ਹਉਮੈ - Punjabi Kahani - Kitaab Kahani

Apr 2, 2026 - 03:21
 0  0

Share -

ਹਉਮੈ - Punjabi Kahani - Kitaab Kahani

ਇਹ ਕਹਾਣੀ ਇੱਕ ਗੁਰੂ ਤੇ ਸ਼ਿਸ਼ ਦੀ ਕਹਾਣੀ, ਇੱਕ ਐਸਾ ਸ਼ਿਸ਼ ਜਿੰਨੇ ਤੀਰਅੰਦਾਜ਼ੀ ਸਿੱਖੀ ਤੇ ਆਪਣੇ ਆਪ ਨੂੰ ਇੰਨਾ ਕੁ ਜ਼ਿਆਦਾ ਤੀਰਅੰਦਾਜ਼ੀ ਦੇ ਵਿੱਚ ਨਿਪੁੰਨ ਕਰ ਲਿਆ ਕਿ ਆਸ-ਪਾਸ ਕੋਈ ਵੀ ਉਹਦੇ ਮੁਕਾਬਲੇ 'ਚ ਖੜ੍ਹਾ ਨਾ ਹੋਵੇ।

ਇੱਕ ਵਾਰੀ ਮਨ ਦੇ ਵਿੱਚ ਆਇਆ ਹੋਵੇ ਨਾ ਤੇ ਮੈਂ ਹੋਰ ਜ਼ਿਆਦਾ ਸਿੱਖਾਂ। ਕਿਸੇ ਨੇ ਦੱਸ ਪਾਈ ਕਿ ਜੰਗਲਾਂ ਦੇ ਵਿੱਚ ਰਹਿੰਦਾ ਇੱਕ ਗੁਰੂ, ਜਿਹੜਾ ਤੀਰਅੰਦਾਜ਼ੀ ਤਾਂ ਛੱਡ ਚੁੱਕਾ ਪਰ ਉਹਦੇ ਤੋਂ ਬਿਹਤਰ ਹੋਰ ਕੋਈ ਤੀਰਅੰਦਾਜ਼ ਨਹੀਂ ਕਦੀ ਵੇਖਿਆ ਗਿਆ। ਮਨ ਦੇ ਵਿੱਚ ਆਇਆ ਕਿ ਮੈਂ ਆਪਣੀ ਇਸ ਕਲਾ ਨੂੰ ਹੋਰ ਕਿਉਂ ਨਾ ਤਰਾਸ਼ਾਂ। ਹਲੇ ਨੌਜਵਾਨ ਹੀ ਸੀ, ਆਪਣਾ ਚੱਕਿਆ ਝੁੱਲੀ-ਬਿਸਤਰਾ ਤੇ ਜੰਗਲ ਵੱਲ ਨੂੰ ਤੁਰ ਪਿਆ। ਔਖੇ-ਸੌਖੇ ਹੋ ਕੇ ਉਸ ਗੁਰੂ ਨੂੰ ਲੱਭਿਆ।

ਗੁਰੂ ਜਾਂਦਿਆਂ ਨੂੰ ਸਮਾਧੀ ਦੇ ਵਿੱਚ ਬੈਠਾ ਸੀ। ਬੜੇ ਹੰਕਾਰ ਦੇ ਨਾਲ ਜਾ ਕੇ ਗੁਰੂ ਦੀ ਕੁਟੀਆ ਦੇ ਵਿੱਚ ਐਂਟਰੀ ਮਾਰੀ। ਉਹ ਹੰਕਾਰ ਕੁਝ ਮੰਦੇ ਬੋਲ ਨਹੀਂ ਸੀ, ਪੈਰੀਂ ਹੱਥ ਲਾਇਆ, ਆਦਰ-ਮਾਣ ਵੀ ਕੀਤਾ, ਪਰ ਉਸ ਆਦਰ-ਮਾਣ ਦੇ ਵਿੱਚ, ਉਸ ਬਾਡੀ ਲੈਂਗੂਏਜ (body language) ਦੇ ਵਿੱਚ ਇੱਕ ਹੰਕਾਰ ਸੀ ਜਿਹੜਾ ਕਿ ਸ਼ਾਇਦ ਗੁਰੂ ਨੂੰ ਪਸੰਦ ਨਹੀਂ ਆਇਆ। ਗੁਰੂ ਨੇ ਅੱਖਾਂ ਖੋਲ੍ਹੀਆਂ, ਵੇਖਿਆ ਸਾਹਮਣੇ ਇੱਕ ਨੌਜਵਾਨ ਖੜ੍ਹਾ, ਬਿਲਕੁਲ ਐਂ ਵਸਤਰ ਪਾਏ ਇੱਕ ਕਿਸੇ ਵਧੀਆ ਲੜਾਕੂ ਦੇ ਵਾਂਗ। ਹੱਥ ਦੇ ਵਿੱਚ ਤੀਰ-ਕਮਾਨ ਹੈ, ਬੜਾ ਸੋਹਣਾ, ਬੜਾ ਸਜਾਇਆ-ਸ਼ਿੰਗਾਰਿਆ ਤੇ ਗੁਰੂ ਨੇ ਇਹ ਵੇਖ ਕੇ ਦੁਬਾਰਾ ਅੱਖਾਂ ਬੰਦ ਕਰ ਲਈਆਂ। ਫਿਰ ਕਾਫ਼ੀ ਸਮਾਂ ਬੀਤ ਗਿਆ।

ਇੱਕ ਵਾਰੀ ਫਿਰ ਨੌਜਵਾਨ ਨੇ ਥੋੜ੍ਹੀ ਜਿਹੀ ਆਹਟ ਕੀਤੀ ਪੈਰਾਂ ਦੇ ਨਾਲ, ਗੁਰੂ ਨੂੰ ਸੁਚੇਤ ਕਰਨ ਦੀ, ਜਗਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਨੇ ਅੱਖਾਂ ਖੋਲ੍ਹ ਕੇ ਕਿਹਾ, "ਤੂੰ ਮੇਰਾ ਸਮਾਂ ਕਿਉਂ ਬਰਬਾਦ ਕਰ ਰਿਹਾ?"

