ਟਕੋਰਾ - Read Punjabi Short Story
ਟਕੋਰਾ ਪੜ੍ਹੋ — ਇੱਕ ਬੋਧ ਕਥਾ। A powerful Punjabi moral story about stubborn pride — read the full text free on Radio Haanji.
ਕਹਿੰਦੇ ਇੱਕ ਵਾਰੀ, ਇੱਕ ਵਾਰੀ ਵੁੱਡ-ਪੈਕਰ (ਜਾਨੀ ਕਿ ਕਈ ਇਲਾਕਿਆਂ ਦੇ ਵਿੱਚ ਇਹਨੂੰ ਲੱਕੜਹਾਰਾ ਵੀ ਕਹਿ ਦਿੰਦੇ ਨੇ), ਇਹਦਾ ਕੰਮ ਕੀ ਹੁੰਦਾ ਹੈ ਕਿ ਕਿਸੇ ਰੁੱਖ ਦੇ ਤਣੇ ਨੂੰ ਚੁੰਝਾਂ ਮਾਰ-ਮਾਰ ਕੇ ਉਹਦੇ ਵਿੱਚੋਂ ਲੁਕੇ-ਛਿਪੇ ਕੀੜੇ ਕੱਢ ਕੇ ਖਾਣੇ। ਆਮ ਬੰਦਾ ਜਿਹੜੇ ਕੀੜੇ ਨਹੀਂ ਵੇਖ ਸਕਦਾ, ਉਹ ਇਹ ਵੇਖ ਲੈਂਦਾ। ਚੁੰਝ ਇਹਦੀ ਲੰਬੀ ਹੁੰਦੀ ਹੈ, ਮਜ਼ਬੂਤ ਹੁੰਦੀ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਆਪਣੀ ਭੁੱਖ ਮਿਟਾਉਂਦਾ ਹੈ।
ਇੱਕ ਵਾਰੀ ਦੋ ਦੋਸਤ ਇਸੇ ਪ੍ਰਜਾਤੀ ਦੇ, ਇੱਕ ਜੰਗਲ ਦੇ ਵਿੱਚ ਆਪਣੇ ਰਾਸ਼ਨ ਦੀ ਭਾਲ ਦੇ ਵਿੱਚ, ਕੀੜਿਆਂ ਦੀ ਭਾਲ ਦੇ ਵਿੱਚ ਨਿਕਲਦੇ ਨੇ। ਇੱਕ ਜਿਹੜਾ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦਾ ਸੀ, ਉਹਨੂੰ ਅਚਾਨਕ ਭੁਲੇਖਾ ਪਿਆ ਕਿ ਹੁਣ ਜਿਹੜੇ ਸਟੀਲ ਦੇ ਖੰਭੇ ਲਾਏ ਗਏ ਨੇ ਜੰਗਲ ਦੇ ਵਿੱਚ, ਉਹਦੇ ਅੰਦਰ ਕੀੜਾ ਹੈ। ਅਸਲ ਦੇ ਵਿੱਚ ਇੱਕ ਛੋਟਾ ਜਿਹਾ ਛੇਦ ਸੀ, ਜਿਹਦੇ ਰਾਹੀਂ ਇੱਕ ਕੀੜਾ ਅੰਦਰ ਜਾਂਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਮੈਂ ਇਹ ਕੀੜਾ ਕੱਢ ਕੇ ਖਾ ਲਵਾਂਗਾ। ਉਹਨੇ ਉਸ ਸਟੀਲ ਦੇ ਖੰਭੇ ਦੇ ਉੱਤੇ ਚੁੰਝਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਕੁਝ ਚਿਰ ਬਾਅਦ ਦੂਸਰੇ ਦੋਸਤ ਨੇ ਕਿਹਾ, "ਯਾਰ ਕਿੱਥੇ ਮੱਥਾ ਮਾਰ ਰਿਹਾ ਹੈ? ਚੱਲ ਆਪਾਂ ਜਿੱਥੇ ਰੋਜ਼ ਰਾਸ਼ਨ-ਪਾਣੀ ਛਕਦੇ ਹਾਂ, ਉਨ੍ਹਾਂ ਰੁੱਖਾਂ ਦੇ ਉੱਤੇ ਚਲਦੇ ਹਾਂ। ਮੈਨੂੰ ਲੱਗਦਾ ਹੈ ਇੱਥੇ ਤੂੰ ਐਵੇਂ ਅਜਾਈਂ ਸਮਾਂ ਖਰਾਬ ਕਰ ਰਿਹਾ ਹੈਂ।"
ਕਿਉਂਕਿ ਉਹਦੀ ਸਿਆਣਪ ਉਹਦੇ ਉੱਤੇ ਹਾਵੀ ਸੀ, ਇਸ ਤੋਂ ਪਹਿਲਾਂ ਕਈ ਫੈਸਲੇ ਉਹਦੇ ਸਿੱਧੇ ਪਏ ਸੀ (ਸ਼ਾਇਦ ਉਮਰ ਦੇ ਵਿੱਚ ਵੀ ਥੋੜ੍ਹਾ ਵੱਡਾ ਹੋਣ ਕਰਕੇ), ਉਹਨੇ ਦਬਕਾ ਮਾਰ ਕੇ ਉਹਨੂੰ ਚੁੱਪ ਕਰਾ ਦਿੱਤਾ। ਕਹਿਣ ਲੱਗਾ, "ਤੈਨੂੰ ਕੀ ਪਤਾ? ਜਿੰਨਾ ਮੇਰੇ ਕੋਲ ਤਜਰਬਾ ਹੈ, ਜੋ ਮੇਰੀਆਂ ਅੱਖਾਂ ਵੇਖ ਸਕਦੀਆਂ ਨੇ, ਉਹ ਤੂੰ ਨਹੀਂ ਵੇਖ ਸਕਦਾ। ਐਵੇਂ ਕਿਸੇ ਰੁੱਖ ਦੇ ਉੱਤੇ ਜਾ ਕੇ ਘੰਟਿਆਂਬੱਧੀ ਸਮਾਂ ਬਿਤਾਉਣ ਨਾਲੋਂ, ਆਹ ਵੇਖੀਂ ਹੁਣੇ ਥੋੜ੍ਹਾ ਸਮਾਂ ਲੱਗਣਾ ਹੈ, ਇੰਨਾ ਵੱਡਾ ਸ਼ਿਕਾਰ ਹੱਥ ਲੱਗਣਾ ਹੈ ਕਿ ਮੈਂ ਤੇਰੇ ਨਾਲੋਂ ਵਧੀਆ ਪੇਟ ਭਰ ਲੈਣਾ ਹੈ। ਗੱਲ ਤਾਂ ਢਿੱਡ ਭਰਨ ਦੀ ਹੈ। ਜੇ ਤੈਨੂੰ ਮੇਰੇ 'ਤੇ ਯਕੀਨ ਹੈ ਤਾਂ ਇੱਧਰ ਆ, ਤੂੰ ਵੀ ਦੂਸਰੇ ਪਾਸੇ ਲੱਗ, ਤੇ ਜੇ ਨਹੀਂ ਯਕੀਨ ਤਾਂ ਫਿਰ ਚੱਲਦਾ ਬਣ।"
ਦੋਸਤ ਨੇ ਫਿਰ ਇੱਕ-ਦੋ ਵਾਰੀ ਸਮਝਾਇਆ ਪਰ ਉਹ ਆਖੇ ਨਾ ਲੱਗਾ। ਉਹਨੇ ਆਪਣੀਆਂ ਚੁੰਝਾਂ ਮਾਰਨੀਆਂ ਜਾਰੀ ਰੱਖੀਆਂ। ਕੁਝ ਚਿਰ ਬਾਅਦ ਜਦੋਂ ਦੂਸਰਾ ਦੋਸਤ ਕੋਈ ਦੋ-ਚਾਰ ਕੀੜੇ-ਪਤੰਗੇ ਛਕ ਕੇ ਵਾਪਸ ਆਇਆ ਤਾਂ ਕੀ ਵੇਖਦਾ ਹੈ ਕਿ ਉਹਦੀ ਚੁੰਝ ਦੇ ਵਿੱਚੋਂ ਹੁਣ ਲਹੂ ਸਿਮਣਾ ਸ਼ੁਰੂ ਹੋ ਗਿਆ ਹੈ। ਉਹ ਆਪਣੇ ਦੋਸਤ ਦੀ ਇਹ ਹਾਲਤ ਵੇਖ ਨਹੀਂ ਸਕਿਆ ਤੇ ਫਿਰ ਟੋਕਿਆ, "ਵੀਰ ਨਾ ਕਰ ਇੱਦਾਂ। ਇਹ ਜਿੱਥੇ ਤੂੰ ਚੁੰਝਾਂ ਮਾਰ ਰਿਹਾ ਹੈਂ, ਪਤਾ ਨਹੀਂ ਇਹ ਕਿੱਦਾਂ ਦਾ ਰੁੱਖ ਹੈ, ਪਰ ਇਹਦਾ ਤਣਾ ਇੰਨਾ ਜ਼ਿਆਦਾ ਸਖ਼ਤ ਹੈ ਕਿ ਮੈਂ ਇਹ ਆਵਾਜ਼ ਸੁਣ ਪਾ ਰਿਹਾ ਹਾਂ। ਇਹ ਤੇਰੀ ਚੁੰਝ ਦਾ ਨੁਕਸਾਨ ਕਰੂ। ਸ਼ਾਇਦ ਤੂੰ ਮਹਿਸੂਸ ਨਹੀਂ ਕਰ ਪਾ ਰਿਹਾ ਪਰ ਤੇਰੇ 'ਤੇ ਲਹੂ ਵੀ ਸਿਮਣਾ ਸ਼ੁਰੂ ਹੋ ਗਿਆ ਹੈ।"
ਦੂਸਰਾ ਟਕੋਰੇ ਵਾਂਗ ਅੱਗੋਂ ਕਹਿਣ ਲੱਗਾ, "ਮੈਂ ਹਿੰਮਤ ਹਾਰਨ ਵਾਲਿਆਂ 'ਚੋਂ ਨਹੀਂ। ਮੈਂ ਉਨ੍ਹਾਂ 'ਚੋਂ ਨਹੀਂ ਜਿਹੜੇ ਸੌਖਾ-ਸੌਖਾ ਜਿਹਾ ਰਾਹ ਲੱਭਦੇ ਨੇ। ਮੈਂ ਤਾਂ ਆਪਣੀ ਮਿਹਨਤ ਕਰਕੇ ਆਪਣਾ ਰਾਹ ਆਪ ਬਣਾਉਣ ਵਾਲਿਆਂ 'ਚੋਂ ਹਾਂ। ਤੇ ਨਾਲੇ ਫਿਰ ਕੀ ਹੋਇਆ ਜੇ ਲਹੂ ਨਿਕਲ ਆਇਆ? ਜਦੋਂ ਆਪਾਂ ਮਿਹਨਤ ਕਰਦੇ ਹਾਂ ਤਾਂ ਫਿਰ ਇੰਨਾ ਕੁ ਤਾਂ ਦਰਦ ਝੱਲਣਾ ਪੈਂਦਾ ਹੈ। ਸਰੀਰ ਦੇ ਉੱਤੇ ਜਿੰਨਾ ਕਸ਼ਟ ਆਪਾਂ ਝੱਲਾਂਗੇ, ਉਨਾ ਸਾਨੂੰ ਵਧੀਆ ਮਿਹਨਤ ਦਾ ਮੁੱਲ ਮਿਲੂਗਾ। ਇਸ ਕਰਕੇ ਤੂੰ ਅੱਜ ਵੇਖੀ ਜਾ, ਵੇਖੀ ਜਾ ਅੱਜ ਬਣਦਾ ਕੀ ਹੈ।"
ਦੋਸਤ ਨੇ ਫਿਰ ਦਰਦ ਸਮਝ ਕੇ ਸਮਝਾਇਆ, "ਮੈਨੂੰ ਨਹੀਂ ਲੱਗਦਾ ਕਿ ਇਸ ਰੁੱਖ ਦੇ ਵਿੱਚੋਂ ਕੁਝ ਨਿਕਲਣਾ ਹੈ। ਵੇਖ ਨਾ, ਜਦੋਂ ਤੂੰ ਚੁੰਝ ਮਾਰਦਾ ਹੈਂ ਤਾਂ ਇਹਦੀ ਆਵਾਜ਼ ਉਦਾਂ ਦੀ ਨਹੀਂ ਹੈ ਜਿੱਦਾਂ ਦੀ ਆਮ ਰੁੱਖਾਂ 'ਚੋਂ ਨਿਕਲਦੀ ਹੈ। ਇਹ ਕੁਝ ਹੋਰ ਹੀ ਹੈ। ਇਹ ਰੁੱਖ ਆਪਾਂ ਪਹਿਲਾਂ ਵੀ ਕਦੀ ਨਹੀਂ ਵੇਖਿਆ ਇੱਥੇ। ਇਹ ਰੁੱਖ ਥੋੜ੍ਹਾ ਜਿਹਾ ਸਮਾਂ ਹੋਇਆ ਇੱਥੇ ਆਏ ਨੂੰ।"
