਾਂ ਨੇ ਜਿੱਦਾਂ ਇਸ਼ਾਰਿਆਂ 'ਚ ਹੀ ਸਮਝਾ ਦਿੱਤਾ। ਬੋਲ ਤਾਂ ਨਹੀਂ ਸਕੀ ਪਰ ਇਸ਼ਾਰਿਆਂ 'ਚ ਕਹਿਣ ਲੱਗੀ, ਜਿੱਦਾਂ ਉਹਦੇ... ਉਹਦੇ ਚਿਹਰੇ 'ਤੇ ਲਿਖਿਆ ਹੋਵੇ, "ਵੇ ਜਾਹ ਵੇਖ ਕੇ ਆ। ਇੰਨੀ ਦੇਰ ਤਾਂ ਉਹਨੇ ਕਦੀ ਨਹੀਂ ਲਾਈ।"
ਛੋਟੇ ਭਰਾ ਨੇ ਮੋਟਰਸਾਈਕਲ ਚੁੱਕੀ ਤੇ ਅੱਡੇ ਵੱਲ ਨੂੰ ਤੁਰ ਪਿਆ, ਜਿੱਥੇ ਉਹ ਬੱਸ ਲਿਆ ਕੇ ਰੋਜ਼ ਖਲ੍ਹਾਰਦੇ ਸੀ। ਥੋੜ੍ਹੀ ਦੇਰ ਬਾਅਦ ਉਹ ਵੱਡੇ ਭਰਾ ਨੂੰ ਲੈ ਕੇ ਘਰ ਵਾਪਸ ਮੁੜਿਆ। ਸ਼ਰਾਬ ਦੇ ਨਾਲ ਟੱਲੀ, ਲੀੜੇ-ਕੱਪੜੇ ਲਿਬੜੇ, ਬੁਰੇ ਹਾਲ, ਜਿੱਦਾਂ ਵੱਧ ਪੀ ਕੇ ਉੱਥੇ ਕਿਤੇ ਡਿੱਗ ਪਿਆ ਹੋਵੇ। ਹੋਸ਼ ਹੀ ਨਹੀਂ ਰਹੀ। ਭੱਜ ਕੇ ਜਾ ਕੇ ਭਰਜਾਈ ਨੇ ਬੂਹਾ ਖੋਲ੍ਹਿਆ।
ਅੱਜ ਉਹਨੂੰ ਸਮਝ ਆਇਆ ਸੀ ਕਿ ਆਪਣੇ ਕੀ ਹੁੰਦੇ ਆ। ਅੱਜ ਉਹਨੂੰ ਸਮਝ ਸ਼ਾਇਦ ਆਇਆ ਕਿ ਪਰਿਵਾਰ ਕੀ ਹੁੰਦਾ, ਭਰਾ ਭਰਾ ਦੇ ਲਈ ਕੀ ਹੁੰਦਾ। ਉਹ ਮੂੰਹੋਂ ਕੁਝ ਬੋਲ ਤਾਂ ਨਹੀਂ ਸਕੀ ਪਰ ਉਹਦੀਆਂ... ਉਹਦੀਆਂ ਨਜ਼ਰਾਂ ਦਿਓਰ ਦਾ ਧੰਨਵਾਦ ਕਰ ਰਹੀਆਂ ਸੀ।
ਅਗਲੇ ਦਿਨ... ਅਗਲੇ ਦਿਨ ਉਸ ਘਰ ਦਾ ਮਾਹੌਲ ਕੁਝ ਹੋਰ ਸੀ। ਲਾਂਘਾ ਫਿਰ ਤੋਂ ਜਿੱਦਾਂ ਜਿਊਂਦਾ ਹੋ ਗਿਆ ਹੋਵੇ। ਅੱਜ ਬੱਚੇ ਇੱਕ-ਦੂਸਰੇ ਵੱਲ ਜਾ ਕੇ ਖੇਡ ਰਹੇ ਨੇ, ਭੱਜ ਰਹੇ ਨੇ। ਸਭ ਤੋਂ ਵਧੇਰੇ ਖ਼ੁਸ਼ੀ ਤਾਂ ਉਹਨਾਂ ਬੱਚਿਆਂ ਨੂੰ ਐ। ਕਦੇ ਵੱਡੇ ਦੇ ਬੱਚੇ ਛੋਟਿਆਂ ਵੱਲ, ਕਦੇ ਛੋਟੇ ਦੇ ਬੱਚੇ ਵੱਡਿਆਂ ਵੱਲ। ਕਮਾਲ ਦੀ ਗੱਲ ਐ, ਕੰਧ ਉਸੇ ਦੀ ਉਸੇ ਤਰ੍ਹਾਂ ਖੜ੍ਹੀ ਸੀ ਪਰ... ਪਰ ਉਹਦੇ ਵਿੱਚੋਂ ਦੀ ਲੱਗ ਰੱਖਿਆ ਇਹ ਛੋਟਾ ਜਿਹਾ ਲਾਂਘਾ... ਇਹ ਲਾਂਘਾ ਸਾਬਤ ਕਰ ਗਿਆ ਰਿਸ਼ਤੇ ਨਹੀਂ ਕਦੀ ਟੁੱਟਦੇ। ਬਸ ਥੋੜ੍ਹੀ ਜਿਹੀ... ਥੋੜ੍ਹੀ ਜਿਹੀ ਥਾਂ ਦੀ ਲੋੜ ਹੁੰਦੀ ਐ। ਇਹ ਰਿਸ਼ਤੇ... ਇਹ ਰਿਸ਼ਤਿਆਂ ਦੀਆਂ ਜੜ੍ਹਾਂ ਫਿਰ ਦੁਬਾਰਾ ਤੋਂ ਪੁੰਗਰ ਪੈਂਦੀਆਂ ਨੇ।
