ਕੈਨੇਡਾ ’ਚ 6 ਲੱਖ ਤੋਂ ਵੱਧ ਲੋਕਾਂ ਲਈ ਖੁੱਲ੍ਹੇਗਾ ਪੱਕੇ ਹੋਣ ਦਾ ਰਾਹ: ਨਵੇਂ 'ਇਮੀਗ੍ਰੇਸ਼ਨ ਲੈਵਲਜ਼ ਪਲਾਨ' ਦਾ ਐਲਾਨ; 2 ਲੱਖ ਅਸਥਾਈ ਨਿਵਾਸੀਆਂ ਨੂੰ ਮਿਲੇਗੀ PR, ਐਕਸਪ੍ਰੈੱਸ ਐਂਟਰੀ ਤੇ ਵਿਦਿਆਰਥੀਆਂ ਦੇ ਨਵੇਂ ਟੀਚੇ ਤੈਅ
ਕੈਨੇਡਾ ਦੀ ਸੰਘੀ ਸਰਕਾਰ ਨੇ ਬਜਟ 2026 ਅਤੇ ਨਵੇਂ 'ਇਮੀਗ੍ਰੇਸ਼ਨ ਲੈਵਲਜ਼ ਪਲਾਨ' ਤਹਿਤ ਸਾਲ 2027 ਦੇ ਅੰਤ ਤੱਕ 6,22,000 ਨਵੇਂ ਪੱਕੇ ਨਿਵਾਸੀਆਂ (PR) ਨੂੰ ਦਾਖ਼ਲਾ ਦੇਣ ਦਾ ਵੱਡਾ ਟੀਚਾ ਮਿਥਿਆ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਜਾਰੀ ਵੇਰਵਿਆਂ ਅਨੁਸਾਰ ਇਸ ਯੋਜਨਾ ਤਹਿਤ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ 2,00,000 ਅਸਥਾਈ ਨਿਵਾਸੀਆਂ (ਵਰਕਰਾਂ ਤੇ ਵਿਦਿਆਰਥੀਆਂ) ਨੂੰ ਇੱਕ ਵਾਰ ਦੇ ਵਿਸ਼ੇਸ਼ ਟ੍ਰਾਂਜ਼ਿਸ਼ਨ ਪ੍ਰੋਗਰਾਮ ਰਾਹੀਂ ਪੀਆਰ ਦਿੱਤੀ ਜਾਵੇਗੀ, ਜਿਸ ਵਿੱਚੋਂ 1,00,000 ਕੋਟਾ ਐਕਸਪ੍ਰੈੱਸ ਐਂਟਰੀ ਅਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ (PNP) ਲਈ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ 2027 ਵਿੱਚ 4,22,000 ਨਵੇਂ ਪੱਕੇ ਨਿਵਾਸੀ ਲਿਆਂਦੇ ਜਾਣਗੇ। ਨਵੇਂ ਅਸਥਾਈ ਨਿਵਾਸੀਆਂ ਦੀ ਸਾਲਾਨਾ ਸੀਮਾ 3,70,000 ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ 2,20,000 ਵਰਕਰ ਅਤੇ 1,50,000 ਕੌਮਾਂਤਰੀ ਵਿਦਿਆਰਥੀ ਸ਼ਾਮਲ ਹਨ। ਆਉਣ ਵਾਲੇ ਤਿੰਨ ਸਾਲਾਂ ਦੌਰਾਨ ਕੁੱਲ ਪੀਆਰ ਦਾ 64 ਫ਼ੀਸਦੀ ਹਿੱਸਾ ਆਰਥਿਕ ਅਤੇ ਹੁਨਰਮੰਦ ਸ਼੍ਰੇਣੀ ਲਈ ਰਾਖਵਾਂ ਰਹੇਗਾ।
