ਅਮਰੀਕਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਣਅਧਿਕਾਰਤ ਸਰੂਪ ਛਾਪਣ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਸਖ਼ਤ
ਅਮਰੀਕਾ ਵਿੱਚ ਘਰ ਅੰਦਰ ਪ੍ਰੈੱਸ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਅਣਅਧਿਕਾਰਤ ਛਪਾਈ ਕਰਨ ਅਤੇ ਸੰਗਤ ਵਿੱਚ ਵੰਡਣ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ ਅਨੁਸਾਰ ਨਿਊਯਾਰਕ ਵਾਸੀ ਜਤਿੰਦਰ ਸਿੰਘ ਸਚਦੇਵਾ ਨੂੰ ਛਪਾਈ ਤੁਰੰਤ ਬੰਦ ਕਰਨ, ਛਾਪੇ ਗਏ ਸਾਰੇ ਸਰੂਪਾਂ ਦਾ ਮੁਕੰਮਲ ਰਿਕਾਰਡ ਨਾਲ ਲੈ ਕੇ 10 ਦਸੰਬਰ 2026 ਤੱਕ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਫ਼ਰਮਾਨ ਸੁਣਾਇਆ ਗਿਆ ਹੈ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ 9 ਮਈ 1998 ਦੇ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਇਸ ਅਣਅਧਿਕਾਰਤ ਛਪਾਈ ਦੀ ਪ੍ਰਸ਼ੰਸਾ ਕਰਨ ਵਾਲੇ 6 ਹੋਰ ਅਮਰੀਕਾ ਵਾਸੀਆਂ—ਬਾਬਾ ਸੱਜਣ ਸਿੰਘ, ਗਿਆਨੀ ਭੁਪਿੰਦਰ ਸਿੰਘ, ਜਤਿੰਦਰ ਸਿੰਘ, ਹਰਬੰਸ ਸਿੰਘ, ਹਰਚਰਨ ਸਿੰਘ ਅਤੇ ਗੁਰਦੇਵ ਸਿੰਘ—ਕੋਲੋਂ 15 ਦਿਨਾਂ ਦੇ ਅੰਦਰ-ਅੰਦਰ ਲਿਖਤੀ ਸਪੱਸ਼ਟੀਕਰਨ ਤਲਬ ਕੀਤਾ ਗਿਆ ਹੈ।
ਸਿੱਖ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਮਨਮਰਜ਼ੀ ਨਾਲ ਹੋ ਰਹੀ ਛਪਾਈ ਦਾ ਸਖ਼ਤ ਨੋਟਿਸ ਲਿਆ ਹੈ। ਸੰਯੁਕਤ ਰਾਜ ਅਮਰੀਕਾ (USA) ਦੇ ਨਿਊਯਾਰਕ ਵਿੱਚ ਨਿੱਜੀ ਪੱਧਰ ’ਤੇ ਪ੍ਰੈੱਸ ਸਥਾਪਤ ਕਰਕੇ ਗੁਰਬਾਣੀ ਦੇ ਸਰੂਪ ਛਾਪਣ ਅਤੇ ਸੰਗਤ ਨੂੰ ਵੰਡਣ ਦੇ ਦੋਸ਼ਾਂ ਤਹਿਤ ਜਤਿੰਦਰ ਸਿੰਘ ਸਚਦੇਵਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਦਾ ਦੋਸ਼ੀ ਮੰਨਦਿਆਂ 10 ਦਸੰਬਰ 2026 ਤੱਕ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਸਖ਼ਤ ਆਦੇਸ਼ ਜਾਰੀ ਕੀਤਾ ਗਿਆ ਹੈ।
