ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ, ਗੁਰੂ ਘਰ ਨਾਲ ਸਬੰਧ ਅਤੇ ਲਾਹੌਰ ਵਿਖੇ ਬੰਦ-ਬੰਦ ਕਟਵਾ ਕੇ ਦਿੱਤੀ ਲਾਸਾਨੀ ਸ਼ਹਾਦਤ ਬਾਰੇ ਪੂਰੀ ਜਾਣਕਾਰੀ ਪੜ੍ਹੋ ਅਤੇ ਸੁਣੋ।
ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਦੋਂ ਵੀ ਸਿੱਖ ਕੌਮ ਵੱਲੋਂ ਰੋਜ਼ਾਨਾ ਅਰਦਾਸ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਮਹਾਨ ਸਿੰਘਾਂ-ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ ਅਤੇ ਬੰਦ-ਬੰਦ ਕਟਵਾਏ। ਇਨ੍ਹਾਂ ਮਹਾਨ ਸ਼ਹੀਦਾਂ ਵਿੱਚੋਂ ਸਭ ਤੋਂ ਪ੍ਰਮੁੱਖ ਨਾਮ ਭਾਈ ਮਨੀ ਸਿੰਘ ਜੀਦਾ ਹੈ, ਜਿਨ੍ਹਾਂ ਨੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਤੇ ਹੱਸਦੇ-ਹੱਸਦੇ ਸ਼ਹਾਦਤ ਦਾ ਜਾਮ ਪੀਤਾ।
ਭਾਈ ਮਨੀ ਸਿੰਘ ਜੀ ਨਾ ਸਿਰਫ਼ ਇੱਕ ਨਿਡਰ ਜੋਧੇ ਅਤੇ ਸੰਤ-ਸਿਪਾਹੀ ਸਨ, ਬਲਕਿ ਉਹ ਇੱਕ ਉੱਘੇ ਵਿਦਵਾਨ, ਗਿਆਨੀ ਅਤੇ ਸਿੱਖ ਫਲਸਫੇ ਦੀ ਡੂੰਘੀ ਸਮਝ ਰੱਖਣ ਵਾਲੇ ਮਹਾਨ ਵਿਚਾਰਵਾਨ ਵੀ ਸਨ। ਆਓ, ਉਨ੍ਹਾਂ ਦੇ ਜੀਵਨ, ਗੁਰੂ ਘਰ ਨਾਲ ਸਬੰਧ ਅਤੇ ਲਾਸਾਨੀ ਸ਼ਹਾਦਤ ਦੇ ਇਤਿਹਾਸ 'ਤੇ ਇੱਕ ਝਾਤ ਮਾਰੀਏ।
ਗੁਰੂ ਘਰ ਨਾਲ ਪੁਰਾਤਨ ਸਬੰਧ ਅਤੇ ਜਨਮ
ਭਾਈ ਮਨੀ ਸਿੰਘ ਜੀ ਦਾ ਪਰਿਵਾਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਨਾਲ ਡੂੰਘਾ ਜੁੜਿਆ ਹੋਇਆ ਸੀ। ਉਨ੍ਹਾਂ ਦੇ ਦਾਦਾ, ਭਾਈ ਬੱਲੂ ਰਾਓ ਜੀ, ਛੇਵੇਂ ਪਾਤਸ਼ਾਹ ਦੇ ਇੱਕ ਮਹਾਨ ਅਤੇ ਭਰੋਸੇਯੋਗ ਜਰਨੈਲ ਸਨ। ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਮਾਈ ਦਾਸ ਜੀ ਦੇ ਘਰ, ਮੁਲਤਾਨ ਦੇ ਨੇੜੇ ਅਲੀਪੁਰ ਨਗਰ ਵਿਖੇ ਹੋਇਆ ਸੀ। ਉਨ੍ਹਾਂ ਦਾ ਬਚਪਨ ਅਲੀਪੁਰ ਵਿੱਚ ਹੀ ਬੀਤਿਆ।
ਜਦੋਂ ਭਾਈ ਸਾਹਿਬ ਦੀ ਉਮਰ ਲਗਭਗ 13 ਸਾਲ ਦੀ ਹੋਈ, ਤਾਂ ਉਨ੍ਹਾਂ ਦੇ ਪਿਤਾ ਭਾਈ ਮਾਈ ਦਾਸ ਜੀ ਉਨ੍ਹਾਂ ਨੂੰ ਕੀਰਤਪੁਰ ਸਾਹਿਬ ਵਿਖੇ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਜੀ ਦੇ ਦਰਬਾਰ ਵਿੱਚ ਲੈ ਕੇ ਆਏ। ਗੁਰੂ ਸਾਹਿਬ ਨੇ ਇਸ ਬਾਲਕ ਨੂੰ ਦੇਖ ਕੇ ਅਸੀਸ ਦਿੱਤੀ ਕਿ ਇਹ ਸੰਸਾਰ ਵਿੱਚ ਗੁਣਾਂ ਦਾ ਧਾਰਨੀ ਹੋਵੇਗਾ। ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਗੁਰੂ ਦਰਬਾਰ ਵਿੱਚ ਹੀ ਰਹਿ ਕੇ ਲੰਗਰ ਅਤੇ ਹੋਰ ਸੇਵਾਵਾਂ ਵਿੱਚ ਜੁਟ ਗਏ। ਸਮਾਂ ਬੀਤਣ 'ਤੇ ਉਨ੍ਹਾਂ ਦਾ ਵਿਆਹ ਭਾਈ ਲੱਖੀ ਸ਼ਾਹ ਵਣਜਾਰਾ ਦੀ ਸਪੁੱਤਰੀ ਬੀਬੀ ਸੀਤੋ ਜੀ ਨਾਲ ਹੋਇਆ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਅਤੇ ਖਾਲਸਾ ਸਾਜਨਾ
ਭਾਈ ਮਨੀ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਭਰੋਸੇਯੋਗ ਗੁਰਸਿੱਖ ਸਨ। ਗੁਰੂ ਸਾਹਿਬ ਵੱਲੋਂ ਕੀਤੀ ਗਈ ਹਰ ਇਤਿਹਾਸਕ ਘਟਨਾ ਅਤੇ ਜੰਗ ਵਿੱਚ ਭਾਈ ਸਾਹਿਬ ਮੋਹਰੀ ਹੋ ਕੇ ਸ਼ਾਮਲ ਹੁੰਦੇ ਰਹੇ। ਜਦੋਂ ਭੰਗਾਣੀ ਦਾ ਯੁੱਧ ਹੋਇਆ, ਤਾਂ ਭਾਈ ਮਨੀ ਸਿੰਘ ਜੀ ਨੇ ਬੜੀ ਬਹਾਦਰੀ ਨਾਲ ਦੁਸ਼ਮਣਾਂ ਦੇ ਆਹੂ ਲਾਹੇ ਅਤੇ ਜਿੱਤ ਪ੍ਰਾਪਤ ਕੀਤੀ।
ਉਹ ਇੱਕ ਉੱਚ ਕੋਟੀ ਦੇ ਲਿਖਾਰੀ ਵੀ ਸਨ ਅਤੇ ਗੁਰੂ ਸਾਹਿਬ ਦੇ ਦਰਬਾਰ ਦੇ 52 ਪ੍ਰਮੁੱਖ ਕਵੀਆਂ ਵਿੱਚ ਉਨ੍ਹਾਂ ਦੀ ਖਾਸ ਗਣਨਾ ਹੁੰਦੀ ਸੀ। ਉਨ੍ਹਾਂ ਦੀਆਂ ਨਿਸ਼ਕਾਮ ਸੇਵਾਵਾਂ ਤੋਂ ਪ੍ਰਸੰਨ ਹੋ ਕੇ ਦਸ਼ਮੇਸ਼ ਪਿਤਾ ਨੇ ਉਨ੍ਹਾਂ ਨੂੰ ਗੁਰੂ ਦਰਬਾਰ ਵਿੱਚ 'ਦੀਵਾਨ' ਦੀ ਪਦਵੀ ਬਖਸ਼ੀ। 1699 ਈਸਵੀ ਵਿੱਚ ਜਦੋਂ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਹੋਈ, ਤਾਂ ਉਨ੍ਹਾਂ ਨੇ ਗੁਰੂ ਸਾਹਿਬ ਦੇ ਪਾਸੋਂ ਅੰਮ੍ਰਿਤ ਪਾਨ ਕੀਤਾ ਅਤੇ 'ਮਨੀਏ' ਤੋਂ 'ਭਾਈ ਮਨੀ ਸਿੰਘ' ਬਣ ਗਏ।
ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਅਤੇ ਸਾਹਿਤਕ ਸੇਵਾ
ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਭਾਈ ਮਨੀ ਸਿੰਘ ਜੀ 5 ਸਿਦਕੀ ਸਿੱਖਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸੰਭਾਲਣ ਲਈ ਅੰਮ੍ਰਿਤਸਰ ਸਾਹਿਬ ਆਏ। ਗੁਰੂ ਸਾਹਿਬ ਜਾਣਦੇ ਸਨ ਕਿ ਭਾਈ ਸਾਹਿਬ ਜਿੱਥੇ ਇੱਕ ਮਹਾਨ ਯੋਧੇ ਸਨ, ਉੱਥੇ ਹੀ ਉਹ ਸ਼ਾਂਤ ਸੁਭਾਅ ਅਤੇ ਹਰ ਉਲਝੀ ਹੋਈ ਸਥਿਤੀ ਨੂੰ ਸੁਲਝਾਉਣ ਵਾਲੇ ਸੂਝਵਾਨ ਸਿੱਖ ਸਨ।
ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਮਾਲਵੇ ਦੀ ਧਰਤੀ 'ਤੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਪਹੁੰਚੇ, ਤਾਂ ਭਾਈ ਮਨੀ ਸਿੰਘ ਜੀ ਵੀ ਉੱਥੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ। ਇੱਥੇ ਹੀ ਉਨ੍ਹਾਂ ਨੇ ਗੁਰੂ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਗਈ ਬਾਣੀ ਨੂੰ ਸੁਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਖਣ ਦੀ ਮਹਾਨ ਸਾਹਿਤਕ ਸੇਵਾ ਨਿਭਾਈ।
ਸਿੱਖਾਂ ਦੇ ਆਪਸੀ ਮੱਤਭੇਦਾਂ ਨੂੰ ਸੁਲਝਾਉਣਾ
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਿੱਖ ਕੌਮ 'ਬੰਦਈ ਖਾਲਸਾ' ਅਤੇ 'ਤੱਤ ਖਾਲਸਾ' ਨਾਮ ਦੇ ਦੋ ਧੜਿਆਂ ਵਿੱਚ ਵੰਡੀ ਗਈ, ਤਾਂ ਆਪਸੀ ਮੱਤਭੇਦ ਬਹੁਤ ਵੱਧ ਗਏ ਸਨ। ਇਸ ਨਾਜ਼ੁਕ ਸਮੇਂ ਵਿੱਚ ਭਾਈ ਮਨੀ ਸਿੰਘ ਜੀ ਨੇ ਆਪਣੀ ਉੱਚੀ-ਸੁੱਚੀ ਸ਼ਖਸੀਅਤ ਅਤੇ ਸੂਝ-ਬੂਝ ਸਦਕਾ ਦੋਵਾਂ ਧੜਿਆਂ ਦੇ ਝਗੜੇ ਨੂੰ ਬੜੇ ਸਰਲ ਤਰੀਕੇ ਨਾਲ ਨਿਬੇੜ ਕੇ ਸਿੱਖਾਂ ਵਿੱਚ ਮੁੜ ਏਕਤਾ ਕਾਇਮ ਕੀਤੀ।
ਦੀਵਾਲੀ ਦਾ ਪੂਰਬ ਅਤੇ ਮੁਗਲ ਹਕੂਮਤ ਦੀ ਸਾਜ਼ਿਸ਼