ਕੈਨੇਡਾ ਵਿੱਚ ਪੜ੍ਹਾਈ ਜਾਂ ਕੰਮ ਕਰ ਰਹੇ ਲੱਖਾਂ ਪਰਵਾਸੀਆਂ ਅਤੇ ਵਿਸ਼ੇਸ਼ ਕਰਕੇ ਪੰਜਾਬੀ ਨੌਜਵਾਨਾਂ ਲਈ ਸੰਘੀ ਸਰਕਾਰ ਵੱਲੋਂ ਰਾਹਤ ਭਰੀ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਆਪਣੇ ਤਾਜ਼ਾ ਬਜਟ 2026 ਅਤੇ 2027-2029 ਦੇ 'ਇਮੀਗ੍ਰੇਸ਼ਨ ਲੈਵਲਜ਼ ਪਲਾਨ' ਦਾ ਐਲਾਨ ਕਰਦਿਆਂ 2027 ਦੇ ਅੰਤ ਤੱਕ ਕੁੱਲ 6,22,000 ਲੋਕਾਂ ਨੂੰ ਪੱਕੀ ਰਿਹਾਇਸ਼ (PR) ਦੇਣ ਦੀ ਰਣਨੀਤੀ ਤਿਆਰ ਕੀਤੀ ਹੈ।
ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਜਾਰੀ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਯੋਜਨਾ ਦਾ ਸਭ ਤੋਂ ਅਹਿਮ ਪਹਿਲੂ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਅਸਥਾਈ ਨਿਵਾਸੀਆਂ ਨੂੰ ਪੱਕੇ ਕਰਨਾ ਹੈ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਵਰਕ ਪਰਮਿਟ ਅਤੇ ਸਟੱਡੀ ਪਰਮਿਟ 'ਤੇ ਮੌਜੂਦ 2,00,000 ਅਸਥਾਈ ਨਿਵਾਸੀਆਂ ਨੂੰ ਵਿਸ਼ੇਸ਼ 'ਵਨ-ਟਾਈਮ ਟ੍ਰਾਂਜ਼ਿਸ਼ਨ' ਪ੍ਰੋਗਰਾਮ ਰਾਹੀਂ ਪੱਕੀ ਨਾਗਰਿਕਤਾ ਦਾ ਰਾਹ ਪ੍ਰਦਾਨ ਕੀਤਾ ਜਾਵੇਗਾ। ਇਸ 2 ਲੱਖ ਦੇ ਕੋਟੇ ਵਿੱਚੋਂ 1,00,000 ਸੀਟਾਂ ਸੂਬਿਆਂ ਦੇ ਸਹਿਯੋਗ ਨਾਲ ਐਕਸਪ੍ਰੈੱਸ ਐਂਟਰੀ (Express Entry) ਅਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ (PNP) ਰਾਹੀਂ ਸਿੱਧੇ ਤੌਰ ’ਤੇ ਹੁਨਰਮੰਦ ਕਾਮਿਆਂ (Skilled Workers) ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 4,22,000 ਨਵੇਂ ਪੱਕੇ ਨਿਵਾਸੀਆਂ ਦੇ ਦਾਖ਼ਲੇ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਨਵੇਂ ਇਮੀਗ੍ਰੇਸ਼ਨ ਪਲਾਨ ਤਹਿਤ ਕੈਨੇਡਾ ਵਿੱਚ ਦਾਖ਼ਲ ਹੋਣ ਵਾਲੇ ਨਵੇਂ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਸਾਲਾਨਾ 3,70,000 'ਤੇ ਸਥਿਰ (ਕੈਪ) ਕੀਤਾ ਗਿਆ ਹੈ। ਇਸ ਸਾਲਾਨਾ ਟੀਚੇ ਵਿੱਚ 2,20,000 ਨਵੇਂ ਵਿਦੇਸ਼ੀ ਵਰਕਰ ਅਤੇ 1,50,000 ਤੱਕ ਨਵੇਂ ਕੌਮਾਂਤਰੀ ਵਿਦਿਆਰਥੀ ਸ਼ਾਮਲ ਹੋਣਗੇ। 