ਮੇਰਾ ਪੁੱਤ ਤਾਂ ਰੱਬ ਬਣ ਗਿਆ - ਪਰਮਿੰਦਰ ਕੌਰ - Punjabi Short Story
ਪੜ੍ਹੋ ਅਨਮੋਲ ਦੀ ਇਹ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ, ਜਿੱਥੇ ਇੱਕ ਬੱਚੇ ਦੀ ਨਿੱਕੀ ਜਿਹੀ ਕੋਸ਼ਿਸ਼ ਨੇ ਉਸਨੂੰ ਆਪਣੀ ਮਾਂ ਦੀਆਂ ਨਜ਼ਰਾਂ ਵਿੱਚ 'ਰੱਬ' ਬਣਾ ਦਿੱਤਾ। ਮਾਂ ਦੀ ਮਿਹਨਤ ਅਤੇ ਮੋਹ ਦੀ ਇੱਕ ਸੁੰਦਰ ਪੇਸ਼ਕਾਰੀ।
ਇੱਕ ਵਾਰ ਬੱਚਿਆਂ ਦੇ ਕਹਿਣ ਤੇ ਮੈਡਮ ਜੀ ਨੇ ਛੁੱਟੀਆਂ ਦਾ ਕੰਮ ਨਾ ਦਿੱਤਾ। ਬੱਚੇ ਬਹੁਤ ਖੁਸ਼ ਹੋਏ । ਮੈਡਮ ਨੇ ਕਿਹਾ,"ਪਰ ਤੁਸੀਂ ਛੁੱਟੀਆਂ ਵਿੱਚ ਆਪਣੇ ਮਾਤਾ ਪਿਤਾ ਦੀ ਕਿਸੇ ਕੰਮ ਵਿੱਚ ਮਦਦ ਕਰਨੀ ਹੈ ,ਜਿਸ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੇ ।"
ਅਨਮੋਲ ਛੁੱਟੀਆਂ ਦੇ ਪਹਿਲੇ ਦਿਨ ਹੀ ਸਵੇਰੇ 6 ਵਜੇ ਉਠਿਆ। ਉਸ ਨੇ ਸੋਚਿਆ ਕਿ ਅੱਜ ਮੈਂ ਮੰਮੀ ਨੂੰ ਕੰਮ ਕਰਦੇ ਹੋਏ ਦੇਖਾਂਗਾ ਤੇ ਜੋ ਕੰਮ ਸੌਖਾ ਲੱਗੇਗਾ ,ਉਸ ਵਿੱਚ ਹਰ ਰੋਜ਼ ਮਦਦ ਕਰਾਂਗਾ।ਮੰਮੀ ਉਸ ਦੇ ਉਠਣ ਤੋਂ ਪਹਿਲਾਂ ਹੀ ਨਹਾ ਧੋ ਕੇ ਰਸੋਈ ਵਿਚ ਡੈਡੀ ਲਈ ਨਾਸ਼ਤਾ ਤਿਆਰ ਕਰ ਰਹੇ ਸਨ ਤੇ ਨਾਲ ਹੀ ਨਾਲ ਡੈਡੀ ਦੇ ਲਈ ਦੁਪਹਿਰ ਦਾ ਟਿਫਨ ਵੀ ਬਣਾ ਰਹੇ ਸਨ।ਡੈਡੀ ਨੂੰ ਕੰਮ ਤੇ ਭੇਜ ਕੇ ਮੰਮੀ ਨੇ ਦਾਦਾ-ਦਾਦੀ ਨੂੰ ਨਾਸ਼ਤਾ ਦਿੱਤਾ ਅਤੇ ਫਿਰ ਸਾਨੂੰ ਭੈਣ-ਭਰਾਵਾਂ ਨੂੰ ਨਹਾ - ਧੁਆ ਕੇ ਨਾਸ਼ਤਾ ਖਵਾਇਆ। ਬਾਅਦ ਵਿਚ ਉਨ੍ਹਾਂ ਨੇ ਸਾਰੇ ਘਰ ਦੀ ਸਫਾਈ ਕੀਤੀ ਤੇ ਫਿਰ ਕੱਪੜੇ ਧੋ ਕੇ ਦੁਪਹਿਰ ਦੇ ਖਾਣੇ ਵੱਲ ਹੋ ਗਏ। ਉਸ ਤੋਂ ਬਾਅਦ ਕੁਝ ਦੇਰ ਬੱਚਿਆਂ ਨੂੰ ਕੋਲ ਬਿਠਾ ਕੇ ਪੜ੍ਹਾਇਆ। ਸ਼ਾਮ ਨੂੰ ਚਾਹ ਪੀ ਕੇ ਪਾਠ ਕੀਤਾ । ਧੋਤੇ ਹੋਏ ਕੱਪੜੇ ਸਾਂਭੇ। ਫਿਰ ਉਹ ਰਾਤ ਦੇ ਖਾਣੇ ਦੀ ਤਿਆਰੀ ਕਰਨ ਲੱਗੇ। ਸਾਰਿਆਂ ਨੂੰ ਰਾਤ ਦੀ ਰੋਟੀ ਖੁਆ ਕੇ ਚੌਂਕਾ- ਭਾਂਡਾ ਸਾਂਭ ਕੇ ਸੌਣ ਲੱਗੇ ਬੱਚਿਆਂ ਨੂੰ ਕਹਾਣੀਆਂ ਸੁਣਾਈਆਂ।
ਅਨਮੋਲ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਮੰਮੀ ਦਾ ਤਾਂ ਕੋਈ ਵੀ ਕੰਮ ਸੌਖਾ ਨਹੀਂ।ਹੁਣ ਮੈਂ ਉਨ੍ਹਾਂ ਦੀ ਮਦਦ ਕਿਵੇਂ ਕਰਾਂ?ਤਾਂ ਉਸਨੇ ਸੌਂਦੇ ਹੋਏ ਆਪਣੀ ਮੰਮੀ ਨੂੰ ਹੀ ਪੁੱਛਿਆ ਕਿ ਮੰਮੀ ਜੇ ਰੱਬ ਤੁਹਾਡੇ ਕੋਲ ਆਵੇ ਅਤੇ ਤੁਹਾਡੀ ਕਿਸੇ ਕੰਮ ਵਿੱਚ ਮਦਦ ਲਈ ਪੁੱਛੇ ਤਾਂ ਤੁਸੀਂ ਕੀ ਕਹੋਗੇ ? ਮਾਂ ਨੇ ਹੱਸਦੇ ਹੋਏ ਕਿਹਾ ਕਿ ਮੈਂ ਚਾਹੁੰਦੀ ਹਾਂ, ਹਰ ਰੋਜ਼ ਸਵੇਰੇ ਕੋਈ ਚਾਹ ਦਾ ਇਕ ਕੱਪ ਮੈਨੂੰ ਬਣਿਆ ਬਣਾਇਆ ਦੇ ਦੇਵੇ, ਬੱਸ!
ਅਨਮੋਲ ਹੈਰਾਨ ਸੀ ਕਿ ਮਾਂ ਨੇ ਏਨੇ ਔਖੇ ਕੰਮ ਛਡ ਰੱਬ ਤੋਂ ਮੰਗਿਆ ਕੀ - ਇੱਕ ਕੱਪ ਚਾਹ...
ਖ਼ੈਰ ਫਿਰ ਅਨਮੋਲ ਅਗਲੇ ਦਿਨ ਤੋਂ ਹੀ ਸਵੇਰੇ ਪੰਜ ਵਜੇ ਉਠਿਆ ਅਤੇ ਚਾਹ ਦਾ ਕੱਪ ਬਣਾ ਕੇ ਮਾਂ ਨੂੰ ਆਖਦਾ ਉੱਠ ਮਾਂ ਚਾਹ ਪੀ ਲੈ ।
ਮਾਂ ਉੱਠੀ,ਅੱਖਾਂ ਨਮ ਤੇ ਆਖਦੀ ,"ਓਏ !ਮੇਰਾ ਪੁੱਤ ਤਾਂ ਰੱਬ ਬਣ ਗਿਆ।"
ਪਰਮਿੰਦਰ ਕੌਰ ਮੁੱਲਾਂਪੁਰ ਦਾਖਾ
What's Your Reaction?
