ਹਿਮਾਂਸ਼ੀ ਖੁਰਾਨਾ ਹੱਤਿਆ ਮਾਮਲਾ: 7 ਮਹੀਨੇ ਬਾਅਦ ਭਗੌੜਾ ਸਾਥੀ ਅਬਦੁਲ ਗਫੂਰੀ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ
ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਮੁਟਿਆਰ ਹਿਮਾਂਸ਼ੀ ਖੁਰਾਨਾ ਦੇ ਕਤਲ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ 7 ਮਹੀਨਿਆਂ ਤੋਂ ਭਗੌੜੇ ਚੱਲ ਰਹੇ ਉਸ ਦੇ ਪਾਰਟਨਰ 32 ਸਾਲਾ ਅਬਦੁਲ ਗਫੂਰੀ ਨੂੰ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀ ਵਿਰੁੱਧ ਫਰਸਟ ਡਿਗਰੀ ਮਰਡਰ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਇਸ ਗ੍ਰਿਫ਼ਤਾਰੀ ਨਾਲ ਮਾਮਲੇ 'ਚ ਕਾਨੂੰਨੀ ਕਾਰਵਾਈ ਤੇਜ਼ ਹੋ ਗਈ ਹੈ।
ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਸੰਬਰ 2025 ਵਿੱਚ ਟੋਰਾਂਟੋ ਵਿਖੇ 30 ਸਾਲਾ ਭਾਰਤੀ ਮੁਟਿਆਰ ਹਿਮਾਂਸ਼ੀ ਖੁਰਾਨਾ ਦੇ ਹੋਏ ਕਤਲ ਮਾਮਲੇ ਵਿੱਚ ਟੋਰਾਂਟੋ ਪੁਲਿਸ ਨੇ ਮੁੱਖ ਦੋਸ਼ੀ ਅਤੇ ਮ੍ਰਿਤਕਾ ਦੇ ਸਾਥੀ (intimate partner) ਅਬਦੁਲ ਗਫੂਰੀ (32) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ, ਗਫੂਰੀ ਨੂੰ ਟੋਰਾਂਟੋ ਦੇ ਏਅਰਪੋਰਟ ਤੋਂ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਹ ਅੰਤਰਰਾਸ਼ਟਰੀ ਏਜੰਸੀਆਂ ਦੀ ਮਦਦ ਨਾਲ ਕੈਨੇਡਾ ਵਾਪਸ ਪਰਤ ਰਿਹਾ ਸੀ।
ਜ਼ਿਕਰਯੋਗ ਹੈ ਕਿ ਦਸੰਬਰ 2025 ਵਿੱਚ ਟੋਰਾਂਟੋ ਪੁਲਿਸ ਨੂੰ ਹਿਮਾਂਸ਼ੀ ਖੁਰਾਨਾ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਮਿਲੀ ਸੀ। ਜਾਂਚ ਦੌਰਾਨ ਪੁਲਿਸ ਨੇ ਰਿਹਾਇਸ਼ੀ ਮਕਾਨ ਦੇ ਅੰਦਰੋਂ ਉਸ ਦੀ ਦੇਹ ਬਰਾਮਦ ਕੀਤੀ ਸੀ। ਪੁਲਿਸ ਜਾਂਚ ਵਿੱਚ ਮੌਤ ਨੂੰ ਹੱਤਿਆ (Homicide) ਕਰਾਰ ਦਿੱਤਾ ਗਿਆ ਸੀ ਅਤੇ ਇਸ ਮਾਮਲੇ 'ਚ ਉਸ ਦੇ ਸਾਥੀ ਅਬਦੁਲ ਗਫੂਰੀ ਨੂੰ ਮੁੱਖ ਸ਼ੱਕੀ ਮੰਨਦਿਆਂ ਪੂਰੇ ਕੈਨੇਡਾ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਹਾਲਾਂਕਿ, ਘਟਨਾ ਤੋਂ ਤੁਰੰਤ ਬਾਅਦ ਦੋਸ਼ੀ ਦੇਸ਼ ਛੱਡ ਕੇ ਫਰਾਰ ਹੋ ਗਿਆ ਸੀ।
ਟੋਰਾਂਟੋ ਪੁਲਿਸ ਦੀ 'ਫਿਊਜਿਟਿਵ ਸਕੁਐੱਡ' (Fugitive Squad) ਅਤੇ 'ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਯੂਨਿਟ' ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਲਿਸ ਏਜੰਸੀਆਂ ਨਾਲ ਤਾਲਮੇਲ ਕਰਕੇ 7 ਮਹੀਨਿਆਂ ਦੀ ਮੁਸ਼ੱਕਤ ਤੋਂ ਬਾਅਦ ਦੋਸ਼ੀ ਨੂੰ ਕੈਨੇਡਾ ਲਿਆਉਣ ਵਿੱਚ ਸਫ਼ਲਤਾ ਹਾਸਲ ਕੀਤੀ। ਪੁਲਿਸ ਨੇ ਉਸ ਵਿਰੁੱਧ ਫਰਸਟ ਡਿਗਰੀ ਮਰਡਰ (First-degree murder) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਕੈਨੇਡੀਅਨ ਕਾਨੂੰਨ ਅਨੁਸਾਰ ਫਰਸਟ ਡਿਗਰੀ ਮਰਡਰ ਦੇ ਦੋਸ਼ੀ ਨੂੰ 25 ਸਾਲ ਤੱਕ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।
ਇਸ ਘਟਨਾ ਤੋਂ ਬਾਅਦ ਟੋਰਾਂਟੋ ਸਥਿਤ ਭਾਰਤੀ ਦੂਤਾਵਾਸ (Consulate General of India) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਕਾਨੂੰਨੀ ਤੇ ਪ੍ਰਸ਼ਾਸਨਿਕ ਮਦਦ ਮੁਹੱਈਆ ਕਰਵਾਈ ਸੀ। ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਅਦਾਲਤੀ ਸੁਣਵਾਈ ਦੌਰਾਨ ਮਾਮਲੇ ਦੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਦੁਆਰਾ ਦੋਸ਼ੀ ਨੂੰ ਅਦਾਲਤ ਸਮੇੱਖ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
What's Your Reaction?