2027 ਲਈ ਨਿਰਧਾਰਤ 2.20 ਲੱਖ ਕਾਮਿਆਂ ਵਿੱਚੋਂ 50,000 ਸੀਟਾਂ 'ਟੈਂਪਰੇਰੀ ਫ਼ੌਰਨ ਵਰਕਰ ਪ੍ਰੋਗਰਾਮ' (TFWP) ਅਧੀਨ ਐੱਲਐੱਮਆਈਏ (LMIA) ਸ਼੍ਰੇਣੀ ਲਈ ਰੱਖੀਆਂ ਗਈਆਂ ਹਨ, ਜਿੱਥੇ ਕੈਨੇਡੀਅਨ ਨਾਗਰਿਕਾਂ ਦੀ ਅਣਹੋਂਦ ਵਾਲੀਆਂ ਨੌਕਰੀਆਂ ਹੀ ਦਿੱਤੀਆਂ ਜਾਣਗੀਆਂ।
ਕੈਨੇਡਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਗਲੇ ਤਿੰਨ ਸਾਲਾਂ (2027 ਤੋਂ 2029) ਦੌਰਾਨ ਦਿੱਤੀ ਜਾਣ ਵਾਲੀ ਕੁੱਲ ਪੀਆਰ ਦਾ 64 ਫ਼ੀਸਦੀ ਤੋਂ ਵੱਧ ਹਿੱਸਾ ਸਿਰਫ਼ ਆਰਥਿਕ ਇਮੀਗ੍ਰੇਸ਼ਨ (Economic Immigration) ਦਾ ਹੋਵੇਗਾ, ਤਾਂ ਜੋ ਦੇਸ਼ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਕਿਊਬੈਕ ਤੋਂ ਬਾਹਰ ਫ਼ਰੈਂਚ ਬੋਲਣ ਵਾਲੇ ਪੱਕੇ ਨਿਵਾਸੀਆਂ ਦੇ ਦਾਖ਼ਲੇ ਦੇ ਟੀਚੇ ਨੂੰ 2027 ਵਿੱਚ 9.5 ਫ਼ੀਸਦੀ, 2028 ਵਿੱਚ 10.5 ਫ਼ੀਸਦੀ ਅਤੇ 2029 ਵਿੱਚ ਵਧਾ ਕੇ 12 ਫ਼ੀਸਦੀ ਕਰਨ ਦਾ ਨਿਸ਼ਾਨਾ ਮਿਥਿਆ ਗਿਆ ਹੈ।
ਲੰਮੇ ਸਮੇਂ ਦੇ 2027-2029 ਟੀਚਿਆਂ ਵਿੱਚ ਹਰ ਸਾਲ 3,80,000 ਪੱਕੇ ਨਿਵਾਸੀ ਅਤੇ 3,70,000 ਅਸਥਾਈ ਨਿਵਾਸੀ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਪਿਛਲੇ ਵਾਅਦਿਆਂ ਤਹਿਤ 1,15,000 ਸੁਰੱਖਿਅਤ ਵਿਅਕਤੀਆਂ ਅਤੇ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ 33,000 ਹੋਰ ਕਾਮਿਆਂ ਨੂੰ ਪੀਆਰ ਦੇਣ ਦੀ ਪ੍ਰਕਿਰਿਆ ਵੀ ਜਾਰੀ ਰਹੇਗੀ। ਮਾਹਿਰਾਂ ਅਨੁਸਾਰ ਇਹ ਨੀਤੀ ਕੈਨੇਡਾ ਵਿੱਚ ਲੇਬਰ ਮਾਰਕੀਟ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਹਾਊਸਿੰਗ ਅਤੇ ਬੁਨਿਆਦੀ ਢਾਂਚੇ 'ਤੇ ਪੈ ਰਹੇ ਦਬਾਅ ਨੂੰ ਸੰਤੁਲਿਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।
What's Your Reaction?