ਪਰ ਉਹ ਹੰਕਾਰ ਦੇ ਨਾਲ ਕਹਿਣ ਲੱਗਾ, "ਤੂੰ ਮਿਹਨਤ ਤੋਂ ਭੱਜਦਾ ਹੈਂ, ਤੂੰ ਬੁਜ਼ਦਿਲ ਹੈਂ। ਮੈਨੂੰ ਮਿਹਨਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਮੈਂ ਇੱਕ ਮਿਹਨਤੀ ਬੰਦਾ ਹਾਂ ਤੇ ਮੈਂ ਮਿਹਨਤ ਕਰਕੇ ਹੀ ਕਮਾਊਂਗਾ ਤੇ ਖਾਊਂਗਾ।"
ਦੋਸਤ ਫਿਰ ਚਲਿਆ ਗਿਆ। ਪਰ ਉਸ ਟਕੋਰੇ ਨੇ ਉੱਥੇ ਚੁੰਝਾਂ ਮਾਰਨੀਆਂ ਨਹੀਂ ਛੱਡੀਆਂ। ਸ਼ਾਇਦ ਉਹਨੂੰ ਫਿਰ ਭੁਲੇਖਾ ਪੈਂਦਾ ਸੀ ਉਸ ਛੋਟੇ ਜਿਹੇ ਛੇਦ ਦਾ। ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਹਦਾ ਤਣਾ ਇੰਨਾ ਮਜ਼ਬੂਤ ਹੈ ਕਿ ਇੱਥੇ ਮੇਰੀ ਚੁੰਝ ਕੁਝ ਨਹੀਂ ਕਰ ਪਾਊਗੀ। ਉਹਨੂੰ ਆਪਣੀ ਚੁੰਝ ਦੀ ਮਜ਼ਬੂਤੀ 'ਤੇ ਮਾਣ ਸੀ। ਉਹਨੂੰ ਲੱਗਦਾ ਸੀ ਕਿ ਜੋ ਦੂਜਿਆਂ ਨੂੰ ਨਹੀਂ ਪਤਾ, ਉਹ ਮੈਨੂੰ ਵੱਧ ਪਤਾ ਹੈ।
ਸ਼ਾਮ ਪੈਂਦਿਆਂ ਤੱਕ ਉਹਨੇ ਆਪਣੀ ਇਸੇ ਤਰੀਕੇ ਦੇ ਨਾਲ ਜਾਨ ਗਵਾ ਲਈ। ਦੋਸਤ ਆਇਆ, ਵੇਖਿਆ, ਉਠਾਉਣ ਦੀ ਕੋਸ਼ਿਸ਼ ਕੀਤੀ, ਬਥੇਰਾ ਰੋਇਆ-ਕਰਲਾਇਆ ਪਰ ਹੁਣ ਉਹਦੇ ਵਿੱਚ ਕੁਝ ਨਹੀਂ ਸੀ ਬਚਿਆ। ਅਸਲ ਦੇ ਵਿੱਚ ਉਹਨੇ ਆਪਣੀ ਜ਼ਿੱਦ ਦੇ ਕਰਕੇ ਆਪਣੀ ਜਾਨ ਗਵਾ ਦਿੱਤੀ ਸੀ। ਉਹਨੂੰ ਜਿਹੜੀ ਆਪਣੇ ਆਪ ਦੀ ਸਿਆਣਪ ਲੱਗਦੀ ਸੀ, ਉਹਦੇ ਕਰਕੇ ਉਹਦੀ ਜਾਨ ਚਲੀ ਗਈ।