"ਤੁਸੀਂ ਮੇਰੀ ਗੱਲ ਤਾਂ ਸੁਣ ਲਓ," ਨੌਜਵਾਨ ਨੇ ਕਿਹਾ, "ਮੈਂ ਤੁਹਾਡੇ ਕੋਲ ਸ਼ਸਤਰ ਵਿੱਦਿਆ ਸਿੱਖਣ ਦੇ ਲਈ ਆਇਆ ਹਾਂ। ਇੱਕ ਵਾਰੀ ਤੁਸੀਂ ਮੇਰੀ ਕਲਾ ਪਰਖ ਲਓ, ਜੇ ਮੈਂ ਚੰਗਾ ਨਹੀਂ ਲੱਗੂੰਗਾ ਤੇ ਬੇਸ਼ੱਕ ਤੁਸੀਂ ਮੈਨੂੰ ਨਾ ਸਿਖਾਇਓ।"

ਤੇ ਗੁਰੂ ਨੇ ਕਿਹਾ, "ਜਿਹੜਾ ਮੈਂ ਤੇਰੇ ਤੋਂ ਅੱਖਾਂ ਫੇਰੀਆਂ, ਕੀ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੈਨੂੰ ਦੱਸ ਚੁੱਕਾ ਹਾਂ ਕਿ ਤੂੰ ਮੈਨੂੰ ਚੰਗਾ ਨਹੀਂ ਲੱਗਾ? ਜਾਂ ਤੂੰ ਸਮਝਿਆ ਨਹੀਂ?" ਇਹ ਗੱਲ ਨੌਜਵਾਨ ਨੂੰ ਪਸੰਦ ਨਹੀਂ ਆਈ। ਉਹ ਆਪਣੇ ਆਪ ਨੂੰ ਬਹੁਤ ਵੱਡਾ ਲੜਾਕੂ ਸਮਝਦਾ ਸੀ, ਆਪਣੇ ਆਪ ਨੂੰ ਬਹੁਤ ਵੱਡਾ ਨਿਸ਼ਾਨਚੀ ਸਮਝਦਾ ਸੀ। ਇਸ ਚੀਜ਼ ਨੇ ਉਹਦੀ ਹਉਮੈ ਦੇ ਉੱਤੇ, ਉਹਦੀ ਈਗੋ ਦੇ ਉੱਤੇ ਸੱਟ ਮਾਰੀ। ਇੱਕ ਵਾਰੀ ਤਾਂ ਸੋਚਿਆ ਮੈਂ ਵਾਪਸ ਚਲੇ ਜਾਵਾਂ, ਕੁਟੀਆ ਚੋਂ ਬਾਹਰ ਆਇਆ ਫਿਰ ਸੋਚਣ ਲੱਗਾ ਐਡੀ ਦੂਰ ਆਇਆ ਹਾਂ, ਸਿਖਾਵੇ ਭਾਵੇਂ ਨਾ ਸਿਖਾਵੇ ਪਰ ਇਹਨੂੰ ਮੈਂ ਇਹ ਤਾਂ ਸ਼ੋਅ ਕਰ ਜਾਵਾਂ ਕਿ ਮੇਰੇ 'ਚ ਕਲਾ ਕਿੰਨੀ ਆ, ਮੇਰੀ ਇਹਨੇ ਬੇਇੱਜ਼ਤੀ ਕੀਤੀ ਆ। ਫਿਰ ਦੁਬਾਰਾ ਵਾਪਸ ਚਲੇ ਗਿਆ।

"ਮੈਂ ਚਲੇ ਜਾਊਂਗਾ ਪਰ ਇਸ ਤੋਂ ਪਹਿਲਾਂ ਮੈਂ ਆਪਣੀ ਕਲਾ ਤੁਹਾਨੂੰ ਵਿਖਾਉਣਾ ਚਾਹੁੰਦਾ।" ਇਸ ਸਾਰੀ ਗੱਲਬਾਤ ਦੇ ਵਿੱਚ ਹੰਕਾਰ ਸੀ। ਗੁਰੂ ਨੇ ਕਿਹਾ, "ਲਿਆ ਵਿਖਾ... ਲਿਆ ਦੇ ਆਪਣਾ ਤੀਰ, ਦੇ ਆਪਣਾ ਕਮਾਨ।"