ਇਹਨਾਂ ਵਿੱਥਾਂ ਦੇ ਥਾਣੀਂ ਫਿਰ ਦੁਬਾਰਾ ਪਿਆਰ ਪੁੰਗਰ ਪੈਂਦਾ। ਫਿਰ ਵੇਲਾਂ ਹਰੀਆਂ ਹੁੰਦੀਆਂ ਨੇ, ਕੋਠਿਆਂ 'ਤੇ ਚੜ੍ਹਦੀਆਂ, ਫਿਰ ਇਹਨਾਂ ਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਛਾਂ ਦਿੰਦੀਆਂ ਨੇ। ਵਿਹੜੇ ਦੀ ਰੌਣਕ ਬਣਦੀਆਂ ਨੇ। ਸਿਰਫ਼ ਇੱਕ ਛੋਟਾ ਜਿਹਾ ਲਾਂਘਾ। ਕਿੰਨਾ ਵੀ ਗੁੱਸਾ ਹੋਵੇ ਰਿਸ਼ਤਿਆਂ ਦੇ ਵਿੱਚ, ਆਪਣੇ ਖ਼ੂਨ ਦੇ ਰਿਸ਼ਤਿਆਂ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਰਾਹ, ਥੋੜ੍ਹਾ ਜਿਹਾ ਲਾਂਘਾ ਰੱਖ ਲੈਣਾ ਚਾਹੀਦਾ। ਅੱਜ ਸਾਨੂੰ ਲੱਗਦਾ ਨਹੀਂ, ਪਰ ਕੱਲ੍ਹ ਤੁਸੀਂ ਅਹਿਸਾਸ ਕਰੋਗੇ ਹਾਂ, ਖ਼ੂਨ ਖ਼ੂਨ ਨੂੰ ਜ਼ਰੂਰ ਖਿੱਚ ਮਾਰਦਾ। ਸਿਆਣੇ ਕਹਿੰਦੇ ਨੇ, "ਨਹੁੰਆਂ ਨਾਲੋਂ ਮਾਸ ਕਦੀ ਅਲੱਗ ਨਹੀਂ ਹੁੰਦਾ।"
ਗੁੱਸਾ ਤਾਂ ਹਮੇਸ਼ਾ ਕੰਧਾਂ ਬਣਾਉਂਦਾ, ਪਰ ਪਿਆਰ-ਮੁਹੱਬਤ ਜਿਹੜਾ ਹਮੇਸ਼ਾ ਉਸ ਪਿਆਰ ਦੇ, ਉਸ ਪਰਿਵਾਰ ਦੇ ਅੰਦਰ ਹੁੰਦਾ, ਦਿਲ ਦੇ ਵਿੱਚ ਹੁੰਦਾ। ਮੁਹੱਬਤ ਹਮੇਸ਼ਾ ਇੱਕ... ਇੱਕ ਲਾਂਘਾ ਲੱਭ ਕੇ ਲੰਘ ਆਉਂਦੀ ਐ। ਬਜ਼ੁਰਗਾਂ ਦੀਆਂ ਕਹੀਆਂ ਕਹਿੰਦੇ ਵਿਅਰਥ ਨਹੀਂ ਜਾਂਦੀਆਂ। ਉਹ ਚੁੱਪ-ਚਾਪ ਬਹੁਤ ਕੁਝ ਵੇਖ ਰਹੇ ਹੁੰਦੇ ਆ ਤੇ ਸਮੇਂ ਦਾ... ਸਮੇਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਆ। ਤੇ ਦੋਵਾਂ ਰਿਸ਼ਤਿਆਂ ਦੇ ਵਿੱਚ, ਦੋਵਾਂ ਘਰਾਂ ਦੇ ਵਿੱਚ ਇੱਕ ਪੁਲ ਬਣ ਕੇ ਬੈਠੇ ਹੁੰਦੇ ਆ। ਉਹ ਕਦੀ ਵੀ ਆਪਣੇ ਜਿਊਂਦੇ ਜੀਅ ਰਿਸ਼ਤੇ ਟੁੱਟਣ ਨਹੀਂ ਦਿੰਦੇ, ਉਹ ਤਾਂ ਟੁੱਟੇ ਰਿਸ਼ਤਿਆਂ ਨੂੰ ਵੀ ਵਾਪਸ ਜੋੜ ਲੈਂਦੇ ਆ।