ਸ਼ਾਇਦ ਇੱਦਾਂ ਦੇ ਇਨਸਾਨ ਸਾਡੇ ਆਲੇ-ਦੁਆਲੇ ਸਾਨੂੰ ਮਿਲ ਜਾਂਦੇ ਨੇ—ਸਾਡੇ ਪਾਰਟਨਰ ਦੇ ਰੂਪ ਵਿੱਚ, ਯਾਰ-ਦੋਸਤ ਦੇ ਰੂਪ ਵਿੱਚ, ਰਿਸ਼ਤੇਦਾਰਾਂ ਜਾਂ ਕੁਲੀਗਜ਼ ਦੇ ਰੂਪ ਵਿੱਚ। ਇਹ ਗੱਲ ਚੰਗੀ ਹੈ ਕਿ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਮਿਹਨਤ ਜਾਰੀ ਰੱਖਣੀ ਚਾਹੀਦੀ ਹੈ। ਪਰ ਇੱਕ ਸਮਾਂ ਆਉਂਦਾ ਹੈ ਜਦੋਂ ਇਹ ਚੀਜ਼ਾਂ ਤੁਹਾਡੇ ਉੱਤੇ ਹਾਵੀ ਹੋ ਜਾਂਦੀਆਂ ਨੇ ਤੇ ਤੁਹਾਡੀ ਮੂਰਖਤਾ ਸਾਬਤ ਹੁੰਦੀਆਂ ਨੇ। ਕਈ ਵਾਰ ਬੰਦਾ ਅਜਾਈਂ ਕਿਸੇ ਨੌਕਰੀ 'ਤੇ, ਕਾਰੋਬਾਰ 'ਤੇ ਜਾਂ ਨਜਾਇਜ਼ ਜਿਹੇ ਪੈਸ਼ਨ ਨੂੰ ਲੈ ਕੇ ਆਪਣੀ ਸਾਰੀ ਉਮਰ ਇਸੇ ਤਰ੍ਹਾਂ ਚੁੰਝਾਂ ਮਾਰ-ਮਾਰ ਕੇ ਲਹੂ-ਲੁਹਾਣ ਹੋ ਕੇ ਕੱਢ ਦਿੰਦਾ ਹੈ।
ਸਿਆਣਾ ਉਹ ਜਿਹੜਾ ਆਪਣੇ ਆਪ 'ਤੇ ਯਕੀਨ ਤਾਂ ਰੱਖੇ, ਪਰ ਦੂਸਰਿਆਂ ਨੂੰ ਵੀ ਐਵੇਂ ਨਾ ਸਮਝੇ। ਜੇ ਆਸ-ਪਾਸ ਤੋਂ ਕੋਈ ਤੁਹਾਨੂੰ ਸਮਝਾਉਂਦਾ ਹੈ, ਤਾਂ ਇਹ ਨਾ ਸਮਝੋ ਕਿ ਉਹ ਤੁਹਾਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ, ਇਹ ਸੋਚੋ ਕਿ ਉਹ ਤੁਹਾਡਾ ਖੈਰ-ਖਵਾਹ ਹੈ। ਅੱਜ-ਕੱਲ੍ਹ ਦੀ ਜ਼ਿੰਦਗੀ 'ਚ ਕਿਸੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਤੁਹਾਨੂੰ ਸਮਝਾਉਂਦਾ ਫਿਰੇ।
ਸੋ, ਜਦੋਂ ਸਾਨੂੰ ਇਹ ਸਮਝ ਆ ਜਾਵੇ ਕਿ ਸਾਡੀ ਮਿਹਨਤ ਅਜਾਈਂ ਜਾ ਰਹੀ ਹੈ, ਤਾਂ ਉਹ ਮਿਹਨਤ ਤੇ ਐਨਰਜੀ ਇੱਕ ਥਾਂ ਤੋਂ ਹਟਾ ਕੇ ਦੂਸਰੀ ਥਾਂ ਲਾ ਲੈਣ ਵਿੱਚ ਹੀ ਸਿਆਣਪ ਹੁੰਦੀ ਹੈ।
What's Your Reaction?


