ਐੱਲਪੀਯੂ ਕੈਂਪਸ ’ਚ ਭਾਰੀ ਹੰਗਾਮੇ ਤੇ ਹਿੰਸਾ ਮਗਰੋਂ ਵੱਡਾ ਫ਼ੈਸਲਾ: 10 ਦਿਨਾਂ ਲਈ ਕਲਾਸਾਂ ਮੁਅੱਤਲ, ਮਿਡ-ਟਰਮ ਪ੍ਰੀਖਿਆਵਾਂ ਮੁਲਤਵੀ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਫਗਵਾੜਾ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੇ ਦੋਸ਼ਾਂ ਨੂੰ ਲੈ ਕੇ ਹੋਏ ਭਾਰੀ ਵਿਰੋਧ ਪ੍ਰਦਰਸ਼ਨਾਂ, ਪਥਰਾਅ ਅਤੇ ਅੱਗਜ਼ਨੀ ਤੋਂ ਬਾਅਦ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ। ਯੂਨੀਵਰਸਿਟੀ ਮੈਨੇਜਮੈਂਟ ਨੇ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ 28 ਸਤੰਬਰ ਤੋਂ ਅਗਲੇ 10 ਦਿਨਾਂ ਲਈ ਨਿਯਮਤ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਹੋਣ ਵਾਲੀਆਂ ਮਿਡ-ਟਰਮ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਹਨ। ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦੀ ਸਲਾਹ ਨਾਲ ਜੱਦੀ ਘਰਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਜਦਕਿ ਹੋਸਟਲਾਂ ਵਿੱਚ ਰਹਿਣ ਵਾਲਿਆਂ ਨੂੰ ਅੰਦਰ ਹੀ ਰਹਿਣ ਅਤੇ ਸ਼ਾਂਤੀ ਬਣਾਏ ਰੱਖਣ ਦੀ ਹਦਾਇਤ ਕੀਤੀ ਗਈ ਹੈ।

Sep 28, 2026 - 10:53
 0  0

Share -

ਐੱਲਪੀਯੂ ਕੈਂਪਸ ’ਚ ਭਾਰੀ ਹੰਗਾਮੇ ਤੇ ਹਿੰਸਾ ਮਗਰੋਂ ਵੱਡਾ ਫ਼ੈਸਲਾ: 10 ਦਿਨਾਂ ਲਈ ਕਲਾਸਾਂ ਮੁਅੱਤਲ, ਮਿਡ-ਟਰਮ ਪ੍ਰੀਖਿਆਵਾਂ ਮੁਲਤਵੀ
Photo Source- PTI

ਕੌਮੀ ਸ਼ਾਹਰਾਹ ’ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਤਣਾਅਪੂਰਨ ਹਾਲਾਤ ਅਤੇ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲਿਆ ਹੈ। ਕੈਂਪਸ ਅੰਦਰ ਹੋਈ ਭੰਨਤੋੜ, ਪਥਰਾਅ ਅਤੇ ਪੁਲੀਸ ਵਾਹਨਾਂ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਯੂਨੀਵਰਸਿਟੀ ਨੇ 28 ਸਤੰਬਰ ਤੋਂ ਅਗਲੇ 10 ਦਿਨਾਂ ਲਈ ਨਿਯਮਤ ਅਕਾਦਮਿਕ ਕਲਾਸਾਂ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੱਲ ਰਹੀਆਂ ਤੇ ਹੋਣ ਵਾਲੀਆਂ ਮਿਡ-ਟਰਮ ਪ੍ਰੀਖਿਆਵਾਂ ਨੂੰ ਵੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਯੂਨੀਵਰਸਿਟੀ ਮੈਨੇਜਮੈਂਟ ਸਿਸਟਮ (ਯੂਐੱਮਐੱਸ) ਰਾਹੀਂ ਵਿਦਿਆਰਥੀਆਂ ਨੂੰ ਅਧਿਕਾਰਤ ਨੋਟਿਸ ਜਾਰੀ ਕਰਦਿਆਂ ਦੱਸਿਆ ਗਿਆ ਕਿ ਪ੍ਰੀਖਿਆਵਾਂ ਦਾ ਨਵਾਂ ਸ਼ਡਿਊਲ ਬਾਅਦ ਵਿੱਚ ਵੱਖਰੇ ਤੌਰ ’ਤੇ ਜਾਰੀ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਦੀ ਸਹਿਮਤੀ ਨਾਲ ਆਪਣੇ ਜੱਦੀ ਸ਼ਹਿਰਾਂ ਅਤੇ ਘਰਾਂ ਨੂੰ ਪਰਤ ਸਕਦੇ ਹਨ। ਜਿਹੜੇ ਵਿਦਿਆਰਥੀ ਕੈਂਪਸ ਵਿੱਚ ਹੀ ਰੁਕਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਹੋਸਟਲ ਕਮਰਿਆਂ ਦੇ ਅੰਦਰ ਹੀ ਰਹਿਣ ਅਤੇ ਕਿਸੇ ਵੀ ਭੜਕਾਊ ਜਾਂ ਅਸ਼ਾਂਤੀ ਵਾਲੀ ਗਤੀਵਿਧੀ ਦਾ ਹਿੱਸਾ ਨਾ ਬਣਨ।

