ਪੰਜਾਬ ਦਾ ਲੋੜੀਂਦਾ 'ਕੈਟਾਗਰੀ-ਏ' ਗੈਂਗਸਟਰ ਅੰਮ੍ਰਿਤਪਾਲ ਬਾਠ ਕੈਨੇਡਾ ’ਚ ਗ੍ਰਿਫ਼ਤਾਰ: 20 ਸੰਗੀਨ ਮਾਮਲਿਆਂ ’ਚ ਸੀ ਭਗੌੜਾ; ਪੰਜਾਬ ਪੁਲੀਸ ਨੇ ਭਾਰਤ ਹਵਾਲਗੀ ਲਈ ਕਾਨੂੰਨੀ ਪ੍ਰਕਿਰਿਆ ਵਿੱਢੀ
ਪੰਜਾਬ ਪੁਲੀਸ ਲਈ ਲੋੜੀਂਦਾ ‘ਕੈਟਾਗਰੀ-ਏ’ ਦਾ ਖ਼ਤਰਨਾਕ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਹਰਪ੍ਰੀਤ ਬਾਠ ਕੈਨੇਡਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਦਾ ਰਹਿਣ ਵਾਲਾ 33 ਸਾਲਾ ਅੰਮ੍ਰਿਤਪਾਲ ਬਾਠ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਨਸ਼ਾ ਤਸਕਰੀ ਅਤੇ ਯੂਏਪੀਏ (UAPA) ਸਮੇਤ ਲਗਭਗ 20 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਹ ਜਨਵਰੀ 2024 ਵਿੱਚ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਦੇ ਕਤਲ ਕਾਂਡ ਦਾ ਮੁੱਖ ਸਾਜ਼ਿਸ਼ਘੜੱਤਾ ਵੀ ਹੈ। ਕੇਂਦਰੀ ਜਾਂਚ ਏਜੰਸੀਆਂ ਦੇ ਸਹਿਯੋਗ ਨਾਲ ਉਸ ਵਿਰੁੱਧ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਕੈਨੇਡੀਅਨ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਹੈ। ਪੰਜਾਬ ਪੁਲੀਸ ਨੇ ਹੁਣ ਕੇਂਦਰ ਸਰਕਾਰ ਰਾਹੀਂ ਉਸ ਦੀ ਭਾਰਤ ਹਵਾਲਗੀ (Extradition) ਲਈ ਲੋੜੀਂਦੀ ਦਸਤਾਵੇਜ਼ੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।
ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧਿਕ ਨੈੱਟਵਰਕ ਚਲਾ ਰਹੇ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸੂਬੇ ਦਾ 'ਕੈਟਾਗਰੀ-ਏ' ਦਾ ਭਗੌੜਾ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਕੈਨੇਡਾ ਦੀ ਪੁਲੀਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਬਾਠ (33), ਜੋ ਕਿ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਦਾ ਵਸਨੀਕ ਹੈ, ਫ਼ਰਜ਼ੀ ਪਾਸਪੋਰਟ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੱਜ ਗਿਆ ਸੀ। ਉਸ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਇਰਾਦਾ ਕਤਲ, ਫਿਰੌਤੀ, ਨਾਜਾਇਜ਼ ਅਸਲਾ ਐਕਟ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਤਹਿਤ ਕਰੀਬ 20 ਸੰਗੀਨ ਮਾਮਲੇ ਦਰਜ ਹਨ। ਉਹ ਜਨਵਰੀ 2024 ਵਿੱਚ ਹੋਏ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਦੇ ਸਨਸਨੀਖੇਜ਼ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪਿੰਡ ਲਾਲੂ ਘੁਮਾਣ ਦੇ ਬਜ਼ੁਰਗ ਸਰਪੰਚ ਦੇ ਕਤਲ ਅਤੇ ਪਾਬੰਦੀਸ਼ੁਦਾ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨਾਲ ਗੰਢਤੁੱਪ ਰੱਖਣ ਦੇ ਸ਼ੱਕ ਵਿੱਚ ਵੀ ਪੁਲੀਸ ਉਸ ਦੀ ਭਾਲ ਕਰ ਰਹੀ ਸੀ।
ਸੀਨੀਅਰ ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਅੰਮ੍ਰਿਤਪਾਲ ਬਾਠ ਵਿਰੁੱਧ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ ਸੀ, ਜਿਸ ਦੇ ਆਧਾਰ ’ਤੇ ਕੈਨੇਡੀਅਨ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਕੈਨੇਡਾ ਪੁਲੀਸ ਨੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਉਸ ਨੂੰ ਆਪਣੀਆਂ ਕੇਂਦਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹਵਾਲੇ ਕਰ ਦਿੱਤਾ ਹੈ।
ਐੱਸਐੱਸਪੀ ਤਰਨ ਤਾਰਨ ਸੁਰੇਂਦਰ ਲਾਂਬਾ ਅਨੁਸਾਰ ਪੰਜਾਬ ਪੁਲੀਸ ਨੇ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਲਮੇਲ ਨਾਲ ਅੰਮ੍ਰਿਤਪਾਲ ਬਾਠ ਨੂੰ ਭਾਰਤ ਲਿਆਉਣ ਲਈ ਹਵਾਲਗੀ ਦੇ ਦਸਤਾਵੇਜ਼ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਪੁਲੀਸ ਦਾ ਮੰਨਣਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਨਾਲ ਵਿਦੇਸ਼ੀ ਧਰਤੀ ਤੋਂ ਚੱਲ ਰਹੇ ਟਾਰਗੇਟ ਕਿਲਿੰਗ ਅਤੇ ਫਿਰੌਤੀ ਸਿੰਡੀਕੇਟ ਨੂੰ ਵੱਡਾ ਝਟਕਾ ਲੱਗਾ ਹੈ।
What's Your Reaction?