ਕਬੀਰ ਜੀ - Punjabi Spiritual Story - Kitaab Kahani
ਦਾਣੇ-ਦਾਣੇ ਦੇ ਉੱਤੇ ਖਾਣ ਵਾਲੇ ਦੀ ਮੋਹਰ ਲੱਗੀ ਹੈ। A Punjabi spiritual kahani from Bhagat Kabir Ji — free on Radio Haanji Kitaab Kahani.
ਕਹਿੰਦੇ ਨੇ ਇੱਕ ਵਾਰੀ ਭਗਤ ਕਬੀਰ ਜੀ ਦੇ ਬੇਟੇ ਨੇ ਕਿਹਾ, "ਤੁਸੀਂ ਜਿਹੜੇ ਤਰੀਕੇ ਦੇ ਨਾਲ ਲੁਟਾਈ ਜਾਂਦੇ ਹੋ, ਤੁਸੀਂ ਜਿੱਦਾਂ ਹਰ ਇੱਕ ਨੂੰ ਹੀ ਕਹਿ ਦਿੰਦੇ ਹੋ—ਬਹਿ ਜਾ, ਕੁਝ ਖਾ ਕੇ ਜਾਈਂ, ਛਕ ਕੇ ਜਾਈਂ—ਤੇ ਸਾਡੇ ਕੋਲ ਤੇ ਇੰਨਾ ਪਿੱਛੇ ਬਚਿਆ ਵੀ ਨਹੀਂ। ਇੰਨੀ ਕਮਾਈ ਨਹੀਂ ਕਿ ਆਪਾਂ ਬਹੁਤੇ ਦਿਨ ਇਨ੍ਹਾਂ ਸਾਰਿਆਂ ਨੂੰ ਬਿਠਾ ਕੇ ਖਵਾ ਸਕੀਏ।"
ਅਸਲ ਦੇ ਵਿੱਚ ਹਰ ਰੋਜ਼ ਕਹਿੰਦੇ ਨੇ ਉਨ੍ਹਾਂ ਦੇ ਘਰ ਦੇ ਵਿੱਚ ਸਤਿਸੰਗ ਹੁੰਦਾ ਤੇ ਹੌਲੀ-ਹੌਲੀ ਉਹ ਗਿਣਤੀ ਵਧਦੀ ਜਾਂਦੀ। ਜਿਹਨੂੰ-ਜਿਹਨੂੰ ਵੀ ਜ਼ਰੂਰਤ ਹੁੰਦੀ, ਜਿਹੜਾ-ਜਿਹੜਾ ਵੀ ਉਹਦਾ ਰਸ ਚੱਖਦਾ, ਜਿਹੜਾ-ਜਿਹੜਾ ਵੀ ਆਨੰਦ ਮਾਣਦਾ, ਉਹ ਅੱਗੇ ਹੋਰਾਂ ਨੂੰ ਵੀ ਲੈ ਕੇ ਆਉਂਦਾ ਤੇ ਇਹ ਗਿਣਤੀ ਹੌਲੀ-ਹੌਲੀ ਵਧਦੀ ਸੈਂਕੜਿਆਂ ਦੇ ਵਿੱਚ ਚਲੀ ਗਈ। ਸਵੇਰੇ-ਸਵੇਰੇ ਦੇ ਸਮੇਂ ਭਜਨ-ਬੰਦਗੀ ਹੁੰਦੀ, ਉਹ ਆਨੰਦ ਸਾਰੇ ਮਾਣਦੇ ਤੇ ਜਦੋਂ ਆਪਣੇ ਘਰਾਂ ਨੂੰ ਜਾਣ ਲੱਗਦੇ, ਕਬੀਰ ਜੀ ਕਹਿੰਦੇ—"ਬਹਿ ਜਾਓ, ਕੁਝ ਛਕ ਕੇ ਜਾਇਓ। ਹੁਣ ਆਏ ਹੋ ਤੇ ਰੋਟੀ ਖਾ ਕੇ ਜਾਇਓ।"
ਜਦੋਂ ਤੇ ਲੋਕ ਥੋੜ੍ਹੇ ਸੀ, ਸੰਗਤ ਥੋੜ੍ਹੀ ਸੀ, ਉਦੋਂ ਤੇ ਚੱਲਦਾ ਰਿਹਾ, ਪਰ ਹੁਣ ਉਨ੍ਹਾਂ ਦਾ ਬੇਟਾ ਇਸ ਚੀਜ਼ ਦੇ ਉੱਤੇ ਇਤਰਾਜ਼ ਕਰਨ ਲੱਗ ਪਿਆ। ਤੇ ਆਖਰਕਾਰ ਇੱਕ ਦਿਨ ਉਹਨੇ ਕਬੀਰ ਜੀ ਨੂੰ ਕਹਿ ਹੀ ਦਿੱਤਾ—"ਮੈਨੂੰ ਪਤਾ ਨਹੀਂ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਨਹੀਂ ਹੈ, ਪਰ ਮੈਂ ਦੱਸ ਦਿਆਂ ਕਿ ਆਪਣੇ ਕੋਲ ਜਮਾਂ-ਪੂੰਜੀ ਕੋਈ ਬਹੁਤੀ ਨਹੀਂ ਬਚੀ। ਇੰਨੇ ਦਾਣੇ ਨਹੀਂ ਬਚੇ ਕਿ ਆਪਾਂ ਬਹੁਤਾ ਚਿਰ ਇਨ੍ਹਾਂ ਸਾਰਿਆਂ ਨੂੰ ਖਵਾ ਸਕੀਏ। ਹੋਵੇ ਨਾ ਤੇ ਤੁਸੀਂ ਸਵੇਰੇ ਸਲਾਹ ਮਾਰਨੀ ਬੰਦ ਕਰ ਦਿਓ। ਜਦੋਂ ਸਾਰੇ ਜਾਣੇ ਜਾਣ ਲੱਗਦੇ ਆ ਤੇ ਜਾਣ ਲਿਆ ਦਿਆ ਕਰੋ। ਮੈਂ ਵੇਖਦਾ ਤੁਸੀਂ ਕਈਆਂ ਨੂੰ ਪਿੱਛੋਂ ਆਵਾਜ਼ਾਂ ਮਾਰ-ਮਾਰ ਕੇ ਵੀ ਕਹਿੰਦੇ ਹੋ—ਛਕ ਕੇ ਜਾਈਂ। ਤਾਂ ਬਹੁਤਿਆਂ ਦਾ ਮਨ ਹੋਵੇ ਜਾਂ ਨਾ ਹੋਵੇ, ਉਹ ਤੁਹਾਡਾ ਕਿਹਾ ਮੋੜਦੇ ਨਹੀਂ ਆ। ਪਰ ਆਪਾਂ ਨੂੰ ਸਮੱਸਿਆ ਇਹ ਆ ਰਹੀ ਹੈ ਕਿ ਪਿੱਛੇ ਇੰਨੇ ਦਾਣੇ, ਇੰਨਾ ਰਾਸ਼ਨ ਹੈ ਨਹੀਂ ਘਰ ਦੇ ਵਿੱਚ, ਜੇ ਹੈਗਾ ਵੀ ਆ ਤੇ ਬਹੁਤੇ ਦਿਨ ਨਹੀਂ ਹੁਣ ਚੱਲਣਾ।"
