"ਕੋਈ ਜੋ ਮਰਜ਼ੀ ਬੋਲੇ, ਮੈਂ 101 ਫ਼ੀਸਦੀ ਆ ਰਿਹਾ ਹਾਂ": ਇੰਦੌਰ ਸ਼ੋਅ ਰੱਦ ਹੋਣ ਦੀਆਂ ਅਫ਼ਵਾਹਾਂ ’ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ; ਪ੍ਰਸ਼ੰਸਕਾਂ ਨੂੰ 15 ਨਵੰਬਰ ਦੇ ਕੰਸਰਟ ਦਾ ਦਿੱਤਾ ਭਰੋਸਾ

ਗਲੋਬਲ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਆਪਣੇ ਆਗਾਮੀ ਇੰਦੌਰ ਕੰਸਰਟ ਦੇ ਰੱਦ ਹੋਣ ਸਬੰਧੀ ਫੈਲ ਰਹੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਦਿਲਜੀਤ ਨੇ ਸਪੱਸ਼ਟ ਕੀਤਾ ਕਿ ਉਹ 15 ਨਵੰਬਰ ਨੂੰ 101 ਫ਼ੀਸਦੀ ਇੰਦੌਰ ਪਹੁੰਚ ਰਹੇ ਹਨ। ਉਨ੍ਹਾਂ ਖ਼ਬਰਾਂ ਨੂੰ ਸਨਸਨੀਖੇਜ਼ ਬਣਾਉਣ ਲਈ ਮੀਡੀਆ ’ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਪਹਿਲਾਂ ਉਹ ਇੰਦੌਰ ਜਾ ਕੇ ਪੋਹਾ ਖਾਣਗੇ ਅਤੇ ਫਿਰ ਧਮਾਕੇਦਾਰ ਪਰਫ਼ਾਰਮੈਂਸ ਦੇਣਗੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਰਾਬ, ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੋਂ ਗੁਰੇਜ਼ ਕਰਨ ਦੀਆਂ ਹਦਾਇਤਾਂ ਮਗਰੋਂ ਸੋਸ਼ਲ ਮੀਡੀਆ ’ਤੇ ਸ਼ੋਅ ਰੱਦ ਹੋਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ।

Nov 11, 2026 - 00:54
 0  0

Share -

"ਕੋਈ ਜੋ ਮਰਜ਼ੀ ਬੋਲੇ, ਮੈਂ 101 ਫ਼ੀਸਦੀ ਆ ਰਿਹਾ ਹਾਂ": ਇੰਦੌਰ ਸ਼ੋਅ ਰੱਦ ਹੋਣ ਦੀਆਂ ਅਫ਼ਵਾਹਾਂ ’ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ; ਪ੍ਰਸ਼ੰਸਕਾਂ ਨੂੰ 15 ਨਵੰਬਰ ਦੇ ਕੰਸਰਟ ਦਾ ਦਿੱਤਾ ਭਰੋਸਾ
DIljit Dosanj File Photo

ਆਪਣੇ ਬਹੁ-ਚਰਚਿਤ 'ਔਰਾ ਇੰਡੀਆ ਟੂਰ' (Aura Tour) ਨੂੰ ਲੈ ਕੇ ਦੇਸ਼ ਭਰ ਵਿੱਚ ਧੁੰਮਾਂ ਪਾ ਰਹੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਹੋਣ ਵਾਲੇ ਸ਼ੋਅ ਦੇ ਰੱਦ ਹੋਣ ਦੀਆਂ ਖ਼ਬਰਾਂ ਨੂੰ ਕੋਰੀ ਅਫ਼ਵਾਹ ਕਰਾਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਸੁਰੱਖਿਆ ਚਿੰਤਾਵਾਂ ਕਾਰਨ ਕੰਸਰਟ ਰੱਦ ਹੋਣ ਦੀਆਂ ਫੈਲ ਰਹੀਆਂ ਗ਼ਲਤ ਖ਼ਬਰਾਂ ’ਤੇ ਵਿਰਾਮ ਲਗਾਉਂਦਿਆਂ ਦਿਲਜੀਤ ਨੇ ਖ਼ੁਦ ਸਾਹਮਣੇ ਆ ਕੇ ਸਥਿਤੀ ਸਪੱਸ਼ਟ ਕੀਤੀ ਹੈ।