"ਇਹ ਜਿਹੜਾ ਤੀਰ ਤੁਸੀਂ ਹੱਥ ਦੇ ਵਿੱਚ ਫੜਿਆ ਨਾ, ਇਹ ਆਮ ਬੰਦਾ ਹੱਥ 'ਚ ਫੜ ਵੀ ਨਹੀਂ ਸਕਦਾ ਇੰਨਾ ਭਾਰਾ ਹੈ ਤੇ ਇੰਨਾ ਜ਼ਿਆਦਾ ਤਿੱਖਾ ਕਿ ਮੈਂ ਪੱਥਰ 'ਤੇ ਵੀ ਨਿਸ਼ਾਨਾ ਮਾਰਦਾ ਉੱਥੇ ਵੀ ਡੂੰਘ ਪਾਵੇ। ਕਿਸੇ ਸ਼ੈਅ ਦੇ ਨਾਲੋਂ ਇਹ ਮਾੜਾ ਜਿਹਾ ਘਸੀਟ ਕੇ ਵੀ ਲੰਘ ਜਾਏ ਨਾ ਤੇ ਉਹਨੂੰ ਵੀ ਚੀਰ ਕੇ ਲੰਘ ਜਾਏ। ਜੇ ਤੁਸੀਂ ਵੇਖਣਾ ਨਜ਼ਾਰਾ ਤਾਂ ਲਿਆਓ ਮੈਨੂੰ ਦਿਓ ਕੋਈ ਏਮ (aim) ਤੇ ਮੈਂ ਤੁਹਾਨੂੰ ਨਿਸ਼ਾਨਾ ਲਾ ਕੇ ਵਿਖਾਉਂਦਾ।"

ਗੁਰੂ ਨੇ ਕਿਹਾ, "ਉਹਦੀ ਜ਼ਰੂਰਤ ਨਹੀਂ, ਤੇਰੀਆਂ ਗੱਲਾਂ ਤੋਂ ਸਾਫ਼ ਝਲਕ ਰਿਹਾ। ਪਰ ਜੇ ਤੂੰ ਚਾਹੁੰਦਾ ਹੈਂ ਮੈਂ ਤੈਨੂੰ ਸਿਖਾਵਾਂ ਤਾਂ ਮੇਰੇ ਤਰੀਕੇ ਨਾਲ ਸਿੱਖਣਾ ਪਊਗਾ। ਹੋ ਸਕਦਾ ਮਹੀਨੇ ਲੱਗ ਜਾਣ, ਹੋ ਸਕਦਾ ਸਾਲਾਂ ਲੱਗ ਜਾਣ। ਜੇ ਮੰਜ਼ੂਰ ਤੇ ਫਿਰ ਦੱਸ, ਸ਼ਰਤਾਂ ਮੇਰੀਆਂ ਹੋਣਗੀਆਂ।" ਹਉਮੈ ਦੇ ਨਾਲ ਭਰੇ ਨੌਜਵਾਨ ਨੇ ਹਾਂ ਕਰ ਦਿੱਤੀ।

ਗੁਰੂ ਨੇ ਆਪਣੀ ਕੁਟੀਆ ਦੇ ਵਿੱਚ ਇੱਕ ਪਾਸੇ ਛੱਤ ਦੇ ਨਾਲ ਲਮਕਾ ਕੇ ਉਹ ਤੀਰ ਬੰਨ੍ਹ ਦਿੱਤਾ। ਐਨ ਤਿੱਖਾ ਤੀਰ ਇੱਕ ਰੱਸੀ ਦੇ ਨਾਲ ਬੰਨ੍ਹ ਕੇ ਨੌਜਵਾਨ ਨੂੰ ਥੱਲੇ ਲੰਮੇ ਪਾ ਕੇ ਬਸ ਦੋ ਕੁ ਉਂਗਲਾਂ ਦੀ ਥਾਂ ਛੱਡੀ। "ਮੈਂ ਚਾਹੁੰਦਾ ਕਿ ਇਹਦੇ ਥੱਲੇ ਤੂੰ ਲੰਮਾ ਪਿਆ ਰਹੇਂ ਤੇ ਇਸ ਤੀਰ ਦੇ ਵੱਲ ਧਿਆਨ ਦੇ ਨਾਲ ਵੇਂਦਾ ਰਹੇਂ। ਇਹ ਜਿਹੜਾ ਤੀਰ ਤੂੰ ਨਾਲ ਲਈ ਫਿਰਦਾ, ਪਹਿਲਾਂ ਆਪ ਤਾਂ ਚੰਗੀ ਤਰ੍ਹਾਂ ਇਹਨੂੰ ਜਾਣ ਲਵੇਂ।" ਨੌਜਵਾਨ ਨੂੰ ਲੱਗਾ ਕਿ ਇਹ ਮੇਰਾ ਮਜ਼ਾਕ ਉਡਾ ਰਿਹਾ, ਇਹ ਮੈਨੂੰ ਡਰਕਾਉਣਾ ਚਾਹੁੰਦਾ ਪਰ ਗੁਰੂ ਆਪਣੀ ਗੱਲ ਦੇ ਉੱਤੇ ਅਟੱਲ ਸੀ।

"ਮੈਂ ਚਾਹੁੰਦਾ ਕਿ ਤੇਰੀ ਪਹਿਲਾਂ ਇਕਾਗਰਤਾ ਬਣਾ ਲਵਾਂ, ਹਲੇ ਤੱਕ ਤਾਂ ਕਿਸੇ ਵੀ ਗੱਲ ਦੇ ਵਿੱਚੋਂ ਤੇਰੀ ਇਕਾਗਰਤਾ ਝਲਕੀ ਨਹੀਂ। ਤੂੰ ਲਾਉਂਦਾ ਹੋਏਂਗਾ ਨਿਸ਼ਾਨੇ ਪਰ ਮੈਨੂੰ ਤੈਨੂੰ ਪਰਖਣ ਦੀ ਵੀ ਲੋੜ ਨਹੀਂ, ਮੈਂ ਕਹਿ ਸਕਦਾ ਕਿ ਹਲੇ ਤੇਰਾ ਨਿਸ਼ਾਨਾ ਉਨਾ ਸਟੀਕ ਨਹੀਂ ਹੋ ਸਕਦਾ।"

