ਮੇਰੇ ਵਿਚਾਰਾਂ ਨੂੰ ਸੁਣਿਆ ਨਹੀਂ ਗਿਆ: ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ ਛੱਡਣ ਦੇ ਦੱਸੇ ਕਾਰਨ
ਸਾਬਕਾ ਭਾਰਤੀ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ (AAP) ਛੱਡਣ ਦੇ ਕਾਰਨਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇੱਕ ਇੰਟਰਵਿਊ ਦੌਰਾਨ ਹਰਭਜਨ ਸਿੰਘ ਨੇ ਦੱਸਿਆ ਕਿ ਉਹ 'ਆਪ' ਵਿੱਚ ਖੇਡਾਂ ਨੂੰ ਹੁਲਾਰਾ ਦੇਣ ਅਤੇ ਨਸ਼ਿਆਂ ਖ਼ਿਲਾਫ਼ ਕੰਮ ਕਰਨ ਦੇ ਮਕਸਦ ਨਾਲ ਸ਼ਾਮਲ ਹੋਏ ਸਨ, ਪਰ ਪਾਰਟੀ ਅੰਦਰ ਉਨ੍ਹਾਂ ਦੇ ਸੁਝਾਵਾਂ ਅਤੇ ਵਿਚਾਰਾਂ ਨੂੰ ਲਗਾਤਾਰ ਅਣਦੇਖਾ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਪਾਰਟੀ ਵਿੱਚ ਉਨ੍ਹਾਂ ਦਾ ਮੁੱਖ ਮਕਸਦ ਹੀ ਪੂਰਾ ਨਹੀਂ ਹੋ ਰਿਹਾ ਸੀ, ਤਾਂ ਉਨ੍ਹਾਂ ਨੇ ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਕੀਤਾ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ (AAP) ਛੱਡ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਦੇ ਆਪਣੇ ਫੈਸਲੇ 'ਤੇ ਵੱਡਾ ਖੁਲਾਸਾ ਕੀਤਾ ਹੈ। ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ 'ਆਪ' ਵਿੱਚ ਉਨ੍ਹਾਂ ਦੇ ਵਿਚਾਰਾਂ ਅਤੇ ਸੁਝਾਵਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ।
ਹਰਭਜਨ ਸਿੰਘ ਨੇ ਯਾਦ ਕਰਦਿਆਂ ਦੱਸਿਆ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ 'ਆਪ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਤਾਂ ਉਨ੍ਹਾਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਰਾਜਨੀਤੀ ਵਿੱਚ ਨਹੀਂ ਸਗੋਂ ਖੇਡਾਂ ਅਤੇ ਪੰਜਾਬ ਦੇ ਮੁੱਦਿਆਂ 'ਤੇ ਹੀ ਆਪਣਾ ਧਿਆਨ ਕੇਂਦਰਿਤ ਕਰਨਗੇ। ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਅਤੇ ਕੌਮੀ ਪੱਧਰ 'ਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਸੂਬੇ ਵਿੱਚ ਵਧ ਰਹੇ ਨਸ਼ਿਆਂ ਦੇ ਕੋੜ੍ਹ ਵਿਰੁੱਧ ਠੋਸ ਕਦਮ ਚੁੱਕਣਾ ਸੀ।
ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਵੀ ਉਨ੍ਹਾਂ ਨੇ ਖੇਡਾਂ ਦੇ ਵਿਕਾਸ ਅਤੇ ਨਸ਼ਾਮੁਕਤੀ ਲਈ ਆਪਣੇ ਸੁਝਾਅ ਪੇਸ਼ ਕੀਤੇ, ਤਾਂ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਆਖਿਆ, "ਜਿਸ ਕੰਮ ਲਈ ਮੈਂ ਪਾਰਟੀ ਵਿੱਚ ਆਇਆ ਸੀ, ਜੇਕਰ ਉਸ ਵੱਲ ਇੱਕ ਛੋਟਾ ਜਿਹਾ ਕਦਮ ਵੀ ਚੁੱਕਿਆ ਜਾਂਦਾ ਤਾਂ ਮੈਂ ਪਾਰਟੀ ਨਾ ਛੱਡਦਾ। ਪਰ ਜਦੋਂ ਮੇਰੇ ਸੁਝਾਅ ਸਿਰਫ਼ ਸੁਝਾਅ ਹੀ ਬਣ ਕੇ ਰਹਿ ਗਏ ਅਤੇ ਮੇਰਾ ਮਕਸਦ ਪੂਰਾ ਨਹੀਂ ਹੋਇਆ, ਤਾਂ ਮੇਰੇ ਕੋਲ ਪਾਰਟੀ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।"
'ਆਪ' ਵੱਲੋਂ ਲਗਾਏ ਗਏ 'ਧੋਖੇਬਾਜ਼' ਦੇ ਦੋਸ਼ਾਂ ਅਤੇ ਉਨ੍ਹਾਂ ਦੇ ਘਰ ਬਾਹਰ ਹੋਏ ਪ੍ਰਦਰਸ਼ਨਾਂ 'ਤੇ ਬੋਲਦਿਆਂ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕ ਜਾਣਦੇ ਹਨ ਕਿ ਉਹ ਕੌਣ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜਿਹੜੇ ਲੋਕ ਉਨ੍ਹਾਂ ਨੂੰ ਖੇਡਾਂ ਕਰਕੇ ਪਿਆਰ ਕਰਦੇ ਹਨ, ਉਹ ਉਨ੍ਹਾਂ ਦੇ ਪੁਤਲੇ ਕਿਉਂ ਸਾੜਨਗੇ? ਉਨ੍ਹਾਂ ਆਖਿਆ ਕਿ ਸਿਰਫ਼ ਕਿਸੇ ਦੇ ਕਹਿਣ ਨਾਲ ਕੋਈ ਧੋਖੇਬਾਜ਼ ਨਹੀਂ ਬਣ ਜਾਂਦਾ। ਹਰਭਜਨ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਦੇਸ਼ ਪ੍ਰਤੀ ਉਨ੍ਹਾਂ ਦਾ ਪਿਆਰ ਕਿਸੇ ਪ੍ਰਮਾਣ ਦਾ ਮੁਹਤਾਜ ਨਹੀਂ ਹੈ।
What's Your Reaction?