ਕਹਿੰਦੇ ਨੇ ਬਹੁਤੀ ਵਾਰੀ ਤੇ ਕਬੀਰ ਜੀ ਮੁਸਕਰਾ ਹੀ ਛੱਡਦੇ। ਜਦੋਂ ਉਹ ਗੱਲ ਕਰ ਰਿਹਾ ਹੁੰਦਾ ਤਾਂ ਉਹ ਆਪਣੀ ਰਮਜ਼ ਦੇ ਵਿੱਚ ਹੁੰਦੇ, ਰੱਬ ਦੇ ਨਾਲ ਉਨ੍ਹਾਂ ਦੀ ਟਿੱਕੀ ਲੱਗੀ ਹੁੰਦੀ। ਤੇ ਹੁਣ ਬੇਟੇ ਨੂੰ ਲੱਗਦਾ ਸੀ ਕਿ ਉਹ ਤੇ ਸੁਣ ਕੇ ਵੀ ਅਣਸੁਣੀ ਕਰ ਛੱਡਦੇ ਨੇ। ਹੌਲੀ-ਹੌਲੀ ਉਹਨੇ ਆਪਣਾ ਰੁਖ ਤਿੱਖਾ ਅਖਤਿਆਰ ਕੀਤਾ। ਤੇ ਆਖਰਕਾਰ ਇੱਕ ਦਿਨ ਕਬੀਰ ਜੀ ਕਹਿਣ ਲੱਗੇ—"ਜੇ ਸਾਡੀ ਕਮਾਈ ਦੇ ਨਾਲ ਨਹੀਂ ਆਪਾਂ ਇੰਨਾ ਰਾਸ਼ਨ ਕਮਾ ਪਾ ਰਹੇ, ਤਾਂ ਇਨ੍ਹਾਂ ਰੱਬ ਦੇ ਬੰਦਿਆਂ ਲਈ ਫਿਰ ਹੋਰ ਕੀ ਕਰ ਸਕਦੇ ਹਾਂ?"
ਤੇ ਕਹਿੰਦੇ ਨੇ ਬੇਟੇ ਨੇ ਉੱਦਾਂ ਹੀ ਸਹਿਜ ਸੁਭਾਅ ਕਹਿ ਦਿੱਤਾ—"ਫਿਰ ਤੇ ਚੋਰੀ ਕਰ ਸਕਦੇ ਹਾਂ।" ਤੇ ਪਤਾ ਨਹੀਂ ਕਬੀਰ ਜੀ ਦੇ ਮਨ 'ਚ ਵੀ ਕੀ ਆਈ, ਕਹਿਣ ਲੱਗੇ—"ਚੱਲ ਫਿਰ ਚੋਰੀ ਕਰਕੇ ਵੇਖ ਲੈਂਦੇ ਹਾਂ। ਜੇ ਚੋਰੀ ਕਰਕੇ ਇਨ੍ਹਾਂ ਸਾਰਿਆਂ ਦਾ ਲੰਗਰ ਚੱਲਦਾ ਰਹੇ, ਤੇ ਮਾੜੀ ਗੱਲ ਤੇ ਨਹੀਂ ਐ।"
ਬੇਟਾ ਵੀ ਹੈਰਾਨ ਸੀ, ਇਹ ਕੀ ਕਹਿ ਦਿੱਤਾ ਉਨ੍ਹਾਂ ਨੇ? ਚੋਰੀ ਕਰਨਾ ਤਾਂ ਮਾੜੀ ਗੱਲ ਹੈ, ਚੋਰੀ ਕਰਨਾ ਪਾਪ ਹੈ। ਕਿਸੇ ਬੇਗਾਨੇ ਦੇ ਹੱਕ ਦੇ ਉੱਤੇ ਡਾਕਾ ਮਾਰਨਾ, ਇਹ ਵਾਜਬ ਨਹੀਂ, ਉਸ ਰੱਬ ਨੂੰ ਪਸੰਦ ਨਹੀਂ। ਇਹ ਮੇਰੇ ਪਿਓ ਨੇ ਕੀ ਕਹਿ ਦਿੱਤਾ? ਤੇ ਇੰਨੇ ਚਿਰ ਨੂੰ ਕਬੀਰ ਜੀ ਅੰਦਰੋਂ ਹੋ ਕੇ ਵਾਪਸ ਪਰਤੇ—"ਚੱਲ ਫਿਰ। ਕੀ ਲੱਗਦਾ ਤੈਨੂੰ ਕਿਹੜੇ ਘਰ ਦੇ ਵਿੱਚੋਂ ਰਾਸ਼ਨ ਮਿਲ ਸਕਦਾ? ਕਿੱਥੇ ਆਪਾਂ ਨੂੰ ਅੰਨ ਮਿਲੂਗਾ?" ਤੇ ਅੱਗੇ ਲੱਗ ਕੇ ਤੁਰ ਪਏ।
