ਮਤਰੇਈ ਮਾਂ - Punjabi Emotional Story - Harpreet Jawanda
ਇੱਕ ਦਰਦਨਾਕ ਅਤੇ ਪ੍ਰੇਰਣਾਦਾਇਕ ਪੰਜਾਬੀ ਕਹਾਣੀ ਜੋ ਰੰਗ-ਭੇਦ (Colorism), ਮਤਰੇਈ ਮਾਂ ਦਾ ਸਲੂਕ ਅਤੇ ਇੱਕ ਧੀ ਦੇ ਸੰਘਰਸ਼ ਨੂੰ ਬਿਆਨ ਕਰਦੀ ਹੈ। ਲੇਖਕ: ਹਰਪ੍ਰੀਤ ਸਿੰਘ ਜਵੰਦਾ।
ਮੇਰੇ ਬਾਪ ਨੂੰ ਪੱਕੇ ਰੰਗ ਕਰਕੇ ਕਈ ਗੱਲਾਂ ਸੁਣਨੀਆਂ ਪੈਂਦੀਆਂ ਤੇ ਕਈਆਂ ਦੀਆਂ ਸੁਣਨੀਆਂ ਪੈਂਦੀਆਂ। ਧੁੱਪਾਂ ਦੇ ਵਿੱਚ ਕਣਕ ਦੀ ਰਾਖੀ ਕਰਦਾ, ਕਣਕ ਗਾਉਂਦਾ, ਠੰਢੀਆਂ ਰਾਤਾਂ ਨੂੰ ਨੱਕੇ ਮੋੜਦਾ। ਮੰਡੀ ਝੋਨਾ ਲੈ ਕੇ ਜਾਂਦਾ, ਕਣਕ ਲੈ ਕੇ ਜਾਂਦਾ, ਉੱਥੇ ਰਾਖੀ ਵੀ ਆਪ ਹੀ ਉਹਨੂੰ ਕਰਨੀ ਪੈਂਦੀ। ਨਵੀਂ ਲਿਆਂਦੀ ਦੂਜੀ ਲੜ ਲਗ ਕੇ... ਪਹਿਲੀ ਸ਼ਾਇਦ ਉਹਦੇ ਕਰਮਾਂ ਦੇ ਵਿੱਚ ਨਹੀਂ ਸੀ।
ਦੱਸਦੇ ਨੇ ਕਿ ਮਾਂ ਨੂੰ ਬੁਖਾਰ ਹੀ ਇੰਨਾ ਕੁ ਚੜ੍ਹਿਆ ਸੀ, ਸਿਖਰ ਦੁਪਹਿਰੇ ਵਿਹੜੇ ਦੇ ਵਿੱਚ ਪੋਚਾ ਮਾਰਦੀ ਡਿੱਗ ਪਈ। ਉਸ ਤੋਂ ਬਾਅਦ ਫਿਰ ਇੱਕ ਡਾਕਟਰ ਤੋਂ ਦੂਸਰੇ ਡਾਕਟਰ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ। ਵੱਡਿਆਂ ਨੇ ਕਿਹਾ ਵਿਆਹ ਕਰਾ ਲਾ ਤੇ ਆਖਿਰ ਫਿਰ ਦੂਸਰਾ ਵਿਆਹ ਕਰਵਾਇਆ ਸੀ। ਵਧੀਆ-ਵਧੀਆ ਰਿਸ਼ਤੇ ਆਉਂਦੇ ਸੀ ਕਿਉਂਕਿ... ਕਿਉਂਕਿ ਉਹ ਸੀ ਬੜੀ ਸੋਹਣੀ। ਉਹ ਆਪਣੇ ਆਪ ਨੂੰ ਹਮੇਸ਼ਾ ਸੋਹਣਾ ਜਤਾਉਂਦੀ ਤੇ ਪਿਓ ਨੂੰ ਹਮੇਸ਼ਾ ਤਾਅਨੇ ਮਾਰਦੀ ਉਹਦੇ ਕਾਲਾ ਰੰਗ ਹੋਣ ਦੇ।