ਨੌਜਵਾਨ ਉਸ ਤੀਰ ਦੇ ਥੱਲੇ ਲੰਮੇ ਪੈ ਗਿਆ ਤੇ ਤੀਰ ਵੱਲ ਇੱਕਟੱਕ ਵੇਖਣਾ ਸ਼ੁਰੂ ਕਰ ਦਿੱਤਾ। ਸ਼ੁਰੂ-ਸ਼ੁਰੂ 'ਚ ਤੇ ਬੜਾ ਔਖਾ ਸੀ, ਅੱਖਾਂ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ, ਕੁਝ ਸਮੇਂ ਬਾਅਦ ਸਿਰਪੀੜ ਵੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਇੱਕ ਜਗ੍ਹਾ, ਇੱਕ ਥਾਂ ਦੇ ਉੱਤੇ ਵੇਖਣਾ ਇਹ ਕੋਈ ਸੌਖਾ ਨਹੀਂ। ਤੇ ਹੁਣ ਉਹ ਤਾਂਹ ਵੀ ਨਹੀਂ ਉੱਠ ਸਕਦਾ, ਜੇ ਤਾਂਹ ਉੱਠਦਾ ਤਾਂ ਉਹ ਤੀਰ ਉਹਦੇ ਮੂੰਹ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਜ਼ਰੂਰ ਲੱਗੂਗਾ। ਗੁਰੂ ਨੇ ਲੰਮਾ ਸਮਾਂ ਇਸੇ ਚੀਜ਼ ਦਾ ਅਭਿਆਸ ਕਰਵਾਇਆ ਤੇ ਫਿਰ ਇੱਕ ਸਮਾਂ ਆਇਆ ਜਦੋਂ ਉਹਦੀਆਂ ਅੱਖਾਂ ਦੇ ਵਿੱਚੋਂ ਪਾਣੀ ਵੀ ਵਗਣਾ ਬੰਦ ਹੋ ਗਿਆ, ਜਦੋਂ ਉਹਦੀ ਸਿਰਪੀੜ ਵੀ ਬੰਦ ਹੋ ਗਈ ਤੇ ਕਿੰਨਾ-ਕਿੰਨਾ ਚਿਰ ਉਹ ਘੰਟਿਆਂਬੱਧੀ ਉਹ ਇੱਕਟੱਕ ਉਸੇ ਤੀਰ ਦੇ ਵੱਲ ਵੇਂਦਾ ਰਹਿੰਦਾ, ਉਹਦੀ ਨੋਕ ਵੱਲ ਵੇਂਦਾ ਰਹਿੰਦਾ। ਹੁਣ ਤਾਂ ਜਿੱਦਾਂ ਉਹਨੂੰ ਉਹ ਯਾਦ ਹੋ ਚੁੱਕਿਆ ਸੀ।

ਤੇ ਇੱਕ ਦਿਨ ਗੁਰੂ ਨੇ ਕਿਹਾ, "ਚੱਲ ਉੱਠ, ਹੁਣ ਤੂੰ ਆਪਣੀ ਪਹਿਲੀ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਿਆ ਪਰ ਇਹ ਨਾ ਸੋਚ ਕਿ ਇਹ ਆਖਰੀ ਹੈ, ਹਲੇ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ। ਲੰਮਾ ਸਮਾਂ ਹੋ ਗਿਆ ਤੈਨੂੰ ਹੁਣ ਇਸੇ ਜੰਗਲ ਦੇ ਵਿੱਚ ਰਹਿੰਦਿਆਂ, ਇਸ ਤੀਰ ਦੇ ਥੱਲੇ ਲੰਮੇ ਪਿਆ। ਮੈਂ ਵੇਖਿਆ ਤੂੰ ਸਿਰ ਵੀ ਖੁਰਕਦਾ, ਜ਼ਰੂਰ ਤੇਰੇ ਸਿਰ ਦੇ ਵਿੱਚ ਜੂਆਂ ਪੈ ਗਈਆਂ ਹੋਣਗੀਆਂ। ਮੈਂ ਚਾਹੁੰਦਾ ਆਪਣੇ ਸਿਰ ਦੇ ਵਿੱਚੋਂ ਇੱਕ ਜੂੰ ਕੱਢ ਤੇ ਜਿੱਦਾਂ ਤੂੰ ਤੀਰ ਵੱਲ ਵੇਂਦਾ ਸੀ, ਉਸੇ ਤਰੀਕੇ ਦੇ ਨਾਲ ਉਹਦੇ ਵੱਲ ਵੀ ਇੱਕ ਚਿੱਤ ਇਕਾਗਰ ਹੋ ਕੇ ਵੇਂਦਾ ਰਹਿ। ਉਦੋਂ ਤੱਕ ਵੇਂਦਾ ਰਹਿ ਜਦੋਂ ਤੱਕ ਤੈਨੂੰ ਉਹ ਕਿਸੇ ਘੋੜੇ ਜਾਂ ਹਾਥੀ ਦੇ ਬਰਾਬਰ ਆਕਾਰ ਦੀ ਨਾ ਲੱਗੇ।"