ਗੱਲ ਸਿਰਫ਼ ਇੱਕ ਛੋਟੇ ਜਿਹੇ ਲਾਂਘੇ ਦੀ ਆ। ਆਪਣੇ ਰਿਸ਼ਤਿਆਂ ਦੇ ਵਿੱਚ ਇਹ... ਇਹ ਛੋਟੇ-ਛੋਟੇ ਜਿਹੇ ਲਾਂਘੇ ਜ਼ਰੂਰ ਬਣਾ ਕੇ ਰੱਖਿਓ। ਗੁੱਸੇ ਦੇ ਵਿੱਚ ਬੰਦਾ ਬੜਾ ਕੁਝ ਤਬਾਹ ਕਰ ਬਹਿੰਦਾ, ਆਪਣੇ-ਆਪ ਨੂੰ ਤਬਾਹ ਕਰ ਲੈਂਦਾ, ਰਿਸ਼ਤੇ ਖ਼ਤਮ ਕਰ ਲੈਂਦਾ। ਗੁੱਸੇ ਦੇ ਵਿੱਚ ਬੰਦਾ ਕੀ ਕੁਝ ਨਹੀਂ ਕਰ ਜਾਂਦਾ। ਗੁੱਸੇ ਦੇ ਵਿੱਚ ਬੰਦਾ ਆਪਣਾ ਨੁਕਸਾਨ ਤਾਂ ਕਰਦਾ ਕਰਦਾ, ਦੂਸਰਿਆਂ ਦਾ ਵੀ ਕਰ ਜਾਂਦਾ। ਕੋਸ਼ਿਸ਼ ਤਾਂ ਕਰਦਾ ਮੈਂ ਦੂਸਰਿਆਂ ਨੂੰ ਤੰਗ ਕਰੂੰਗਾ, ਦੂਸਰਿਆਂ ਦਾ ਨੁਕਸਾਨ ਕਰੂੰਗਾ, ਪਰ ਸੱਚਾਈ ਇਹ ਆ ਕਿ ਆਪਣਾ ਤੁਹਾਡਾ ਸਭ ਤੋਂ ਵੱਧ ਨੁਕਸਾਨ ਹੁੰਦਾ।
ਤੇ ਜਦੋਂ ਗੱਲ ਪਰਿਵਾਰਾਂ ਦੀ ਹੋਵੇ, ਉਦੋਂ ਚਾਹੇ ਕਿਸੇ ਦਾ ਵੀ ਨੁਕਸਾਨ ਹੋਵੇ, ਪਰਿਵਾਰ ਦੇ ਕਿਸੇ ਦਾ ਵੀ ਨੁਕਸਾਨ ਉਹ ਕੁੱਲ ਮਿਲਾ ਕੇ ਤੁਹਾਡਾ ਆਪਣਾ ਨੁਕਸਾਨ ਹੀ ਸਾਬਤ ਹੁੰਦਾ। ਅੰਦਰੋਂ-ਅੰਦਰੀ... ਅੰਦਰੋਂ-ਅੰਦਰੀ ਮਨ ਤਪ ਰਿਹਾ ਹੀ ਰਹਿੰਦਾ, ਦਿਲ ਤਾਂ ਰਿੱਝਦਾ ਹੀ ਰਹਿੰਦਾ। ਕੋਸ਼ਿਸ਼ ਕਰੀਏ ਰਿਸ਼ਤਿਆਂ ਦੇ ਵਿੱਚ ਇਹ ਕੜਵਾਹਟ ਪਹਿਲੀ ਗੱਲ ਤਾਂ ਆਵੇ ਹੀ ਨਾ। ਪਰ ਜਿਊਂਦੇ ਜੀਅ ਜਿੱਥੇ ਆਪਾਂ ਇਕੱਠੇ ਰਹਿਣਾ ਨਿੱਕੀਆਂ-ਮੋਟੀਆਂ ਸੌ ਚੱਲਦੀਆਂ ਰਹਿੰਦੀਆਂ, ਹੌਲੀ-ਹੌਲੀ ਵੱਧਦੀਆਂ-ਵੱਧਦੀਆਂ ਉਹ... ਉਹ ਗੁੱਸੇ ਦੇ ਵਿੱਚ ਪਹੁੰਚ ਹੀ ਜਾਂਦੀਆਂ, ਖਟਾਸ ਆ ਹੀ ਜਾਂਦੀ ਆ। ਤੇ ਫਿਰ ਆਪਾਂ ਕੋਸ਼ਿਸ਼ ਕਰੀਏ ਉਹਨਾਂ ਨੂੰ ਇੰਨਾ ਨਾ ਵੱਧਣ ਦੇਈਏ ਕਿ ਇੱਕ-ਦੂਸਰੇ ਦੇ ਨਾਲ ਦੂਰੀਆਂ ਬਣ ਜਾਣ। ਤੇ ਜੇ ਰੱਬ ਨਾ ਕਰੇ ਉੱਥੋਂ ਤੱਕ ਪਹੁੰਚ ਹੀ ਗਏ ਓ, ਤੇ ਫਿਰ ਇੱਦਾਂ ਦਾ ਇੱਕ ਲਾਂਘਾ ਜ਼ਰੂਰ ਬਣਾ ਕੇ ਰੱਖਿਓ।