ਬਚਪਨ ਤੋਂ ਹੀ ਜਿੰਨੇ ਰੰਗ ਦੇ ਤਾਅਨੇ ਮਿਹਣੇ ਸੁਣੇ ਹੋਣ ਤੇ ਉਤੋਂ ਉਹਦਾ ਆਇਆ ਸਾਥੀ ਵੀ ਇੱਦਾਂ ਦੀਆਂ ਗੱਲਾਂ ਕਰੇ, ਸ਼ਾਇਦ ਹੁਣ ਵੱਡੇ ਹੋ ਕੇ ਅੰਦਾਜ਼ਾ ਲਾਇਆ ਜਾ ਸਕਦਾ। ਉਦੋਂ ਤਾਂ ਬੜੇ ਛੋਟੇ ਸੀ, ਉਦੋਂ ਤਾਂ ਬਚਪਨ ਸੀ। ਉਹ ਨਵੀਂ ਆਈ ਮਾਂ ਅਕਸਰ ਹੀ ਕਹਿੰਦੀ ਘਰਦਿਆਂ ਨੂੰ ਇਸ ਦਹਾਜੂ ਦੇ ਵਿੱਚ ਪਤਾ ਨਹੀਂ ਕੀ ਦਿਖਿਆ। ਜਦੋਂ ਵੀ ਉਹ ਵੇਖਦੀ ਐ, ਉਹਦੇ ਕਾਲਜੇ ਦੇ ਵਿੱਚ ਰੋਗ ਭਰਿਆ ਜਾਂਦਾ। ਤੇ ਵੈਸੇ ਵੀ ਦੋਵਾਂ ਦੀ ਉਮਰ ਦੇ ਵਿੱਚ ਵੱਡਾ ਫਰਕ ਸੀ। ਦੱਸਦੇ ਨੇ ਕਿ ਦਸ-ਬਾਰਾਂ ਸਾਲ ਦਾ ਫਰਕ।
ਕਈ ਵਾਰ ਆਪਣੀ ਸਕੀ ਮਾਂ ਬੜੀ ਚੇਤੇ ਆਉਂਦੀ। ਹੋ ਸਕਦਾ ਸੀ ਉਹ ਸਾਡੇ ਨਾਲ ਚੰਗਾ ਵਰਤਾਓ ਕਰਦੀ। ਉਹ ਵਧੀਆ ਤਰੀਕੇ ਦੇ ਨਾਲ ਸਾਨੂੰ ਖੁਆਉਂਦੀ-ਪਿਆਉਂਦੀ, ਦੂਸਰਿਆਂ ਵਾਂਗੂੰ ਪਾਲਦੀ ਜਿੱਦਾਂ ਦੂਸਰਿਆਂ ਦੀਆਂ ਮਾਵਾਂ ਪਿਆਰ ਕਰਦੀਆਂ ਨੇ, ਉਦੋਂ ਕਰਦੀ ਤਿਆਰ ਕਰਕੇ ਸਕੂਲ ਭੇਜਦੀ, ਨਵੇਂ ਕੱਪੜੇ ਪਾਉਣ ਨੂੰ ਦਿੰਦੀ। ਥੋੜ੍ਹਾ-ਥੋੜ੍ਹਾ ਜਿਹਾ ਯਾਦ ਐ ਉਹਦਾ ਸੁਭਾਅ ਬੜਾ ਚੰਗਾ ਸੀ, ਪਰ ਹਮੇਸ਼ਾ ਉਹ ਕੰਮ ਹੀ ਕਰਦੀ ਰਹਿੰਦੀ। ਕਦੀ ਦੁਪਹਿਰੇ ਗੋਹਾ ਫੇਰਦੀ, ਕਦੀ ਉਹ ਮਾਲ-ਡੰਗਰ ਦਾ ਖਿਆਲ ਰੱਖਦੀ, ਪਾਣੀ ਢੋਂਦੀ, ਮੱਝਾਂ ਚੋਂਦੀ। ਸਿਰ ਤੋਂ ਲੈ ਕੇ ਪੈਰਾਂ ਤੱਕ ਹਮੇਸ਼ਾ ਕੰਮ ਦੇ ਵਿੱਚ ਹੀ ਗੁੱਝੀ ਰਹਿੰਦੀ।
