ਗੁਆਚਿਆ ਬਲਦ -Punabi Motivational Story - Kitaab Kahani

Apr 21, 2026 - 15:51
 0  0

Share -

ਗੁਆਚਿਆ ਬਲਦ -Punabi Motivational Story - Kitaab Kahani
ਗੁਆਚਿਆ ਬਲਦ -Punabi Motivational Story

ਇੱਕ ਵਾਰੀ ਇੱਕ ਨੌਜਵਾਨ ਗੱਲ-ਗੱਲ ਤੇ ਖਿੱਝਿਆ ਫਿਰੇ। ਉਸਨੂੰ ਸਮਝ ਨਾ ਆਵੇ ਕਿ ਮੇਰੀਆਂ ਖੁਸ਼ੀਆਂ ਕਿੱਥੇ ਗੁਆਚ ਗਈਆਂ। ਜਦੋਂ ਵੀ ਕੋਈ ਕਿਸੇ ਦੇ ਨਾਲ ਬਹਿਣ ਦੀ ਕੋਸ਼ਿਸ਼ ਕਰੇ ਤੇ ਉੱਥੇ ਕਿਸੇ ਨਾ ਕਿਸੇ ਗੱਲੋਂ ਉਸਦਾ ਮਨ-ਮੁਟਾਵ ਹੋ ਜਾਵੇ। ਉਹ ਲੋਕ ਜਿਨ੍ਹਾਂ ਦੇ ਨਾਲ ਉਹ ਹੱਸਦਾ-ਖੇਡਦਾ ਸੀ, ਜਿਨ੍ਹਾਂ ਦੇ ਨਾਲ ਬੜਾ ਪਿਆਰ ਸੀ, ਹੁਣ ਉਨ੍ਹਾਂ ਦੇ ਨਾਲ ਕੋਈ ਬਹੁਤਾ ਮਜ਼ਾ ਨਾ ਉਸਨੂੰ ਆਉਂਦਾ ਤੇ ਨਾ ਅਗਲੇ ਉਸਨੂੰ ਕੋਲ ਬਿਠਾਉਂਦੇ।

ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਖਿੱਝਦਾ ਅਖੀਰਕਾਰ ਪਿੰਡ ਦੇ ਬਜ਼ੁਰਗਾਂ ਕੋਲ ਪਹੁੰਚਿਆ। ਕਿਹਾ ਤਾਂ ਕੁਝ ਨਹੀਂ ਪਰ ਬਜ਼ੁਰਗਾਂ ਨੇ ਆਪ ਉਸਦੀ ਹਾਲਤ ਵੇਖ ਕੇ ਨੌਜਵਾਨ ਨੂੰ ਕੋਲ ਬਿਠਾ ਲਿਆ ਤੇ ਕਹਿਣ ਲੱਗੇ— "ਤੈਨੂੰ ਪਤਾ ਤੇਰੀ ਇਹ ਹਾਲਤ ਕਿਉਂ ਹੋਈ ਹੈ? ਤੇਰੇ ਕੋਲ ਇੱਕ ਬਲਦ ਹੁੰਦਾ ਸੀ। ਜਦੋਂ ਦਾ ਉਹ ਬਲਦ ਗੁਆਚ ਗਿਆ ਉਦੋਂ ਦਾ ਤੂੰ ਖਿੱਝਿਆ-ਖਿੱਝਿਆ ਜਿਹਾ ਰਹਿਨਾਂ। ਉਦੋਂ ਦੀ ਤੇਰੀ ਕਿਸੇ ਦੇ ਨਾਲ ਬਣਦੀ ਨਹੀਂ ਜਾਂ ਫਿਰ ਕਿਸੇ ਦੀ ਤੇਰੇ ਨਾਲ ਨਹੀਂ ਬਣਦੀ। ਉਸ ਤੋਂ ਬਾਅਦ ਤੇਰੇ ਚਿਹਰੇ ਤੇ ਕਦੀ ਆਪਾਂ ਖੁਸ਼ੀ ਨਹੀਂ ਵੇਖੀ। ਹਰ ਕੋਈ ਤੇਰੇ ਤੋਂ ਪਰੇ-ਪਰੇ ਰਹਿੰਦਾ। ਹਰ ਕੋਈ ਤੇਰੇ ਬਾਰੇ ਕੋਈ ਬਹੁਤਾ ਵਧੀਆ ਨਹੀਂ ਕਰਕੇ ਜਾਣਦਾ।"

ਤੇ ਨੌਜਵਾਨ ਸੋਚੀਂ ਪੈ ਗਿਆ— "ਹੈਂ ਬਾਪੂ! ਮੇਰੇ ਨਹੀਂ ਖਿਆਲ ਦੇ ਵਿੱਚ ਕਿ ਮੇਰੇ ਕੋਲ ਕੋਈ ਬਲਦ ਸੀ।" ਇੰਨਾ ਕਹਿ ਕੇ ਉੱਠ ਕੇ ਚਲਾ ਗਿਆ। ਜਦੋਂ ਦੀ ਹਾਲਤ ਥੋੜ੍ਹੀ ਹੋਰ ਖਰਾਬ ਹੋਣ ਲੱਗੀ ਤਾਂ ਫਿਰ ਬਜ਼ੁਰਗ ਦੀ ਕਹੀ ਗੱਲ ਚੇਤੇ ਆਈ। "ਨਹੀਂ ਵੀ ਸੀ ਤਾਂ ਵੀ ਮੰਨ ਲੈਂਦੇ ਆਂ। ਹੋ ਸਕਦਾ ਮੈਨੂੰ ਨਾ ਚੇਤਾ ਰਿਹਾ ਹੋਵੇ, ਪਤਾ ਨਹੀਂ ਕਿਹੜੇ ਸਮਿਆਂ ਦੀ ਗੱਲ ਕਰ ਰਹੇ ਨੇ। ਜਾਂ ਫਿਰ ਮੈਂ ਉਦੋਂ ਜ਼ਿਆਦਾ ਛੋਟਾ ਹੋਵਾਂਗਾ, ਬੱਚਾ ਹੋਵਾਂਗਾ।" ਇੰਨਾ ਕਹਿ ਕੇ ਉਸਦੇ ਮਨ ਦੇ ਵਿੱਚ ਗੱਲ ਘਰ ਕਰ ਗਈ ਤੇ ਆਸ-ਪਾਸ ਉਹ ਹੁਣ ਬਲਦ ਨੂੰ ਲੱਭਦਾ ਰਹਿੰਦਾ ਹੈ।

ਇੱਕ ਦਿਨ ਅਚਾਨਕ ਜੰਗਲ ਦੇ ਵਿੱਚ ਘੁੰਮਦਾ-ਘੁਮਾਉਂਦਾ ਬਲਦ ਦੇ ਖੁਰ ਵੇਖਦਾ, ਨਿਸ਼ਾਨ ਵੇਖਦਾ ਤੇ ਉਨ੍ਹਾਂ ਨਿਸ਼ਾਨਾਂ ਨੂੰ ਫੋਲੋ ਕਰਦਾ ਜੰਗਲ ਦੇ ਕਾਫ਼ੀ ਅੰਦਰ ਤੱਕ ਚਲਾ ਜਾਂਦਾ ਹੈ। ਉਸਨੂੰ ਲੱਗਾ ਮੈਨੂੰ ਭੁਲੇਖਾ ਪਿਆ ਜਾਂ ਮੈਂ ਲੇਟ ਹੋ ਗਿਆ, ਅੱਜ ਫਿਰ ਉਹ ਘਰ ਆ ਗਿਆ। ਸਮਾਂ ਲੰਘਿਆ ਤੇ ਫਿਰ ਦੁਬਾਰਾ ਇੱਕ ਦਿਨ ਜੰਗਲ ‘ਚ ਤੁਰਿਆ ਜਾਵੇ, ਉਸਨੂੰ ਲੱਗਾ ਜਿੱਦਾਂ ਜੰਗਲ ਦੇ ਵਿੱਚ ਮੈਂ ਪੂਛ ਹਿੱਲਦੀ ਵੇਖੀ ਐ। ਝਾੜੀਆਂ ਪਰ੍ਹੇ ਕਰਕੇ ਵੇਖਿਆ ਤਾਂ ਕੀ ਪਾਉਂਦਾ ਕਿ ਉੱਥੇ ਇੱਕ ਜੰਗਲੀ ਸਾਨ੍ਹ ਭੂਤਰਿਆ ਫਿਰਦਾ ਐ। ਪਹਿਲਾਂ ਤਾਂ ਸੋਚਦਾ ਕਿ ਇਹਨੂੰ ਵੇਖ ਕੇ ਮੈਂ ਪੰਗਾ ਨਾ ਹੀ ਲਵਾਂ। ਜੇ ਹੋਵੇ ਵੀ ਤਾਂ ਇਹ ਮੇਰਾ ਬਲਦ ਨਹੀਂ ਹੋ ਸਕਦਾ, ਇੱਦਾਂ ਦਾ ਜੰਗਲੀ ਸਾਨ੍ਹ ਮੈਂ ਕਿਉਂ ਰੱਖਣਾ ਘਰ ਦੇ ਵਿੱਚ। ਪਰ ਫਿਰ ਮਨ ਦੇ ਵਿੱਚ ਵਿਚਾਰ ਆਉਂਦਾ— ਹੋ ਸਕਦਾ ਇਹ ਇੱਦਾਂ ਦਾ ਹੀ ਹੋਵੇ ਤਾਂ ਭੱਜ ਗਿਆ। ਜੇ ਕੁਦਰਤ ਨੇ ਮੈਨੂੰ ਇਹਦੇ ਨਾਲ ਮੇਲ ਕਰਾਏ ਨੇ ਤੇ ਕੋਈ ਨਾ ਕੋਈ ਇਸ਼ਾਰਾ ਤਾਂ ਜ਼ਰੂਰ ਹੋਊ।

ਮੁੜ ਕੇ ਵੇਖਿਆ ਤਾਂ ਉਹ ਬਲਦ ਵੀ ਬੜੇ ਆਪਣੇਪਨ ਦੇ ਨਾਲ ਨੌਜਵਾਨ ਵੱਲ ਵੇਖੀ ਜਾਵੇ, ਜਿੱਦਾਂ ਦੋਵੇਂ ਇੱਕ ਦੂਸਰੇ ਨੂੰ ਪਛਾਣਦੇ ਨੇ। ਇਸ ਆਪਣੇਪਨ ਨੇ ਨੌਜਵਾਨ ਨੂੰ ਬਲਦ ਵੱਲ ਨੂੰ ਖਿੱਚ ਲਿਆ। ਅੱਗੇ ਹੋ ਕੇ ਜਦੋਂ ਉਹਨੂੰ ਕਾਬੂ ਕਰਨ ਲੱਗਾ ਤਾਂ ਉਹਨੇ ਢੁੱਡ ਮਾਰ ਕੇ ਚੁੱਕ ਕੇ ਝਾੜੀਆਂ ਦੇ ਵਿੱਚ ਮਾਰਿਆ। ਨੌਜਵਾਨ ਨੂੰ ਲੱਗਾ ਕਿ ਨਹੀਂ ਇਹ ਮੇਰਾ ਨਹੀਂ ਹੋ ਸਕਦਾ। ਪਰ ਫਿਰ ਉਹਨੂੰ ਲੱਗਾ ਕਿ ਜੇਕਰ ਮੇਰਾ ਵੀ ਨਹੀਂ ਤਾਂ ਫਿਰ ਤਾਂ ਹੁਣ ਇਹਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਐ, ਇਹਨੂੰ ਵੱਸ ‘ਚ ਕਰਨਾ ਹੀ ਪੈਣਾ।

