ਪੰਜਾਬ ਦੀ ਸਿਆਸਤ ’ਚ ਨਵਾਂ ਧਮਾਕਾ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 'ਪੁਨਰ ਸੁਰਜੀਤ ਅਕਾਲੀ ਦਲ' ਤੋਂ ਹੋਏ ਵੱਖ; ਕਿਹਾ—ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰਾਂ ਦਾ ਮੇਲ ਨਹੀਂ, ਸਾਂਝੀ ਪੰਥਕ ਲੜਾਈ ਸਮੇਂ ਦੀ ਲੋੜ

ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਵਜੋਂ ਹੋਂਦ ਵਿੱਚ ਆਏ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ' ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਜਥੇਬੰਦੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਚੰਦੂਮਾਜਰਾ ਨੇ ਕਿਹਾ ਕਿ ਪੰਥਕ ਏਕਤਾ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਸੱਦੇ 'ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਏ ਜਨਤਕ ਪ੍ਰਤੀਕਰਮ ਤੋਂ ਸਾਫ਼ ਹੋ ਗਿਆ ਹੈ ਕਿ ਦੋਵਾਂ ਧਿਰਾਂ ਦੀ ਸੋਚ, ਕਾਰਜਸ਼ੈਲੀ ਅਤੇ ਨਜ਼ਰੀਆ ਆਪਸ ਵਿੱਚ ਮੇਲ ਨਹੀਂ ਖਾਂਦੇ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਜਥੇਬੰਦਕ ਸਰਗਰਮੀਆਂ ਦੀ ਘਾਟ ਕਾਰਨ ਆਗੂਆਂ ਦੀ ਭੂਮਿਕਾ ਸਿਰਫ਼ ਅਖ਼ਬਾਰੀ ਬਿਆਨਾਂ ਤੱਕ ਸਿਮਟ ਕੇ ਰਹਿ ਗਈ ਸੀ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਸਾਰੇ ਅਕਾਲੀ ਧੜਿਆਂ ਨੂੰ ਵੰਡੀਆਂ ਛੱਡ ਕੇ ਪੰਜਾਬ ਤੇ ਪੰਥ ਦੇ ਹਿੱਤਾਂ ਲਈ ਇੱਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ।

Nov 5, 2026 - 01:22
 0  0

Share -

ਪੰਜਾਬ ਦੀ ਸਿਆਸਤ ’ਚ ਨਵਾਂ ਧਮਾਕਾ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ 'ਪੁਨਰ ਸੁਰਜੀਤ ਅਕਾਲੀ ਦਲ' ਤੋਂ ਹੋਏ ਵੱਖ; ਕਿਹਾ—ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰਾਂ ਦਾ ਮੇਲ ਨਹੀਂ, ਸਾਂਝੀ ਪੰਥਕ ਲੜਾਈ ਸਮੇਂ ਦੀ ਲੋੜ
Image Source - Prem Singh Chandumajra Official Facebook Page

ਪੰਜਾਬ ਦੀ ਪੰਥਕ ਅਤੇ ਖੇਤਰੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਬਣਾਏ ਗਏ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਧੜੇ ਵਿੱਚ ਖੜਕਾ-ਦੜਕਾ ਸ਼ੁਰੂ ਹੋ ਗਿਆ ਹੈ ਅਤੇ ਸੀਨੀਅਰ ਟਕਸਾਲੀ ਨੇਤਾ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਜਥੇਬੰਦੀ ਤੋਂ ਵੱਖ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਹੈ।

ਪ੍ਰੋ. ਚੰਦੂਮਾਜਰਾ ਨੇ ਆਪਣੇ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਤੌਰ 'ਤੇ ਪੰਥ ਅਤੇ ਪੰਜਾਬ ਦੀ ਸਿਰਮੌਰ ਨੁਮਾਇੰਦਾ ਜਮਾਤ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੇ ਲੰਮੇ ਜਨਤਕ ਜੀਵਨ ਦੌਰਾਨ ਸੂਬੇ ਦੇ ਹੱਕਾਂ ਲਈ ਹਮੇਸ਼ਾ ਮੋਹਰੀ ਹੋ ਕੇ ਲੜਾਈ ਲੜੀ ਹੈ। ਹਾਲਾਂਕਿ, ਉਨ੍ਹਾਂ ਡੂੰਘੇ ਦੁੱਖ ਨਾਲ ਪ੍ਰਗਟਾਵਾ ਕੀਤਾ ਕਿ ਮੌਜੂਦਾ ਹਾਲਾਤਾਂ ਵਿੱਚ ਪੁਨਰ ਸੁਰਜੀਤ ਧੜਾ ਜ਼ਮੀਨੀ ਪੱਧਰ 'ਤੇ ਕੋਈ ਠੋਸ ਜਾਂ ਸਾਰਥਕ ਭੂਮਿਕਾ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਫ਼ੈਸਲਿਆਂ ਵਿਰੁੱਧ ਕੋਈ ਠੋਸ ਸਿਆਸੀ ਸੰਘਰਸ਼ ਵਿੱਢਣ ਦੀ ਬਜਾਏ ਆਗੂਆਂ ਦੀ ਭੂਮਿਕਾ ਮਹਿਜ਼ ਅਖ਼ਬਾਰੀ ਬਿਆਨਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।

ਵੱਖ ਹੋਣ ਦੇ ਮੁੱਖ ਕਾਰਨਾਂ ਦਾ ਖ਼ੁਲਾਸਾ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਸਮੂਹ ਪੰਥਕ ਧਿਰਾਂ ਨੂੰ ਵੰਡੀਆਂ ਮਿਟਾ ਕੇ ਇੱਕ ਸਾਂਝੇ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਪ੍ਰੰਤੂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਅਪੀਲ 'ਤੇ ਦਿੱਤੇ ਗਏ ਜਨਤਕ ਪ੍ਰਤੀਕਰਮ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਸੋਚ,ਵਿਚਾਰਧਾਰਾ ਅਤੇ ਕੰਮ ਕਰਨ ਦਾ ਢੰਗ ਆਪਸ ਵਿੱਚ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਮਨਾਂ ਤੋਂ ਬੇਲੋੜਾ ਬੋਝ ਉਤਾਰਨ ਲਈ ਉਨ੍ਹਾਂ ਨੇ ਇਸ ਜਥੇਬੰਦੀ ਤੋਂ ਲਾਂਭੇ ਹੋਣਾ ਹੀ ਵਾਜਬ ਸਮਝਿਆ ਹੈ।

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਚੰਦੂਮਾਜਰਾ ਨੇ ਚਿਤਾਵਨੀ ਦਿੱਤੀ ਕਿ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿੱਚ ਖਿੰਡੇ ਹੋਣ ਦਾ ਸਿੱਧਾ ਫ਼ਾਇਦਾ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਉਠਾ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਹਿੱਤਾਂ, ਖੇਤਰੀ ਹੱਕਾਂ ਅਤੇ ਪੰਜਾਬੀਅਤ ਦੀ ਰਾਖੀ ਲਈ ਸਾਰੀਆਂ ਪੰਜਾਬ-ਪੱਖੀ ਧਿਰਾਂ ਦਾ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ 'ਤੇ ਇਕੱਤਰ ਹੋਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਇਤਿਹਾਸਕ ਲੋੜ ਹੈ।

What's Your Reaction?

like

dislike

love

funny

angry

sad

wow