ਪਿੱਛੇ-ਪਿੱਛੇ ਬੇਟਾ ਮਨ ਦੇ ਵਿੱਚ ਸੋਚੀ ਜਾਂਦਾ, ਇਹ ਅੱਜ ਕੀ ਕਹਿ ਰਹੇ ਨੇ? ਤੇ ਅਗਲੀ ਪਲ ਉਹਨੂੰ ਇਹ ਲੱਗਦਾ ਕਿ ਮੇਰਾ ਪਿਓ ਗਲਤ ਨਹੀਂ ਕਰ ਸਕਦਾ। ਜੋ ਵੀ ਇਹ ਕਹਿ ਰਹੇ ਨੇ, ਠੀਕ ਹੀ ਕਹਿ ਰਹੇ ਹੋਣਗੇ। ਤੇ ਜੇ ਇਸ ਤਰੀਕੇ ਦੇ ਨਾਲ ਇਨ੍ਹਾਂ ਨੇ ਇੰਤਜ਼ਾਮ ਕਰਨਾ, ਤੇ ਠੀਕ। ਤੇ ਬਹੁਤਾ ਕੁਝ ਉਹ ਕਹਿ ਵੀ ਨਹੀਂ ਪਾਇਆ।
ਆਖਰਕਾਰ ਇੱਕ ਘਰ ਦੇ ਕੋਲ ਪਹੁੰਚੇ, ਤਾਂ ਕਹਿਣ ਲੱਗਾ—"ਇਸ ਘਰ ਦੇ ਵਿੱਚ ਅਨਾਜ ਜ਼ਰੂਰ ਸਾਨੂੰ ਮਿਲੂਗਾ।" ਤੇ ਕਹਿੰਦੇ ਨੇ ਉਨ੍ਹਾਂ ਜਦੋਂ ਉਸ ਘਰ ਦੇ ਵਿੱਚੋਂ ਅੰਨ ਚੋਰੀ ਕੀਤਾ, ਚੁੱਕ ਕੇ ਤੁਰਨ ਲੱਗੇ ਤਾਂ ਕਬੀਰ ਜੀ ਕਹਿਣ ਲੱਗੇ—"ਪੁੱਤਰ, ਕੀ ਤੂੰ ਮਾਲਕਾਂ ਨੂੰ ਦੱਸ ਦਿੱਤਾ?"
ਤਾਂ ਬੇਟਾ ਹੈਰਾਨ ਹੋ ਕੇ ਫਿਰ ਮੂੰਹ ਵੱਲ ਵੇਖਣ ਲੱਗ ਪਿਆ। ਫਿਰ ਇਹ ਚੋਰੀ ਕਾਹਦੀ ਹੋਈ, ਜੇ ਆਪਾਂ ਮਾਲਕਾਂ ਨੂੰ ਹੀ ਦੱਸਣਾ? ਤਾਂ ਫਿਰ ਕੀ ਉਹ ਸਾਨੂੰ ਇਹ ਅੰਨ ਲੈਣ ਦੇਣਗੇ? ਕਦੀ ਵੀ ਨਹੀਂ। ਤੇ ਫਿਰ ਆਪਾਂ ਸਿੱਧਾ ਉਨ੍ਹਾਂ ਨੂੰ ਜਾ ਕੇ ਪੁੱਛ ਲੈਂਦੇ। ਫਿਰ ਤੁਸੀਂ ਇਹ ਕਿਉਂ ਕਹਿ ਰਹੇ ਸੀ ਕਿ ਆਪਾਂ ਚੋਰੀ ਕਰ ਲੈਂਦੇ ਹਾਂ?