ਦੋਵੇਂ ਜਣੇ ਆਪਣੇ-ਆਪਣੇ ਯਤਨ ਲਾਉਣ ਲੱਗੇ। ਨੌਜਵਾਨ ਉਸ ਬਲਦ ਨੂੰ, ਉਸ ਸਾਨ੍ਹ ਨੂੰ ਵੱਸ ਕਰਨ ਦੇ ਵਿੱਚ ਆਪਣੀ ਪੂਰੀ ਵਾਹ ਲਾ ਦਿੰਦਾ। ਤੇ ਉਹ ਬਲਦ, ਉਹਨੂੰ ਹੁਣ ਜੰਗਲ ਦੀ ਆਦਤ ਪੈ ਚੁੱਕੀ ਐ, ਉਹ ਹੁਣ ਕਿਸੇ ਦੀ ਗੁਲਾਮੀ ਕਿੱਥੇ ਝੱਲਦਾ। ਮਾੜਾ ਜਿਹਾ ਨੌਜਵਾਨ ਗਾਹਾਂ ਆਉਂਦਾ ਤੇ ਚੁੱਕ ਕੇ ਉਹਨੂੰ ਪਰੇ ਮਾਰਦਾ। ਕਈ ਥਾਵਾਂ ਤੋਂ ਸ਼ਾਇਦ ਪਸਲੀਆਂ ਵੀ ਟੁੱਟੀਆਂ, ਲਹੂ-ਲੁਹਾਣ, ਫਿਰ ਉੱਠ ਕੇ ਖੜ੍ਹ ਜਾਂਦਾ। ਇੱਕ ਸਮਾਂ ਆਇਆ ਸੋਚਿਆ ਦਫਾ ਕਰੋ ਘਰ ਚੱਲਦੇ ਆਂ। ਕੀ ਐਵੇਂ ਪੰਗਾ ਲੈਣਾ ਇੰਨੀਆਂ ਸੱਟਾਂ-ਫੇਟਾਂ ਲਵਾ ਕੇ। ਪਤਾ ਲੱਗੇ ਬਜ਼ੁਰਗਾਂ ਨੇ ਉੱਦਾਂ ਹੀ ਗੱਲ ਕਹੀ ਸੀ।

ਪਰ ਫਿਰ ਜ਼ਖਮੀ ਹੋਇਆ ਇੱਕ ਪਾਸੇ ਬੈਠਾ ਸੋਚਦਾ— ਬਜ਼ੁਰਗ ਮੈਨੂੰ ਭਲਾ ਕਿਉਂ ਝੂਠ ਬੋਲਣਗੇ? ਉਨ੍ਹਾਂ ਨੇ ਤਾਂ ਹਮੇਸ਼ਾ ਮੇਰੇ ਭਲੇ ਲਈ ਗੱਲ ਕੀਤੀ ਐ। ਬਚਪਨ ਤੋਂ ਮੈਂ ਵੇਖਿਆ ਉਹ ਮੈਨੂੰ ਚੰਗਾ ਕਰਕੇ ਜਾਣਦੇ ਨੇ। ਉਨ੍ਹਾਂ ਦੀ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਰਮਜ਼ ਤੇ ਹੁੰਦੀ ਐ। ਇੱਦਾਂ ਨਹੀਂ ਹੋ ਸਕਦਾ। ਤੇ ਨਾਲੇ ਮੈਂ ਯਾਦ ਕਰਾਂ ਉਨ੍ਹਾਂ ਨੇ ਇਸ਼ਾਰਾ ਵੀ ਇੱਧਰ ਨੂੰ ਕੀਤਾ ਸੀ ਜੰਗਲ ਵੱਲ ਨੂੰ ਆਉਣ ਦਾ। ਇਸੇ ਕਰਕੇ ਤਾਂ ਮੈਂ ਉਸ ਦਿਨ ਦਾ ਲੱਭੀ ਜਾਂਦਾ। ਤੇ ਨਾਲੇ ਮੇਰੀ ਸਮੱਸਿਆ ਐਡੀ ਛੋਟੀ ਵੀ ਨਹੀਂ ਐ ਕਿ ਬੜੀ ਆਸਾਨੀ ਦੇ ਨਾਲ ਹੱਲ ਹੋ ਜਾਵੇ। ਇਹਨੂੰ ਵੱਸ ਦੇ ਵਿੱਚ ਕਰਨਾ ਬੜਾ ਔਖਾ ਤੇ ਜੇ ਮੈਂ ਕਰ ਲਿਆ ਤੇ ਹੋ ਸਕਦਾ ਕਿ ਮੇਰੀ ਸਮੱਸਿਆ ਦਾ ਹੱਲ ਹੋ ਜਾਵੇ। ਹੋ ਸਕਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵਾਕਈ ਪਰਤ ਆਉਣ।