ਜ਼ਿਕਰਯੋਗ ਹੈ ਕਿ ਇਹ ਸਾਰਾ ਵਿਵਾਦ ਕੈਂਪਸ ਦੇ ਜੀਐੱਚ-3 ਹੋਸਟਲ ਦੀ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੇ ਦੋਸ਼ਾਂ ਤੋਂ ਬਾਅਦ ਸ਼ੁਰੂ ਹੋਇਆ ਸੀ। ਵਿਦਿਆਰਥੀ ਪ੍ਰਸ਼ਾਸਨਿਕ ਕਾਰਵਾਈ ਤੋਂ ਅਸੰਤੁਸ਼ਟ ਸਨ, ਜਿਸ ਕਾਰਨ ਐਤਵਾਰ ਸ਼ਾਮ ਨੂੰ ਹਾਲਾਤ ਬੇਕਾਬੂ ਹੋ ਗਏ। ਪ੍ਰਦਰਸ਼ਨਕਾਰੀਆਂ ਵੱਲੋਂ ਕੈਂਪਸ ਦੇ ਬਾਹਰ ਨੈਸ਼ਨਲ ਹਾਈਵੇਅ-44 ਜਾਮ ਕੀਤਾ ਗਿਆ, ਪੁਲੀਸ ’ਤੇ ਪਥਰਾਅ ਕੀਤਾ ਗਿਆ ਅਤੇ ਕਈ ਸਰਕਾਰੀ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਭਾਵੇਂ ਪੁਲੀਸ ਨੇ ਹਾਲਾਤ ਸੰਭਾਲਣ ਲਈ ਹਲਕਾ ਲਾਠੀਚਾਰਜ ਕੀਤਾ ਅਤੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਹੈ, ਪਰ ਵਿਦਿਆਰਥੀਆਂ ਵਿੱਚ ਫੈਲੇ ਡਰ ਅਤੇ ਗੁੱਸੇ ਕਾਰਨ ਹਜ਼ਾਰਾਂ ਵਿਦਿਆਰਥੀ ਆਪਣੇ ਬੈਗ ਪੈਕ ਕਰਕੇ ਘਰਾਂ ਨੂੰ ਰਵਾਨਾ ਹੋ ਰਹੇ ਹਨ।

ਦੂਜੇ ਪਾਸੇ, ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਫੈਲਾਈਆਂ ਗਈਆਂ ਕਥਿਤ ਅਫ਼ਵਾਹਾਂ ਕਾਰਨ ਅਸ਼ਾਂਤੀ ਦਾ ਮਾਹੌਲ ਬਣਿਆ ਹੈ। ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਪ੍ਰਮਾਣਿਤ ਖ਼ਬਰ ਜਾਂ ਅਫ਼ਵਾਹ ’ਤੇ ਵਿਸ਼ਵਾਸ ਨਾ ਕਰਨ, ਸ਼ਾਂਤੀ ਬਣਾਈ ਰੱਖਣ ਅਤੇ ਯੂਨੀਵਰਸਿਟੀ ਦੇ ਅਧਿਕਾਰਤ ਪੋਰਟਲ ਰਾਹੀਂ ਜਾਰੀ ਹਦਾਇਤਾਂ ਦੀ ਹੀ ਪਾਲਣਾ ਕਰਨ।

What's Your Reaction?

like

dislike

love

funny

angry

sad

wow