ਕੱਚ ਦਾ ਚੂੜਾ - Punjabi Kavita Kach Da Chooda - Ahmad Rahi
Ahmad Rahi (ਜਨਮ: 12 ਨਵੰਬਰ 1923, ਅੰਮ੍ਰਿਤਸਰ – ਮੌਤ: 2 ਸਤੰਬਰ 2002, ਲਾਹੌਰ) ਇੱਕ ਪ੍ਰਸਿੱਧ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸਨ। ਉਨ੍ਹਾਂ ਦਾ ਅਸਲੀ ਨਾਂ ਘੁਲਾਮ ਅਹਿਮਦ ਸੀ। ਰਾਹੀ ਨੇ ਆਪਣੀ ਕਾਵਿ ਰਚਨਾ ਰਾਹੀਂ ਵਿਭਾਜਨ ਦੀ ਤਕਲੀਫ਼ ਅਤੇ ਪੰਜਾਬੀ ਲੋਕ-ਸੰਸਕ੍ਰਿਤੀ ਨੂੰ ਉਜਾਗਰ ਕੀਤਾ। ਉਨ੍ਹਾਂ ਦੀ ਪ੍ਰਸਿੱਧ ਪੁਸਤਕ "ਤਰਿੰਜਨ" (1952) ਵਿਭਾਜਨ ਦੀ ਹਿੰਸਾ ਅਤੇ ਦੁੱਖਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਲਗਭਗ 2,000 ਉਰਦੂ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ "ਹੀਰ ਰਾਂਝਾ" (1970) ਦੇ ਗੀਤ ਖਾਸ ਤੌਰ 'ਤੇ ਪ੍ਰਸਿੱਧ ਹਨ। ਉਨ੍ਹਾਂ ਨੂੰ 1997 ਵਿੱਚ "ਪ੍ਰਾਈਡ ਆਫ਼ ਪਰਫਾਰਮੈਂਸ" ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਕੱਚ ਦਿਆ ਚੂੜਿਆ ਵੇ
ਜਿਸ ਦੀ ਨਿਸ਼ਾਨੀ ਏਂ ਤੂੰ ਉਹ ਸਾਡੇ ਕੋਲ ਨਾ
ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ
ਕੱਚ ਦਿਆ ਚੂੜਿਆ ਵੇ ।
ਕੱਚਾ ਸਾਨੂੰ ਦੇ ਗਿਆ ਨਿਸ਼ਾਨੀਆਂ ਕੱਚ ਦੀਆਂ
ਖੁਲ੍ਹ ਗਈਆਂ ਸੱਭੇ ਗੱਲਾਂ ਹੁਣ ਝੂਠ ਸੱਚ ਦੀਆਂ
ਪਿਆਰਾਂ ਦੀਆਂ ਭੁਬਲਾਂ 'ਚੋਂ ਯਾਦਾਂ ਨੂੰ ਫਰੋਲ ਨਾ
ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ
ਕੱਚ ਦਿਆ ਚੂੜਿਆ ਵੇ ।
ਸਭ ਕੁਝ ਹਾਰ ਦਿੱਤਾ ਇਕ ਦਿਲ ਹਾਰ ਕੇ
ਹਾਵਾਂ ਦਿਲੋਂ ਉਠਦੀਆਂ ਹੱਲੇ ਮਾਰ ਮਾਰ ਕੇ
ਮਾਹੀਏ, ਟੱਪੇ, ਢੋਲਿਆਂ ਦੇ ਚੰਗੇ ਲਗਣ ਬੋਲ ਨਾ
ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ
ਕੱਚ ਦਿਆ ਚੂੜਿਆ ਵੇ ।
ਫੁੱਲਾਂ ਦੇ ਭੁਲੇਖੇ ਜਿੰਦ ਕੰਡਿਆਂ 'ਚ ਰੋਲ ਲਈ
ਧੋਖੇ ਵਿਚ ਆ ਕੇ ਬੋਲ ਪਿਆਰ ਵਾਲੇ ਬੋਲ ਪਈ
ਆਸਾਂ ਦੀਆਂ ਲਹਿਰਾਂ ਉਤੇ ਪਿਆ ਐਵੇਂ ਡੋਲ ਨਾ
ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ
ਕੱਚ ਦਿਆ ਚੂੜਿਆ ਵੇ ।
ਘਰ ਘਰ ਪੈਂਦੀਆਂ ਨੇ ਸਾਡੀਆਂ ਕਹਾਣੀਆਂ
ਕਿਸੇ ਦਾ ਕੀ ਦੋਸ਼ ਆਪੇ ਕੀਤੀਆਂ ਨਦਾਨੀਆਂ
ਅੱਖਾਂ ਚੁੱਪ ਰਹਿੰਦੀਆਂ ਤੇ ਵੱਜਦੇ ਇਹ ਢੋਲ ਨਾ
ਛੇੜ ਛੇੜ ਪਿਛਲੀਆਂ ਗੱਲਾਂ ਜਿੰਦ ਮੇਰੀ ਰੋਲ ਨਾ
ਕੱਚ ਦਿਆ ਚੂੜਿਆ ਵੇ ।
What's Your Reaction?






