ਸੋਨੀਆ ਗਾਂਧੀ ਦਾ ਆਪਣੀ ਸਵੈ-ਜੀਵਨੀ ’ਚ ਵੱਡਾ ਇਕਬਾਲ: 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ਼; ਕਾਂਗਰਸੀ ਵਰਕਰਾਂ ਦੀ ਭੂਮਿਕਾ, ਪ੍ਰਸ਼ਾਸਕੀ ਨਾਕਾਮੀ ਤੇ ਫ਼ੌਜ ਸੱਦਣ ’ਚ ਹੋਈ ਦੇਰੀ ਨੂੰ ਮੰਨਿਆ
ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਨਵੀਂ ਰਿਲੀਜ਼ ਹੋਈ ਸਵੈ-ਜੀਵਨੀ 'ਬਿਲੌਂਗਿੰਗ: ਏ ਜਰਨੀ ਆਫ਼ ਲਵ' (Belonging: A Journey of Love) ਵਿੱਚ ਸਵੀਕਾਰ ਕੀਤਾ ਹੈ ਕਿ ਚਾਰ ਦਹਾਕੇ ਬੀਤ ਜਾਣ ਦੇ ਬਾਵਜੂਦ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। 544 ਪੰਨਿਆਂ ਦੀ ਇਸ ਪੁਸਤਕ ਵਿੱਚ ਉਨ੍ਹਾਂ ਮੰਨਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਹਿੰਸਾ ਭੜਕਾਉਣ ਅਤੇ ਭੀੜ ਦੀ ਅਗਵਾਈ ਕਰਨ ਵਿੱਚ ਕਾਂਗਰਸ ਵਰਕਰਾਂ ਦੀ ਸ਼ਮੂਲੀਅਤ ਸੀ। ਸੋਨੀਆ ਅਨੁਸਾਰ ਦਿੱਲੀ ਵਿੱਚ 2,000 ਤੋਂ ਵੱਧ ਸਿੱਖ ਮਾਰੇ ਗਏ, ਚਾਰ ਕਮਿਸ਼ਨਾਂ, ਨੌਂ ਕਮੇਟੀਆਂ ਅਤੇ ਦੋ ਐੱਸਆਈਟੀਜ਼ ਦੇ ਬਾਵਜੂਦ ਸਿਸਟਮ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਨਾਕਾਮ ਰਿਹਾ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਨੇੜਲੀਆਂ ਫ਼ੌਜੀ ਟੁਕੜੀਆਂ ਵਿੱਚ ਸਿੱਖ ਜਵਾਨ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਤਾਇਨਾਤ ਨਹੀਂ ਕੀਤਾ ਗਿਆ, ਸਗੋਂ ਦੇਹਰਾਦੂਨ ਤੋਂ ਫ਼ੌਜ ਸੱਦੀ ਗਈ, ਜਿਸ ਕਾਰਨ ਫ਼ੌਜ ਪਹੁੰਚਣ ਵਿੱਚ ਗੰਭੀਰ ਦੇਰੀ ਹੋਈ।
1984 ਦੇ ਸਿੱਖ ਕਤਲੇਆਮ ਦੇ 42 ਸਾਲਾਂ ਬਾਅਦ ਕਾਂਗਰਸ ਦੀ ਸੀਨੀਅਰ ਆਗੂ ਅਤੇ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਨਵੀਂ ਜਾਰੀ ਹੋਈ ਸਵੈ-ਜੀਵਨੀ ਵਿੱਚ ਇੱਕ ਵੱਡਾ ਅਤੇ ਸਨਸਨੀਖੇਜ਼ ਇਕਬਾਲ ਕੀਤਾ ਹੈ। ਸੋਨੀਆ ਗਾਂਧੀ ਨੇ ਸਪੱਸ਼ਟ ਸ਼ਬਦਾਂ ਵਿੱਚ ਮੰਨਿਆ ਹੈ ਕਿ 1984 ਦੀ ਨਸਲਕੁਸ਼ੀ ਦੇ ਪੀੜਤਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲ ਸਕਿਆ ਅਤੇ ਉਸ ਦੌਰਾਨ ਕਾਂਗਰਸੀ ਵਰਕਰਾਂ ਨੇ ਹਿੰਸਾ ਭੜਕਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਅੱਜ ਜਾਰੀ ਹੋਈ 544 ਪੰਨਿਆਂ ਦੀ ਪੁਸਤਕ 'ਬਿਲੌਂਗਿੰਗ: ਏ ਜਰਨੀ ਆਫ਼ ਲਵ' (Belonging: A Journey of Love) ਵਿੱਚ ਸੋਨੀਆ ਗਾਂਧੀ ਨੇ ਲਿਖਿਆ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦਿੱਲੀ ਸਮੇਤ ਦੇਸ਼ ਭਰ ਵਿੱਚ ਭੜਕੀ ਹਿੰਸਾ ਦੌਰਾਨ ਰਾਜਧਾਨੀ ਵਿੱਚ ਹੀ 2,000 ਤੋਂ ਵੱਧ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਲਿਖਿਆ ਕਿ ਭੀੜਾਂ ਨੂੰ ਭੜਕਾਉਣ ਅਤੇ ਹਿੰਸਾ ਦੀ ਅਗਵਾਈ ਕਰਨ ਦੇ ਦੋਸ਼ਾਂ ਤਹਿਤ ਕਾਂਗਰਸ ਦੇ ਕਈ ਵਰਕਰਾਂ ਵਿਰੁੱਧ ਅਪਰਾਧਿਕ ਕੇਸ ਦਰਜ ਹੋਏ ਸਨ, ਪਰ ਸੈਂਕੜੇ ਐੱਫਆਈਆਰਜ਼ ਦੇ ਬਾਵਜੂਦ ਸਿਰਫ਼ ਚਾਰ-ਪੰਜ ਮਾਮਲਿਆਂ ਵਿੱਚ ਹੀ ਕਾਂਗਰਸੀਆਂ ਦੀਆਂ ਗ੍ਰਿਫ਼ਤਾਰੀਆਂ ਹੋ ਸਕੀਆਂ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਕਤਲੇਆਮ ਵਿੱਚ ਸ਼ਾਮਲ ਆਰਐੱਸਐੱਸ (RSS) ਮੈਂਬਰਾਂ ਖ਼ਿਲਾਫ਼ ਵੀ ਕੇਸ ਦਰਜ ਹੋਏ ਸਨ, ਪਰ ਅਦਾਲਤਾਂ ਵਿੱਚ ਕੇਸ ਲਮਕਦੇ ਰਹੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਸਾਡੀ ਨਿਆਂ ਪ੍ਰਣਾਲੀ ਦੀ ਵੱਡੀ ਅਸਫ਼ਲਤਾ ਰਹੀ।
ਫ਼ੌਜ ਤਾਇਨਾਤ ਕਰਨ ਵਿੱਚ ਦੇਰੀ ਦਾ ਵੱਡਾ ਖ਼ੁਲਾਸਾ
ਸੋਨੀਆ ਗਾਂਧੀ ਨੇ ਪੁਸਤਕ ਵਿੱਚ ਇਹ ਸਨਸਨੀਖੇਜ਼ ਤੱਥ ਵੀ ਉਜਾਗਰ ਕੀਤਾ ਕਿ ਹੱਤਿਆ ਵਾਲੀ ਰਾਤ ਹੀ ਤਤਕਾਲੀ ਫ਼ੌਜ ਮੁਖੀ ਜਨਰਲ ਏ.