ਜੇਕਰ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਸਿੱਖਿਆ ਦੀ ਜਵਾਬਦੇਹੀ ਦਾ ਮੁੱਦਾ ਉੱਠਿਆ ਤਾਂ ਸੋਨਮ ਵਾਂਗਚੁੱਕ ਭੁੱਖ ਹੜਤਾਲ ਖ਼ਤਮ ਕਰਨਗੇ: ਗੀਤਾਂਜਲੀ
ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਜੇਕਰ ਦੇਸ਼ ਦੇ ਰਾਜਨੀਤਿਕ ਆਗੂ ਸੰਸਦ ਦੇ ਆਗਾਮੀ ਮਾਨਸੂਨ ਸੈਸ਼ਨ ਦੌਰਾਨ ਸਿੱਖਿਆ ਪ੍ਰਣਾਲੀ ਦੀ ਜਵਾਬਦੇਹੀ ਦਾ ਮੁੱਦਾ ਚੁੱਕਣ ਦਾ ਭਰੋਸਾ ਦਿੰਦੇ ਹਨ, ਤਾਂ ਵਾਂਗਚੁੱਕ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹਨ। ਨਵੀਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਅੰਦੋਲਨ ਸਿਰਫ਼ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਤੱਕ ਸੀਮਤ ਨਹੀਂ ਹੈ, ਸਗੋਂ ਪੂਰੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੀ ਇੱਕ ਵਿਆਪਕ ਮੁਹਿੰਮ ਹੈ। ਏਜੰਸੀਆਂ ਵੱਲੋਂ ਵਾਂਗਚੁੱਕ ਨੂੰ ਹਸਪਤਾਲ ਵਿੱਚ ਰੱਖੇ ਜਾਣ ਦੇ ਤਰੀਕੇ 'ਤੇ ਵੀ ਉਨ੍ਹਾਂ ਨੇ ਸਵਾਲ ਚੁੱਕੇ ਹਨ।
ਦਿੱਲੀ ਦੇ ਜੰਤਰ-ਮੰਤਰ 'ਤੇ ਪਿਛਲੇ ਕਈ ਦਿਨਾਂ ਤੋਂ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਬੈਠੇ ਉੱਘੇ ਸਿੱਖਿਆ ਸੁਧਾਰਕ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਦੇ ਅੰਦੋਲਨ ਨੂੰ ਲੈ ਕੇ ਇੱਕ ਨਵਾਂ ਮੋੜ ਆਇਆ ਹੈ। ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਐਤਵਾਰ ਨੂੰ ਦੱਸਿਆ ਕਿ ਜੇਕਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸੋਨਮ ਵਾਂਗਚੁੱਕ ਨਾਲ ਮੁਲਾਕਾਤ ਕਰਦੇ ਹਨ ਅਤੇ ਸੰਸਦ ਦੇ ਸ਼ੁਰੂ ਹੋ ਰਹੇ ਮਾਨਸੂਨ ਸੈਸ਼ਨ ਵਿੱਚ ਸਿੱਖਿਆ ਦੀ ਜਵਾਬਦੇਹੀ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਣ ਦਾ ਲਿਖਤੀ ਜਾਂ ਪੁਖਤਾ ਭਰੋਸਾ ਦਿੰਦੇ ਹਨ, ਤਾਂ ਉਹ ਸੋਮਵਾਰ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰ ਸਕਦੇ ਹਨ।
ਗੀਤਾਂਜਲੀ ਨੇ ਸਫ਼ਦਰਜੰਗ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਲੀ ਪੁਲਿਸ ਅਤੇ ਪ੍ਰਸ਼ਾਸਨ 'ਤੇ ਕਈ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਸੋਨਮ ਵਾਂਗਚੁੱਕ ਨੂੰ ਹਸਪਤਾਲ ਦੇ ਅੰਦਰ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਪਰਿਵਾਰ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਕਿਸੇ ਨਿੱਜੀ ਹਸਪਤਾਲ (ਜਿਵੇਂ ਮੇਦਾਂਤਾ) ਵਿੱਚ ਤਬਦੀਲ ਕਰਨ ਦੇ ਮੂਲ ਅਧਿਕਾਰ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਕਾਰਨ ਭਰੋਸੇ ਦੀ ਵੱਡੀ ਕਮੀ ਪੈਦਾ ਹੋਈ ਹੈ, ਕਿਉਂਕਿ ਮੈਡੀਕਲ ਰਿਪਇੰਗ ਵਿੱਚ ਦੇਰੀ ਕੀਤੀ ਗਈ ਅਤੇ ਹਸਪਤਾਲ ਦੇ ਬਾਹਰ ਭਾਰੀ ਪੁਲਿਸ ਬਲ ਅਤੇ ਵਾਟਰ ਕੈਨਨ ਤਾਇਨਾਤ ਕੀਤੇ ਗਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਕਾਕਰੋਚ ਜਨਤਾ ਪਾਰਟੀ (CJP) ਅਤੇ ਵਿਦਿਆਰਥੀ ਸੰਗਠਨਾਂ ਦੇ ਬੈਨਰ ਹੇਠ ਚੱਲ ਰਹੀ ਇਹ ਮੁਹਿੰਮ ਹੁਣ ਸਿਰਫ਼ ਨੀਟ (NEET) ਪੇਪਰ ਲੀਕ ਦੇ ਵਿਵਾਦ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਢਾਂਚੇ ਨੂੰ ਬਦਲਣ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਜਵਾਬਦੇਹੀ ਤੈਅ ਕਰਨ ਲਈ ਇੱਕ ਦੇਸ਼-ਵਿਆਪੀ ਮੁਹਿੰਮ ਬਣ ਚੁੱਕੀ ਹੈ। ਗੀਤਾਂਜਲੀ ਮੁਤਾਬਕ ਡਾਕਟਰਾਂ ਵੱਲੋਂ ਤਰਲ ਪਦਾਰਥ ਲੈਣ ਦੀ ਸਲਾਹ ਦੇ ਬਾਵਜੂਦ ਸੋਨਮ ਵਾਂਗਚੁੱਕ ਹਾਲੇ ਵੀ ਸਿਰਫ਼ ਲੂਣ ਵਾਲੇ ਪਾਣੀ 'ਤੇ ਆਪਣਾ ਵਰਤ ਜਾਰੀ ਰੱਖ ਰਹੇ ਹਨ ਅਤੇ 20 ਜੁਲਾਈ ਨੂੰ ਸੰਸਦ ਵੱਲ ਕੀਤੇ ਜਾਣ ਵਾਲੇ ਵਿਰੋਧ ਮਾਰਚ ਨੂੰ ਹਰ ਹਾਲ ਵਿੱਚ ਸਫ਼ਲ ਬਣਾਉਣ ਦੀ ਅਪੀਲ ਕੀਤੀ ਗਈ ਹੈ।
What's Your Reaction?