ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦਾ ਮਾਮਲਾ
ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੰਨੀ ਜਾਂਦੀ 22 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 185 ਕਰੋੜ ਰੁਪਏ) ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਚੋਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਮੁੱਖ ਮੁਲਜ਼ਮ ਪਰਮਪਾਲ ਸਿੱਧੂ ਵਿਰੁੱਧ ਬਰੈਂਪਟਨ ਦੀ ਅਦਾਲਤ ਵਿੱਚ ਬਾਕਾਇਦਾ ਸੁਣਵਾਈ ਸ਼ੁਰੂ ਹੋ ਗਈ ਹੈ। ਇਹ ਸਨਸਨੀਖੇਜ਼ ਵਾਰਦਾਤ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਦੇ ਏਅਰ ਕੈਨੇਡਾ ਕਾਰਗੋ ਟਰਮੀਨਲ ਤੋਂ ਜਾਅਲੀ ਕਾਗ਼ਜ਼ਾਤਾਂ ਅਤੇ ਕਥਿਤ ਅੰਦਰੂਨੀ ਮਿਲੀਭੁਗਤ ਰਾਹੀਂ ਅੰਜਾਮ ਦਿੱਤੀ ਗਈ ਸੀ। ਸਰਕਾਰੀ ਵਕੀਲਾਂ ਨੇ ਅਦਾਲਤ ਵਿੱਚ ਦੋਸ਼ ਲਾਇਆ ਹੈ ਕਿ ਏਅਰ ਕੈਨੇਡਾ ਵਿੱਚ ਬਤੌਰ ਕਰਮਚਾਰੀ ਕੰਮ ਕਰ ਰਹੇ ਮੁਲਜ਼ਮ ਨੇ ਚੋਰੀ ਦੀ ਵਿਉਂਤਬੰਦੀ ਅਤੇ ਕਾਰਗੋ ਰਿਲੀਜ਼ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਕੈਨੇਡਾ ਦੇ ਹਵਾਬਾਜ਼ੀ ਅਤੇ ਅਪਰਾਧਿਕ ਇਤਿਹਾਸ ਦੀ ਸਭ ਤੋਂ ਵੱਡੀ 2.2 ਕਰੋੜ ਡਾਲਰ (ਲਗਭਗ 185 ਕਰੋੜ ਭਾਰਤੀ ਰੁਪਏ) ਦੀ ਸੋਨੇ ਅਤੇ ਵਿਦੇਸ਼ੀ ਕਰੰਸੀ ਚੋਰੀ ਦੇ ਬਹੁ-ਚਰਚਿਤ ਕੇਸ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਪਰਮਪਾਲ ਸਿੱਧੂ ਖ਼ਿਲਾਫ਼ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿਖੇ ਅਦਾਲਤੀ ਸੁਣਵਾਈ ਰਸਮੀ ਤੌਰ ’ਤੇ ਸ਼ੁਰੂ ਹੋ ਗਈ ਹੈ। ਪੀਲ ਰੀਜਨਲ ਪੁਲੀਸ ਅਤੇ ਸੰਘੀ ਏਜੰਸੀਆਂ ਵੱਲੋਂ 'ਪ੍ਰੋਜੈਕਟ 24 ਕੈਰਟ' ਤਹਿਤ ਕੀਤੀ ਗਈ ਲੰਮੀ ਜਾਂਚ ਤੋਂ ਬਾਅਦ ਇਹ ਮਾਮਲਾ ਹੁਣ ਅਦਾਲਤ ਦੇ ਸਾਹਮਣੇ ਪਹੁੰਚਿਆ ਹੈ।