ਪਰ ਇੱਕ ਦਿਨ ਉਸੇ ਵਿਹੜੇ ਦੇ ਵਿੱਚ ਪੋਚਾ ਮਾਰਦਿਆਂ ਚਲੀ ਗਈ ਤੇ ਪਿੱਛੇ ਛੱਡ ਗਈ ਸਾਨੂੰ ਜਾਨੀ ਕਿ ਦੋ ਧੀਆਂ ਨੂੰ। ਮੈਂ ਮਸਾਂ ਉਦੋਂ ਚਾਰ ਕੁ ਸਾਲ ਦੀ ਸੀ। ਨਵੀਂ ਮਾਂ ਜਿਹੜੀ ਲਿਆਂਦੀ ਪਿਓ ਨੇ, ਉਹਨੇ ਸਾਨੂੰ ਵੱਖਰਾ ਪਾਉਣਾ ਸ਼ੁਰੂ ਕਰ ਦਿੱਤਾ। ਕਿੰਨਾ ਚਿਰ ਮੰਜੇ ਤੇ ਪਏ ਰੋਂਦੇ ਰਹਿਣਾ, ਰਾਤ ਨੂੰ ਨੀਂਦ ਨਾ ਆਉਣੀ, ਪਿਓ ਨੂੰ ਵਾਜਾਂ ਮਾਰਨੀਆਂ, ਮਾਂ ਨੂੰ ਲੱਭਣਾ। ਵੱਡੀ ਭੈਣ ਮੈਨੂੰ ਥੱਪੜ ਮਾਰ ਕੇ ਕਈ ਵਾਰੀ ਸੁਵਾਉਣ ਦੀ ਕੋਸ਼ਿਸ਼ ਕਰਦੀ, ਕਈ ਵਾਰੀ ਪਿਆਰ ਦੇ ਨਾਲ, ਲਾਡ ਦੇ ਨਾਲ।
ਉਸ ਉਮਰ 'ਚ ਤਾਂ ਇਹ ਵੀ ਸਮਝ ਨਹੀਂ ਆਇਆ ਕਿ ਆਪਣੇ ਕਿੱਥੇ ਚਲੇ ਜਾਂਦੇ ਨੇ, ਇੰਨੀ ਦੂਰ ਕਿਉਂ ਜਾਂਦੇ ਨੇ, ਵਾਜ ਮਾਰਿਆਂ ਕੋਈ ਵਾਪਸ ਕਿਉਂ ਨਹੀਂ ਆਉਂਦਾ। ਇਹ ਚੀਜ਼ਾਂ ਸਮਝਣ ਦੇ ਵਿੱਚ ਵੀ ਦੇਰ ਲੱਗੀ। ਅੱਧੀ ਰਾਤ ਨੂੰ ਕਈ ਵਾਰੀ ਸੁਪਨਾ ਆਉਣਾ, ਉੱਠ ਕੇ ਬਹਿ ਜਾਣਾ। ਪਤਾ ਨਹੀਂ ਉਹ ਸੁਪਨੇ ਦੇ ਵਿੱਚ ਕੌਣ ਹੁੰਦਾ ਸੀ, ਕਈ ਵਾਰ ਅਸਲੀ ਲੱਗਦਾ ਕਈ ਵਾਰ ਓਪਰਾ ਜਿਹਾ। ਕਈ ਵਾਰ ਭੈਣ ਦੇ ਰੋਕਣ ਦੇ ਉੱਤੇ ਵੀ ਭੱਜ ਕੇ ਜਾ ਕੇ ਪਿਓ ਦਾ ਬੂਹਾ ਖੜਕਾਉਣਾ।
ਪਿਓ ਨੂੰ ਤਾਂ ਹੁਕਮ ਹੀ ਨਹੀਂ ਹੁੰਦਾ ਸੀ ਬੂਹਾ ਖੋਲ੍ਹਣ ਦਾ। ਮਤਰੇਈ ਮਾਂ ਨੇ ਬੂਹਾ ਖੋਲ੍ਹਣਾ, ਖੂਬ ਝਿੜਕਾਂ ਮਾਰਨੀਆਂ, ਕਈ ਵਾਰ ਤਾਂ ਇੱਕ-ਅੱਧੀ ਚਪੇੜ ਵੀ ਕੱਢ ਮਾਰੀ— "ਤੁਹਾਨੂੰ ਅਕਲ ਨਹੀਂ? ਕੋਈ ਸੁੱਤਾ ਹੁੰਦਾ ਵਾ ਇੱਦਾਂ ਆ ਕੇ ਬਾਹਰੋਂ ਬੂਹਾ ਖੜਕਾਉਣ ਲੱਗ ਪੈਂਦੀਆਂ ਜੇ? ਤੁਹਾਡੀ ਮਾਂ ਨੇ ਤੁਹਾਨੂੰ ਕੋਈ ਅਕਲ ਨਹੀਂ ਸਿਖਾਈ?" ਅੱਖਾਂ ਮਲਦੀ ਨੇ ਰੋਂਦੀ ਨੇ ਅੰਦਰ ਚਲੇ ਜਾਣਾ। ਪਿਓ ਚਾਹ ਕੇ ਵੀ ਉਹਨੂੰ ਵਰਜ ਨਾ ਸਕਦਾ, ਬੱਸ ਵੇਂਦਾ ਰਹਿੰਦਾ ਦੂਰੋਂ। ਸ਼ਾਇਦ ਉਹ ਵੀ ਮਜਬੂਰ ਸੀ, ਕਰਦਾ ਤਾਂ ਕੀ ਕਰਦਾ, ਕਲੇਸ਼ ਤੋਂ ਡਰਦਾ ਸੀ। ਕਈ ਵਾਰ ਉਹਨੇ ਇੱਦਾਂ ਕਰਕੇ ਵੇਖ ਲਿਆ ਸੀ, ਘਰ ਦੇ ਵਿੱਚ ਇੰਨਾ ਕਲੇਸ਼ ਪੈਂਦਾ ਕਿ ਕਈ-ਕਈ ਦਿਨ ਉਹ ਕਲੇਸ਼ ਘਰ ਦਾ ਸਾਰਾ ਸੁੱਖ-ਆਰਾਮ ਲੈ ਜਾਂਦਾ।
ਬੱਸ ਫਿਰ ਜਿੰਨਾ ਕੁ ਵੀ ਪਿਆਰ ਮਿਲਿਆ ਪਿਓ ਵੱਲੋਂ ਉਹ ਲੁਕ-ਛਿਪ ਕੇ ਹੀ ਮਿਲਿਆ, ਜਦੋਂ ਮਾਂ ਨਾ ਵੇਖ ਰਹੀ ਹੋਵੇ ਜਾਂ ਉਹ ਕਦੀ ਕਿਤੇ ਗਈ ਹੋਵੇ ਜਾਂ ਸੁੱਤੀ ਹੋਵੇ। ਅਸੀਂ ਦੋਵੇਂ ਸਰਕਾਰੀ ਸਕੂਲ ਜਾਂਦੀਆਂ ਤੇ ਉਹਦੇ ਮੁੰਡੇ ਨੂੰ, ਸਾਡੇ ਭਰਾ ਨੂੰ ਬੱਸ ਲੈਣ ਲਈ ਆਉਂਦੀ। ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦਾ। ਸਾਨੂੰ ਰੋਟੀ ਜੂਠੇ ਭਾਂਡਿਆਂ ਦੇ ਵਿੱਚ ਮਿਲਦੀ, ਕੱਪੜੇ-ਲੱਥੇ ਮਿਲਦੇ—ਉਹ ਆਪਣੇ ਕਈ ਵਾਰੀ ਛੋਟੇ ਕਰਕੇ ਦੇ ਦਿੰਦੀ, ਸੁੱਟਣ ਦੀ ਬਜਾਏ ਨਿੱਕੇ ਕਰਕੇ ਤੇ ਜਾਂ ਫਿਰ ਬਹੁਤੀ ਵਾਰੀ ਨਿੱਕੇ ਬਿਨਾਂ ਕੀਤੇ ਜਾਂਦੇ। ਉਦਾਂ ਹੀ ਕਮਲੀਆਂ-ਰਮਲੀਆਂ ਬਣ ਕੇ ਤੁਰੀਆਂ ਫਿਰਦੀਆਂ।
ਫਿਰ ਇੱਕ ਦਿਨ ਬੜੀ ਭੈੜੀ ਖਬਰ ਆਈ। ਰੱਬ ਨੂੰ ਪਤਾ ਨਹੀਂ ਕੀ ਮੰਜ਼ੂਰ ਸੀ, ਮਾਂ ਤੋਂ ਬਾਅਦ ਪਿਓ ਵੀ ਖੋਹ ਲਿਆ। ਕਹਿੰਦੇ ਨੇ ਸ਼ਹਿਰੋਂ ਆਉਂਦਾ ਸੀ ਐਕਸੀਡੈਂਟ ਹੋ ਗਿਆ। ਚੰਗਾ ਭਲਾ ਗਿਆ ਸੀ, ਮੰਜੇ ਤੇ ਪੈ ਕੇ ਘਰੇ ਆਇਆ। ਭੈਣ ਦੱਸਦੀ ਐ ਕਿ ਮੈਂ ਉਦੋਂ ਬੜਾ ਖਹਿੜੇ ਪੈ ਗਈ ਸੀ, ਮੈਂ ਖਹਿੜੇ ਪਈ ਸੀ ਕਿ ਮੰਜੇ ਤੇ ਪਏ ਨੂੰ ਮੈਨੂੰ ਵੀ ਨਾਲ ਪਾ ਦਿਓ। ਮੈਂ ਵੱਖ ਨਹੀਂ ਹੋਣਾ ਆਪਣੇ ਪਿਓ ਦੇ ਨਾਲੋਂ। ਦੱਸਦੇ ਨੇ ਕਿ ਮੈਨੂੰ ਤੋੜ ਕੇ ਵੱਖ ਕੀਤਾ ਹੈ। ਸਸਕਾਰ ਕਰਨ ਚੱਲੇ ਤਾਂ ਅੱਗੇ ਲੇਟ ਗਈ। ਮੈਨੂੰ ਲੱਗਦਾ ਸੀ ਕਿ ਪਿਓ ਤੋਂ ਇਲਾਵਾ ਹੁਣ ਹੈ ਹੀ ਕੌਣ, ਜੇ ਉਹ ਚੱਲਿਆ ਤੇ ਨਾਲ ਹੀ ਚਲੇ ਜਾਈਏ।
ਇਹ ਮਤਰੇਈ ਨੇ ਪਿੱਛੋਂ ਜੋ ਕਰਨਾ ਉਹ ਤਾਂ ਸਾਨੂੰ ਪਤਾ ਸੀ। ਹੋਇਆ ਵੀ ਉਹੀ, ਹਾਲੇ ਫੁੱਲ ਚੁਗੇ ਨਹੀਂ ਸੀ ਗਏ, ਹਾਲੇ ਭੋਗ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਲੋਕਾਂ ਦੇ ਵਿੱਚ ਗੱਲਾਂ ਸ਼ੁਰੂ ਹੋ ਗਈਆਂ। ਕਿੱਦਾਂ ਸਾਡੀ ਨਵੀਂ ਮਾਂ ਨੇ ਸਾਰੇ ਗਹਿਣੇ-ਗੱਟੇ ਇੱਕ ਪਾਸੇ ਕਰਕੇ ਰੱਖ ਲਏ ਸੀ ਤੇ ਜ਼ਮੀਨ ਦਾ ਹੌਲੀ-ਹੌਲੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਜਿਹੜੇ ਕੋਈ ਰਿਸ਼ਤੇਦਾਰ ਆਏ ਉਹਨਾਂ ਨਾਲ ਹਿਰਖ ਕਰਨਾ ਤਾਂ ਕੀ ਸੀ, ਜ਼ਮੀਨ ਦੀਆਂ ਗੱਲਾਂ ਆਪਣੇ ਪੁੱਤ ਦੀਆਂ ਗੱਲਾਂ ਕਰਨੀਆਂ ਸ਼ੁਰੂ ਹੋ ਗਈਆਂ। "ਮੇਰੇ ਲਈ ਹੁਣ ਕੌਣ ਬਚਿਆ, ਇਸ ਘਰ ਦੇ ਵਿੱਚੋਂ ਜੋ ਵੀ ਮੇਰਾ ਉਹ ਮੇਰੇ ਨਾਂ ਕਰੋ।" ਖੈਰ ਬਹੁਤ ਕੁਝ ਹੋਇਆ, ਬਹੁਤਾ ਕੁਝ ਤਾਂ ਨਿਆਣੀਆਂ ਹੋਣ ਦੇ ਕਰਕੇ ਪਤਾ ਵੀ ਨਾ ਹੋਊਗਾ।
ਸਾਡੀਆਂ ਦੋਵਾਂ ਭੈਣਾਂ ਦੇ ਅੱਗੇ ਇੱਕ ਧੁੰਦਲਾ ਜਿਹਾ ਭਵਿੱਖ ਖੜ੍ਹਾ ਸੀ। ਪਤਾ ਨਹੀਂ ਕਿੱਥੇ ਜਾਣਾ ਸੀ, ਕੀ ਹੋਣਾ ਸੀ। ਮੈਨੂੰ ਨਾਨਕੇ ਛੱਡ ਆਏ ਤੇ ਵੱਡੀ ਚਾਚੇ ਹੋਰਾਂ ਨੇ ਰੱਖ ਲਈ। ਨਾਨਕੇ ਮੇਰਾ ਜੀਅ ਨਹੀਂ ਸੀ ਲੱਗਦਾ। ਹੁਣ ਮੇਰੇ ਕੋਲ ਭੈਣ ਨਹੀਂ ਸੀ ਜਿਹੜੀ ਮੈਨੂੰ ਸਮਝਾ ਕੇ, ਥਾਪੜ ਕੇ ਸੁਆ ਦੇਵੇ। ਕਦੀ-ਕਦੀ ਆਉਂਦੀ ਸੀ ਉਹ ਨਾਨਕੇ, ਫਿਰ ਮੈਨੂੰ ਉਹਦਾ ਚੇਤਾ ਆਉਣਾ ਇੱਕ ਸਮੇਂ ਜਾ ਕੇ ਬੰਦ ਹੋ ਗਿਆ। ਥੋੜ੍ਹੀ ਵੱਡੀ ਹੋਈ ਤਾਂ ਮਾਮਾ ਮੈਨੂੰ ਕੈਨੇਡਾ ਲੈ ਆਇਆ। ਬਚਪਨ ਜਵਾਨੀ 'ਚ ਕਦੋਂ ਬਦਲ ਗਿਆ ਪਤਾ ਹੀ ਨਹੀਂ ਲੱਗਿਆ। ਬਚਪਨ-ਜਵਾਨੀ ਦਾ ਇਹ ਚੜ੍ਹਾਅ, ਇਹ ਜਵਾਰਭਾਟਿਆਂ ਥਾਣੀ ਲੰਘਿਆ। ਸਾਰੇ ਦਾ ਸਾਰਾ ਜੀਵਨ ਪਤਾ ਨਹੀਂ ਕਿੱਦਾਂ ਬੀਤਿਆ, ਵਿੱਚੋਂ ਤਾਂ ਜ਼ਿੰਦਗੀ ਦੀ ਕਿਤਾਬ 'ਚੋਂ ਕਈ ਪੰਨੇ ਡਿਲੀਟ ਨੇ।
ਮੰਮੀ ਦੀਆਂ ਝਿੜਕਾਂ ਸ਼ਾਇਦ ਬਹੁਤੀਆਂ ਜਾਪੀਆਂ ਹੀ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਇਸ ਤੋਂ ਵੀ ਬੜਾ ਕੁਝ ਹੋ ਚੁੱਕਾ ਸੀ। ਇੰਨਾ ਕੁ ਢੀਠ ਹੋ ਚੁੱਕਾ ਸੀ ਸਰੀਰ, ਹੁਣ ਇਹ ਝਿੜਕਾਂ ਤਾਂ ਲੱਗਦੀਆਂ ਹੀ ਨਹੀਂ ਸੀ ਗਿਝੜਕਾਂ ਸਨ। ਕਾਫੀ ਛੋਟੀ ਉਮਰ ਦੇ ਵਿੱਚ ਸਮਝ ਆ ਗਈ ਸੀ ਜ਼ਿੰਦਗੀ ਹੁੰਦੀ ਕੀ ਹੈ। ਹੁਣ ਮੇਰੇ ਕੋਲ ਦੋ ਹੀ ਰਾਹ ਸੀ— ਇੱਕ ਕਿ ਮੈਂ ਆਪਣੇ ਨਾਲ ਹੋਇਆ ਕਿਸੇ ਹੋਰ ਦੇ ਨਾਲ ਕਰਾਂ, ਬਦਲਾ ਲਵਾਂ, ਦੱਸਾਂ ਕਿ ਕੀ ਹੁੰਦਾ ਕਿਸੇ ਦਾ ਦਿਲ ਦੁਖਾਉਣਾ, ਮੈਂ ਵੀ ਅੱਗੇ ਕਿਸੇ ਦਾ ਦਿਲ ਦੁਖਾਵਾਂ। ਤੇ ਦੂਸਰਾ, ਕਿਸੇ ਆਪਣੇ ਵਰਗੇ ਹਾਲਾਤਾਂ ਦੇ ਮਾਰੇ ਦਾ ਮੈਂ ਹਾਣ ਬਣ ਕੇ ਉਹਦੀ ਮਦਦ ਕਰਾਂ।
