ਮਨੀਪੁਰ: 55 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ

DRI, ਕਸਟਮਜ਼, ਅਸਾਮ ਰਾਈਫਲਜ਼, ਅਤੇ ਮਨੀਪੁਰ ਪੁਲਿਸ ਨੇ Operation White Veil ਦੀ ਮੁਹਿੰਮ ਵਿੱਚ 55.52 ਕਰੋੜ ਰੁਪਏ ਦੇ ਹੈਰੋਇਨ, ਅਫ਼ੀਮ, ਨਕਦੀ ਅਤੇ ਉਪਕਰਣ ਬਰਾਮਦ ਕੀਤੇ

Jun 10, 2025 - 15:49
 0  339  0

Share -

ਮਨੀਪੁਰ: 55 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ
Image used for representation purpose only

ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਕਸਟਮਜ਼, ਅਸਾਮ ਰਾਈਫਲਜ਼ ਅਤੇ ਮਨੀਪੁਰ ਪੁਲੀਸ ਦੀ ਇੱਕ ਸਾਂਝੀ ਟੀਮ ਨੇ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਇੱਕ ਮੁਹਿੰਮ ਦੌਰਾਨ 55.52 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਨਕਦੀ ਜ਼ਬਤ ਕੀਤੀ ਹੈ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ, ‘‘ਡੀਆਰਆਈ, ਕਸਟਮਜ਼, ਅਸਾਮ ਰਾਈਫਲਜ਼ ਅਤੇ ਮਨੀਪੁਰ ਪੁਲੀਸ ਦੀ ਇੱਕ ਸਾਂਝੀ ਟੀਮ ਵੱਲੋਂ 5-7 ਜੂਨ ਨੂੰ ਮਨੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਵਿੱਚ ‘ਆਪ੍ਰੇਸ਼ਨ ਵ੍ਹਾਈਟ ਵੇਲ’ ਨਾਮ ਹੇਠ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ।’’
ਇਸ ਦੌਰਾਨ 6 ਜੂਨ ਦੀ ਸਵੇਰ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਬੇਹਿਆਂਗ ਪਿੰਡ ਵਿੱਚ ਇੱਕ ਵਾਹਨ ਵਿੱਚ ਸਵਾਰ ਦੋ ਸ਼ੱਕੀਆਂ ਦਾ ਪਿੱਛਾ ਕੀਤਾ ਗਿਆ, ਜੋ ਕਿ ਸਿੰਗਨਗਟ ਸਬ-ਡਿਵੀਜ਼ਨ ਦੇ ਥਡੋਉ ਵੇਂਗ ਵਿਖੇ ਇੱਕ ਰਿਹਾਇਸ਼ੀ ਘਰ ਵੱਲ ਵਧਦੇ ਦੇਖੇ ਗਏ। ਘਰ ਦੀ ਤਲਾਸ਼ੀ ਲੈਣ ’ਤੇ ਹੈਰੋਇਨ ਵਾਲੇ 219 ਸਾਬਣ ਦੇ ਡੱਬੇ ਅਤੇ ਅਫੀਮ ਵਾਲੇ ਅੱਠ ਪੈਕੇਜ ਅਤੇ 8 ਛੋਟੇ ਟੀਨ ਦੇ ਡੱਬੇ ਬਰਾਮਦ ਕੀਤੇ ਗਏ, ਦੋ ਵਾਕੀ-ਟਾਕੀ ਅਤੇ 7,58,050 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਘਰ ਤੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਦੋਂ ਕਿ ਦੋ ਹੋਰ ਵਿਅਕਤੀਆਂ ਨੂੰ ਬੁਆਲਕੋਟ ਚੈੱਕ ਗੇਟ ’ਤੇ ਭੱਜਣ ਦੌਰਾਨ ਰੋਕਿਆ ਗਿਆ। ਇਸ ਉਪਰੰਤ ਬੇਹਿਆਂਗ ਪਿੰਡ ਵਿੱਚ ਸਥਿਤ ਇੱਕ ਦੋਸ਼ੀ ਦੇ ਰਿਹਾਇਸ਼ੀ ਘਰ ਦੀ ਤਲਾਸ਼ੀ ਲਈ ਗਈ ਅਤੇ ਅਫੀਮ ਅਤੇ 28,05,000 ਰੁਪਏ ਦੀ ਨਕਦੀ ਵਾਲੇ ਦੋ ਪੈਕੇਜ ਜ਼ਬਤ ਕੀਤੇ ਗਏ।
ਬਿਆਨ ਅਨੁਸਾਰ, “ਸੰਯੁਕਤ ਟੀਮ ਨੇ ਅੰਤਰਰਾਸ਼ਟਰੀ ਗ੍ਰੇਅ ਡਰੱਗ ਮਾਰਕੀਟ ਵਿੱਚ 54.29 ਕਰੋੜ ਰੁਪਏ ਦੀ ਕੀਮਤ ਦੀ 7,755.75 ਗ੍ਰਾਮ ਹੈਰੋਇਨ ਅਤੇ 87.57 ਲੱਖ ਰੁਪਏ ਦੀ ਕੀਮਤ ਦੀ 6,736 ਗ੍ਰਾਮ ਅਫੀਮ ਜ਼ਬਤ ਕੀਤੀ ਅਤੇ ਨਾਲ ਹੀ 35.63 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਿਆਂਮਾਰ ਤੋਂ ਭਾਰਤ-ਮਿਆਂਮਾਰ ਸਰਹੱਦ ਰਾਹੀਂ ਚੁਰਾਚੰਦਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਵਿੱਚ ਤਸਕਰੀ ਕੀਤੀ ਜਾ ਰਹੀ ਸੀ।

What's Your Reaction?

like

dislike

love

funny

angry

sad

wow