ਲੂਈ ਪਾਸਚਰ - Punjabi Motivational Story

ਸਵਾਲ "ਕਿਉਂ" ਨੇ ਬਦਲੀ ਦੁਨੀਆ। A Punjabi motivational story of Louis Pasteur's resilience — listen free on Radio Haanji Kitaab Kahani.

Apr 20, 2026 - 13:57
 0  0

Share -

ਲੂਈ ਪਾਸਚਰ - Punjabi Motivational Story
Louis Pasteur Motivational Story

ਕਹਾਣੀ ਸ਼ੁਰੂ ਹੁੰਦੀ ਆ 1822 ਦੇ ਵਿੱਚ, ਜਦੋਂ ਫਰਾਂਸ ਦੇ ਵਿੱਚ ਇੱਕ ਗਰੀਬ ਘਰ ਦੇ ਵਿੱਚ ਇੱਕ ਮੁੰਡਾ ਜੰਮਿਆ। ਘਰ ਦੇ ਵਿੱਚ ਗਰੀਬੀ ਸੀ, ਪਿਓ ਚਮੜਾ ਰੰਗਣ ਦਾ ਕੰਮ ਕਰਦਾ ਸੀ। ਸੋ ਇਸ ਵਜ੍ਹਾ ਕਰਕੇ ਪੜ੍ਹਾਈ-ਲਿਖਾਈ ਵੀ ਕੋਈ ਬਹੁਤ ਵਧੀਆ ਨਹੀਂ ਹੋ ਸਕੀ ਤੇ ਵੈਸੇ ਵੀ ਕਹਿੰਦੇ ਨੇ ਕਿ ਪੜ੍ਹਾਈ-ਲਿਖਾਈ ਦੇ ਵਿੱਚ ਮੁੰਡਾ ਬਹੁਤਾ ਤੇਜ਼ ਵੀ ਨਹੀਂ ਸੀ। ਹਾਂ, ਉਹਨੂੰ ਪੇਂਟਿੰਗ ਦਾ ਸ਼ੌਕ ਸੀ, ਚਿੱਤਰਕਾਰੀ ਦਾ ਬੜਾ ਸ਼ੌਕੀਨ ਸੀ।
ਉਹਦੇ ਅੰਦਰ ਇੱਕ ਖਾਸ ਗੱਲ ਸੀ ਬਚਪਨ ਤੋਂ ਹੀ। ਇਸੇ ਵਜ੍ਹਾ ਦੇ ਕਰਕੇ ਕਈ ਉਹਦਾ ਮਜ਼ਾਕ ਵੀ ਉਡਾਉਂਦੇ, ਕਈ ਲੋਕ ਉਹਦੀ ਸਰਾਹਨਾ ਵੀ ਕਰਦੇ। ਖਾਸ ਗੱਲ ਕੀ ਸੀ ਕਿ ਉਹ ਸਵਾਲ ਬਹੁਤ ਪੁੱਛਦਾ ਸੀ। ਜਦੋਂ ਵੀ ਕੋਈ ਵੱਡਾ-ਛੋਟਾ ਕਿਸੇ ਵੀ ਗੱਲ ਨੂੰ ਉਹਦੇ ਸਾਹਮਣੇ ਪ੍ਰਗਟ ਕਰਦਾ ਤਾਂ ਉਹ ਕੁਦਰਤੀ ਤੌਰ ਦੇ ਉੱਤੇ ਉਹਦਾ ਪਿਛੇਕ ਕਾਰਨ ਜਾਨਣ ਦੀ ਕੋਸ਼ਿਸ਼ ਕਰਦਾ। ਕੋਈ ਵੀ ਗੱਲ ਕਰਦਾ ਤਾਂ ਉਹ "ਕਿਉਂ" ਸ਼ਬਦ ਜ਼ਰੂਰ ਵਿੱਚ ਲੈ ਆਉਂਦਾ। ਬਹੁਤ ਸਾਰੇ ਲੋਕ ਜੇਕਰ ਉਸ "ਕਿਉਂ" ਦਾ ਜਵਾਬ ਦੇ ਸਕਦੇ ਤਾਂ ਉਹਨੂੰ ਦਿੰਦੇ, ਜੇ ਉਹ ਸੈਟਿਸਫਾਈ ਹੁੰਦਾ ਤਾਂ ਖੁਸ਼ ਹੁੰਦਾ ਪਰ ਜੇ ਉਹਦੀ ਸੈਟਿਸਫੈਕਸ਼ਨ ਨਾ ਹੁੰਦੀ ਤਾਂ ਫਿਰ ਉਹ ਅੱਗੇ ਫਰਦਰ ਹੋਰ ਸਵਾਲ ਪੁੱਛਦਾ। ਇਸੇ ਵਜ੍ਹਾ ਦੇ ਕਰਕੇ ਕਈ ਵਾਰੀ ਬਚਪਨ ਦੇ ਵਿੱਚ ਉਹਨੂੰ ਝਿੜਕਾਂ ਵੀ ਪੈਂਦੀਆਂ ਤੇ ਕਈ ਜਿਹੜੇ ਗੁਣੀ ਲੋਕ ਨੇ, ਉਹ ਇਸ ਦੇ ਗੁਣ ਦੀ ਪ੍ਰਸੰਸਾ ਵੀ ਕਰਦੇ। ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਵਿਅਕਤੀ ਇਸੇ ਆਪਣੇ ਕਾਰਨ ਦੇ ਕਰਕੇ, ਇਸੇ ਸੁਭਾਅ ਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦਾ ਮਹਾਨ ਵਿਗਿਆਨੀ ਬਣ ਜਾਊਗਾ।