ਮੇਰੇ ਲਈ ਚਮੜੀ ਦਾ ਰੰਗ, ਪੈਸਾ, ਜ਼ਮੀਨ, ਜਾਇਦਾਦ, ਦੌਲਤ, ਸ਼ੋਹਰਤ, ਵਿਖਾਵਾ, ਬਣਾਉਟੀਪਣ—ਕੋਈ ਚੀਜ਼ ਵੀ ਇੰਨੀ ਜ਼ਿਆਦਾ ਮੇਰੇ ਲਈ ਮਾਇਨੇ ਰੱਖਦੀ ਹੀ ਨਹੀਂ ਐ। ਆਪਣੇ ਜਿਹਨ ਤੇ ਵਜੂਦ ਨੂੰ ਲੋੜ ਜੋਗੇ ਪੈਸੇ ਕਮਾਉਣ ਦੇ ਕਾਬਲ ਬਣਾ ਲਿਆ। ਇਸ ਵਿਸ਼ੇ ਉੱਤੇ ਮੈਂ ਬਹੁਤ ਸੋਚਿਆ-ਸਮਝਿਆ ਤੇ ਇਸ ਤੋਂ ਮਗਰੋਂ ਇੱਕ... ਇੱਕ ਦਹਾਜੂ ਦੇ ਨਾਲ ਲਾਵਾਂ ਲੈ ਲਈਆਂ। ਇੱਕ ਦਹਾਜੂ ਜਿਹਦਾ ਪਹਿਲਾਂ ਹੀ ਇੱਕ ਬੱਚਾ ਸੀ ਤੇ ਉਹਦੇ ਨਾਲ ਮੈਂ ਵਿਆਹ ਕਰਵਾ ਲਿਆ। ਰੰਗ ਭਾਵੇਂ ਉਹਦਾ ਪੱਕਾ ਪਰ ਸੁਭਾਅ ਦਾ ਬੜਾ ਚੰਗਾ। ਪਿਆਰ ਇੰਨਾ ਕੁ ਕਰਦਾ ਕਿ ਜਿੱਦਾਂ ਤਪਤੇ ਰੇਗਿਸਤਾਨ ਦੇ ਵਿੱਚ ਠੰਢੀ ਹਵਾ ਦਾ ਬੁੱਲਾ।
ਜ਼ਿੰਦਗੀ ਦਾ ਕਾਫ਼ਲਾ ਅਜੇ ਰਵਾਂ-ਰਵੀਂ ਤੁਰੀ ਜਾਂਦਾ ਸੀ ਕਿ ਦੋਵਾਂ ਨੇ ਇੱਕ ਦੂਸਰੇ ਦੇ ਭੇਦ ਜੋ ਕੋਲ ਹੋ ਕੇ ਪਾ ਲਏ। ਹੁਣ ਇੱਕ ਦੂਸਰੇ ਦਾ ਦੁੱਖ-ਦਰਦ ਹੀ ਖੂਬ ਸਮਝਦੇ ਸੀ। ਹੁਣ ਤੱਕ ਹੰਢਾਈ ਉਸ ਸਾਰੀ ਜ਼ਿੰਦਗੀ ਦੇ ਵਿੱਚੋਂ ਇਹ ਤੱਤ ਕੱਢਿਆ ਕਿ ਦਹਾਜੂ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਮਾੜਾ ਹੁੰਦਾ ਕਿਸੇ ਹਾਲਾਤਾਂ ਦੇ ਮਾਰੇ ਨੂੰ ਤੋਹਮਤਾਂ ਲਾਉਣੀਆਂ। ਉਸ ਦੇ ਉੱਤੇ ਮਿਹਣਿਆਂ ਦੀ ਪੰਡ ਧਰ ਦੇਣੀ, ਜਿਊਂਦੇ ਜੀਅ ਉਸਦੀ ਜ਼ਿੰਦਗੀ ਨਰਕ ਬਣਾ ਦੇਣੀ। ਜਿਹੜੀ ਚੀਜ਼ ਨੂੰ ਲੈ ਕੇ ਉਹ ਖੁਦ ਊਣਾ ਮਹਿਸੂਸ ਕਰਦਾ, ਵਾਰ-ਵਾਰ ਉਹ ਗੱਲ ਕਰਕੇ ਫਿਰ ਉਹਨੂੰ ਹੋਰ ਊਣਾ ਮਹਿਸੂਸ ਕਰਵਾਉਣਾ ਤੇ ਜਿਊਂਦੇ ਜੀਅ ਉਹਨੂੰ ਇੱਕ ਜਿਊਂਦੀ ਲਾਸ਼ ਬਣਾ ਦੇਣਾ।