ਤੇ ਹੁਣ ਜਿੱਦਾਂ ਉਹਨੇ ਆਪਣੇ ਆਪ ਦੇ ਵਿੱਚ ਹੀ ਸਹੁੰ ਖਾ ਲਈ ਸੀ ਕਿ ਮੈਂ ਜਾਊਂਗਾ ਤੇ ਸਿੱਖ ਕੇ। ਵੈਸੇ ਪਹਿਲੇ ਅਭਿਆਸ ਦੇ ਵਿੱਚੋਂ ਉਹਨੂੰ ਕਾਫ਼ੀ ਫ਼ਾਇਦਾ ਹੋਇਆ ਸੀ, ਇਸ ਕਰਕੇ ਗੱਲ ਮੰਨ ਕੇ ਉਹਨੇ ਇੱਦਾਂ ਹੀ ਕਰਨਾ ਸ਼ੁਰੂ ਕੀਤਾ। ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਉਹਨੂੰ ਜੂੰ ਵੀ ਔਖੀ ਦਿੱਸੇ ਪਰ ਇੱਕ ਸਮਾਂ ਆਇਆ ਜਦੋਂ ਉਹਨੇ ਉੱਚੀ ਬੋਲ ਕੇ ਕਿਹਾ, "ਹਾਂ, ਮੈਨੂੰ ਹੁਣ ਇਹ ਹਾਥੀ ਜਿੱਡੀ ਨਜ਼ਰ ਆਉਣ ਡਈ ਆ। ਮੈਨੂੰ ਵਾਲ ਵੱਖਰਾ ਦਿੱਸ ਰਿਹਾ ਤੇ ਜੂੰ ਵੱਖਰੀ ਦਿੱਸ ਰਹੀ ਆ। ਹੁਣ ਦੱਸੋ ਕੀ ਕਰਨਾ?" ਉਹਦੀ ਆਵਾਜ਼ ਦੇ ਵਿੱਚ ਇੱਕ ਵਿਸ਼ਵਾਸ ਸੀ, ਕਾਨਫੀਡੈਂਸ ਸੀ।

ਗੁਰੂ ਨੇ ਕਿਹਾ, "ਹੁਣ ਨਾ ਨਿਸ਼ਾਨਾ ਲਾ ਕੇ ਵਿਖਾ।" ਨੌਜਵਾਨ ਨੇ ਜਦੋਂ ਤੀਰ ਦੇ ਨਾਲ ਨਿਸ਼ਾਨਾ ਲਾਇਆ ਤਾਂ ਵਾਕਈ, ਵਾਕਈ ਉਹ ਨਿਸ਼ਾਨਾ ਬਿਲਕੁਲ ਉਸ ਬਾਰੀਕ ਜਗ੍ਹਾ ਦੇ ਉੱਤੇ ਐਨ ਸਟੀਕ ਲੱਗਾ ਸੀ। ਨੌਜਵਾਨ ਨੂੰ ਲੱਗਾ ਕਿ ਸ਼ਾਇਦ ਹੁਣ ਮੈਂ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਿਆ ਤੇ ਹੁਣ ਮੈਂ ਸਾਰਾ ਕੁਝ ਸਿੱਖ ਲਿਆ। ਗੁਰੂ ਨੇ ਸ਼ਾਬਾਸ਼ੀ ਦਿੱਤੀ, ਉਹਦੇ ਹੌਸਲੇ ਦੀ, ਉਹਦੇ ਪੇਸ਼ੈਂਸ (patience) ਦੀ ਤਾਰੀਫ਼ ਕੀਤੀ ਤੇ ਕਿਹਾ, "ਜੇ ਤੂੰ ਚਾਹਵੇਂ ਤਾਂ ਵਾਪਸ ਜਾ ਸਕਦਾ ਹੈਂ, ਸ਼ਾਇਦ ਤੂੰ ਇੰਨਾ ਸਿੱਖਣਾ ਚਾਹੁੰਦਾ ਸੀ ਜਾਂ ਫਿਰ ਜੇ ਇਸ ਤੋਂ ਵਧੇਰੇ ਤਾਂ ਤੂੰ ਇੱਥੇ ਰਹਿ ਸਕਦਾ ਹੈਂ।"

ਤੇ ਨੌਜਵਾਨ ਨੇ ਸੋਚਿਆ ਇਸ ਤੋਂ ਵੱਧ ਹੋਰ ਮੈਂ ਕੀ ਸਿੱਖ ਲਊਂਗਾ। ਗੁਰੂ ਕੋਲੋਂ ਆਗਿਆ ਲੈ ਕੇ ਚਲਦਾ ਬਣਿਆ ਪਰ ਥੋੜ੍ਹੀ ਅੱਗੇ ਜਾ ਕੇ ਮਨ ਦੇ ਵਿੱਚ ਵਿਚਾਰ ਆਇਆ, "ਜੇ ਮੈਂ ਇੱਦਾਂ ਹੀ ਚਲਾ ਗਿਆ ਤਾਂ ਫਿਰ ਵੀ ਮੈਂ ਦੁਨੀਆ ਨੂੰ ਇਹ ਨਹੀਂ ਕਹਿ ਪਾਊਂਗਾ ਕਿ ਮੈਂ ਦੁਨੀਆ ਦਾ ਸਭ ਤੋਂ ਸਰਵੋਤਮ ਤੀਰਅੰਦਾਜ਼ ਹਾਂ, ਕਿਉਂਕਿ ਇਹ ਮੇਰਾ ਗੁਰੂ, ਇਹ ਤਾਂ ਫਿਰ ਉਸੇ ਕਤਾਰ ਦੇ ਵਿੱਚ ਹੋਊਗਾ। ਮੈਂ ਤਾਂ ਜਾਣਦਾ ਇਹ ਮੇਰੇ ਨਾਲੋਂ ਵੀ ਬਿਹਤਰ ਹੈ।"

