ਨਕਲੀ ਪੀਸੀਐੱਸ ਅਧਿਕਾਰੀ ਬਣ ਕੇ ‘ਆਪ’ ਚੇਅਰਮੈਨ ਨਾਲ ਕਰਵਾਇਆ ਵਿਆਹ
ਫ਼ਤਹਿਗੜ੍ਹ ਸਾਹਿਬ ਵਿੱਚ ਸਿਆਸੀ ਅਤੇ ਸਮਾਜਿਕ ਹਲਕਿਆਂ ਨੂੰ ਹੈਰਾਨ ਕਰ ਦੇਣ ਵਾਲਾ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੇ ਖ਼ੁਦ ਨੂੰ ਪੰਜਾਬ ਸਿਵਲ ਸਰਵਿਸਿਜ਼ (PCS) ਅਧਿਕਾਰੀ ਦੱਸ ਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ ਨਾਲ ਵਿਆਹ ਰਚਾ ਲਿਆ। ਵਿਆਹ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀਆਂ ਸਮੇਤ ਕਈ ਉੱਘੇ ਸਿਆਸੀ ਆਗੂ ਸ਼ਾਮਲ ਹੋਏ ਸਨ। ਵਿਆਹ ਦੇ ਕੁਝ ਹੀ ਦਿਨਾਂ ਬਾਅਦ ਔਰਤ ਘਰੋਂ ਕੀਮਤੀ ਸੋਨੇ-ਚਾਂਦੀ ਦੇ ਗਹਿਣੇ ਅਤੇ ਸਾਮਾਨ ਲੈ ਕੇ ਫ਼ਰਾਰ ਹੋ ਗਈ। ਨਿੱਜੀ ਜਾਂਚ ਦੌਰਾਨ ਪਤਾ ਲੱਗਾ ਕਿ ਔਰਤ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਹੈ, ਸਗੋਂ ਉਹ ਪਹਿਲਾਂ ਤੋਂ ਤਲਾਕਸ਼ੁਦਾ ਹੈ ਅਤੇ ਉਸ ਦਾ 18 ਸਾਲਾਂ ਦਾ ਪੁੱਤਰ ਵੀ ਹੈ। ਪੁਲੀਸ ਨੇ ਔਰਤ, ਉਸ ਦੀ ਮਾਂ ਅਤੇ ਭਰਾ ਸਣੇ 6 ਜਣਿਆਂ ਖ਼ਿਲਾਫ਼ ਧੋਖਾਧੜੀ ਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਿਆਸੀ ਗਲਿਆਰਿਆਂ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਔਰਤ ਵੱਲੋਂ ਖ਼ੁਦ ਨੂੰ ਜਾਅਲੀ ਪੀਸੀਐੱਸ (ਪੰਜਾਬ ਸਿਵਲ ਸਰਵਿਸਿਜ਼) ਅਧਿਕਾਰੀ ਦੱਸ ਕੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਹਾਈ-ਪ੍ਰੋਫਾਈਲ ਧੋਖਾਧੜੀ ਦਾ ਖ਼ੁਲਾਸਾ ਹੋਣ ਮਗਰੋਂ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਮੁਲਜ਼ਮ ਔਰਤ ਮਨਵਿੰਦਰ ਕੌਰ ਸਮੇਤ ਉਸ ਦੇ ਪਰਿਵਾਰ ਦੇ 6 ਮੈਂਬਰਾਂ ਵਿਰੁੱਧ ਧੋਖਾਧੜੀ, ਜਾਅਲਸਾਜ਼ੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਐੱਫਆਈਆਰ ਦਰਜ ਕਰ ਲਈ ਹੈ।
ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਪਿੰਡ ਮੰਡੋਫਲ ਦੇ ਵਸਨੀਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਮੁਲਜ਼ਮ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਉਹ ਪੀਸੀਐੱਸ ਅਧਿਕਾਰੀ ਵਜੋਂ ਤਾਇਨਾਤ ਹੈ। ਇਸ ਤੋਂ ਇਲਾਵਾ ਜਾਅਲੀ ਦਸਤਾਵੇਜ਼ਾਂ ਰਾਹੀਂ ਉਸ ਦੀ ਅਸਲ ਉਮਰ ਲੁਕਾਈ ਗਈ ਅਤੇ ਉਸ ਦੇ ਅਣਵਿਆਹੀ ਹੋਣ ਦਾ ਝੂਠਾ ਦਾਅਵਾ ਕੀਤਾ ਗਿਆ। ਇਸ ਝਾਂਸੇ ਵਿੱਚ ਆ ਕੇ 10 ਫ਼ਰਵਰੀ 2026 ਨੂੰ ਦੋਹਾਂ ਦਾ ਵਿਆਹ ਬੜੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਵਿਆਹ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਮੇਤ ਕਈ ਵਿਧਾਇਕਾਂ ਅਤੇ ਸੀਨੀਅਰ ਸਿਆਸੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਸੀ।
ਵਿਆਹ ਦੇ ਕੁਝ ਹੀ ਦਿਨਾਂ ਬਾਅਦ ਉਕਤ ਔਰਤ ਸ਼ੱਕੀ ਹਾਲਾਤ ਵਿੱਚ ਘਰੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਸਮੇਟ ਕੇ ਫ਼ਰਾਰ ਹੋ ਗਈ। ਜਦੋਂ ਅਮਰਿੰਦਰ ਸਿੰਘ ਨੇ ਉਸ ਦੇ ਅਚਾਨਕ ਜਾਣ ’ਤੇ ਸ਼ੱਕ ਜਤਾਉਂਦਿਆਂ ਆਪਣੇ ਪੱਧਰ ’ਤੇ ਪੜਤਾਲ ਕਰਵਾਈ, ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਜਾਂਚ ਵਿੱਚ ਪਤਾ ਲੱਗਾ ਕਿ ਮਨਵਿੰਦਰ ਕੌਰ ਕਿਸੇ ਵੀ ਸਰਕਾਰੀ ਅਹੁਦੇ ’ਤੇ ਤਾਇਨਾਤ ਨਹੀਂ ਹੈ, ਉਹ ਪਹਿਲਾਂ ਤੋਂ ਤਲਾਕਸ਼ੁਦਾ ਹੈ ਅਤੇ ਪਹਿਲੇ ਵਿਆਹ ਤੋਂ ਉਸ ਦਾ ਇੱਕ 18 ਸਾਲਾਂ ਦਾ ਨੌਜਵਾਨ ਪੁੱਤਰ ਵੀ ਹੈ। ਇਸ ਤੋਂ ਇਲਾਵਾ ਉਸ ਦੇ ਸਰਕਾਰੀ ਪਛਾਣ ਪੱਤਰ ਅਤੇ ਉਮਰ ਨਾਲ ਜੁੜੇ ਦਸਤਾਵੇਜ਼ ਵੀ ਪੂਰੀ ਤਰ੍ਹਾਂ ਜਾਅਲੀ ਪਾਏ ਗਏ।
ਧੋਖਾਧੜੀ ਦਾ ਸ਼ਿਕਾਰ ਹੋਣ ਦਾ ਅਹਿਸਾਸ ਹੋਣ ਉਪਰੰਤ ਪੀੜਤ ਆਗੂ ਨੇ ਜ਼ਿਲ੍ਹਾ ਪੁਲੀਸ ਮੁਖੀ (ਐੱਸਐੱਸਪੀ) ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਮੁੱਖ ਮੁਲਜ਼ਮ ਮਨਵਿੰਦਰ ਕੌਰ, ਉਸ ਦੇ ਭਰਾ ਤਰਲੋਚਨ ਸਿੰਘ, ਮਾਂ ਵਰਿੰਦਰਜੀਤ ਕੌਰ, ਰਿਸ਼ਤੇਦਾਰ ਨਰਿੰਦਰ ਸਿੰਘ ਗੋਲਡੀ, ਭਾਬੀ ਰੂਪਿੰਦਰ ਕੌਰ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਖਮੰਦਰ ਸਿੰਘ ਰਾਣਾ ਵਾਸੀ ਪਿੰਡ ਸੁਰ ਸਿੰਘ (ਥਾਣਾ ਭਿੱਖੀਵਿੰਡ, ਜ਼ਿਲ੍ਹਾ ਤਰਨਤਾਰਨ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਗਹਿਣਿਆਂ ਦੀ ਬਰਾਮਦਗੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
What's Your Reaction?