ਤੇ ਕਹਿੰਦੇ ਕਬੀਰ ਜੀ ਕਹਿਣ ਲੱਗੇ—"ਵੈਸੇ ਤਾਂ ਸਾਰਾ ਕੁਝ ਮੇਰੇ ਮਾਲਕ ਦਾ ਹੈ। ਇਹ ਸਾਰਾ ਕੁਝ ਉਸ ਰੱਬ ਦਾ ਹੈ। ਕੁਝ ਕਿਸੇ ਘਰ 'ਚ ਪਿਆ ਵਾ ਤੇ ਕੁਝ ਥੋੜ੍ਹਾ ਕਿਸੇ ਘਰ ਦੇ ਵਿੱਚ ਪਿਆ। ਕਿਤੇ ਮਾਸਾ ਵੱਧ ਪਿਆ ਤੇ ਕਿਸੇ ਮਾਸਾ ਘੱਟ ਪਿਆ। ਦੇਣ ਵਾਲਾ ਤਾਂ ਉਹੀ ਹੈ। ਇਸ ਸਾਰੀ ਦੁਨੀਆ ਦੇ ਉੱਤੇ ਮਾਲਕੀ ਤਾਂ ਉਸੇ ਦੀ ਹੈ। ਉਸ ਲਿਹਾਜ਼ ਦੇ ਨਾਲ ਵੇਖੀਏ, ਤਾਂ ਜੇ ਮੇਰੇ ਮਾਲਕ ਦਾ ਹੈ ਤਾਂ ਉਹ ਮੇਰਾ ਵੀ ਹੈ। ਪਰ ਜੇ ਮੈਂ ਤੇਰੀ ਦੁਨੀਆਦਾਰੀ ਵੇਖਾਂ, ਤਾਂ ਉਸ ਬਹੁਤੇ ਦੇ ਵਿੱਚੋਂ ਇਸ ਥੋੜ੍ਹੇ ਜਿਹੇ ਦੇ ਉੱਤੇ ਇੱਕ ਜਣਾ ਹੁਣ ਆਪਣੀ ਮਾਲਕੀ ਸਮਝਦਾ। ਤੇ ਜਦੋਂ ਕੋਈ ਸਮਝ ਹੀ ਬੈਠਾ, ਤੇ ਫਿਰ ਉਹਨੂੰ ਪਤਾ ਹੋਣਾ ਚਾਹੀਦਾ। ਫਿਰ ਉਹਨੂੰ ਪੁੱਛ ਕੇ ਉਹ ਚੀਜ਼ ਵਰਤ ਲੈਣੀ ਚਾਹੀਦੀ ਹੈ। ਸੋ ਜਾ, ਉਹਨੂੰ ਕਹਿ ਕੇ ਆ ਕਿ ਆਪਾਂ ਤੁਹਾਡੇ ਘਰ ਦੇ ਵਿੱਚੋਂ ਰਾਸ਼ਨ ਚੋਰੀ ਕਰਕੇ ਲੈ ਕੇ ਚੱਲੇ ਹਾਂ।"
"ਲੈ, ਇੱਦਾਂ ਭਲਾ ਕੋਈ ਲੈ ਕੇ ਜਾਣ ਦਊਗਾ? ਭਲਾ ਫੜ ਕੇ ਲੋਕੀ ਕੁੱਟਣ ਨਾ? ਇੱਦਾਂ ਕੌਣ ਆਪਣੇ ਘਰ ਦੇ ਵਿੱਚੋਂ ਚੋਰੀ ਕਰਨ ਦਊਗਾ? ਆਖਰਕਾਰ ਉਹਨੇ ਵੀ ਕਮਾ ਕੇ ਇਹ ਦਾਣੇ ਆਪਣੇ ਘਰ ਦੇ ਵਿੱਚ ਰੱਖੇ ਨੇ। ਤੇ ਜੋ ਉਹਨੇ ਕਮਾਇਆ, ਉਹਦੇ ਉੱਤੇ ਉਹਦਾ ਹੱਕ ਬਣਦਾ।"
