ਕੈਂਸਰ ਮਰੀਜ਼ਾਂ ਲਈ ਵੱਡੀ ਰਾਹਤ: 1,364 ਦਵਾਈਆਂ ਦੀਆਂ ਕੀਮਤਾਂ ’ਚ ਭਾਰੀ ਕਟੌਤੀ, ਨਵੇਂ ਰੇਟ ਅੱਜ ਤੋਂ ਲਾਗੂ; ਸਾਲਾਨਾ ₹3,540 ਕਰੋੜ ਦੀ ਹੋਵੇਗੀ ਬੱਚਤ, ਕੁਝ ਦਵਾਈਆਂ 96% ਤੱਕ ਸਸਤੀਆਂ
ਕੈਂਸਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਵਿੱਤੀ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ 1,364 ਦਵਾਈਆਂ (ਬ੍ਰਾਂਡਾਂ) ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ (MRP) ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ, ਜੋ ਕਿ ਅੱਜ ਸੋਮਵਾਰ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈ ਹੈ। ਇਸ ਫ਼ੈਸਲੇ ਨਾਲ ਮਰੀਜ਼ਾਂ ਦੇ ਸਾਲਾਨਾ ਲਗਭਗ 3,540 ਕਰੋੜ ਰੁਪਏ ਬਚਣ ਦਾ ਅੰਦਾਜ਼ਾ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਸਿਹਤ ਮੰਤਰਾਲੇ ਦੀ ਮਾਹਿਰ ਕਮੇਟੀ ਦੀ ਸਿਫ਼ਾਰਸ਼ ’ਤੇ 137 ਕੈਂਸਰ ਰੋਕੂ ਦਵਾਈਆਂ ਦੇ ਵਪਾਰਕ ਮੁਨਾਫ਼ੇ (ਟਰੇਡ ਮਾਰਜਿਨ) ’ਤੇ ਕੈਪ ਲਗਾ ਦਿੱਤੀ ਹੈ। ਇਸ ਕਦਮ ਮਗਰੋਂ 85 ਫਾਰਮਾ ਕੰਪਨੀਆਂ ਨੇ ਨਵੀਆਂ ਘਟੀਆਂ ਕੀਮਤਾਂ ਸੂਚਿਤ ਕਰ ਦਿੱਤੀਆਂ ਹਨ। ਕੁੱਲ 679 ਬ੍ਰਾਂਡਾਂ ਦੀਆਂ ਕੀਮਤਾਂ ਅੱਧਿਓਂ ਵੀ ਘੱਟ ਹੋ ਗਈਆਂ ਹਨ, ਜਦਕਿ ਕਈ ਦਵਾਈਆਂ ਵਿੱਚ 96 ਫ਼ੀਸਦੀ ਤੱਕ ਦੀ ਕਟੌਤੀ ਦਰਜ ਕੀਤੀ ਗਈ ਹੈ।
ਦੇਸ਼ ਭਰ ਵਿੱਚ ਮਹਿੰਗੇ ਇਲਾਜ ਦੀ ਮਾਰ ਝੱਲ ਰਹੇ ਲੱਖਾਂ ਕੈਂਸਰ ਮਰੀਜ਼ਾਂ ਲਈ ਸੋਮਵਾਰ ਦਾ ਦਿਨ ਵੱਡੀ ਰਾਹਤ ਲੈ ਕੇ ਆਇਆ ਹੈ। ਕੇਂਦਰ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਵਿੱਚ ਕੰਮ ਆਉਣ ਵਾਲੀਆਂ 1,364 ਦਵਾਈਆਂ ਦੀਆਂ ਕੀਮਤਾਂ ਵਿੱਚ ਕੀਤੀ ਗਈ ਇਤਿਹਾਸਕ ਕਟੌਤੀ ਅੱਜ ਤੋਂ ਅਧਿਕਾਰਤ ਤੌਰ 'ਤੇ ਲਾਗੂ ਹੋ ਗਈ ਹੈ। ਇਸ ਕਦਮ ਨਾਲ ਦੇਸ਼ ਭਰ ਦੇ ਕੈਂਸਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਾਲਾਨਾ ਕਰੀਬ 3,540 ਕਰੋੜ ਰੁਪਏ ਦੀ ਸਿੱਧੀ ਬੱਚਤ ਹੋਣ ਦਾ ਅਨੁਮਾਨ ਹੈ।