ਕਹਿੰਦੇ ਨੇ ਫਰਾਂਸ ਦੇ ਵਿੱਚ ਉਸ ਸਮੇਂ ਸਰਕਾਰ ਨੂੰ ਵੱਡਾ ਘਾਟਾ ਪੈਂਦਾ ਹੈ, ਇਸ ਵਜ੍ਹਾ ਕਰਕੇ ਕਿਉਂਕਿ ਜਿਹੜੀ ਉਹ ਸ਼ਰਾਬ ਬਣਾਉਂਦੇ ਸੀ, ਵਾਈਨ ਖਾਸ ਤੌਰ ਦੇ ਉੱਤੇ, ਉਹ ਖਰਾਬ ਹੋ ਜਾਂਦੀ ਸੀ। ਨਾ ਕਿਸੇ ਸਿਰਫ ਸਰਕਾਰ ਨੂੰ, ਆਮ ਕਿਸਾਨਾਂ ਨੂੰ ਜਾਂ ਫਿਰ ਘਰਾਂ ਦੇ ਵਿੱਚ ਜਿਹੜੇ ਵਾਈਨ ਬਣਾਉਂਦੇ ਸੀ (ਆਮ ਪ੍ਰਚੱਲਨ ਸੀ, ਲੋਕ ਠੰਡ ਤੋਂ ਬਚਣ ਦੇ ਲਈ ਵੀ ਵਾਈਨ ਬਣਾਉਂਦੇ), ਉਹ ਬਹੁਤਾ ਸਮਾਂ ਕੱਢ ਨਾ ਪਾਉਂਦੀ। ਇਸ ਵਜ੍ਹਾ ਦੇ ਕਰਕੇ ਲੋਕਾਂ ਦਾ ਬਹੁਤ ਨੁਕਸਾਨ ਹੋਣ ਲੱਗ ਪਿਆ। 1960 ਦੇ ਦਹਾਕੇ ਦੇ ਵਿੱਚ ਇਹ ਨੁਕਸਾਨ ਆਪਣੇ ਪੀਕ ਦੇ ਉੱਤੇ ਪਹੁੰਚ ਗਿਆ। ਵਾਈਨ ਤੇ ਬੀਅਰ ਬਿਨਾਂ ਕਾਰਨ ਖਰਾਬ ਹੋਣ ਲੱਗ ਪਈ। ਉਸ ਸਮੇਂ ਲੋਕ ਮੰਨਦੇ ਸੀ ਕਿ ਇਹ ਆਪਣੇ ਆਪ ਹੀ ਖਰਾਬ ਹੋ ਜਾਂਦੀ ਆ, ਇਹਦੀ ਕੋਈ ਵਜ੍ਹਾ ਨਹੀਂ, ਇਹਦੀ ਮਿਆਦ ਹੀ ਇੰਨੀ ਕੁ ਐ। ਵੱਡੇ-ਵੱਡੇ ਜਿਹੜੇ ਉਸ ਸਮੇਂ ਦੇ ਵਿਗਿਆਨੀ ਵੀ ਸੀ, ਇਸ ਖੇਤਰ ਦੇ ਵਿੱਚ ਕੰਮ ਵੀ ਕਰ ਰਹੇ ਸੀ, ਉਹਨਾਂ ਨੇ ਵੀ ਇਹਦੇ ਉੱਤੇ "ਕਿਉਂ" ਸਵਾਲ ਨਹੀਂ ਲਾਇਆ।
ਇੱਕੋ ਵਿਅਕਤੀ ਸੀ ਜਿਹੜਾ ਇਹਦੇ ਪਿੱਛੇ ਵੀ "ਕਿਉਂ" ਲਾ ਕੇ ਬੈਠਾ ਸੀ, ਕਿਉਂਕਿ ਉਹਨੂੰ ਬਚਪਨ ਤੋਂ ਆਦਤ ਸੀ ਸਵਾਲ ਪੁੱਛਣ ਦੀ। ਸੋ ਉਹਨੇ ਇਹਦੇ ਪਿੱਛੇ ਵੀ "ਕਿਉਂ" ਲਾ ਦਿੱਤਾ। ਕਿਉਂ ਖਰਾਬ ਹੁੰਦੀ ਆ ਵਾਈਨ? ਕਿਉਂ ਖਰਾਬ ਹੁੰਦੀ ਆ ਬੀਅਰ? ਦੁੱਧ ਕਿਉਂ ਖਰਾਬ ਹੁੰਦਾ? ਸੋ ਉਹਦੇ ਇਸੇ ਸਵਾਲ ਨੇ ਹੌਲੀ-ਹੌਲੀ ਉਹਨੂੰ ਇਹਦੇ ਹੱਲ ਵੱਲ ਤੋਰ ਦਿੱਤਾ। ਵੱਡੇ-ਵੱਡੇ ਵਿਗਿਆਨੀਆਂ ਕੋਲੋਂ ਜਿਹੜਾ ਹੱਲ ਨਾ ਹੋ ਸਕਿਆ, ਉਹ ਇਸੇ ਵਜ੍ਹਾ ਦੇ ਕਰਕੇ ਇਸ ਬੱਚੇ ਨੇ ਕਰ ਦਿੱਤਾ ਜਿਹੜਾ ਹੁਣ ਜਵਾਨ ਹੋ ਚੁੱਕਾ ਸੀ। ਸੋ ਇਸ ਸਮੇਂ ਲੂਈ ਪਾਸਚਰ ਤੇ ਦੋ ਵਿਅਕਤੀ ਉਹਦੇ ਨਾਲ ਸੀ, ਕਲਾਡ ਬਰਨਾਰਡ। ਇਹਨਾਂ ਨੇ ਮਿਲ ਕੇ 20 ਅਪ੍ਰੈਲ 1862 ਨੂੰ ਇੱਕ ਇਤਿਹਾਸਿਕ ਟੈਸਟ ਕੀਤਾ। ਅਸਲੀ ਜਾਦੂ ਇਹਨਾਂ ਨੇ ਉਸ ਵੇਲੇ ਕੀਤਾ ਜਦੋਂ ਵਾਈਨ ਨੂੰ ਉਬਾਲਿਆ ਨਹੀਂ, ਉਹਨਾਂ ਨੇ 55-60 ਡਿਗਰੀ ਤੱਕ ਵਾਈਨ ਨੂੰ ਗਰਮ ਕੀਤਾ ਤੇ ਉਸ ਤੋਂ ਬਾਅਦ ਫਿਰ ਨਤੀਜੇ ਹੈਰਾਨ ਕਰਨ ਵਾਲੇ ਸੀ, ਉਹਨੂੰ "ਕਿਉਂ" ਦਾ ਜਵਾਬ ਲੱਭ ਚੁੱਕਿਆ ਸੀ।
ਜਿਹੜੀ ਇਹ 55-60 ਡਿਗਰੀ ਤੱਕ ਗਰਮ ਕੀਤੀ ਵਾਈਨ, ਉਹ ਖਰਾਬ ਨਹੀਂ ਹੋਈ। ਉਹ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਤਾਜ਼ੀ ਸੀ, ਪਰ ਜਿਹੜੀ ਵੈਸੇ ਛੱਡੀ ਸੀ ਜਾਂ ਫਿਰ ਬੁਆਇਲ ਕੀਤੀ ਸੀ, ਉਹਨਾਂ ਦੇ ਵਿੱਚ ਫਰਕ ਪੈ ਗਿਆ। ਜਿਹੜੀ ਵੈਸੇ ਛੱਡੀ ਸੀ ਉਹ ਖਰਾਬ ਹੋ ਗਈ, ਖੱਟੀ ਹੋ ਗਈ ਤੇ ਜਿਹੜੀ ਉਹਨਾਂ ਨੇ ਬੁਆਇਲ ਕੀਤੀ ਸੀ 100 ਡਿਗਰੀ ਤੋਂ ਉੱਤੇ ਲੈ ਕੇ, ਉਹਦੇ ਸਵਾਦ ਦਾ ਫਰਕ ਪੈ ਗਿਆ। ਸੋ ਹੁਣ ਇੱਕ ਵੱਡੀ ਖੋਜ ਹੋ ਚੁੱਕੀ ਸੀ ਦੁਨੀਆ ਦੇ ਲਈ, ਇੱਕ ਵੱਡਾ ਫਾਰਮੂਲਾ ਜਿਹੜਾ ਆਪਾਂ ਅੱਜ ਵੀ ਵਰਤਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਦੇ ਲਈ। ਜਿਹਦੇ ਵਿੱਚੋਂ ਚਾਹੇ ਵਾਈਨ ਸਾਡੇ ਘਰ ਦੇ ਵਿੱਚ ਨਾ ਆਉਂਦੀ ਹੋਵੇ, ਪਰ ਦੁੱਧ ਜ਼ਰੂਰ ਸਾਡੇ ਘਰ ਦੇ ਵਿੱਚ ਆਉਂਦਾ। ਦੁੱਧ ਜਦੋਂ ਵੀ ਆਪਾਂ ਆਪਣੇ ਫਰਿੱਜ ਵਿੱਚੋਂ ਕੱਢ ਕੇ ਖੋਲ੍ਹਦੇ ਹਾਂ ਤਾਂ ਉਸ ਪੈਕਟ ਦੇ ਉੱਤੇ ਜ਼ਰੂਰ ਧਿਆਨ ਨਾਲ ਪੜ੍ਹਿਆ ਕਰੋ, ਉਹਦੇ ਉੱਤੇ ਲਿਖਿਆ ਹੋਊਗਾ ਇਹ ਦੁੱਧ ਪਾਸਚਰਾਈਜ਼ਡ(Pasteurized) ਹੈ। ਪਾਸਚਰਾਈਜ਼ਡ ਮਿਲਕ ਆਪਾਂ ਵਰਤਦੇ ਹਾਂ, ਉਹ ਇਸੇ ਤਕਨੀਕ ਦੇ ਕਰਕੇ ਬਚਿਆ ਰਹਿੰਦਾ। ਜੇਕਰ ਆਪਾਂ ਪੁਰਾਣੇ ਸਮੇਂ ਦੇ ਵਿੱਚ ਹੁੰਦੇ ਜਾਂ ਫਿਰ ਇਹ ਖੋਜ ਨਾ ਕੀਤੀ ਗਈ ਹੁੰਦੀ ਤਾਂ ਅੱਜ ਵੀ ਦੁੱਧ ਉਹ ਬਹੁਤ ਛੇਤੀ ਖੱਟਾ ਹੋ ਜਾਂਦਾ। ਸੋ ਇਸ ਬੱਚੇ ਦੀ ਜ਼ਿੱਦ ਨੇ, ਇਸ ਬੱਚੇ ਦੇ "ਕਿਉਂ" ਸਵਾਲ ਪੁੱਛਣ ਦੇ ਸੁਭਾਅ ਨੇ ਦੁਨੀਆ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲੈ ਆਂਦੀ।