ਅਦਾਲਤੀ ਕਾਰਵਾਈ ਦੌਰਾਨ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਇਹ ਵੱਡੀ ਲੁੱਟ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਦੇ ਏਅਰ ਕੈਨੇਡਾ ਕਾਰਗੋ ਵੇਅਰਹਾਊਸ ਵਿੱਚੋਂ ਕੀਤੀ ਗਈ ਸੀ। ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਲਿਆਂਦੇ ਗਏ ਸ਼ੁੱਧ ਸੋਨੇ ਦੀਆਂ 6600 ਤੋਂ ਵੱਧ ਇੱਟਾਂ (ਜਿਨ੍ਹਾਂ ਦਾ ਵਜ਼ਨ ਲਗਭਗ 400 ਕਿਲੋਗ੍ਰਾਮ ਸੀ) ਅਤੇ ਲੱਖਾਂ ਡਾਲਰਾਂ ਦੀ ਵਿਦੇਸ਼ੀ ਕਰੰਸੀ ਨਾਲ ਭਰੇ ਕੰਟੇਨਰ ਨੂੰ ਜਾਅਲੀ ਏਅਰ ਵੇਅ-ਬਿੱਲ ਰਾਹੀਂ ਟਰੱਕ ਵਿੱਚ ਲੱਦ ਕੇ ਕੱਢ ਲਿਆ ਗਿਆ ਸੀ। ਦੋਸ਼ ਅਨੁਸਾਰ ਏਅਰ ਕੈਨੇਡਾ ਵਿੱਚ ਤਾਇਨਾਤ ਪਰਮਪਾਲ ਸਿੱਧੂ ਨੇ ਕੰਪਨੀ ਦੇ ਅੰਦਰੂਨੀ ਸਿਸਟਮ ਦਾ ਲਾਹਾ ਲੈਂਦਿਆਂ ਇਸ ਜਾਅਲੀ ਦਸਤਾਵੇਜ਼ ਨੂੰ ਕਲੀਅਰ ਕਰਵਾਉਣ ਵਿੱਚ ਮਦਦ ਕੀਤੀ ਸੀ।
ਪੁਲੀਸ ਜਾਂਚ ਅਨੁਸਾਰ ਇਸ ਪੂਰੀ ਸਾਜ਼ਿਸ਼ ਵਿੱਚ ਕਈ ਹੋਰ ਵਿਅਕਤੀ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਅਮਰੀਕਾ ਅਤੇ ਕੈਨੇਡਾ ਵਿੱਚੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਾਂਚ ਏਜੰਸੀਆਂ ਨੇ ਅਦਾਲਤ ਨੂੰ ਦੱਸਿਆ ਕਿ ਚੋਰੀ ਕੀਤੇ ਗਏ ਸੋਨੇ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪਿਘਲਾ ਕੇ ਗਹਿਣਿਆਂ ਵਿੱਚ ਤਬਦੀਲ ਕੀਤਾ ਗਿਆ ਅਤੇ ਇਸ ਤੋਂ ਹੋਈ ਕਮਾਈ ਨੂੰ ਨਜਾਇਜ਼ ਹਥਿਆਰਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧਾਂ ਵਿੱਚ ਨਿਵੇਸ਼ ਕੀਤਾ ਗਿਆ ਸੀ।
ਸੁਣਵਾਈ ਦੇ ਪਹਿਲੇ ਦਿਨ ਪ੍ਰੋਸੀਕਿਊਸ਼ਨ ਵੱਲੋਂ ਡਿਜੀਟਲ ਸਬੂਤ, ਵੇਅਰਹਾਊਸ ਦੀ ਸੀਸੀਟੀਵੀ ਫੁਟੇਜ, ਮੋਬਾਈਲ ਫ਼ੋਨਾਂ ਦੀ ਲੋਕੇਸ਼ਨ ਅਤੇ ਫੋਰੈਂਸਿਕ ਆਡਿਟ ਰਿਕਾਰਡ ਜੱਜ ਦੇ ਸਨਮੁੱਖ ਪੇਸ਼ ਕੀਤੇ ਗਏ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਆਪਣੇ ਮੁਵੱਕਿਲ ਦੇ ਬਚਾਅ ਵਿੱਚ ਦਲੀਲਾਂ ਦਿੱਤੀਆਂ। ਕੈਨੇਡਾ ਵਿੱਚ ਵਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਸਮੇਤ ਕੌਮਾਂਤਰੀ ਮੀਡੀਆ ਦੀਆਂ ਨਜ਼ਰਾਂ ਇਸ ਹਾਈ-ਪ੍ਰੋਫਾਈਲ ਸੁਣਵਾਈ ਦੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ।
What's Your Reaction?