'ਪੁੱਤ, ਅੱਜ ਮੇਰਾ ਕਾਲਜਾ ਠਰ ਗਿਆ': 'ਤੂੰ ਤੂੰ ਵਾਲੀ ਬੇਬੇ' ਮੇਲੋ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ; ਸੀਐੱਮ ਨੇ ਪੈਰੀਂ ਹੱਥ ਲਾ ਕੇ ਲਿਆ ਅਸੀਰਵਾਦ
ਸੋਸ਼ਲ ਮੀਡੀਆ ’ਤੇ ਆਪਣੀ ਖ਼ਾਸ ਬੋਲਚਾਲ ਤੇ ਨਿਵੇਕਲੇ ਅੰਦਾਜ਼ ਕਾਰਨ 'ਤੂੰ ਤੂੰ ਵਾਲੀ ਬੇਬੇ' ਵਜੋਂ ਚਰਚਾ ਵਿੱਚ ਆਈ ਬਜ਼ੁਰਗ ਮਾਤਾ ਮੇਲੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ। ਇਸ ਭਾਵੁਕ ਮਿਲਣੀ ਦੌਰਾਨ ਬੇਬੇ ਮੇਲੋ ਨੇ ਮੁੱਖ ਮੰਤਰੀ ਨੂੰ ਗਲਵੱਕੜੀ ਵਿੱਚ ਲੈ ਕੇ ਖ਼ੂਬ ਦੁਆਵਾਂ ਦਿੱਤੀਆਂ ਅਤੇ ਆਖਿਆ ਕਿ "ਪੁੱਤ, ਅੱਜ ਤੈਨੂੰ ਮਿਲ ਕੇ ਮੇਰਾ ਕਾਲਜਾ ਠਰ ਗਿਆ।" ਮੁੱਖ ਮੰਤਰੀ ਭਗਵੰਤ ਮਾਨ ਨੇ ਬਜ਼ੁਰਗ ਮਾਤਾ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਅਸੀਰਵਾਦ ਲਿਆ, ਹਾਲ-ਚਾਲ ਪੁੱਛਿਆ ਅਤੇ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਅਤੇ ਸਨਮਾਨ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ’ਤੇ ਉਸ ਵੇਲੇ ਇੱਕ ਬੇਹੱਦ ਭਾਵੁਕ ਅਤੇ ਅਪਣੱਤ ਭਰਿਆ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਸੋਸ਼ਲ ਮੀਡੀਆ ’ਤੇ 'ਤੂੰ ਤੂੰ ਵਾਲੀ ਬੇਬੇ' ਦੇ ਨਾਂ ਨਾਲ ਪ੍ਰਸਿੱਧ ਹੋਈ ਬਜ਼ੁਰਗ ਮਾਤਾ ਮੇਲੋ ਮੁੱਖ ਮੰਤਰੀ ਨੂੰ ਮਿਲਣ ਪਹੁੰਚੀ। ਸਾਦੇ ਪੇਂਡੂ ਸੁਭਾਅ ਅਤੇ ਨਿਰਛਲ ਪਿਆਰ ਦੀ ਪ੍ਰਤੀਕ ਬੇਬੇ ਮੇਲੋ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ, "ਪੁੱਤ, ਅੱਜ ਤੈਨੂੰ ਮਿਲ ਕੇ ਮੇਰਾ ਕਾਲਜਾ ਠਰ ਗਿਆ।"
ਜਿਉਂ ਹੀ ਬਜ਼ੁਰਗ ਮਾਤਾ ਮੁੱਖ ਮੰਤਰੀ ਦੇ ਸਨਮੁੱਖ ਹੋਈ, ਭਗਵੰਤ ਮਾਨ ਨੇ ਪੰਜਾਬੀ ਸੱਭਿਆਚਾਰ ਦੀ ਰਵਾਇਤ ਅਨੁਸਾਰ ਅੱਗੇ ਵਧ ਕੇ ਉਨ੍ਹਾਂ ਦੇ ਪੈਰੀਂ ਹੱਥ ਲਾਇਆ ਅਤੇ ਉਨ੍ਹਾਂ ਕੋਲੋਂ ਅਸੀਰਵਾਦ ਲਿਆ। ਮੁੱਖ ਮੰਤਰੀ ਨੇ ਬੇਬੇ ਮੇਲੋ ਨੂੰ ਆਪਣੇ ਕੋਲ ਬਿਠਾ ਕੇ ਉਨ੍ਹਾਂ ਦੀ ਸਿਹਤ ਅਤੇ ਪਰਿਵਾਰਕ ਹਾਲਾਤ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਮਾਤਾ ਮੇਲੋ ਨੇ ਮੁੱਖ ਮੰਤਰੀ ਦੇ ਸਿਰ ’ਤੇ ਪਿਆਰ ਨਾਲ ਹੱਥ ਫੇਰਦਿਆਂ ਉਨ੍ਹਾਂ ਦੀ ਲੰਮੀ ਉਮਰ ਅਤੇ ਸੂਬੇ ਦੀ ਸੇਵਾ ਕਰਨ ਲਈ ਅਰਦਾਸ ਕੀਤੀ।
ਜ਼ਿਕਰਯੋਗ ਹੈ ਕਿ ਬੇਬੇ ਮੇਲੋ ਇੰਟਰਨੈੱਟ ਮੀਡੀਆ ’ਤੇ ਆਪਣੇ ਦੇਸੀ ਅੰਦਾਜ਼, ਸਾਫ਼ਗੋਈ ਅਤੇ ਹਾਸ-ਵਿਅੰਗ ਭਰੀਆਂ ਗੱਲਾਂ ਕਾਰਨ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾ ਚੁੱਕੀ ਹੈ। ਮੁੱਖ ਮੰਤਰੀ ਨਾਲ ਉਨ੍ਹਾਂ ਦੀ ਇਹ ਮੁਲਾਕਾਤ ਸਿਰਫ਼ ਇੱਕ ਰਸਮੀ ਮੁਲਾਕਾਤ ਨਹੀਂ ਰਹੀ, ਸਗੋਂ ਇਸ ਨੇ ਆਮ ਲੋਕਾਂ ਅਤੇ ਸਰਕਾਰ ਦਰਮਿਆਨ ਇੱਕ ਮੋਹ-ਪਿਆਰ ਦੀ ਸਾਂਝ ਨੂੰ ਉਜਾਗਰ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਬਜ਼ੁਰਗ ਸਾਡਾ ਵਡਮੁੱਲਾ ਸਰਮਾਇਆ ਹਨ ਅਤੇ ਉਨ੍ਹਾਂ ਦੇ ਅਸੀਰਵਾਦ ਨਾਲ ਹੀ ਸਮਾਜ ਨੂੰ ਸਹੀ ਦਿਸ਼ਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਸੂਬੇ ਦੇ ਹਰੇਕ ਬਜ਼ੁਰਗ ਨੂੰ ਮਾਣ-ਸਨਮਾਨ, ਬਿਹਤਰ ਸਿਹਤ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣਾ ਹੈ। ਮੁੱਖ ਮੰਤਰੀ ਨੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਬੇਬੇ ਮੇਲੋ ਦੀਆਂ ਜ਼ਰੂਰਤਾਂ ਅਤੇ ਇਲਾਜ ਸਬੰਧੀ ਪੂਰਾ ਧਿਆਨ ਰੱਖਿਆ ਜਾਵੇ।
What's Your Reaction?