ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਕੇਂਦਰ ਸਰਕਾਰ ਵੱਲੋਂ ਰੱਦ, ਸੁਰੱਖਿਆ ਖ਼ਤਰਿਆਂ ਕਾਰਨ ਲਿਆ ਫੈਸਲਾ

ਕੇਂਦਰ ਸਰਕਾਰ ਨੇ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਰਾਜ ਸਭਾ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਦੱਸਿਆ ਕਿ ਤੇਲ ਕੰਪਨੀਆਂ ਦੁਆਰਾ ਕੀਤੇ ਗਏ ਤਕਨੀਕੀ ਪਰੀਖਣਾਂ ਦੌਰਾਨ ਸਾਹਮਣੇ ਆਇਆ ਹੈ ਕਿ ਈਥਾਨੌਲ ਮਿਲਾਉਣ ਨਾਲ ਡੀਜ਼ਲ ਦਾ ਫਲੈਸ਼ ਪੁਆਇੰਟ (Flash Point) ਕਾਫ਼ੀ ਘਟ ਜਾਂਦਾ ਹੈ, ਜਿਸ ਨਾਲ ਬਾਲਣ ਵਿੱਚ ਅੱਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪੈਟਰੋਲ ਵਿੱਚ ਈਥਾਨੌਲ ਦਾ ਮਿਸ਼ਰਣ 20 ਫੀਸਦੀ (E20) ਤੋਂ ਵਧਾਉਣ ਸਬੰਧੀ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

Aug 11, 2026 - 02:45
 0  0

Share -

ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੀ ਯੋਜਨਾ ਕੇਂਦਰ ਸਰਕਾਰ ਵੱਲੋਂ ਰੱਦ, ਸੁਰੱਖਿਆ ਖ਼ਤਰਿਆਂ ਕਾਰਨ ਲਿਆ ਫੈਸਲਾ
Image used for representation purpose only

ਡੀਜ਼ਲ ਵਿੱਚ ਈਥਾਨੌਲ ਦੇ ਮਿਸ਼ਰਣ ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ 'ਤੇ ਕੇਂਦਰ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਡੀਜ਼ਲ ਵਿੱਚ ਈਥਾਨੌਲ ਰਲਾਉਣ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਹ ਫੈਸਲਾ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs), ਆਟੋਮੋਬਾਈਲ ਨਿਰਮਾਤਾਵਾਂ ਅਤੇ ਖੋਜ ਸੰਸਥਾਵਾਂ ਦੁਆਰਾ ਕੀਤੇ ਗਏ ਵਿਗਿਆਨਕ ਪ੍ਰਯੋਗਾਂ ਅਤੇ ਜਾਂਚਾਂ ਦੇ ਆਧਾਰ 'ਤੇ ਲਿਆ ਗਿਆ ਹੈ।

ਮੰਤਰੀ ਅਨੁਸਾਰ, ਲੈਬਾਰਟਰੀ ਟੈਸਟਾਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡੀਜ਼ਲ ਵਿੱਚ ਈਥਾਨੌਲ ਦੀ ਵਰਤੋਂ ਨਾਲ ਬਾਲਣ ਦਾ ਨਿਰਧਾਰਤ 'ਫਲੈਸ਼ ਪੁਆਇੰਟ' (ਘੱਟੋ-ਘੱਟ ਤਾਪਮਾਨ ਜਿਸ 'ਤੇ ਬਾਲਣ ਅੱਗ ਫੜ ਸਕਦਾ ਹੈ) ਬਹੁਤ ਜ਼ਿਆਦਾ ਹੇਠਾਂ ਡਿੱਗ ਜਾਂਦਾ ਹੈ। ਫਲੈਸ਼ ਪੁਆਇੰਟ ਘਟਣ ਨਾਲ ਬਾਲਣ ਦੀ ਸਟੋਰੇਜ, ਟ੍ਰਾਂਸਪੋਰਟੇਸ਼ਨ ਅਤੇ ਵਰਤੋਂ ਦੌਰਾਨ ਅੱਗ ਲੱਗਣ ਵਰਗੇ ਗੰਭੀਰ ਸੁਰੱਖਿਆ ਖ਼ਤਰੇ ਪੈਦਾ ਹੋ ਸਕਦੇ ਹਨ। ਇਸੇ ਤਕਨੀਕੀ ਖਾਮੀ ਅਤੇ ਸੁਰੱਖਿਆ ਮਾਪਦੰਡਾਂ 'ਤੇ ਖਰਾ ਨਾ ਉੱਤਰਨ ਕਾਰਨ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ।

ਇਸ ਦੇ ਨਾਲ ਹੀ, ਪੈਟਰੋਲ ਵਿੱਚ ਈਥਾਨੌਲ ਦੀ ਮਿਲਾਵਟ ਨੂੰ 20 ਫੀਸਦੀ (E20) ਤੋਂ ਵਧਾ ਕੇ 50 ਫੀਸਦੀ ਤੱਕ ਕਰਨ ਦੀਆਂ ਅਫ਼ਵਾਹਾਂ 'ਤੇ ਵੀ ਸਰਕਾਰ ਨੇ ਸਥਿਤੀ ਸਪੱਸ਼ਟ ਕੀਤੀ ਹੈ। ਮੰਤਰੀ ਨੇ ਦੱਸਿਆ ਕਿ ਪੈਟਰੋਲ ਵਿੱਚ 20 ਫੀਸਦੀ ਤੋਂ ਵੱਧ ਈਥਾਨੌਲ ਮਿਲਾਉਣ ਬਾਰੇ ਸਰਕਾਰ ਵੱਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹਾ ਕੋਈ ਵੀ ਕਦਮ ਨੀਤੀ ਆਯੋਗ, ARAI, SIAM, ਆਇਲ ਕੰਪਨੀਆਂ ਅਤੇ ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਨਾਲ ਵਿਆਪਕ ਤਕਨੀਕੀ ਅਧਿਐਨ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਚੁੱਕਿਆ ਜਾਵੇਗਾ।

ਸਰਕਾਰ ਨੇ ਇਹ ਵੀ ਦਾਅਵਾ ਕੀਤਾ ਕਿ E20 ਪੈਟਰੋਲ ਸਾਰੇ ਸੁਰੱਖਿਆ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਵੱਖ-ਵੱਖ ਪਰੀਖਣਾਂ ਦੌਰਾਨ ਵਾਹਨਾਂ ਦੇ ਇੰਜਣਾਂ ਜਾਂ ਪ੍ਰਦਰਸ਼ਨ 'ਤੇ ਇਸ ਦਾ ਕੋਈ ਮਾੜਾ ਅਸਰ ਨਹੀਂ ਦੇਖਿਆ ਗਿਆ। ਇਸ ਸਮੇਂ ਦੇਸ਼ ਵਿੱਚ ਕਰੋੜਾਂ ਦੋ-ਪਹੀਆ ਅਤੇ ਚਾਰ-ਪਹੀਆ ਵਾਹਨ ਬਿਨਾਂ ਕਿਸੇ ਤਕਨੀਕੀ ਸਮੱਸਿਆ ਦੇ E20 ਬਾਲਣ 'ਤੇ ਚੱਲ ਰਹੇ ਹਨ।

What's Your Reaction?

like

dislike

love

funny

angry

sad

wow