ਤੇ ਹੁਣ ਉਹਨੇ ਆਪਣੀ ਪੂਰੀ ਵਾਹ ਲਾ ਕੇ ਉਸ ਸਾਨ੍ਹ ਨੂੰ ਵੱਸ ‘ਚ ਕਰਨਾ ਸ਼ੁਰੂ ਕੀਤਾ। ਬੱਸ ਗੱਲ ਇੰਨੀ ਸੀ ਕਿ ਪਹਿਲਾਂ ਹੰਭਦਾ ਕੌਣ ਐ, ਪਹਿਲਾਂ ਹੌਸਲਾ ਕੌਣ ਛੱਡਦਾ। ਨੌਜਵਾਨ ਨੇ ਹੁਣ ਆਪਣਾ ਹੌਸਲਾ ਪੱਕਾ ਕਰ ਲਿਆ ਹੈ। ਉਹ ਹੁਣ ਹਾਰਨ ਵਾਲਿਆਂ ‘ਚੋਂ ਨਹੀਂ ਸੀ ਲੱਗਦਾ। ਵਾਰ-ਵਾਰ ਸਾਨ੍ਹ ਉਹਨੂੰ ਚੁੱਕ ਕੇ ਸੁੱਟਦਾ ਤੇ ਫਿਰ ਉੱਠ ਕੇ ਖੜ੍ਹ ਜਾਂਦਾ। ਇੱਧਰੋਂ-ਉੱਧਰੋਂ ਕਈ ਉਹਨੇ ਸੋਟੀਆਂ ਫੜ ਕੇ ਵਰਤੀਆਂ। ਹੌਲੀ-ਹੌਲੀ ਉਹਨੇ ਕੋਲੋਂ ਦੱਬ ਫੜੀ ਇੱਕ ਰੱਸਾ ਵੱਟਿਆ। ਸਾਨ੍ਹ ਦੇ ਸਿੰਗਾਂ ਦੇ ਉੱਤੇ ਸੁੱਟਿਆ। ਇੱਕ ਵਾਰ, ਦੋ ਵਾਰ, ਅਖੀਰਕਾਰ ਉਹ ਕਾਮਯਾਬ ਹੋ ਗਿਆ। ਹੁਣ ਉਹ ਸਾਨ੍ਹ ਵੀ ਥੋੜ੍ਹਾ ਹੰਭ ਗਿਆ ਸੀ ਤੇ ਇੱਧਰ ਨੌਜਵਾਨ ਵੀ ਪੂਰਾ ਹੌਸਲੇ ਦੇ ਵਿੱਚ। ਤੇ ਦੂਜਾ ਉਹਦਾ ਦਾਅ ਵੀ ਉਹਦੇ ਸਿੰਗਾਂ ‘ਤੇ ਪੈ ਗਿਆ। ਗੱਲ ਕਾਹਦੀ ਕਿ ਸ਼ਾਮਾਂ ਤੱਕ ਦੋਵੇਂ ਆਪਸ ਦੇ ਵਿੱਚ ਭਿੜਦੇ ਰਹੇ। ਬੁਰੇ ਹਾਲ ਨੌਜਵਾਨ ਵੀ ਹਾਰ ਨਾ ਮੰਨੀ ਤੇ ਅਖੀਰਕਾਰ ਸ਼ਾਮਾਂ ਨੂੰ ਉਹ ਭੂਤਰਿਆ ਸਾਨ੍ਹ ਢਹਿ-ਢੇਰੀ ਹੋ ਗਿਆ। ਉਹਨੇ ਥੱਕੇ-ਟੁੱਟੇ ਨੇ ਨੌਜਵਾਨ ਦੇ ਅੱਗੇ ਗੋਡੇ ਟੇਕ ਦਿੱਤੇ। ਕਿਉਂਕਿ ਇਨਸਾਨ ਭਾਵੇਂ ਤਾਕਤ ਦੇ ਵਿੱਚ ਜਾਨਵਰਾਂ ਤੋਂ ਘੱਟ ਹੋਵੇ ਪਰ ਫਿਰ ਵੀ ਜੇ ਹੌਸਲਾ ਨਾ ਛੱਡੇ ਤੇ ਆਪਣੀ ਬੁੱਧੀ ਦੇ ਨਾਲ ਕਾਬੂ ਜ਼ਰੂਰ ਜਾਨਵਰ ‘ਤੇ ਪਾ ਸਕਦਾ ਹੈ।