ਇੱਕ ਸਮਾਂ ਸੀ ਜਦੋਂ ਬਹੁਤ ਸਾਰੇ ਵਿਗਿਆਨੀ ਇਹ ਮੰਨ ਕੇ ਬੈਠੇ ਸੀ ਕਿ ਖਰਾਬ ਹੁੰਦਾ ਵਾ, ਇਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ। ਪਰ ਲੂਈ ਉਹ ਇਹ ਚੀਜ਼ ਨਹੀਂ ਸੀ ਮੰਨਦਾ। ਉਹਦਾ ਮੰਨਣਾ ਸੀ ਕਿ ਹਵਾ ਦੇ ਵਿੱਚ ਕੀਟਾਣੂ ਨੇ, ਇਹ ਕੀਟਾਣੂ ਇਹਨਾਂ ਸ਼ੈਵਾਂ ਨੂੰ ਖਰਾਬ ਕਰਦੇ ਨੇ। ਇਸੇ ਚੀਜ਼ ਦੇ ਉੱਤੇ ਕਈ ਤਰ੍ਹਾਂ ਦੀਆਂ ਘਟਨਾਵਾਂ ਇਸ ਬੰਦੇ ਦੀ ਜ਼ਿੰਦਗੀ ਨਾਲ ਆ ਕੇ ਜੁੜਦੀਆਂ। ਕਹਿੰਦੇ ਵੱਡੇ-ਵੱਡੇ ਡਾਕਟਰ ਜਿਹੜੇ ਸੀ ਉਸ ਸਮੇਂ ਮਜ਼ਾਕ ਉਡਾਉਂਦੇ ਸੀ ਇਹਦਾ, ਪਰ ਉਹ ਬੜੀ ਦਲੇਰੀ ਦੇ ਨਾਲ ਜਵਾਬ ਦਿੰਦਾ। ਉਹਦਾ ਕਹਿਣਾ ਸੀ, "ਤੁਸੀਂ ਜੋ ਮਰਜ਼ੀ ਕਹੀ ਜਾਓ, ਜਿੰਨਾ ਮਰਜ਼ੀ ਮਜ਼ਾਕ ਉਡਾਈ ਜਾਓ, ਜਿੰਨੀ ਮਰਜ਼ੀ ਮੇਰੀ ਲੋਕਾਂ ਸਾਹਮਣੇ ਨਿੰਦਾ ਕਰੀ ਜਾਓ, ਪਰ ਤੁਹਾਡੀ ਇਹ ਨਿੰਦਾ ਮੈਨੂੰ ਰੋਕ ਨਹੀਂ ਸਕਦੀ। ਕਿਉਂਕਿ ਮੈਨੂੰ ਯਕੀਨ ਹੈ ਜੋ ਮੈਂ ਕਹਿ ਰਿਹਾ ਉਹ ਠੀਕ ਹੈ ਤੇ ਮੈਂ ਇੱਕ ਦਿਨ ਸਬੂਤਾਂ ਸਮੇਤ ਇਹਨੂੰ ਸਾਬਤ ਵੀ ਕਰੂੰਗਾ।"
ਲੂਈ ਦੇ ਕਦਮ ਇੱਥੇ ਵੀ ਨਹੀਂ ਰੁਕੇ, ਕਿਉਂਕਿ ਇੱਕ ਹੋਰ ਵਿਸ਼ਾ ਸੀ ਜਿਹਦੇ ਉੱਤੇ ਇਹਦਾ ਮਜ਼ਾਕ ਉਡਾਇਆ ਜਾਂਦਾ। ਆਖਿਰਕਾਰ ਉਹਨੇ ਉਹ ਵੀ ਸਾਬਤ ਕਰ ਦਿੱਤਾ ਕਿ ਉਹਦੇ ਵਿੱਚ ਵੀ ਉਹ ਸੱਚਾ ਸੀ। ਉਹਦਾ ਕਹਿਣਾ ਸੀ ਕਿ ਹਲਕਾਅ (Rabies) ਦਾ ਇਲਾਜ ਕੀਤਾ ਜਾ ਸਕਦਾ ਹੈ। ਰੇਬੀਜ਼ ਦੇ ਨਾਲ ਉਸ ਸਮੇਂ ਹਜ਼ਾਰਾਂ ਲੋਕ ਮਰ ਰਹੇ ਸੀ। ਹਲਕਾਇਆ ਕੁੱਤਾ ਜਦੋਂ ਲੋਕਾਂ ਨੂੰ ਵੱਢਦਾ ਤਾਂ ਲੋਕਾਂ ਦੇ ਆਪਣੇ ਉਹਨਾਂ ਦੇ ਸਾਹਮਣੇ ਤੜਫ-ਤੜਫ ਕੇ ਜਾਨ ਦੇ ਦਿੰਦੇ। ਬਹੁਤ ਸਾਰਿਆਂ ਦੇ ਵਿੱਚੋਂ ਸਿਰਫ ਲੂਈ ਪਾਸਚਰ ਸੀ ਜਿਹਦਾ ਇਹ ਕਹਿਣਾ ਸੀ ਕਿ ਇਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਆਖਿਰਕਾਰ 1885 ਦੇ ਵਿੱਚ ਪਾਸਚਰ ਨੇ ਉਸ ਸਮੇਂ ਇਹ ਵੀ ਕਾਰਨਾਮਾ ਕਰ ਦਿਖਾਇਆ ਜਦੋਂ ਇੱਕ 9 ਸਾਲਾਂ ਦਾ ਬੱਚਾ ਉਹਦੇ ਕੋਲ ਆਇਆ। ਮਾਂ-ਪਿਓ ਨੇ ਉਹਦੇ ਅੱਗੇ ਮਿੰਨਤਾਂ ਕੀਤੀਆਂ ਕਿ ਇੱਕ ਪਾਗਲ ਕੁੱਤੇ ਨੇ, ਇੱਕ ਹਲਕਾਏ ਕੁੱਤੇ ਨੇ ਸਾਡੇ ਬੱਚੇ ਨੂੰ ਵੱਢ ਲਿਆ। ਬਹੁਤ ਸਾਰੇ ਲੋਕਾਂ ਨੇ, ਪਰਿਵਾਰ ਨੇ ਪਾਸਚਰ ਨੂੰ ਰੋਕਿਆ, "ਤੂੰ ਇਹ ਰਿਸਕ ਨਾ ਲੈ। ਤੈਨੂੰ ਆਪਣੇ ਬਣਾਏ ਟੀਕੇ ਦੇ ਉੱਤੇ ਜ਼ਰੂਰ ਵਿਸ਼ਵਾਸ ਹੈ, ਪਰ ਜੇਕਰ ਇਸ ਬੱਚੇ ਦੀ ਮੌਤ ਹੋ ਗਈ ਤਾਂ ਤੈਨੂੰ ਇਸ ਮੌਤ ਦਾ ਕਾਰਨ ਮੰਨਿਆ ਜਾਊਗਾ। ਹੋ ਸਕਦਾ ਤੈਨੂੰ ਫਾਂਸੀ ਦੀ ਸਜ਼ਾ ਹੋ ਜਾਵੇ।"
ਕਹਿੰਦੇ ਕੁਝ ਚਿਰ ਦੇ ਲਈ ਤਾਂ ਪਾਸਚਰ ਵੀ ਸੋਚ-ਵਿਚਾਰ ਦੇ ਵਿੱਚ ਪੈ ਗਿਆ, ਪਰ ਬਾਅਦ ਵਿੱਚ ਉਹਨੇ ਆਪਣੀ ਇਸ ਕੀਤੀ ਕਾਢ ਦੇ ਉੱਤੇ ਵਿਸ਼ਵਾਸ ਜਤਾਇਆ, ਮਾਂ-ਪਿਓ ਦੇ ਨਾਲ ਖੁੱਲ੍ਹ ਕੇ ਗੱਲ ਕੀਤੀ ਤੇ ਜੋਸਫ ਮੀਸਟਰ ਨਾਂ ਦੇ ਇਸ ਨੌਜਵਾਨ ਬੱਚੇ ਨੂੰ ਆਖਿਰਕਾਰ ਉਹ ਟੀਕਾ ਲਾ ਦਿੱਤਾ ਜਿਹੜਾ ਕਿ ਕਾਮਯਾਬ ਰਿਹਾ। ਤੇ ਉਸੇ ਉਹਦੀ ਦਲੇਰੀ ਦੇ ਕਰਕੇ ਅੱਜ ਇਤਿਹਾਸ ਦੇ ਵਿੱਚ ਉਹਦਾ ਨਾਂ ਦਰਜ ਹੈ। ਜੇਕਰ ਉਹ ਮੈਡੀਸਨ ਦੀ ਦੁਨੀਆ ਦੇ ਵਿੱਚ ਇਹ ਹਿੰਮਤ ਨਾ ਵਿਖਾਉਂਦਾ ਤਾਂ ਅੱਜ ਸ਼ਾਇਦ ਇਹ ਖੋਜ ਤਾਂ ਹੋ ਚੁੱਕੀ ਹੁੰਦੀ ਪਰ ਹੋ ਸਕਦਾ ਇਹ ਕਿਸੇ ਹੋਰ ਦੇ ਨਾਂ ਤੇ ਦਰਜ ਹੁੰਦੀ।
ਸੋ ਇਹ ਪਾਸਚਰ ਦੀ ਹਿੰਮਤ ਸੀ ਕਿ ਉਹਨੇ ਇਸ ਤਰੀਕੇ ਦੇ ਨਾਲ ਰੇਬੀਜ਼ ਦਾ ਵੀ ਇਲਾਜ ਲੱਭ ਲਿਆ। ਵੱਡੀ ਗੱਲ ਇਹ ਕਿ ਪਾਸਚਰ ਦੇ ਜੀਵਨ ਤੋਂ ਆਪਾਂ ਇਹ ਵੀ ਸਿੱਖ ਸਕਦੇ ਹਾਂ ਕਿ ਕਦੀ ਬਿਮਾਰੀ ਵੀ ਤੁਹਾਨੂੰ ਨਹੀਂ ਰੋਕ ਸਕਦੀ। ਕਹਿੰਦੇ ਨੇ ਉਹਨੇ ਇੰਨਾ ਕੁ ਜ਼ਿਆਦਾ ਸਮਾਂ ਆਪਣੇ ਇਨ੍ਹਾਂ ਪ੍ਰਯੋਗਾਂ ਦੇ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ, ਉਹਨੂੰ ਇੰਨਾ ਕੁ ਜ਼ਿਆਦਾ ਸਵਾਦ ਆਉਣ ਲੱਗ ਪਿਆ ਲੋਕਾਂ ਦੀ ਮਦਦ ਕਰਕੇ, ਇਨਸਾਨੀਅਤ ਦੀ ਮਦਦ ਕਰਕੇ ਕਿ ਆਖਿਰਕਾਰ ਉਹਨੂੰ 45 ਸਾਲਾਂ ਦੀ ਉਮਰ ਦੇ ਵਿੱਚ ਅਧਰੰਗ (Paralysis) ਦਾ ਅਟੈਕ ਹੋ ਗਿਆ। ਉਹਦਾ ਇੱਕ ਪਾਸਾ ਪੂਰੀ ਤਰ੍ਹਾਂ ਦੇ ਨਾਲ ਖੜ੍ਹ ਗਿਆ ਸੀ, ਸਰੀਰ ਅੱਧਾ ਚੱਲਣੋਂ ਹੱਟ ਗਿਆ। ਪਰ ਫਿਰ ਵੀ ਉਹਦਾ ਜਜ਼ਬਾ ਨਹੀਂ ਟੁੱਟਿਆ। ਬਹੁਤ ਸਾਰੀਆਂ ਕਾਢਾਂ ਉਹਨੇ ਅਧਰੰਗ ਹੋਣ ਤੋਂ ਬਾਅਦ ਕੱਢੀਆਂ ਨੇ। ਕਹਿੰਦੇ ਨੇ ਜਦੋਂ ਲੰਗੜਾ ਕੇ ਟੇਢਾ-ਟੇਢਾ ਉਹ ਚੱਲਦਾ ਤਾਂ ਲੋਕ ਉਹਦੇ ਉੱਤੇ ਹੱਸਦੇ, "ਆਖਿਰਕਾਰ ਹੁਣ ਇਹਨੇ ਕਿਹੜਾ ਹੱਲ ਕੱਢ ਲੈਣਾ।" ਪਰ ਫਿਰ ਵੀ ਉਹ ਲੈਬ ਦੇ ਵਿੱਚ ਕੰਮ ਕਰਦਾ ਰਿਹਾ। ਉਸ ਦੇ ਬਾਵਜੂਦ ਹੀ ਉਹਨੇ ਕਈ ਮਹੱਤਵਪੂਰਨ ਖੋਜਾਂ ਕੀਤੀਆਂ।
ਸੋ ਅੱਜ ਦੇ ਦਿਨ ਤੁਹਾਡੇ ਨਾਲ ਇਸ ਵਿਅਕਤੀ ਦੀ ਕਹਾਣੀ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਅੱਜ 20 ਅਪ੍ਰੈਲ ਹੈ ਤੇ 20 ਅਪ੍ਰੈਲ ਨੂੰ ਇਸ ਵਿਅਕਤੀ ਨੇ ਇਹ ਖੋਜ ਕੀਤੀ ਸੀ ਕਿ ਆਪਾਂ ਦੁੱਧ ਨੂੰ, ਵਾਈਨ ਨੂੰ, ਬੀਅਰ ਨੂੰ ਜੇ ਆਪਾਂ 60 ਕੁ ਡਿਗਰੀ ਦੇ ਆਸ-ਪਾਸ ਗਰਮ ਕਰਦੇ ਹਾਂ, ਬੁਆਇਲ ਤੱਕ ਨਹੀਂ ਲੈ ਕੇ ਜਾਂਦੇ, ਤਾਂ ਉਹਨੂੰ ਖਰਾਬ ਹੋਣ ਤੋਂ ਆਪਾਂ ਰੋਕ ਸਕਦੇ ਹਾਂ। ਵਜ੍ਹਾ ਇਹ ਸੀ ਕਿ ਜਦੋਂ ਉਹਨੂੰ 100 ਡਿਗਰੀ ਦੇ ਉੱਤੇ ਉਬਾਲੇ ਦੇ ਉੱਤੇ ਲੈ ਜਾਂਦੇ ਤਾਂ ਬਹੁਤ ਸਾਰੇ ਜਿਹੜੇ ਬੈਕਟੀਰੀਆ ਜਿਹੜੇ ਸਰੀਰ ਦੇ ਲਈ ਠੀਕ ਸਨ, ਉਹ ਵੀ ਕੀਟਾਣੂ ਮਰ ਜਾਂਦੇ, ਸਵਾਦ ਦਾ ਵੀ ਫਰਕ ਪੈ ਜਾਂਦੇ। ਪਰ ਜਦੋਂ ਉਹ 60 ਕੁ ਡਿਗਰੀ ਤੱਕ ਲੈ ਕੇ ਗਿਆ ਤਾਂ 55-60 ਡਿਗਰੀ ਦੇ ਦਰਮਿਆਨ ਉਹ ਵਾਲੇ ਬੈਕਟੀਰੀਆ ਜਿਹੜੇ ਖਰਾਬ ਕਰਦੇ ਸੀ, ਖੱਟਾਪਨ ਲਿਆਉਂਦੇ ਸੀ, ਉਹ ਤਾਂ ਮਰ ਗਏ ਪਰ ਦੁੱਧ ਦਾ ਸਵਾਦ ਬਰਕਰਾਰ ਰਿਹਾ, ਦੁੱਧ ਦੀ, ਵਾਈਨ ਦੀ ਤਾਜ਼ਗੀ ਬਰਕਰਾਰ ਰਹੀ।
ਸੋ ਉਹ ਵਿਅਕਤੀ ਜਿਹਨੇ ਇਸ ਵਿਸ਼ੇ ਦੇ ਉੱਤੇ ਕੋਈ ਬਹੁਤੀ ਪੜ੍ਹਾਈ ਵੀ ਨਹੀਂ ਸੀ ਕੀਤੀ, ਉਹ ਵਿਅਕਤੀ ਇਸ ਖੋਜ ਦੇ ਪਿੱਛੇ, ਇਸ ਵੱਡੀ ਕਾਮਯਾਬੀ ਦੇ ਪਿੱਛੇ ਆਪਣਾ ਨਾਂ ਦਰਜ ਕਰਾਉਣ ਦੇ ਵਿੱਚ ਕਾਮਯਾਬ ਹੋਇਆ, ਸਿਰਫ ਇਸ ਕਰਕੇ ਕਿਉਂਕਿ ਉਹਨੂੰ ਵਿਸ਼ਵਾਸ ਸੀ ਕਿ ਕਿਸਮਤ ਸਿਰਫ ਉਹਨਾਂ ਦਾ ਸਾਥ ਦਿੰਦੀ ਹੈ ਜਿਹਦੇ ਕੋਲ ਦਿਮਾਗ ਹੋਵੇ, ਜਿਹੜਾ ਦਿਮਾਗੀ ਤੌਰ ਦੇ ਉੱਤੇ ਤਿਆਰ ਹੋਵੇ। ਤੇ ਵੱਡੀ ਗੱਲ ਕਿ ਪਾਸਚਰ ਨੇ ਕਦੇ ਪੈਸੇ ਦਾ ਲਾਲਚ ਨਹੀਂ ਕੀਤਾ। ਕਹਿੰਦੇ ਨੇ ਜਦੋਂ ਲੋਕ ਲਾਲਚੀ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਦੀਆਂ ਖੋਜਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਨੇ। ਪਾਸਚਰ ਨੇ ਕਦੇ ਆਪਣੀਆਂ ਖੋਜਾਂ ਦੇ ਲਈ ਪੈਸੇ ਕਮਾਉਣ ਦਾ ਕੋਈ ਵਿਚਾਰ ਨਹੀਂ ਬਣਾਇਆ, ਕਦੇ ਇਸ ਚੀਜ਼ ਨੂੰ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਬਣਾਇਆ। ਉਹਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਕੀਤੀ। ਉਹਦਾ ਮੰਨਣਾ ਸੀ ਕਿ ਇਨਸਾਨ ਦੀ ਸੇਵਾ ਹੀ ਸਭ ਤੋਂ ਉੱਤਮ ਧਰਮ ਹੈ।
ਇਸ ਕਰਕੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਖੂਬ ਪਿਆਰ ਖੱਟਿਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹਨੇ ਦਲੇਰੀ ਵਿਖਾਈ ਲੋਕਾਂ ਦੀ ਪਰਵਾਹ ਕੀਤੇ ਬਿਨਾਂ, ਉਹਨੇ ਆਪਣੇ ਆਪ ਦੇ ਉੱਤੇ ਵਿਸ਼ਵਾਸ ਰੱਖਿਆ। ਭਾਵੇਂ ਦੁਨੀਆ ਜਿੰਨਾ ਮਰਜ਼ੀ ਤੁਹਾਡਾ ਵਿਰੋਧ ਕਰੀ ਜਾਵੇ, ਜੇਕਰ ਤੁਹਾਨੂੰ ਆਪਣੇ ਆਪ ਦੇ ਉੱਤੇ ਯਕੀਨ ਹੈ, ਜੇਕਰ ਤੁਹਾਡਾ ਮਕਸਦ ਸੱਚਾ ਹੈ, ਤਾਂ ਫਿਰ ਸਫਲਤਾ ਜ਼ਰੂਰ ਤੁਹਾਡੇ ਪੈਰ ਚੁੰਮਦੀ ਹੈ। ਅੱਜ ਤੋਂ ਬਾਅਦ ਜਾਂ ਫਿਰ ਐਟਲੀਸਟ ਅੱਜ ਦੇ ਦਿਨ ਜਦੋਂ ਦੁੱਧ ਦਾ ਗਲਾਸ, ਦੁੱਧ ਦੀ ਕੈਨੀ ਫੜੋਗੇ ਤਾਂ ਉਹਦੇ ਉੱਤੇ ਜਦੋਂ ਲਿਖਿਆ ਹੋਊਗਾ "ਪਾਸਚਰਾਈਜ਼ਡ ਮਿਲਕ", ਤਾਂ ਫਿਰ ਇਸ ਵਿਅਕਤੀ ਨੂੰ ਜ਼ਰੂਰ ਯਾਦ ਕਰਿਓ। ਹੋ ਸਕਦਾ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਇਹ ਨਾਂ ਇੱਕ ਹੌਸਲਾ ਦੇ ਜਾਵੇ। ਜਾਂ ਫਿਰ ਰੋਜ਼ਾਨਾ ਜਦੋਂ ਆਪਾਂ ਦੁੱਧ ਪੀਵਾਂਗੇ ਤਾਂ ਸਾਨੂੰ ਇਸ ਵਿਅਕਤੀ ਦੀ ਸ਼ਾਇਦ ਕਹਾਣੀ ਯਾਦ ਆਵੇ। ਉਹ ਵਿਅਕਤੀ ਜਿਹੜਾ ਡਾਕਟਰ ਨਾ ਹੁੰਦੇ ਹੋਏ ਵੀ ਮਾਡਰਨ ਮੈਡੀਕਲ ਸਾਇੰਸ ਦਾ ਪਿਤਾਮਾ ਮੰਨਿਆ ਜਾਂਦਾ ਹੈ।
