ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’

ਖਿਤਾਬੀ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ; ਰਿਕਾਰਡ ਤੀਜੀ ਵਾਰ ਜਿੱਤਿਆ ਖਿਤਾਬ; ਕਪਤਾਨ ਰੋਹਿਤ ਸ਼ਰਮਾ ਬਣਿਆ ‘ਮੈਨ ਆਫ ਦਿ ਮੈਚ’; ਪੂਰੇ ਟੂਰਨਾਮੈਂਟ ’ਚ ਇੱਕ ਵੀ ਮੈਚ ਨਹੀਂ ਹਾਰੀ ਭਾਰਤੀ ਟੀਮ; ਰੋਹਿਤ ਦੀ ਕਪਤਾਨੀ ਹੇਠ ਲਗਾਤਾਰ ਦੂਜਾ ਆਈਸੀਸੀ ਟੂਰਨਾਮੈਂਟ ਜਿੱਤਿਆ

Mar 10, 2025 - 14:12
 0  627  0

Share -

ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’
ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’

ਸਪਿੰਨਰ ਕੁਲਦੀਪ ਯਾਦਵ ਤੇ ਵਰੁਣ ਚਕਰਵਰਤੀ ਨੇ ਹਾਲਾਤ ਦਾ ਫਾਇਦਾ ਉਠਾਉਂਦਿਆਂ ਬਿਹਤਰੀਨ ਗੇਂਦਬਾਜ਼ੀ ਕੀਤੀ ਪਰ ਡੈਰਿਲ ਮਿਸ਼ੇਲ ਤੇ ਮਾਈਕਲ ਬ੍ਰੇਸਵੈੱਲ ਨੇ ਸੰਜਮ ਨਾਲ ਨੀਮ ਸੈਂਕੜੇ ਜੜਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਸੱਤ ਵਿਕਟਾਂ ’ਤੇ 251 ਦੌੜਾਂ ਦਾ ਮਜ਼ਬੂਤ ਸਕੋਰ ਦਿੱਤਾ। ਰੋਹਿਤ ਸ਼ਰਮਾ ਨੇ 83 ਗੇਂਦਾਂ ’ਚ 76 ਦੌੜਾਂ ਬਣਾ ਕੇ ਜਿੱਤ ਦੀ ਨੀਂਹ ਰੱਖੀ ਤੇ ਭਾਰਤ ਨੇ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੇਐੱਲ ਰਾਹੁਲ ਨੇ ਫਿਨਿਸ਼ਰ ਦੀ ਭੂਮਿਕਾ ਨਿਭਾਉਂਦਿਆਂ ਨਾਬਾਦ 34 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ ਤੇ ਪਹਿਲੀ ਵਿਕਟ ਲਈ ਰੋਹਿਤ ਨਾਲ ਮਿਲ ਕੇ 105 ਦੌੜਾਂ ਜੋੜੀਆਂ। ਵਿਰਾਟ ਕੋਹਲੀ ਸਿਰਫ਼ ਇੱਕ ਦੌੜ ਹੀ ਬਣਾ ਸਕਿਆ। ਸ਼੍ਰੇਅਸ ਅਈਅਰ ਨੇ 48 ਤੇ ਅਕਸ਼ਰ ਪਟੇਲ ਨੇ 29 ਦੌੜਾਂ ਦਾ ਯੋਗਦਾਨ ਪਾਇਆ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਇਸ ਦੇ ਬੱਲੇਬਾਜ਼ ਟਿਕ ਕੇ ਖੇਡ ਨਹੀਂ ਸਕੇ, ਜਿਸ ਮਗਰੋਂ ਡੈਰਿਲ ਮਿਸ਼ੇਲ ਤੇ ਮਾਈਕਲ ਬ੍ਰੇਸਵੈੱਲ ਨੇ ਪਾਰੀ ਸੰਭਾਲੀ ਤੇ ਟੀਮ ਦਾ ਸਕੋਰ ਸੱਤ ਵਿਕਟਾਂ ’ਤੇ 251 ਦੌੜਾਂ ਤੱਕ ਪਹੁੰਚਾਇਆ। ਮਿਸ਼ੇਲ ਨੇ 101 ਗੇਂਦਾਂ ਵਿੱਚ 63 ਦੌੜਾਂ, ਜਦਕਿ ਕਿ ਬ੍ਰੇਸਵੈੱਲ ਨੇ 40 ਗੇਂਦਾਂ ਵਿੱਚ 53 ਦੌੜਾਂ ਜੋੜੀਆਂ।

ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਰਹੀ। ਟੀਮ ਨੇ ਦਸ ਓਵਰਾਂ ਵਿੱਚ ਇੱਕ ਵਿਕਟ ’ਤੇ 69 ਦੌੜਾਂ ਬਣਾਈਆਂ। ਛੇਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਵਰੁਣ ਚੱਕਰਵਰਤੀ ਨੇ ਵਿਲ ਯੰਗ ਨੂੰ ਪੈਵੇਲੀਅਨ ਵਾਪਸ ਭੇਜਿਆ। ਮਗਰੋਂ ਕਪਤਾਨ ਰੋਹਿਤ ਸ਼ਰਮਾ ਨੇ 11ਵੇਂ ਓਵਰ ਵਿੱਚ ਗੇਂਦ ਸਪਿੰਨਰ ਕੁਲਦੀਪ ਯਾਦਵ ਨੂੰ ਸੌਂਪ ਦਿੱਤੀ, ਜਿਸ ਨੇ ਇੱਕ ਵਾਰ ਤਾਂ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਉਸ ਨੇ ਆਪਣੀ ਪਹਿਲੀ ਹੀ ਗੇਂਦ ’ਤੇ ਰਚਿਨ ਰਵਿੰਦਰਾ ਨੂੰ ਆਊਟ ਕਰ ਦਿੱਤਾ। ਆਪਣੇ ਅਗਲੇ ਓਵਰ ਵਿੱਚ ਉਸ ਨੇ ਕੇਨ ਵਿਲੀਅਮਸਨ ਦਾ ਰਿਟਰਨ ਕੈਚ ਲੈ ਕੇ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਦਿੱਤਾ। ਨਿਊਜ਼ੀਲੈਂਡ ਨੇ 12.2 ਓਵਰਾਂ ਵਿੱਚ 75 ਦੌੜਾਂ ’ਤੇ 3 ਵਿਕਟਾਂ ਗੁਆ ਲਈਆਂ। ਨਿਊਜ਼ੀਲੈਂਡ ਦੀ ਟੀਮ ਭਾਰਤ ਦੇ ਸਪਿੰਨ ਹਮਲੇ ਦਾ ਸਾਹਮਣਾ ਨਹੀਂ ਕਰ ਸਕੀ ਅਤੇ ਅਗਲੀਆਂ 81 ਗੇਂਦਾਂ ਵਿੱਚ ਕੋਈ ਚੌਕਾ ਨਹੀਂ ਮਾਰ ਸਕੀ। ਇਸ ਮਗਰੋਂ ਗਲੈੱਨ ਫਿਲਿਪਸ ਨੇ ਕੁਲਦੀਪ ਦੀ ਗੇਂਦ ’ਤੇ ਛੱਕਾ ਮਾਰ ਕੇ ਟੀਮ ਨੂੰ ਦਬਾਅ ’ਚੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ।

ਕੁਲਦੀਪ ਅਤੇ ਵਰੁਣ ਨੂੰ ਪਿੱਚ ਤੋਂ ਕਾਫੀ ਮਦਦ ਮਿਲੀ, ਜਦਕਿ ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੇ ਆਪਣੀ ਗਤੀ ਨਾਲ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ। ਭਾਰਤੀ ਸਪਿੰਨਰਾਂ ਨੇ 38 ਓਵਰ ਸੁੱਟੇ ਅਤੇ ਸਿਰਫ਼ 144 ਦੌੜਾਂ ਦਿੱਤੀਆਂ। ਵਰੁਣ ਨੇ ਫਿਲਿਪਸ ਨੂੰ ਆਊਟ ਕਰਕੇ ਪੰਜਵੀਂ ਵਿਕਟ ਲਈ 57 ਦੌੜਾਂ ਦੀ ਭਾਈਵਾਲੀ ਤੋੜੀ। ਫਿਲਿਪਸ ਉਸ ਦੀ ਗੁਗਲੀ ਦਾ ਸ਼ਿਕਾਰ ਹੋਇਆ। ਦੂਜੇ ਸਿਰੇ ਤੋਂ ਮਿਸ਼ੇਲ ਹੌਲੀ-ਹੌਲੀ ਸਕੋਰ ਅੱਗੇ ਵਧਾਉਂਦਾ ਰਿਹਾ ਅਤੇ 91 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਉਸ ਨੇ ਬ੍ਰੇਸਵੈੱਲ ਨਾਲ ਛੇਵੀਂ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕੀਤੀ। ਮਗਰੋਂ ਸ਼ਮੀ ਨੇ ਉਸ ਨੂੰ ਪੈਵੇਲੀਅਨ ਵਾਪਸ ਭੇਜਿਆ। ਨਿਊਜ਼ੀਲੈਂਡ ਨੇ ਆਖਰੀ ਪੰਜ ਓਵਰਾਂ ਵਿੱਚ ਕੁੱਲ 50 ਦੌੜਾਂ ਬਣਾਈਆਂ

What's Your Reaction?

like

dislike

love

funny

angry

sad

wow