ਉਸ ਸਮੇਂ ਮੁਗਲ ਹਕੂਮਤ ਵੱਲੋਂ ਸਿੱਖਾਂ 'ਤੇ ਬਹੁਤ ਜ਼ੁਲਮ ਕੀਤੇ ਜਾ ਰਹੇ ਸਨ ਅਤੇ ਸਿੱਖ ਇੱਕ ਥਾਂ 'ਤੇ ਇਕੱਠੇ ਨਹੀਂ ਹੋ ਸਕਦੇ ਸਨ। ਲੰਮਾ ਸਮਾਂ ਬੀਤਣ ਕਾਰਨ ਦੀਵਾਲੀ ਜਾਂ ਵਿਸਾਖੀ 'ਤੇ ਸਿੱਖਾਂ ਦਾ ਇਕੱਠ ਨਹੀਂ ਸੀ ਹੋਇਆ। ਭਾਈ ਮਨੀ ਸਿੰਘ ਜੀ ਨੇ (ਜਿਨ੍ਹਾਂ ਦੀ ਉਮਰ ਉਸ ਸਮੇਂ ਲਗਭਗ 90 ਸਾਲ ਸੀ) ਸਿੱਖਾਂ ਨੂੰ ਇਕੱਠਾ ਕਰਨ ਲਈ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨਾਲ ਰਾਬਤਾ ਕੀਤਾ। ਜ਼ਕਰੀਆ ਖ਼ਾਨ ਨੇ 10,000 ਰੁਪਏ ਟੈਕਸ (ਜਜ਼ੀਆ) ਬਦਲੇ ਅੰਮ੍ਰਿਤਸਰ ਵਿਖੇ ਦੀਵਾਲੀ ਦਾ ਮੇਲਾ ਲਗਾਉਣ ਦੀ ਇਜਾਜ਼ਤ ਦੇ ਦਿੱਤੀ।
ਪਰ ਜ਼ਕਰੀਆ ਖ਼ਾਨ ਦੀ ਨੀਤ ਸਾਫ਼ ਨਹੀਂ ਸੀ। ਉਸ ਨੇ ਦੀਵਾਲੀ ਦੇ ਬਹਾਨੇ ਇਕੱਠੇ ਹੋਏ ਸਿੱਖਾਂ ਨੂੰ ਘੇਰ ਕੇ ਖ਼ਤਮ ਕਰਨ ਦੀ ਗੁਪਤ ਸਾਜ਼ਿਸ਼ ਘੜੀ ਹੋਈ ਸੀ। ਭਾਈ ਮਨੀ ਸਿੰਘ ਜੀ ਨੂੰ ਸਮਾਂ ਰਹਿੰਦਿਆਂ ਮੁਗਲਾਂ ਦੀ ਇਸ ਬਦਨੀਤੀ ਦਾ ਪਤਾ ਲੱਗ ਗਿਆ। ਉਨ੍ਹਾਂ ਨੇ ਤੁਰੰਤ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਨਾ ਆਉਣ ਦੀ ਹਦਾਇਤ ਕੀਤੀ। ਸਿੱਖਾਂ ਦੇ ਨਾ ਆਉਣ ਕਾਰਨ ਮੇਲਾ ਨਾ ਲੱਗ ਸਕਿਆ ਅਤੇ ਟੈਕਸ ਦੀ ਰਕਮ ਇਕੱਠੀ ਨਾ ਹੋਈ।
ਬੰਦ-ਬੰਦ ਕਟਵਾ ਕੇ ਲਾਸਾਨੀ ਸ਼ਹਾਦਤ
ਜਦੋਂ ਜ਼ਕਰੀਆ ਖ਼ਾਨ ਨੂੰ ਟੈਕਸ ਦੀ ਰਕਮ ਨਾ ਮਿਲੀ, ਤਾਂ ਉਹ ਬਹੁਤ ਗੁੱਸੇ ਵਿੱਚ ਆਇਆ। ਉਸ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਉਣ ਦਾ ਹੁਕਮ ਦਿੱਤਾ। ਲਾਹੌਰ ਦੀ ਅਦਾਲਤ ਵਿੱਚ ਭਾਈ ਸਾਹਿਬ ਅੱਗੇ ਦੋ ਸ਼ਰਤਾਂ ਰੱਖੀਆਂ ਗਈਆਂ—ਜਾਂ ਤਾਂ ਇਸਲਾਮ ਧਰਮ ਕਬੂਲ ਕਰੋ ਜਾਂ ਫਿਰ ਮੌਤ ਦੇ ਘਾਟ ਉਤਰਨ ਲਈ ਤਿਆਰ ਹੋ ਜਾਓ।