ਨੌਜਵਾਨ ਨੇ ਸਾਨ੍ਹ ਕਾਬੂ ਦੇ ਵਿੱਚ ਕੀਤਾ। ਉਸੇ ਰੱਸੇ ਦੇ ਨਾਲ ਬੰਨ੍ਹ ਕੇ ਤੇ ਹੁਣ ਘਰ ਨੂੰ ਤੁਰਿਆ ਆਉਂਦਾ। ਰਾਹ ਦੇ ਵਿੱਚ ਕੀ ਵੇਖਦਾ ਉਹ ਹੀ ਬਜ਼ੁਰਗ ਬੈਠੇ ਨੇ। ਬਜ਼ੁਰਗ ਬੜੇ ਖੁਸ਼ ਹੋਏ ਨੌਜਵਾਨ ਨੂੰ ਵੇਖ ਕੇ। "ਅੱਛਾ ਫਿਰ ਲੱਭ ਹੀ ਗਿਆ ਤੈਨੂੰ ਤੇਰਾ ਸਾਨ੍ਹ, ਤੈਨੂੰ ਤੇਰਾ ਬਲਦ ਲੱਭ ਗਿਆ। ਤੈਨੂੰ ਵਧਾਈਆਂ ਹੋਣ।" ਅੱਜ ਨੌਜਵਾਨ ਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਖੁਸ਼ੀ ਹੈ। ਉਹਨੂੰ ਇੱਦਾਂ ਲੱਗਦਾ ਜਿੱਦਾਂ ਉਹਦਾ ਬਚਪਨ ਪਰਤ ਆਇਆ ਹੋਵੇ। ਉਹਨੂੰ ਇੱਦਾਂ ਲੱਗ ਰਿਹਾ ਜਿੱਦਾਂ ਹਰ ਕੋਈ ਇਹਦੀ ਵਾਹ-ਵਾਹੀ ਕਰ ਰਿਹਾ ਹੋਵੇ। ਉਹਨੂੰ ਇੱਦਾਂ ਲੱਗ ਰਿਹਾ ਜਿੱਦਾਂ ਉਹਦੀ ਜ਼ਿੰਦਗੀ ਚੋਂ ਬੜੀਆਂ ਦੁੱਖ-ਤਕਲੀਫ਼ਾਂ ਦੂਰ ਹੋ ਗਈਆਂ ਹੋਣ। ਅੱਜ ਜਿਹੜਾ ਵੀ ਉਹਨੂੰ ਮਿਲਦਾ ਬੜਾ ਖੁਸ਼ ਹੋ ਕੇ ਮਿਲਦਾ।

ਨੌਜਵਾਨ ਸੋਚਦਾ— ਇਹ ਸਾਰਾ ਕੁਝ ਇਸ ਗੁਆਚੇ ਬਲਦ ਦੇ ਕਰਕੇ ਸੀ ਭਲਾ? ਤੇ ਬਜ਼ੁਰਗਾਂ ਦੇ ਕੋਲ ਲਾਗੇ ਜਾ ਕੇ ਪੁੱਛਣ ਲੱਗਾ— "ਬਜ਼ੁਰਗੋ! ਇਹ ਕੀ ਰਮਜ਼ ਹੈ? ਇਹ ਕੀ ਹੋਇਆ ਭਲਾ? ਇੱਕ ਬਲਦ ਦੇ ਗੁਆਚਣ ਦੇ ਕਰਕੇ ਮੇਰੀ ਜ਼ਿੰਦਗੀ ਦੇ ਉੱਤੇ ਇੰਨਾ ਅਸਰ ਕਿਉਂ?"

