100% ਈਥਾਨੋਲ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਕੇਂਦਰ ਸਰਕਾਰ ਦੀ ਹਰੀ ਝੰਡੀ: E100 ਫਿਊਲ ਲਈ ਮੋਟਰ ਵਹੀਕਲ ਨਿਯਮਾਂ ’ਚ ਵੱਡਾ ਬਦਲਾਅ;
ਕੇਂਦਰ ਸਰਕਾਰ ਦੇ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਨੇ ਦੇਸ਼ ਵਿੱਚ 100 ਫ਼ੀਸਦੀ ਈਥਾਨੋਲ (E100 ਫਿਊਲ) ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਕੇਂਦਰੀ ਮੋਟਰ ਵਹੀਕਲ ਨਿਯਮ (CMVR), 1989 ਵਿੱਚ ਲੋੜੀਂਦੀ ਸੋਧ ਕਰਕੇ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਨੇਮਾਂ ਤਹਿਤ E85 ਦੇ ਨਾਲ-ਨਾਲ ਹੁਣ E100 ਈਂਧਨ ਨੂੰ ਵੀ ਫਲੈਕਸ-ਫਿਊਲ ਵਾਹਨਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਬਾਇਓ-ਈਥਾਨੋਲ ਸਿਰਫ਼ ਉਨ੍ਹਾਂ ਨਵੀਆਂ ਗੱਡੀਆਂ ਵਿੱਚ ਵਰਤਿਆ ਜਾ ਸਕੇਗਾ ਜੋ ਵਿਸ਼ੇਸ਼ ਤੌਰ 'ਤੇ ਇਸ ਲਈ ਤਿਆਰ ਅਤੇ ਪ੍ਰਮਾਣਿਤ ਕੀਤੀਆਂ ਜਾਣਗੀਆਂ। ਇਸ ਕਦਮ ਨਾਲ ਜਿੱਥੇ ਵਾਹਨ ਨਿਰਮਾਤਾ ਕੰਪਨੀਆਂ ਲਈ 100% ਈਥਾਨੋਲ ਕਾਰਾਂ ਲਾਂਚ ਕਰਨ ਦਾ ਰਸਤਾ ਸਾਫ਼ ਹੋਇਆ ਹੈ, ਉੱਥੇ ਹੀ ਕਿਸਾਨਾਂ ਨੂੰ ਗੰਨੇ ਅਤੇ ਮੱਕੀ ਦੀ ਉਪਜ ਦਾ ਬਿਹਤਰ ਮੁੱਲ ਮਿਲਣ ਅਤੇ ਕੱਚੇ ਤੇਲ ਦੀ ਦਰਾਮਦ ’ਤੇ ਨਿਰਭਰਤਾ ਘਟਣ ਦੀ ਉਮੀਦ ਹੈ।
ਭਾਰਤ ਨੂੰ ਹਰੇ-ਭਰੇ ਅਤੇ ਸਾਫ਼-ਸੁਥਰੇ ਈਂਧਨ ਵੱਲ ਲੈ ਕੇ ਜਾਣ ਦੇ ਮਕਸਦ ਨਾਲ ਕੇਂਦਰ ਸਰਕਾਰ ਨੇ ਇੱਕ ਵੱਡਾ ਨੀਤੀਗਤ ਫ਼ੈਸਲਾ ਲੈਂਦਿਆਂ 100 ਫ਼ੀਸਦੀ ਈਥਾਨੋਲ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ (Central Motor Vehicles Rules - CMVR) ਵਿੱਚ ਸੋਧ ਕਰਦਿਆਂ ਇੱਕ ਰਸਮੀ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਨਵੇਂ ਨੋਟੀਫਿਕੇਸ਼ਨ ਮੁਤਾਬਕ, ਨਿਯਮਾਂ ਵਿੱਚ E85 ਦੇ ਨਾਲ ਹੁਣ E100 ਫਿਊਲ ਨੂੰ ਵੀ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ। ਇਸ ਨਾਲ ਦੇਸ਼ ਦੇ ਪ੍ਰਮੁੱਖ ਵਾਹਨ ਨਿਰਮਾਤਾਵਾਂ (OEMs) ਲਈ ਆਉਣ ਵਾਲੇ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਬਾਇਓ-ਈਥਾਨੋਲ 'ਤੇ ਚੱਲਣ ਵਾਲੇ ਫਲੈਕਸ-ਫਿਊਲ ਇੰਜਣ ਵਾਲੇ ਨਵੇਂ ਮਾਡਲ ਬਾਜ਼ਾਰ ਵਿੱਚ ਉਤਾਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਨਵਾਂ ਈਂਧਨ ਮੱਕੀ, ਗੰਨੇ ਅਤੇ ਹੋਰ ਖੇਤੀ ਰਹਿੰਦ-ਖੂੰਹਦ ਤੋਂ ਤਿਆਰ ਕੀਤਾ ਜਾਵੇਗਾ।
What's Your Reaction?