ਵਾਪਸ ਮੁੜਿਆ ਤੇ ਇੱਕ ਰੁੱਖ ਦੇ ਓਹਲੇ ਲੁਕ ਕੇ ਆਪਣੇ ਗੁਰੂ ਦੇ ਉੱਤੇ ਨਿਸ਼ਾਨਾ ਸਾਧਿਆ। ਮਨ ਦੇ ਵਿੱਚ ਸੀ ਕਿ ਇਹਨੂੰ ਮੈਂ ਮਾਰ ਦੇਵਾਂ, ਇਹਨੂੰ ਮਾਰ ਕੇ ਮੈਂ ਦੁਨੀਆ ਦਾ ਸਭ ਤੋਂ ਮਹਾਨ ਬਣ ਜਾਵਾਂ। ਗੁਰੂ ਜਿੰਨੇ ਪਿੱਛਾ ਭੌਂਏਂ ਬਿਨਾਂ ਤੀਰ ਦੀ ਆਵਾਜ਼ ਦੇ ਨਾਲ, ਆਹਟ ਦੇ ਨਾਲ ਹੀ ਜਾਣ ਲਿਆ ਕਿ ਉਹਦੇ ਉੱਤੇ ਹਮਲਾ ਹੋਇਆ। ਇੱਕ ਪਾਸੇ ਹੋ ਕੇ ਉਹਨੇ ਆਪਣਾ ਬਚਾਅ ਕੀਤਾ। ਨੌਜਵਾਨ ਨੇ ਦੂਸਰਾ ਤੀਰ ਕੱਢਿਆ, ਉਹਨੇ ਚਿਰ ਨੂੰ ਗੁਰੂ ਉਹਦੇ ਵੱਲ ਨੂੰ ਘੁੰਮ ਚੁੱਕਾ ਸੀ ਤੇ ਹੁਣ ਉਹਨੂੰ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਮਾਰਨਾ ਕਿਉਂਕਿ ਉਹ ਚਾਹੁੰਦਾ ਨਹੀਂ ਸੀ ਕਿ ਮੇਰੀ ਪਛਾਣ ਇਹਦੇ ਤੱਕ ਖੁੱਲ੍ਹੇ। ਹੈਰਾਨ ਹੋ ਗਿਆ ਉਹ ਇਹ ਵੇਖ ਕੇ ਕਿ ਤੀਰ ਉਹਦੇ ਗੁਰੂ ਦੇ ਚਿਹਰੇ ਤੱਕ ਪਹੁੰਚਦਿਆਂ-ਪਹੁੰਚਦਿਆਂ ਕਿਹੜੇ ਵੇਲੇ ਉਹਨੇ ਆਪਣੇ ਦੰਦਾਂ ਦੇ ਵਿੱਚ ਘੁੱਟ ਲਿਆ। ਇੰਨੀ ਜ਼ਿਆਦਾ ਇਕਾਗਰਤਾ, ਇੰਨਾ ਕੁ ਜ਼ਿਆਦਾ ਨਿਪੁੰਨ ਸੀ ਉਹ ਆਪਣੇ ਕੰਮ ਦੇ ਵਿੱਚ।

ਤੇ ਹੁਣ ਨੌਜਵਾਨ ਨੂੰ ਇੱਕਦਮ ਅਹਿਸਾਸ ਹੋਇਆ, "ਮੈਂ ਇੱਥੇ ਜਿੱਤ ਨਹੀਂ ਸਕਦਾ।" ਇੱਕਦਮ ਸਾਰਾ ਹੰਕਾਰ ਚਕਨਾਚੂਰ ਹੋ ਗਿਆ ਤੇ ਭੱਜ ਕੇ ਗੁਰੂ ਦੇ ਪੈਰੀਂ ਪੈ ਗਿਆ। "ਮੇਰੇ ਕੋਲੋਂ ਗਲਤੀ ਹੋ ਗਈ, ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ। ਮੈਂ ਅੱਗੇ ਤੋਂ, ਅੱਗੇ ਤੋਂ ਇੱਦਾਂ ਦੀ ਗਲਤੀ ਕਦੇ ਨਹੀਂ ਕਰਾਂਗਾ। ਮੈਂ ਚਾਹਿਆ ਸੀ ਕਿ ਮੈਂ ਦੁਨੀਆ ਦਾ ਸਭ ਤੋਂ ਮਹਾਨ ਬਣ ਜਾਵਾਂ।"