Frequently Asked Questions

'ਲਾਂਘਾ' ਕਹਾਣੀ ਕਿਸ ਵਿਸ਼ੇ 'ਤੇ ਅਧਾਰਿਤ ਹੈ?
ਇਹ ਕਹਾਣੀ ਦੋ ਭਰਾਵਾਂ ਦੇ ਆਪਸੀ ਝਗੜੇ ਤੋਂ ਬਾਅਦ ਘਰ ਦੀ ਵੰਡ, ਮਾਂ ਦੀ ਅਸੀਮ ਮਮਤਾ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਦੇ ਸੁਨੇਹੇ 'ਤੇ ਅਧਾਰਿਤ ਹੈ।
ਮਾਂ ਨੇ ਕੰਧ ਦੇ ਵਿਚਕਾਰ ਲਾਂਘਾ ਰੱਖਣ ਦੀ ਮੰਗ ਕਿਉਂ ਕੀਤੀ ਸੀ?
ਮਾਂ ਜਾਣਦੀ ਸੀ ਕਿ ਗੁੱਸੇ ਵਿੱਚ ਕੰਧਾਂ ਤਾਂ ਬਣ ਜਾਂਦੀਆਂ ਹਨ, ਪਰ ਰਿਸ਼ਤੇ ਹਮੇਸ਼ਾ ਲਈ ਖ਼ਤਮ ਨਹੀਂ ਹੋਣੇ ਚਾਹੀਦੇ। ਲਾਂਘਾ ਇਸ ਲਈ ਰਖਵਾਇਆ ਗਿਆ ਤਾਂ ਜੋ ਦੋਵਾਂ ਪਰਿਵਾਰਾਂ ਵਿਚਕਾਰ ਆਪਸੀ ਨਜ਼ਰ ਅਤੇ ਭਵਿੱਖ ਵਿੱਚ ਮੁੜ ਜੁੜਨ ਦੀ ਉਮੀਦ ਬਣੀ ਰਹੇ।
ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਇਹ ਕਹਾਣੀ ਸਿਖਾਉਂਦੀ ਹੈ ਕਿ ਗੁੱਸੇ ਵਿੱਚ ਆ ਕੇ ਪਰਿਵਾਰਕ ਰਿਸ਼ਤੇ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਨੇ ਚਾਹੀਦੇ। ਔਖੇ ਸਮੇਂ ਹਮੇਸ਼ਾ ਆਪਣੇ ਹੀ ਕੰਮ ਆਉਂਦੇ ਹਨ, ਇਸ ਲਈ ਰਿਸ਼ਤਿਆਂ ਵਿੱਚ ਸੁਲ੍ਹਾ ਦੀ ਥੋੜ੍ਹੀ ਜਿਹੀ ਗੁੰਜਾਇਸ਼ (ਲਾਂਘਾ) ਹਮੇਸ਼ਾ ਬਾਕੀ ਰੱਖਣੀ ਚਾਹੀਦੀ ਹੈ।

What's Your Reaction?

like

dislike

love

funny

angry

sad

wow