ਤੇ ਕਬੀਰ ਜੀ ਕਹਿਣ ਲੱਗੇ—"ਬਿਲਕੁਲ ਪੁੱਤਰ ਜੀ, ਜਿਹੜੇ ਲੋਕ ਸਵੇਰੇ ਖਾਣ ਆਉਂਦੇ ਨੇ ਨਾ, ਉਹਦੇ ਉੱਤੇ ਉਨ੍ਹਾਂ ਦਾ ਵੀ ਹੱਕ ਬਣਦਾ। ਤੁਹਾਨੂੰ ਕੀ ਲੱਗਦਾ ਤੁਸੀਂ ਬਣਾ ਰਹੇ ਹੋ, ਖਵਾ ਰਹੇ ਹੋ? ਤੁਹਾਨੂੰ ਕੀ ਲੱਗਦਾ ਮੈਂ ਉਨ੍ਹਾਂ ਨੂੰ ਕਹਿ ਰਿਹਾ ਤੇ ਬਿਠਾ ਰਿਹਾ, ਖਵਾ ਰਿਹਾ? ਦਾਣੇ-ਦਾਣੇ ਦੇ ਉੱਤੇ ਖਾਣ ਵਾਲੇ ਦੀ ਮੋਹਰ ਲੱਗੀ ਹੈ। ਜਿੰਨਾ ਚਿਰ ਜਿਹਨੇ ਜਿੱਥੋਂ ਖਾਣਾ, ਉਹਨੇ ਹਰ ਹੀਲੇ ਉੱਥੋਂ ਖਾ ਹੀ ਲੈਣਾ। ਉਹਨੂੰ ਕੋਈ ਨਹੀਂ ਰੋਕ ਸਕਦਾ। ਤੇ ਜਿੰਨਾ ਚਿਰ ਉਹਦਾ ਹੁਕਮ ਹੈ, ਉਨਾ ਚਿਰ ਉਸ ਅੰਨ ਦਾ ਮਾਲਕ ਉਹ ਰਹੂਗਾ ਜਿਹਦੇ ਕੋਲ ਉਹ ਹੈ। ਤੇ ਜਦੋਂ ਉਹਦਾ ਹੁਕਮ ਨਾ ਹੋਇਆ, ਉਦੋਂ ਵੇਖਿਓ ਆਪਣੇ ਆਪ ਹੀ ਕੋਈ ਨਾ ਕੋਈ ਬਿਧ ਬਣਨੀ ਹੈ ਤੇ ਜਿੱਥੋਂ ਕਿਤੇ ਉਨ੍ਹਾਂ ਦਾ ਦਾਣਾ-ਪਾਣੀ ਕਰਮਾਂ ਦੇ ਵਿੱਚ ਹੋਇਆ, ਉਨ੍ਹਾਂ ਨੇ ਉੱਥੋਂ ਜਾ ਕੇ ਖਾ ਲੈਣਾ।"
"ਨਾ ਕੋਈ ਕਿਸੇ ਨੂੰ ਖਵਾਉਂਦਾ ਤੇ ਨਾ ਹੀ ਕੋਈ ਕਿਸੇ ਦਾ ਇੱਦਾਂ ਖਾ ਸਕਦਾ। ਉਹ ਤੇ ਆਪ-ਆਪ ਸਵੇਰੇ ਉਠਾਉਂਦਾ, ਤੋਰਦਾ, ਘੱਲਦਾ—ਅੱਜ ਤੇਰਾ ਦਾਣਾ-ਪਾਣੀ ਫਲਾਣੇ ਥਾਂ ਆ ਭਾਈ ਚੱਲ। ਅੱਜ ਤੂੰ ਚੋਗ ਫਲਾਣੇ ਘਰੋਂ ਚੁਗਣੀ ਐ। ਤੇ ਉਧਰਲੇ ਪਾਸੇ ਨੂੰ ਇਨਸਾਨ ਤੁਰ ਪੈਂਦਾ। ਉਹ ਵੱਖਰੀ ਗੱਲ ਹੈ ਕਿ ਇਨਸਾਨ ਨੂੰ ਇਹ ਲੱਗਦਾ ਕਿ ਮੇਰੀ ਸਿਆਣਪ ਆ ਮੈਂ ਉਧਰਲੇ ਪਾਸੇ ਨੂੰ ਗਿਆ। ਜਿੱਦਾਂ ਤੂੰ ਇਸ ਪਾਸੇ ਨੂੰ ਇਸ ਘਰ ਦੇ ਵਿੱਚ ਆ ਗਿਆ। ਤੈਨੂੰ ਲੱਗਦਾ ਇਹ ਤੇਰੀ ਸਿਆਣਪ ਆ, ਤੈਨੂੰ ਸਮਝ ਆ ਕਿ ਇਸ ਘਰ ਦੇ ਵਿੱਚ ਰਾਸ਼ਨ ਹੈਗਾ, ਇੱਥੋਂ ਸਾਨੂੰ ਜ਼ਰੂਰ ਕੁਝ ਨਾ ਕੁਝ ਮਿਲ ਜੂਗਾ।"
"ਪਰ ਕਿਰਪਾ ਤਾਂ ਮੇਰੇ ਮਾਲਕ ਦੀ ਹੈ। ਉਹਨੇ ਇਸ ਘਰ ਦੇ ਵਿੱਚ ਕੁਝ ਵਧੇਰੇ ਦਿੱਤਾ। ਤੇ ਇਹ ਜਿੰਨ ਦਾਣੇ ਜਿਹਦੇ ਕਰਮਾਂ ਦੇ ਵਿੱਚ ਹੋਏ, ਉਹਦੇ ਮੂੰਹ ਪੈਣੇ ਆ। ਸੋ ਇਨਸਾਨ ਨੂੰ ਦੁਨੀਆ ਦੇ ਉੱਤੇ ਆ ਕੇ ਇੱਕ ਸਮੇਂ ਬਾਅਦ ਇਹ ਵਹਿਮ ਹੋ ਜਾਂਦਾ—ਉਹ ਆਪਣੀ ਸਿਆਣਪ ਦੇ ਨਾਲ ਕਮਾ ਸਕਦਾ, ਉਹ ਆਪਣੀ ਸਿਆਣਪ ਦੇ ਨਾਲ ਬਚਾ ਸਕਦਾ, ਉਹ ਆਪਣੀ ਸਿਆਣਪ ਦੇ ਨਾਲ ਲੋਕਾਂ ਨੂੰ ਵਰਜ ਸਕਦਾ, ਰੋਕ ਸਕਦਾ। ਪਰ ਯਾਦ ਰਹੇ, ਜੋ ਜਿਹਦਾ, ਜਿੰਨਾ ਜਿਹਦਾ, ਉਹ ਉਹਦੇ ਤੱਕ ਪਹੁੰਚ ਹੀ ਜਾਣਾ।"
"ਨਹੀਂ ਤਾਂ ਫਿਰ ਬਹੁਤੀ ਵਾਰੀ ਆਪਾਂ ਦੁਨੀਆਦਾਰੀ ਦੇ ਵਿੱਚ ਇਹ ਵੀ ਵੇਖਦੇ ਹਾਂ ਕਿ ਜਿਨ੍ਹਾਂ ਕੋਲ ਜਿੰਨਾ ਵੱਧ ਹੁੰਦਾ, ਉਨ੍ਹਾਂ ਦੇ ਵਿੱਚ ਉਨਾ ਹੀ ਵੱਧ ਇਕੱਠਾ ਕਰਨ ਦੀ ਲਾਲਸਾ ਹੋਰ ਵੱਧ ਜਾਂਦੀ। ਤੇ ਜਿਹੜੇ ਉਸ ਰੱਬ ਦਾ ਭਾਣਾ ਮੰਨ ਕੇ ਚੱਲਦੇ ਨੇ, ਜਿਹੜੇ ਇਸ ਚੀਜ਼ 'ਤੇ ਪਹਿਰਾ ਦਿੰਦੇ ਨੇ ਕਿ ਜੋ ਵੀ ਕਰਦਾ ਉਹ ਆਪੇ ਕਰਦਾ, ਜਿੱਥੇ ਵੀ ਉਹਨੇ ਸਾਡੇ ਦਾਣੇ ਲਿਖੇ ਆ, ਜਿੰਨੇ ਵੀ ਲਿਖੇ ਆ, ਉਹਨੇ ਆਪ ਸਾਡੇ ਲਈ ਉਹ ਮੁਹੱਈਆ ਕਰਵਾ ਦੇਣੇ ਆ, ਹਰ ਹੀਲੇ ਕਰਵਾ ਦੇਣੇ ਆ। ਤੇ ਉਨ੍ਹਾਂ ਘਰਾਂ ਦੇ ਵਿੱਚ ਫਿਰ ਕਦੀ ਰਾਸ਼ਨ ਦੀ ਤੋਟ ਵੀ ਨਹੀਂ ਆਉਂਦੀ। ਕਿਉਂਕਿ ਉਹ ਉਹਦੇ ਭਾਣੇ ਦੇ ਵਿੱਚ ਰਹਿ ਰਹੇ ਹੁੰਦੇ ਆ, ਉਹ ਉਹਦੇ ਉੱਤੇ ਓਟ-ਆਸਰਾ ਛੱਡਦੇ ਨੇ, ਉਹ ਉਹਦੇ ਉੱਤੇ ਯਕੀਨ ਰੱਖਦੇ ਨੇ।"
"ਤੇ ਜਦੋਂ ਆਪਾਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਹਾਏ ਹੁਣ ਖਤਮ ਹੋਣ ਵਾਲਾ, ਹਾਏ ਹੁਣ ਘੱਟ ਰਹਿ ਗਿਆ—ਇਹਦਾ ਮਤਲਬ ਕਿ ਅਸੀਂ ਆਪਣੇ ਹੱਥ ਦੇ ਵਿੱਚ ਕਮਾਣ ਲੈ ਲਈ। ਤੇ ਜਦੋਂ ਅਸੀਂ ਆਪਣੇ ਹੱਥ ਦੇ ਵਿੱਚ ਕਮਾਣ ਲੈਂਦੇ ਹਾਂ, ਫਿਰ ਸਾਡੀ ਸਿਆਣਪ ਉਸੇ ਸਮੇਂ ਤੋਂ ਹੀ ਖਤਮ ਹੋ ਚੁੱਕੀ ਹੁੰਦੀ ਆ, ਫਿਰ ਸਾਡਾ ਵਿਸ਼ਵਾਸ ਉਸੇ ਸਮੇਂ ਤੋਂ ਹੀ ਡੋਲ ਚੁੱਕਾ ਹੁੰਦਾ। ਪਰ ਹਾਂ, ਇਹ ਸਭ ਕੁਝ ਦੇ ਦਰਮਿਆਨ ਇੱਕ ਚੀਜ਼ ਨਾ ਭੁੱਲਿਓ—ਕਿ ਇਹ ਸਭ ਕੁਝ ਇਨਸਾਨੀਅਤ ਲਈ ਹੋਣਾ ਚਾਹੀਦਾ, ਹੱਕ-ਹਲਾਲ ਦੇ ਲਈ ਹੋਣਾ ਚਾਹੀਦਾ। ਕੋਈ ਖਰਚੀ ਜਾਵੇ ਪਾਪਾਂ ਦੇ ਉੱਤੇ, ਖਰਚੀ ਜਾਵੇ ਹਰਾਮ ਦੇ ਉੱਤੇ, ਖਵਾਈ ਜਾਵੇ ਠੱਗਾਂ-ਚੋਰਾਂ ਨੂੰ, ਤੇ ਫਿਰ ਉਹ ਸੋਚੇ ਕਿ ਆਪੇ ਹੀ ਉਹ ਖਜ਼ਾਨੇ ਭਰੇ ਰੱਖੂਗਾ—ਇੰਨੀ ਕੁ ਸੋਝੀ ਉਹਨੇ ਸਾਡੇ ਵਿੱਚ ਪਾ ਕੇ ਭੇਜੀ ਹੈ। ਤੇ ਸ਼ਾਇਦ ਇਸੇ ਲਈ ਪਾ ਕੇ ਭੇਜੀ ਹੈ।"
What's Your Reaction?