ਗੁਰੂ ਨੇ ਕਿਹਾ, "ਮਹਾਨ ਤੂੰ ਇੱਦਾਂ ਤਾਂ ਨਹੀਂ ਬਣ ਸਕਦਾ। ਕਿਸੇ ਨੂੰ ਮਾਰ ਕੇ, ਕਿਸੇ ਨੂੰ ਨੀਵਾਂ ਕਹਿ ਕੇ, ਕੌਣ ਕਦੋਂ ਮਹਾਨ ਬਣਿਆ? ਵੇਖਿਆ ਜਾਵੇ ਤਾਂ ਮੇਰੀ ਨਜ਼ਰਾਂ ਦੇ ਵਿੱਚ ਤੂੰ, ਤੂੰ ਮਹਾਨ ਹੈਂ। ਪਰ ਤੇਰੀਆਂ ਨਜ਼ਰਾਂ ਦੇ ਵਿੱਚ ਤੂੰ ਸੋਚਦਾ ਹੈਂ ਕਿ ਤੂੰ ਮਹਾਨ ਨਹੀਂ ਹੈਂ, ਇਹ ਤੇਰੀ ਗਲਤੀ ਹੈ। ਕੱਲ੍ਹ ਨੂੰ ਦੁਨੀਆ ਦੇ ਵਿੱਚ ਜਾਏਂਗਾ ਵਾਪਸ ਉਹਨਾਂ ਨਾਲ ਗੱਲਾਂ ਕਰੇਂਗਾ, ਜੇ ਤੂੰ ਆਪ ਹੀ ਨਹੀਂ ਸੋਚੇਂਗਾ ਆਪਣੇ ਆਪ ਨੂੰ ਮਹਾਨ ਤੇ ਉਹ ਵੀ ਨਹੀਂ ਸੋਚਣਗੇ। ਪਰ ਜੇ ਤੂੰ ਸੋਚਦਾ ਹੈਂ ਤੇ ਚੰਗੀ ਗੱਲ ਹੈ। ਪਰ ਇੱਕ ਗੱਲ ਮੈਂ ਤੈਨੂੰ ਦੱਸ ਦਵਾਂ, ਤੈਨੂੰ ਲੱਗਦਾ ਤੂੰ ਮੈਨੂੰ ਮਾਰ ਕੇ ਦੁਨੀਆ ਦਾ ਸਭ ਤੋਂ ਮਹਾਨ ਬਣ ਜਾਏਂਗਾ ਪਰ ਨਹੀਂ, ਇਹ ਤੇਰੀ ਗਲਤੀ ਹੈ। ਮੈਂ ਆਪਣੇ ਨਾਲੋਂ ਵੀ ਬਿਹਤਰ ਕਈਆਂ ਨੂੰ ਜਾਣਦਾ ਜਿਹੜੇ ਮੇਰੇ ਨਾਲੋਂ ਵੀ ਬਹੁਤ ਬਿਹਤਰ ਨੇ। ਮੈਂ ਕਦੀ ਦੁਨੀਆ ਦੇ ਵਿੱਚ ਐਸਾ ਸ਼ਖ਼ਸ ਨਹੀਂ ਵੇਖਿਆ ਜਿਹੜਾ ਕਹਿ ਸਕੇ ਕਿ ਮੈਂ ਸਭ ਤੋਂ ਸਰਵੋਤਮ ਹਾਂ, ਮੈਂ ਸਭ ਤੋਂ ਮਹਾਨ ਹਾਂ। ਇਸ ਕਤਾਰ ਦੇ ਵਿੱਚ ਜਿੱਦਾਂ-ਜਿੱਦਾਂ ਅੱਗੇ ਚੱਲੇਂਗਾ, ਇੱਕ ਤੋਂ ਇੱਕ ਵੱਧ ਕੇ ਤੈਨੂੰ ਮਹਾਨ ਬੰਦਾ ਮਿਲੂਗਾ, ਇੱਕ ਤੋਂ ਇੱਕ ਵੱਧ ਗੁਣੀ-ਗਿਆਨੀ ਮਿਲੂਗਾ, ਇੱਕ ਤੋਂ ਇੱਕ ਵੱਧ ਨਿਸ਼ਾਨਚੀ ਤੈਨੂੰ ਮਿਲੂਗਾ। ਜਦੋਂ ਆਪਾਂ ਊਣੇ ਹੁੰਦੇ ਹਾਂ ਉਦੋਂ ਸਾਨੂੰ ਲੱਗਦਾ ਕਿ ਆਪਾਂ ਪੂਰੇ ਭਰੇ ਹਾਂ। ਜਦੋਂ ਤੂੰ ਮੇਰੇ ਕੋਲ ਆਇਆ ਸੀ ਤੇ ਉਦੋਂ ਤੈਨੂੰ ਲੱਗਦਾ ਸੀ ਕਿ ਤੂੰ ਬਹੁਤ ਵਧੀਆ ਤੀਰਅੰਦਾਜ਼ ਹੈਂ। ਹੋ ਸਕਦਾ ਅੱਜ ਤੈਨੂੰ ਲੱਗਦਾ ਹੋਵੇ ਕਿ ਜੋ ਤੂੰ ਪਹਿਲਾਂ ਸੀ ਉਹ ਤੂੰ ਕੁਝ ਵੀ ਨਹੀਂ ਸੀ, ਉਹ ਤੇਰਾ ਸਿਰਫ਼ ਇੱਕ ਭਰਮ-ਭੁਲੇਖਾ ਸੀ। ਤੇ ਯਾਦ ਰੱਖੀਂ ਕੱਲ੍ਹ ਨੂੰ ਜਦੋਂ ਕਿਸੇ ਹੋਰ ਕੋਲ ਗਿਆ ਇਹ ਭਰਮ-ਭੁਲੇਖਾ ਵੀ ਤੇਰਾ ਟੁੱਟ ਜਾਣਾ। ਇਹ ਇੱਕ ਜ਼ਿੰਦਗੀ ਦਾ ਲੈਸਨ (lesson) ਹੈ।"