ਬਜ਼ੁਰਗ ਨੇ ਆਸ਼ੀਰਵਾਦ ਦਿੰਦਿਆਂ ਕਿਹਾ— "ਕਾਕਾ ਇਹ ਬਲਦ ਨਹੀਂ ਇਹ ਤੇਰਾ ਹੰਕਾਰ ਹੈ। ਜਿੱਦਾਂ-ਜਿੱਦਾਂ ਤੂੰ ਵੱਡਾ ਹੁੰਦਾ ਗਿਆ ਉੱਦਾਂ-ਉੱਦਾਂ ਇਹ ਤੇਰਾ ਬਲਦ ਤੇਰੇ ਤੋਂ ਗੁਆਚਦਾ ਗਿਆ, ਤੇਰੇ ‘ਤੇ ਹਾਵੀ ਹੁੰਦਾ ਗਿਆ ਹੰਕਾਰ। ਅੱਜ ਤੂੰ ਆਪਣੇ ਹੰਕਾਰ ਦੇ ਉੱਤੇ ਜਿੱਤ ਪਾ ਕੇ ਆਇਆ ਹੈਂ। ਆਪਣੇ ਹੰਕਾਰ ਦੇ ਉੱਤੇ ਕਾਬੂ ਪਾਉਣਾ, ਆਪਣੇ ਆਪ ਦੇ ਉੱਤੇ ਕਾਬੂ ਪਾਉਣਾ ਕਿਸੇ ਜੰਗਲੀ ਪੂਤ੍ਹਰੇ ਸਾਨ੍ਹ ਨੂੰ ਕਾਬੂ ਕਰਨ ਤੋਂ ਘੱਟ ਨਹੀਂ। ਤੇ ਜੇ ਕੋਈ ਕਰ ਲੈਂਦਾ, ਹਿੰਮਤ ਮਾਰਦਾ ਤੇਰੇ ਵਾਂਗੂੰ ਤੇ ਫਿਰ ਉਹਦੀ ਜ਼ਿੰਦਗੀ ਦੀਆਂ ਬੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ। ਇੱਕ ਸਮਾਂ ਆਉਂਦਾ ਜਦੋਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਉਹਦੇ ਕੋਲੋਂ ਇਹ ਬਲਦ ਗੁਆਚ ਜਾਂਦਾ ਹੈ। ਪਰ ਤੇਰੇ ਵਾਂਗੂੰ ਹਰ ਕੋਈ ਹਿੰਮਤ ਨਹੀਂ ਕਰ ਪਾਉਂਦਾ। ਪਹਿਲੀ ਗੱਲ ਤਾਂ ਸਾਡੇ ਵਰਗਿਆਂ ਦੀ ਕੋਈ ਮੰਨਦਾ ਨਹੀਂ। ਉਹਨੂੰ ਲੱਗਦਾ ਕਿ ਨਹੀਂ ਇਹ ਝੂਠ ਬੋਲਦੇ ਨੇ। ਦੂਸਰੀ ਗੱਲ ਕੋਈ ਲੱਭਣ ਦੇ ਯਤਨ ਨਹੀਂ ਕਰਦਾ। ਤੀਸਰੀ ਗੱਲ ਜੇ ਲੱਭ ਲੈਂਦਾ, ਕੋਈ ਦੱਸ ਹੀ ਦਿੰਦਾ ਤੇ ਉਹਦੇ ਉੱਤੇ ਉਹ ਕਾਬੂ ਨਹੀਂ ਪਾ ਪਾਉਂਦਾ। ਕਿਉਂਕਿ ਇਹਦੇ ਲਈ ਬੜੀ ਹਿੰਮਤ ਚਾਹੀਦੀ ਹੈ, ਬੜਾ ਜਜ਼ਬਾ ਚਾਹੀਦਾ ਹੈ, ਬੜਾ ਆਪਣੇ ਆਪ ‘ਤੇ ਭਰੋਸਾ ਚਾਹੀਦਾ ਹੈ। ਹੌਲੀ-ਹੌਲੀ ਇਹ ਬਲਦ ਜੰਗਲ ‘ਚ ਰਹਿ ਕੇ ਇੰਨਾ ਕੁ ਜ਼ਿਆਦਾ ਮੱਛਰ ਜਾਂਦਾ ਹੈ, ਇੰਨਾ ਕੁ ਜ਼ਿਆਦਾ ਤਗੜਾ ਹੋ ਜਾਂਦਾ ਹੈ ਕਿ ਇਨਸਾਨੀ ਸਰੀਰ ਥੋੜ੍ਹੀ ਕਿਤਿਆਂ ਇਹਨੂੰ ਕਾਬੂ ‘ਚ ਨਹੀਂ ਪਾ ਪਾਉਂਦਾ। ਜੇ ਤੂੰ ਕਰ ਲਿਆ ਤੇ ਹੁਣ ਵੇਖ ਤੇਰੀ ਜ਼ਿੰਦਗੀ।"

