ਅਡਾਨੀ ਗਰੁੱਪ ’ਤੇ ਬਵਾਲ: ਕਾਂਗਰਸ ਦੀ ਜੇਪੀਸੀ ਜਾਂਚ ਦੀ ਮੰਗ ਨਾਲ ਸੰਸਦ ਵਿਚ ਰਣਕੰਡੀ
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਦਰਮਿਆਨ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ। ਇਸ ਦੌਰਾਨ ਕਾਂਗਰਸ ਤੇ ਸਪਾ ਦੇ ਕਈ ਮੈਂਬਰ ਸਪੀਕਰ ਦੀ ਸੀਟ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ, ਜਿਨ੍ਹਾਂ ਨੂੰ ਸਪੀਕਰ ਨੇ ਆਪਣੀ ਥਾਂ ’ਤੇ ਜਾਣ ਲਈ ਕਿਹਾ ਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ।
ਸੰਸਦ ਵਿੱਚ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਅਤੇ ਸੰਭਲ ਹਿੰਸਾ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਦੂਜੇ ਦਿਨ ਵੀ ਦੋਵਾਂ ਸਦਨਾਂ ਦੀ ਕਾਰਵਾਈ ਪ੍ਰਭਾਵਿਤ ਰਹੀ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਇੱਕ-ਇੱਕ ਵਾਰ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਉਠਾਅ ਦਿੱਤੀ ਗਈ। ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਅੱਜ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਦੋਵਾਂ ਸਦਨਾਂ ਵਿੱਚ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਦੀ ਕਾਰਵਾਈ ’ਚ ਰੁਕਾਵਟ ਪਈ। ਲੋਕ ਸਭਾ ਦੀ ਕਾਰਵਾਈ ਸਵੇਰੇ ਸ਼ੁਰੂ ਹੋਣ ਦੇ ਨਾਲ ਹੀ ਕਾਂਗਰਸੀ ਮੈਂਬਰ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਗਏ ਤੇ ਅਡਾਨੀ ਸਮੂਹ ਨਾਲ ਜੁੜਿਆ ਮਾਮਲਾ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ, ਜਦਕਿ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਯੂਪੀ ਦੇ ਸੰਭਲ ਵਿੱਚ ਹੋਈ ਹਿੰਸਾ ਦੇ ਮਾਮਲਾ ਰੱਖਣ ਦਾ ਯਤਨ ਕੀਤਾ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਦਰਮਿਆਨ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ। ਇਸ ਦੌਰਾਨ ਕਾਂਗਰਸ ਤੇ ਸਪਾ ਦੇ ਕਈ ਮੈਂਬਰ ਸਪੀਕਰ ਦੀ ਸੀਟ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ, ਜਿਨ੍ਹਾਂ ਨੂੰ ਸਪੀਕਰ ਨੇ ਆਪਣੀ ਥਾਂ ’ਤੇ ਜਾਣ ਲਈ ਕਿਹਾ ਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਹਾਲਾਂਕਿ ਹੰਗਾਮਾ ਨਹੀਂ ਰੁਕਿਆ। ਇਸ ਮਗਰੋਂ ਸਪੀਕਰ ਨੇ ਸਵੇਰੇ 11.05 ਵਜੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਦੁਪਹਿਰ 12 ਵਜੇ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਫਿਰ ਹੰਗਾਮਾ ਹੋਇਆ ਜਿਸ ਮਗਰੋਂ ਲਗਪਗ 12.10 ਵਜੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਚੇਅਰਮੈਨ ਜਗਦੀਪ ਧਨਖੜ ਨੇ ਦੱਸਿਆ ਕਿ ਉਨ੍ਹਾਂ ਨੂੰ ਅਡਾਨੀ, ਮਨੀਪੁਰ ਹਿੰਸਾ, ਸੰਭਲ ਹਿੰਸਾ ਤੇ ਦਿੱਲੀ ਵਿੱਚ ਵਧਦੇ ਅਪਰਾਧਾਂ ’ਤੇ ਚਰਚਾ ਲਈ ਨਿਯਮ 267 ਤਹਿਤ ਕੁੱਲ 18 ਨੋਟਿਸ ਮਿਲੇ ਹਨ। ਉਨ੍ਹਾਂ ਸਾਰੇ ਨੋਟਿਸ ਨਾ-ਮਨਜ਼ੂਰ ਕਰ ਦਿੱਤੇ। ਸਿਰਫ਼ ਕਾਂਗਰਸ ਮੈਂਬਰਾਂ ਨੇ ਹੀ ਸਦਨ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਨਿਯਮ 267 ਤਹਿਤ ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਲਈ ਚਰਚਾ ਦੀ ਮੰਗ ਕੀਤੀ ਜਦਕਿ ਬਾਕੀ ਵਿਰੋਧੀ ਧਿਰਾਂ ਨੇ ਵੱਖੋ-ਵੱਖਰੇ ਮੁੱਦਿਆਂ ’ਤੇ ਨੋਟਿਸ ਦਿੱਤੇ। ਇਸ ਦੌਰਾਨ ਕਾਂਗਰਸ ਸਮੇਤ ਹੋਰ ਵਿਰੋਧੀ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਚੇਅਰਮੈਨ ਸ੍ਰੀ ਧਨਖੜ ਨੇ ਸਵੇਰੇ 11.11 ਵਜੇ ਕਾਰਵਾਈ 11.30 ਵਜੇ ਲਈ ਮੁਲਤਵੀ ਕਰ ਦਿੱਤੀ। ਦੁਬਾਰਾ, ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਚੇਅਰਮੈਨ ਨੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਆਪੋ-ਆਪਣੀ ਜਗ੍ਹਾ ’ਤੇ ਬੈਠੇ ਰਹਿਣ ਤੇ ਵਿਵਸਥਾ ਬਣਾ ਕੇ ਰੱਖਣ ਤਾਂ ਕਿ ਸੂਚੀਬੱਧ ਕੰਮ ਹੋ ਸਕੇ। ਹਾਲਾਂਕਿ, ਹੰਗਾਮਾ ਜਾਰੀ ਰਹਿਣ ਕਾਰਨ ਚੇਅਰਮੈਨ ਧਨਖੜ ਨੇ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।