ਇਹ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਿਲੀਆਂ ਲਿਖਤੀ ਸ਼ਿਕਾਇਤਾਂ ’ਤੇ ਵਿਚਾਰ ਕਰਨ ਉਪਰੰਤ ਲਿਆ ਗਿਆ ਹੈ। ਸ਼ਿਕਾਇਤਾਂ ਵਿੱਚ ਦੱਸਿਆ ਗਿਆ ਸੀ ਕਿ ਨਿਊਯਾਰਕ ਵਾਸੀ ਜਤਿੰਦਰ ਸਿੰਘ ਸਚਦੇਵਾ ਵੱਲੋਂ ਆਪਣੇ ਘਰ ਵਿੱਚ 'ਧਰਮਸਾਲ' ਸੰਸਥਾ ਦੇ ਨਾਂ ਹੇਠ ਅਣਅਧਿਕਾਰਤ ਤੌਰ ’ਤੇ ਪ੍ਰੈੱਸ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪੇ ਜਾ ਰਹੇ ਹਨ ਅਤੇ ਸੰਗਤਾਂ ਵਿੱਚ ਵੰਡੇ ਜਾ ਰਹੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਹੁਕਮ ਵਿੱਚ ਸਪੱਸ਼ਟ ਕੀਤਾ ਗਿਆ ਕਿ 9 ਮਈ 1998 ਦੇ ਸਰਵਉੱਚ ਹੁਕਮਨਾਮੇ ਅਨੁਸਾਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਦਾ ਇਕੱਲਾ ਅਤੇ ਕਾਨੂੰਨੀ ਅਧਿਕਾਰ ਸਿਰਫ਼ ਸਿੱਖਾਂ ਦੀ ਸਿਰਮੌਰ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਕੋਲ ਹੀ ਹੈ। ਸਕੱਤਰੇਤ ਨੇ ਕਿਹਾ ਕਿ ਕਿਸੇ ਵੀ ਨਿੱਜੀ ਵਿਅਕਤੀ ਵੱਲੋਂ ਮਨਮਰਜ਼ੀ ਨਾਲ ਸਰੂਪ ਛਾਪਣਾ ਮਰਿਆਦਾ ਦੀ ਘੋਰ ਉਲੰਘਣਾ ਅਤੇ ਪੰਥ ਵਿੱਚ ਦੁਫੇੜ ਪਾਉਣ ਵਾਲੀ ਕਾਰਵਾਈ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਤਿੰਦਰ ਸਿੰਘ ਸਚਦੇਵਾ ਨੂੰ ਹਦਾਇਤ ਕੀਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਅਤੇ ਹੁਣ ਤੱਕ ਛਾਪੇ ਗਏ ਸਾਰੇ ਸਰੂਪਾਂ ਦਾ ਮੁਕੰਮਲ ਲੇਖਾ-ਜੋਖਾ ਲੈ ਕੇ 10 ਦਸੰਬਰ 2026 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ ’ਤੇ ਹਾਜ਼ਰ ਹੋਣ।
ਇਸੇ ਮਾਮਲੇ ਵਿੱਚ ਜਾਰੀ ਕੀਤੇ ਗਏ ਇੱਕ ਹੋਰ ਵੱਖਰੇ ਹੁਕਮ ਵਿੱਚ ਅਮਰੀਕਾ ਵਾਸੀ 6 ਵਿਅਕਤੀਆਂ—ਬਾਬਾ ਸੱਜਣ ਸਿੰਘ, ਗਿਆਨੀ ਭੁਪਿੰਦਰ ਸਿੰਘ, ਜਤਿੰਦਰ ਸਿੰਘ,ਹਰਬੰਸ ਸਿੰਘ, ਹਰਚਰਨ ਸਿੰਘ ਅਤੇ ਗੁਰਦੇਵ ਸਿੰਘ—ਨੂੰ ਵੀ ਤਲਬ ਕਰਦਿਆਂ 15 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿਅਕਤੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਛਾਪੇ ਜਾ ਰਹੇ ਗ਼ੈਰ-ਕਾਨੂੰਨੀ ਸਰੂਪਾਂ ਵਾਲੀ ਥਾਂ ’ਤੇ ਜਾ ਕੇ ਖ਼ੁਦ ਨੂੰ ਅਥਾਰਟੀ ਦਰਸਾਉਂਦਿਆਂ ਇਸ ਨਾਜਾਇਜ਼ ਕਾਰਵਾਈ ਦੀ ਸ਼ਲਾਘਾ ਕੀਤੀ ਸੀ।
What's Your Reaction?
