ਅੰਮ੍ਰਿਤਸਰ ਵਿੱਚ ਦਿਲ ਕੰਬਾਊ ਘਟਨਾ: ਚਰਿੱਤਰ ’ਤੇ ਸ਼ੱਕ ਕਾਰਨ ਪਿਓ ਨੇ 19 ਸਾਲਾ ਧੀ ਦਾ ਕਤਲ ਕਰਕੇ ਘਰ ਪਿੱਛੇ ਦਫ਼ਨਾਈ ਲਾਸ਼
ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਵਿੱਚ ਇੱਕ ਪਿਓ ਵੱਲੋਂ ਆਪਣੀ ਹੀ 19 ਸਾਲਾ ਧੀ ਨਵਨੀਤ ਕੌਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਘਰ ਦੇ ਪਿਛਲੇ ਪਾਸੇ ਤਿੰਨ ਫੁੱਟ ਡੂੰਘੇ ਟੋਏ ਵਿੱਚ ਦਫ਼ਨਾਉਣ ਦੀ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਮੁਲਜ਼ਮ ਪਿਤਾ ਨੂੰ ਧੀ ਦੇ ਚਰਿੱਤਰ ’ਤੇ ਸ਼ੱਕ ਸੀ। ਜਦੋਂ ਮਾਂ ਨੂੰ ਸ਼ੱਕ ਹੋਇਆ ਅਤੇ ਧੀ ਦਾ ਫ਼ੋਨ ਬੰਦ ਮਿਲਿਆ, ਤਾਂ ਉਸ ਨੇ ਮੌਕੇ ’ਤੇ ਪਹੁੰਚ ਕੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਖੁਦਾਈ ਕਰਵਾ ਕੇ ਲਾਸ਼ ਬਰਾਮਦ ਕੀਤੀ ਅਤੇ ਮੁਲਜ਼ਮ ਪਿਤਾ ਖ਼ਿਲਾਫ਼ ਕਤਲ ਅਤੇ ਲਾਸ਼ ਖ਼ੁਰਦ-ਬੁਰਦ ਕਰਨ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮੱਤੇਵਾਲ ਅਧੀਨ ਪੈਂਦੇ ਖੇਤਰ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਨੇ ਚਰਿੱਤਰ ’ਤੇ ਸ਼ੱਕ ਦੇ ਚਲਦਿਆਂ ਆਪਣੀ 19 ਸਾਲਾ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਵਾਰਦਾਤ ਨੂੰ ਲੁਕਾਉਣ ਲਈ ਉਸ ਦੀ ਦੇਹ ਨੂੰ ਘਰ ਦੇ ਪਿਛਲੇ ਵਿਹੜੇ ਵਿੱਚ ਟੋਆ ਪੁੱਟ ਕੇ ਦਫ਼ਨਾ ਦਿੱਤਾ। ਇਸ ਖ਼ੌਫ਼ਨਾਕ ਘਟਨਾ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਮ੍ਰਿਤਕਾ ਦੀ ਮਾਂ ਨੇ ਸ਼ੱਕ ਪੈਣ ’ਤੇ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਜ਼ਮੀਨ ਦੀ ਖੁਦਾਈ ਕਰਵਾਈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕਾ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਘਰੇਲੂ ਕਲੇਸ਼ ਕਾਰਨ ਉਹ ਪੇਕੇ ਘਰ ਗਈ ਹੋਈ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਧੀਆਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਅਕਸਰ ਘਰ ਵਿੱਚ ਝਗੜਾ ਕਰਦਾ ਰਹਿੰਦਾ ਸੀ। ਬੀਤੀ 31 ਅਗਸਤ ਨੂੰ ਉਸ ਦੀ 19 ਸਾਲਾ ਧੀ ਨਵਨੀਤ ਕੌਰ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਸ ਦਾ ਪਿਤਾ ਘਰ ਦੇ ਪਿਛਲੇ ਪਾਸੇ ਇੱਕ ਡੂੰਘਾ ਟੋਆ ਪੁੱਟ ਰਿਹਾ ਹੈ। ਇਸ ਗੱਲਬਾਤ ਤੋਂ ਬਾਅਦ ਨਵਨੀਤ ਦਾ ਫ਼ੋਨ ਬੰਦ ਆਉਣ ਲੱਗਾ ਅਤੇ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।
ਜਦੋਂ ਸਰਬਜੀਤ ਕੌਰ ਘਰ ਪਰਤੀ ਤਾਂ ਧੀ ਗ਼ਾਇਬ ਸੀ। ਪੁੱਛਣ ’ਤੇ ਪਤੀ ਨੇ ਵੱਖ-ਵੱਖ ਬਹਾਨੇ ਬਣਾਏ ਅਤੇ ਕਿਹਾ ਕਿ ਉਸ ਨੇ ਧੀ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ ਹੈ।ਘਰ ਦੇ ਪਿਛਲੇ ਪਾਸੇ ਤਾਜ਼ਾ ਪੁੱਟੀ ਹੋਈ ਮਿੱਟੀ ਦੇਖ ਕੇ ਮਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਤੁਰੰਤ ਥਾਣਾ ਮੱਤੇਵਾਲ ਦੀ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਕਰੀਬ ਤਿੰਨ ਫੁੱਟ ਡੂੰਘੇ ਟੋਏ ਦੀ ਖੁਦਾਈ ਕਰਵਾਈ, ਜਿੱਥੋਂ ਨਵਨੀਤ ਕੌਰ ਦੀ ਲਾਸ਼ ਬਰਾਮਦ ਹੋਈ।
ਥਾਣਾ ਮੱਤੇਵਾਲ ਦੇ ਐੱਸਐੱਚਓ ਦਲਜੀਤ ਸਿੰਘ ਅਨੁਸਾਰ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲੀਸ ਨੇ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਪਿਤਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸੰਬੰਧਤ ਧਾਰਾਵਾਂ ਤਹਿਤ ਕਤਲ ਅਤੇ ਸਬੂਤ ਨਸ਼ਟ ਕਰਨ ਦਾ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਪਿਤਾ ਫ਼ਰਾਰ ਹੋ ਗਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
What's Your Reaction?