ਉਹ ਵਿਅਕਤੀ ਜਿਹਨੇ ਡਾਕਟਰ ਨਾ ਹੁੰਦਿਆਂ ਹੋਇਆਂ ਵੀ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾ ਲਈ। ਉਹ ਲੋਕ ਜਿਹੜੇ ਹਲਕਾਅ ਦੇ ਨਾਲ ਮਰਦੇ ਸੀ, ਉਹ ਲੋਕ ਜਿਹੜੇ ਇਹ ਖਰਾਬ ਦੁੱਧ ਪੀਣ ਦੇ ਕਰਕੇ ਟੀ.ਬੀ. ਦਾ ਸ਼ਿਕਾਰ ਹੁੰਦੇ ਸੀ, ਉਹ ਲੋਕ ਜਿਨ੍ਹਾਂ ਦਾ ਉਸ ਸਮੇਂ ਦੇ ਮੁਤਾਬਕ ਵੱਡਾ ਆਰਥਿਕ ਤੌਰ ਦੇ ਉੱਤੇ ਨੁਕਸਾਨ ਹੋ ਜਾਂਦਾ ਸੀ ਜਿਨ੍ਹਾਂ ਦੀ ਬਣੀ-ਬਣਾਈ ਵਾਈਨ ਖਰਾਬ ਹੋ ਜਾਂਦੀ ਸੀ। ਸੋ ਉਹਨਾਂ ਸਾਰਿਆਂ ਦੇ ਲਈ ਇੱਕ ਇਨਸਾਨ ਜਿਹੜਾ ਸੂਰਜ ਬਣ ਕੇ ਚੜ੍ਹਿਆ ਤੇ ਆਪਾਂ ਇਹਦੇ ਤੋਂ ਸੇਧ ਲੈ ਸਕਦੇ ਹਾਂ ਕਿ ਆਪਾਂ ਵੀ ਆਪਣੇ ਆਪ ਦੇ ਉੱਤੇ ਭਰੋਸਾ ਰੱਖੀਏ। ਜੇਕਰ ਆਪਾਂ ਆਪਣੇ ਆਪ ਦੇ ਉੱਤੇ ਭਰੋਸਾ ਰੱਖਾਂਗੇ ਤਾਂ ਫਿਰ ਲੋਕ ਸਾਡੇ ਉੱਤੇ ਭਰੋਸਾ ਰੱਖਣਗੇ। ਤੇ ਜੇ ਲੋਕ ਤੁਹਾਡੇ ਉੱਤੇ ਭਰੋਸਾ ਰੱਖਣਗੇ ਤਾਂ ਫਿਰ ਉਸ ਭਰੋਸੇ ਦੇ ਸਦਕਾ ਆਪਾਂ ਕੁਝ ਵੀ ਕਰਨ ਤੱਕ ਚਲੇ ਜਾਂਦੇ ਹਾਂ। ਸਿੱਖਿਆ ਸਾਨੂੰ ਇਹ ਵੀ ਮਿਲਦੀ ਹੈ ਕਿ ਕਦੀ ਪੜ੍ਹਾਈ-ਲਿਖਾਈ ਤੁਹਾਡੇ ਪੈਰਾਂ ਦਾ ਬੰਧਨ ਨਹੀਂ ਬਣ ਸਕਦੀ। ਕਈ ਲੋਕ ਇਸ ਚੀਜ਼ ਦਾ ਵੀ ਕਈ ਵਾਰ ਐਕਸਕਿਊਜ਼ ਬਣਾ ਲੈਂਦੇ ਨੇ ਕਿ ਉਹ ਤਾਂ ਬਹੁਤੇ ਪੜ੍ਹੇ-ਲਿਖੇ ਨਹੀਂ, ਉਹਨਾਂ ਨੂੰ ਬਹੁਤਾ ਮੌਕਾ ਨਹੀਂ ਮਿਲਿਆ, ਉਹਨਾਂ ਕੋਲ ਇੰਨੇ ਪੈਸੇ ਹੀ ਨਹੀਂ ਸੀ ਵਧੀਆ ਪੜ੍ਹਨ ਦੇ। ਪਰ ਦੁਨੀਆ ਦੇ ਉੱਤੇ ਇੱਦਾਂ ਦੀਆਂ ਉਦਾਹਰਣਾਂ ਸਾਡਾ ਇਹ ਵੀ ਭੁਲੇਖਾ ਦੂਰ ਕਰ ਜਾਂਦੀਆਂ। ਜ਼ਰੂਰੀ ਨਹੀਂ ਹੈ ਕਿ ਬਹੁਤਾ ਪੜ੍ਹੇ-ਲਿਖੇ ਹੋ ਕੇ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ, ਫਿਰ ਹੀ ਤੁਹਾਡਾ ਜ਼ਿਆਦਾ ਦਿਮਾਗ ਕੰਮ ਕਰੂਗਾ, ਫਿਰ ਹੀ ਤੁਸੀਂ ਵੱਡੀਆਂ ਖੋਜਾਂ ਕਰ ਸਕਦੇ ਹੋ। ਆਪਣੇ ਆਪ ਦੇ ਉੱਤੇ ਯਕੀਨ ਰੱਖਣ ਦੇ ਲਈ ਪੜ੍ਹਾਈ-ਲਿਖਾਈ ਵੀ ਕੋਈ ਬਹੁਤਾ ਮਾਇਨੇ ਨਹੀਂ ਰੱਖਦੀ।

What's Your Reaction?

like

dislike

love

funny

angry

sad

wow