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਦੇ ਅਧਿਕਾਰੀਆਂ ਅਨੁਸਾਰ, ਕੇਂਦਰੀ ਸਿਹਤ ਮੰਤਰਾਲੇ ਦੀ ਮਾਹਿਰ ਕਮੇਟੀ ਵੱਲੋਂ ਪਿਛਲੇ ਮਹੀਨੇ 17 ਅਕਤੂਬਰ ਨੂੰ ਸੌਂਪੀ ਗਈ ਰਿਪੋਰਟ ਦੇ ਆਧਾਰ 'ਤੇ ਇਹ ਕਦਮ ਚੁੱਕਿਆ ਗਿਆ ਹੈ। ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ 137 ਮੁੱਖ ਕੈਂਸਰ ਰੋਕੂ ਦਵਾਈਆਂ ਦੇ ਵਪਾਰਕ ਮੁਨਾਫ਼ੇ (Trade Margin) 'ਤੇ ਸੀਮਾ (ਕੈਪ) ਲਗਾ ਦਿੱਤੀ ਗਈ ਹੈ, ਤਾਂ ਜੋ ਦਵਾਈ ਨਿਰਮਾਤਾ ਅਤੇ ਵਿਤਰਕ ਮਨਮਾਨਾ ਮੁਨਾਫ਼ਾ ਵਸੂਲ ਕੇ ਮਰੀਜ਼ਾਂ ਦੀ ਲੁੱਟ ਨਾ ਕਰ ਸਕਣ। ਇਸ ਨਿਯਮ ਦੇ ਲਾਗੂ ਹੁੰਦਿਆਂ ਹੀ 8 ਨਵੰਬਰ ਤੱਕ 85 ਪ੍ਰਮੁੱਖ ਦਵਾਈ ਕੰਪਨੀਆਂ ਨੇ ਆਪਣੇ ਰੇਟ ਘਟਾ ਕੇ ਨਵੀਆਂ ਕੀਮਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਕੇਂਦਰੀ ਫਾਰਮਾਸਿਊਟੀਕਲ ਵਿਭਾਗ ਨੇ ਦੱਸਿਆ ਕਿ ਸੂਚੀਬੱਧ ਕੈਂਸਰ ਦਵਾਈਆਂ ਵਿੱਚੋਂ 679 ਬ੍ਰਾਂਡਾਂ ਦੀਆਂ ਕੀਮਤਾਂ ਅੱਧਿਓਂ ਵੀ ਵੱਧ ਘੱਟ ਗਈਆਂ ਹਨ (ਯਾਨੀ 50 ਫ਼ੀਸਦੀ ਤੋਂ ਜ਼ਿਆਦਾ ਕਟੌਤੀ ਹੋਈ ਹੈ)। ਇੱਥੋਂ ਤੱਕ ਕਿ ਕੁਝ ਜੀਵਨ-ਰੱਖਿਅਕ ਦਵਾਈਆਂ ਦੇ ਰੇਟਾਂ ਵਿੱਚ 96 ਫ਼ੀਸਦੀ ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰ ਨੇ ਸਾਰੇ ਹਸਪਤਾਲਾਂ, ਨਰਸਿੰਗ ਹੋਮਾਂ ਅਤੇ ਪ੍ਰਚੂਨ ਮੈਡੀਕਲ ਸਟੋਰਾਂ ਨੂੰ ਸਖ਼ਤ ਹਦਾਇਤ ਜਾਰੀ ਕੀਤੀ ਹੈ ਕਿ ਕਿਸੇ ਵੀ ਹਾਲਤ ਵਿੱਚ ਮਰੀਜ਼ਾਂ ਕੋਲੋਂ ਸੋਧੇ ਹੋਏ ਐੱਮਆਰਪੀ (MRP) ਤੋਂ ਵੱਧ ਪੈਸੇ ਨਾ ਵਸੂਲੇ ਜਾਣ।
ਮਰੀਜ਼ ਸਹੀ ਕੀਮਤ ਦੀ ਜਾਂਚ ਕਿਵੇਂ ਕਰਨ?
ਖ਼ਪਤਕਾਰ ਅਤੇ ਮਰੀਜ਼ ਦਵਾਈ ਦੇ ਪੈਕੇਟ ਉੱਤੇ ਛਪੇ ਨਵੇਂ ਐੱਮਆਰਪੀ ਰਾਹੀਂ ਰੇਟ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਦੀ 'ਫਾਰਮਾ ਸਹੀ ਦਾਮ' (Pharma Sahi Daam) ਮੋਬਾਈਲ ਐਪਲੀਕੇਸ਼ਨ ਜਾਂ NPPA ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਕਿਸੇ ਵੀ ਬ੍ਰਾਂਡ ਦੀ ਨਿਰਧਾਰਤ ਕੀਮਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਕੈਮਿਸਟ ਜਾਂ ਹਸਪਤਾਲ ਤੈਅ ਰੇਟ ਤੋਂ ਵੱਧ ਪੈਸੇ ਵਸੂਲਦਾ ਹੈ, ਤਾਂ ਮਰੀਜ਼ 'ਫਾਰਮਾ ਜਨ ਸਮਾਧਾਨ' ਪੋਰਟਲ 'ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ ਟੋਲ-ਫ਼੍ਰੀ ਨੰਬਰ 1800-111-255 'ਤੇ ਤੁਰੰਤ ਸ਼ਿਕਾਇਤ ਕਰ ਸਕਦੇ ਹਨ।
What's Your Reaction?