ਜਪਾਨ ਦੇ ਵਿੱਚ ਕਹਿੰਦੇ ਨੇ ਇਹ ਕਹਾਣੀ ਜ਼ੈਨੀਆਂ ਨੂੰ ਸੁਣਾਈ ਜਾਂਦੀ ਹੈ, ਉਹਨਾਂ ਨੂੰ ਇਹ ਸਮਝਾਉਣ ਦੇ ਲਈ ਕਿ ਹੰਕਾਰ ਸਾਡੀ ਜ਼ਿੰਦਗੀ ਦੇ ਵਿੱਚ ਕੀ-ਕੀ ਵਿਗਾੜ ਪਾਉਂਦਾ ਹੈ। ਤੇ ਹੰਕਾਰ ਨੂੰ ਕਾਬੂ ਕਰਨਾ ਕੋਈ ਸੌਖਾ ਨਹੀਂ ਤੇ ਸ਼ਾਇਦ ਕੋਈ ਹੀ ਹੋਵੇ ਜਿਹੜਾ ਇਹਤੋਂ ਬਚੇ। ਜੋ ਵੀ ਆਪਾਂ ਜ਼ਿੰਦਗੀ ਦੇ ਵਿੱਚ ਕਮਾਉਂਦੇ ਹਾਂ, ਖੱਟਦੇ ਹਾਂ, ਜੋ ਵੀ ਸਾਡੇ ਸਰੀਰ ਦੇ ਵਿੱਚ ਬਲ ਹੈ, ਜੋ ਵੀ ਸਾਡੇ ਕੋਲ ਪੈਸਾ-ਧੇਲਾ, ਪਰਿਵਾਰ ਹੈ, ਸ਼ੋਹਰਤ ਹੈ, ਉਹ ਸਭ ਕੁਝ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਕਿਤੇ ਨਾ ਕਿਤੇ ਹਰ ਇੱਕ ਇਨਸਾਨ ਦੇ ਵਿੱਚ ਇਹ ਹੰਕਾਰ ਆ ਹੀ ਜਾਂਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇਹਨੂੰ ਕਾਬੂ ਨਹੀਂ ਕਰ ਸਕਦੇ। ਪਰ ਕਾਬੂ ਕਰਨ ਦੇ ਲਈ ਬੜੀ ਹਿੰਮਤ ਚਾਹੀਦੀ ਹੈ। ਤੇ ਜੇ ਹੋ ਜਾਵੇ ਤੇ ਫਿਰ ਜ਼ਿੰਦਗੀ ਕਾਫ਼ੀ ਸੁਖਾਲੀ ਹੋ ਜਾਂਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।

Listen Audio Story

ਗੁਆਚਿਆ ਬਲਦ - Punjabi Motivational Story - Ranjodh Singh Image

ਗੁਆਚਿਆ ਬਲਦ - Punjabi Motivational Story - Ranjodh Singh

Date: 21 Apr 2026 Duration: 10 mins

ਕਾਕਾ ਇਹ ਬਲਦ ਨਹੀਂ ਇਹ ਤੇਰਾ ਹੰਕਾਰ ਹੈ। A Punjabi motivational story about taming the ego for a happier life — listen to Radio Haanji Kitaab Kahani.

What's Your Reaction?

like

dislike

love

funny

angry

sad

wow