ਇਨਸਾਨ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਤਰਾਸ਼ਦਾ ਰਹੇ ਤੇ ਸਾਰੀ ਉਮਰ ਦਾ ਸਫ਼ਰ ਵੀ ਥੋੜ੍ਹਾ। ਤੇ ਜਿੱਥੇ ਕਿਤੇ ਉਹ ਆਪਣੇ ਆਪ ਨੂੰ ਮਹਾਨ ਸਮਝਣ ਲੱਗ ਪਵੇ ਉੱਥੇ ਰੁਕ ਜਾਵੇ ਤੇ ਉਹਦਾ ਉਹੀ ਸੱਚ ਹੈ। ਜ਼ਿੰਦਗੀ 'ਚ ਜਿੰਨਾ ਵੀ ਸਿੱਖ ਲਓ, ਤੁਸੀਂ ਅਗਲੇ ਹੀ ਪਲ ਅਹਿਸਾਸ ਕਰੋਗੇ ਕਿ ਨਹੀਂ ਉਹਦੇ ਤੋਂ ਵੀ ਹੋਰ ਵਧੇਰੇ ਸਿੱਖਿਆ ਜਾ ਸਕਦਾ ਹੈ, ਉਹਦੇ ਤੋਂ ਵੀ ਹੋਰ ਵਧੇਰੇ ਚੰਗੇ ਹੋਇਆ ਜਾ ਸਕਦਾ ਹੈ। ਤੇ ਜੇ ਕਰ ਸਕਦਾ ਹੈਂ ਤੇ ਇੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰ। ਤੇ ਜੇ ਆਪਾਂ ਵੀ ਕਰ ਸਕਦੇ ਹਾਂ ਤੇ ਆਪਾਂ ਵੀ ਜ਼ਰੂਰ ਕਰੀਏ। ਜੇ ਸਾਨੂੰ ਵੀ ਲੱਗਦਾ ਕਿ ਆਪਾਂ ਜੋ ਕਰ ਰਹੇ ਹਾਂ ਉਹਦੇ ਵਿੱਚ ਬਹੁਤ ਵਧੀਆ ਕਰ ਰਹੇ ਹਾਂ, ਸਾਡੇ ਤੋਂ ਵਧੀਆ ਹੋਰ ਕੋਈ ਕੁਝ ਕਰ ਹੀ ਨਹੀਂ ਸਕਦਾ ਜਾਂ ਫਿਰ ਆਪਾਂ ਇਸ ਪਾਸੇ ਨੂੰ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਡੇ ਅਸੀਂ ਮਹਾਨ ਹਾਂ, ਜੋ ਅਸੀਂ ਜਾਣਦੇ ਹਾਂ ਹੋਰ ਕੋਈ ਜਾਣਦਾ ਹੀ ਨਾ ਹੋਵੇ। ਸਾਨੂੰ ਲੱਗਦਾ ਹੋਊਗਾ ਕਿ ਨਹੀਂ ਆਪਾਂ ਇੱਦਾਂ ਕਦੀ ਕੁਝ ਨਹੀਂ ਕੀਤਾ, ਪਰ ਇਨਸਾਨ ਸਾਰੇ ਹੀ ਇੱਦਾਂ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਜ਼ਿੰਦਗੀ ਦੇ ਮੋੜ ਦੇ ਉੱਤੇ। ਜਾਂ ਤਾਂ ਆਪਾਂ ਉਹਨਾਂ ਲੋਕਾਂ ਨੂੰ ਆਪਣੇ ਰਸਤੇ 'ਚੋਂ ਹਟਾਉਂਦੇ ਹਾਂ, ਮਾਰ ਕੇ ਨਹੀਂ ਕਿਸੇ ਨਾ ਕਿਸੇ ਤਰੀਕੇ ਦਾ ਸ਼ੜਯੰਤਰ ਰਚ ਕੇ, ਜਾਂ ਫਿਰ ਉਹਨਾਂ ਤੋਂ ਦੂਰ ਚਲੇ ਜਾਂਦੇ ਹਾਂ ਇਸ ਕਰਕੇ ਕਿਉਂਕਿ ਉਹਨਾਂ ਦੀ ਛਤਰ-ਛਾਇਆ ਦੇ ਵਿੱਚ ਲੋਕੀਂ ਕਹਿਣ ਨਾ ਕਿ ਇਹਨੂੰ ਜ਼ਿਆਦਾ ਆਉਂਦਾ। ਆਪਾਂ ਬੜੀ ਵਾਰੀ ਆਪਣੀ ਜ਼ਿੰਦਗੀ 'ਚ ਇੱਦਾਂ ਕੀਤਾ ਹੋਊਗਾ ਜਾਂ ਸਾਡੇ ਆਸ-ਪਾਸ ਤੋਂ ਆਪਾਂ ਵੇਖਿਆ ਹੋਊਗਾ ਕਿਉਂਕਿ ਆਪਣੇ ਆਪ ਦਾ ਤਾਂ ਕਿਸੇ ਨੂੰ ਵੀ ਅਹਿਸਾਸ ਨਹੀਂ ਹੁੰਦਾ। ਉਹ ਸਭ ਸ਼ਾਇਦ ਇਸ ਕਰਕੇ ਕਿਉਂਕਿ ਸਾਨੂੰ ਲੱਗਦਾ ਕਿ ਆਪਾਂ ਆਪਣੇ ਆਲੇ-ਦੁਆਲੇ ਦੇ ਵਿੱਚ ਸਭ ਤੋਂ ਬਿਹਤਰ ਹੋਈਏ। ਤੇ ਸਭ ਤੋਂ ਬਿਹਤਰ ਉਹੀ ਜਿਹੜਾ ਇਹ ਭਾਵਨਾ ਤਿਆਗ ਦਿੰਦਾ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

What's Your Reaction?

like

dislike

love

funny

angry

sad

wow