ਮੰਗਲਵਾਰ ਨੂੰ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ ਆਪਣੇ ਪ੍ਰਸ਼ੰਸਕਾਂ ਨਾਲ ਰਾਬਤਾ ਕਾਇਮ ਕਰਦਿਆਂ ਦਿਲਜੀਤ ਨੇ ਆਪਣੇ ਖ਼ਾਸ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, "15 ਤਾਰੀਖ਼ ਕੋ ਇੰਦੌਰ ਆ ਰਹੇ ਹੈਂ, 101 ਪਰਸੈਂਟ ਆ ਰਹੇ ਹੈਂ! ਸਬਸੇ ਪਹਿਲੇ ਆਕਰ ਪੋਹਾ ਖਾਏਂਗੇ, ਫਿਰ ਐਨਰਜੀ ਲੇਕਰ ਫਿਰ ਚੱਕ ਦੇ ਫੱਟੇ।" ਮੀਡੀਆ ਚੈਨਲਾਂ ਵੱਲੋਂ ਗੱਲਾਂ ਨੂੰ ਵਧਾ-ਚੜ੍ਹਾ ਕੇ "ਮਸਾਲਾ" ਲਾਉਣ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ, "ਕੋਈ ਜੋ ਮਰਜ਼ੀ ਬੋਲੇ, ਮੈਂ 15 ਤਾਰੀਖ਼ ਕੋ ਜ਼ਰੂਰ ਮਿਲੂੰਗਾ। ਆਪ ਬਸ ਮੇਰੀ ਬਾਤ ਪਰ ਵਿਸ਼ਵਾਸ ਰੱਖੋ।"

ਦਰਅਸਲ, ਇਹ ਵਿਵਾਦ ਉਸ ਵੇਲੇ ਖੜ੍ਹਾ ਹੋਇਆ ਸੀ ਜਦੋਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਇੰਦੌਰ ਜ਼ਿਲ੍ਹਾ ਅਧਿਕਾਰੀ ਰਜਨੀਸ਼ ਸਿਨਹਾ ਨੇ ਦੱਸਿਆ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਚੰਡੀਗੜ੍ਹ ਤੋਂ ਮਿਲੇ ਇੱਕ ਪੱਤਰ ਦੇ ਆਧਾਰ ’ਤੇ ਆਯੋਜਕਾਂ ਨੂੰ ਨੋਟਿਸ ਭੇਜਿਆ ਗਿਆ ਹੈ। ਪ੍ਰਸ਼ਾਸਨ ਨੇ ਹਦਾਇਤ ਕੀਤੀ ਸੀ ਕਿ 15 ਨਵੰਬਰ ਨੂੰ '21 ਬਿਜ਼ਨਸ ਪਾਰਕ' ਵਿਖੇ ਹੋਣ ਵਾਲੇ ਸ਼ੋਅ ਦੌਰਾਨ ਨਸ਼ਿਆਂ, ਸ਼ਰਾਬ ਜਾਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਏ ਜਾਣ ਤਾਂ ਜੋ ਨਾਬਾਲਗਾਂ ਅਤੇ ਬੱਚਿਆਂ ’ਤੇ ਕੋਈ ਮਾੜਾ ਅਸਰ ਨਾ ਪਵੇ। ਇਸ ਪ੍ਰਬੰਧਕੀ ਨੋਟਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸ਼ੋਅ ਰੱਦ ਹੋਣ ਦੀਆਂ ਅਫ਼ਵਾਹਾਂ ਉੱਡਣ ਲੱਗੀਆਂ ਸਨ।

ਦਿਲਜੀਤ ਨੇ 30 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਆਪਣੇ ਇਸ ਭਾਰਤੀ ਟੂਰ ਦੀ ਜ਼ਬਰਦਸਤ ਸ਼ੁਰੂਆਤ ਕੀਤੀ ਸੀ, ਜਿੱਥੇ ਉਨ੍ਹਾਂ ਨੇ 'ਜੀ.ਓ.ਏ.ਟੀ.', 'ਲਲਕਾਰਾ', 'ਲਵਰ', 'ਕਿੰਨੀ ਕਿੰਨੀ', 'ਪੰਜਤਾਰਾ' ਅਤੇ 'ਸਾਂਸੋਂ ਕੀ ਮਾਲਾ' ਵਰਗੇ ਸੁਪਰਹਿੱਟ ਗੀਤਾਂ ਨਾਲ ਲੱਖਾਂ ਦਰਸ਼ਕਾਂ ਨੂੰ ਕੀਲਿਆ ਸੀ। ਇੰਦੌਰ ਦੇ ਸੰਗੀਤ ਪ੍ਰੇਮੀਆਂ ਅੰਦਰ ਹੁਣ 15 ਨਵੰਬਰ ਦੇ ਕੰਸਰਟ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

What's Your Reaction?

like

dislike

love

funny

angry

sad

wow