ਐੱਸ. ਵੈਦਿਆ ਨੂੰ ਫ਼ੌਜ ਤਾਇਨਾਤ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। ਪ੍ਰੰਤੂ ਗਾਂਧੀ ਪਰਿਵਾਰ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਦਿੱਲੀ ਦੇ ਨੇੜਲੀਆਂ ਛਾਉਣੀਆਂ ਦੀਆਂ ਫ਼ੌਜੀ ਟੁਕੜੀਆਂ ਨੂੰ ਰਾਜਧਾਨੀ ਵਿੱਚ ਇਸ ਲਈ ਤੁਰੰਤ ਨਹੀਂ ਭੇਜਿਆ ਗਿਆ ਕਿਉਂਕਿ ਉਨ੍ਹਾਂ ਵਿੱਚ ਸਿੱਖ ਜਵਾਨ ਤਾਇਨਾਤ ਸਨ। ਇਸ ਦੀ ਥਾਂ ਦੇਹਰਾਦੂਨ ਤੋਂ ਫ਼ੌਜੀ ਦਸਤੇ ਸੱਦੇ ਗਏ, ਜਿਸ ਕਾਰਨ ਫ਼ੌਜ 1 ਨਵੰਬਰ ਦੀ ਦੇਰ ਰਾਤ ਦਿੱਲੀ ਪਹੁੰਚੀ ਅਤੇ 2 ਨਵੰਬਰ ਦੁਪਹਿਰ ਤੱਕ ਹੀ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਹੋ ਸਕੀ। ਇਸ ਦੌਰਾਨ ਦਿੱਲੀ ਪੁਲੀਸ ਮੂਕ-ਦਰਸ਼ਕ ਬਣੀ ਰਹੀ ਅਤੇ ਕੁਝ ਅਧਿਕਾਰੀ ਹਿੰਸਕ ਭੀੜਾਂ ਨੂੰ ਸ਼ਹਿ ਦੇ ਰਹੇ ਸਨ।
ਰਾਜੀਵ ਗਾਂਧੀ ਨੂੰ ਪੀਐੱਮ ਬਣਨ ਤੋਂ ਰੋਕਣਾ ਚਾਹੁੰਦੀ ਸੀ ਸੋਨੀਆ
ਸੋਨੀਆ ਨੇ ਕਿਹਾ ਕਿ ਚਾਰ ਕਮਿਸ਼ਨਾਂ, ਨੌਂ ਕਮੇਟੀਆਂ ਅਤੇ ਦੋ ਵਿਸ਼ੇਸ਼ ਜਾਂਚ ਟੀਮਾਂ (SITs) ਦੇ ਗਠਨ ਦੇ ਬਾਵਜੂਦ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਨਹੀਂ ਲੱਗ ਸਕੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ 24 ਅਕਤੂਬਰ 1984 ਦੀ ਦੀਵਾਲੀ ਮੌਕੇ ਪੂਰੇ ਗਾਂਧੀ ਪਰਿਵਾਰ ਨੂੰ ਰਸੋਈ ਨੇੜੇ ਗ੍ਰਨੇਡ ਧਮਾਕੇ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਰਾਜੀਵ ਗਾਂਧੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਨਾ ਸੰਭਾਲਣ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਰਾਜੀਵ ਨੂੰ ਵੀ ਮਾਰ ਦਿੱਤਾ ਜਾਵੇਗਾ। ਪਰ ਰਾਜੀਵ ਨੇ ਦੇਸ਼ ਪ੍ਰਤੀ ਫ਼ਰਜ਼ ਦਾ ਹਵਾਲਾ ਦੇ ਕੇ ਉਸੇ ਸ਼ਾਮ ਸਹੁੰ ਚੁੱਕ ਲਈ ਸੀ। ਸੋਨੀਆ ਗਾਂਧੀ ਵੱਲੋਂ ਆਪਣੀ ਕਿਤਾਬ ਵਿੱਚ 1984 ਦੇ ਕਤਲੇਆਮ ਅਤੇ ਕਾਂਗਰਸੀ ਆਗੂਆਂ ਦੀ ਭੂਮਿਕਾ ਨੂੰ ਜਨਤਕ ਤੌਰ ’ਤੇ ਸਵੀਕਾਰ ਕਰਨ ਨਾਲ ਦੇਸ਼ ਦੇ ਸਿਆਸੀ ਹਲਕਿਆਂ ਵਿੱਚ ਵੱਡੀ ਚਰਚਾ ਛਿੜ ਗਈ ਹੈ।
What's Your Reaction?