ਜੇਕਰ ਕੋਈ ਪਿਆਰ ਦੇ, ਹਮਦਰਦੀ ਦੇ ਕੁਝ ਚਾਰ ਬੋਲ ਬੋਲੇ, ਕੋਈ ਆਪਣਾਪਣ ਜਤਾਵੇ ਤਾਂ ਬੜੀਆਂ ਊਣਤਾਈਆਂ ਲੁਕ ਜਾਂਦੀਆਂ ਨੇ। ਉਲਟਾ ਸਗੋਂ ਉਹ ਕਿਸੇ ਇਨਸਾਨ ਦੀ ਸਟਰੈਂਥ (strength) ਬਣ ਜਾਂਦੀਆਂ ਨੇ, ਪਾਵਰ ਬਣ ਜਾਂਦੀਆਂ ਨੇ। ਇਹ ਤਾਂ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਵੇਖਿਆ।
ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਜੀ ਨੇ, ਸਾਡੇ ਤੱਕ ਪਹੁੰਚਾਈ ਸੀ ਰਣਜੀਤ ਕੌਰ ਜੀ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਵੇਗੀ। ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਸ਼ਾਇਦ ਆਸ-ਪਾਸ ਕੋਈ ਨਾ ਕੋਈ, ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਪੱਖੋਂ ਊਣਾ ਮਹਿਸੂਸ ਕਰਦਾ ਹੋਵੇਗਾ। ਜਾਂ ਫਿਰ ਉਹਦੇ ਘਰਦਿਆਂ ਨੇ, ਜਾਂ ਫਿਰ ਤੁਸੀਂ, ਜਾਂ ਕਿਸੇ ਨਾ ਕਿਸੇ ਨੇ ਉਸ ਚੀਜ਼ ਨੂੰ ਊਣਾ ਮਹਿਸੂਸ ਕਰਵਾਇਆ ਹੋਵੇਗਾ ਜਾਂ ਫਿਰ ਕਰਵਾ ਰਿਹਾ ਹੋਵੇਗਾ। ਕਿਸੇ ਨੂੰ ਕੱਦ ਪੱਖੋਂ, ਕਿਸੇ ਨੂੰ ਰੰਗ ਪੱਖੋਂ, ਕਿਸੇ ਨੂੰ ਉਹਦੀ ਪੜ੍ਹਾਈ-ਲਿਖਾਈ ਦੇ ਪੱਖੋਂ। ਪਰ ਸ਼ਾਇਦ ਆਪਾਂ ਇਹ ਚੀਜ਼ ਕਦੀ ਮਹਿਸੂਸ ਨਾ ਕੀਤੀ ਹੋਵੇ ਕਿ ਉਹ... ਉਹ ਚੀਜ਼ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਕਿੱਥੋਂ-ਕਿੱਥੇ ਖਿੱਚ ਕੇ ਲੈ ਜੂ। ਉਹਦਾ ਮਨੋਬਲ ਤੋੜ ਦਿੰਦੀ ਹੋਊਗੀ। ਉਹਦਾ ਆਸਰਾ ਬਣਨ ਦੀ ਬਜਾਏ ਤੁਸੀਂ ਆਪਣੇ ਹੋ ਕੇ ਉਹਨੂੰ ਹੋਰ ਨੀਵਾਂ ਤੱਕ ਦਿੰਦੇ ਹੋਵੋਗੇ।
What's Your Reaction?