ਗੁਰੂ ਦੇ ਸਿਦਕੀ ਸਿੱਖ ਭਾਈ ਮਨੀ ਸਿੰਘ ਜੀ ਨੇ ਧਰਮ ਛੱਡਣ ਦੀ ਬਜਾਏ ਸ਼ਹਾਦਤ ਦੇ ਰਸਤੇ ਨੂੰ ਚੁਣਿਆ। ਕਾਜ਼ੀ ਦੇ ਫ਼ਤਵੇ ਅਨੁਸਾਰ, ਲਾਹੌਰ ਦੇ ਨਖ਼ਾਸ ਚੌਂਕ ਵਿਖੇ ਜਲਾਦ ਨੂੰ ਭਾਈ ਸਾਹਿਬ ਦਾ ਅੰਗ-ਅੰਗ (ਬੰਦ-ਬੰਦ) ਕੱਟਣ ਦਾ ਹੁਕਮ ਦਿੱਤਾ ਗਿਆ। ਜਦੋਂ ਜਲਾਦ ਉਨ੍ਹਾਂ ਦੇ ਹੱਥ 'ਤੇ ਵਾਰ ਕਰਨ ਲੱਗਾ, ਤਾਂ ਭਾਈ ਸਾਹਿਬ ਨੇ ਬੜੀ ਦਲੇਰੀ ਨਾਲ ਕਿਹਾ ਕਿ ਮੁਗਲ ਹਕੂਮਤ ਦੇ ਹੁਕਮ ਮੁਤਾਬਕ ਮੇਰਾ 'ਬੰਦ-ਬੰਦ' ਕੱਟੋ, ਸਿਰਫ਼ ਹੱਥ ਜਾਂ ਗੁੱਟ ਕੱਟ ਕੇ ਨਾ ਛੱਡੋ।
ਸੰਮਤ 1791 ਬਿਕਰਮੀ ਨੂੰ ਭਾਈ ਮਨੀ ਸਿੰਘ ਜੀ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ, ਬਿਨਾਂ ਕਿਸੇ ਸੀਅ ਦੇ, ਹੱਸਦੇ-ਹੱਸਦੇ ਸ਼ਹੀਦ ਹੋ ਗਏ।
ਸ਼ਹੀਦਾਂ ਦਾ ਪਰਿਵਾਰ
ਭਾਈ ਮਨੀ ਸਿੰਘ ਜੀ ਦਾ ਪਰਿਵਾਰ ਸਿੱਖ ਇਤਿਹਾਸ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲਾ ਪਰਿਵਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪੰਜ ਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੱਖ-ਵੱਖ ਜੰਗਾਂ ਵਿੱਚ ਸ਼ਹੀਦ ਹੋਏ ਸਨ, ਜਿਨ੍ਹਾਂ ਵਿੱਚ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਵਾਲੇ ਮਹਾਨ ਜੋਧੇ ਭਾਈ ਬਚਿੱਤਰ ਸਿੰਘ ਜੀ ਵੀ ਸ਼ਾਮਲ ਸਨ। ਇਤਿਹਾਸ ਅਨੁਸਾਰ ਉਨ੍ਹਾਂ ਦੇ ਪਰਿਵਾਰ ਅਤੇ ਵੰਸ਼ ਵਿੱਚੋਂ ਲਗਭਗ 80 ਤੋਂ 90 ਜੀਆਂ ਨੇ ਸਿੱਖ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੇ ਸਿੱਖਾਂ ਦੇ ਹਿਰਦਿਆਂ ਵਿੱਚ ਮੁਗਲ ਹਕੂਮਤ ਖਿਲਾਫ਼ ਇੱਕ ਨਵਾਂ ਜੋਸ਼ ਭਰ ਦਿੱਤਾ, ਜਿਸ ਦੇ ਸਿੱਟੇ ਵਜੋਂ ਅੱਗੇ ਚੱਲ ਕੇ ਸਿੱਖ ਮਿਸਲਾਂ ਦਾ ਗਠਨ ਹੋਇਆ ਅਤੇ ਪੰਜਾਬ ਦੀ ਧਰਤੀ 'ਤੇ ਖਾਲਸਾ ਰਾਜ ਦੀ ਸਥਾਪਨਾ ਹੋਈ। ਭਾਈ ਮਨੀ ਸਿੰਘ ਜੀ ਅੱਜ ਵੀ ਹਰ ਸਿੱਖ ਲਈ ਸਿਦਕ, ਸੇਵਾ, ਅਤੇ ਵਿਦਵਤਾ ਦੇ ਇੱਕ ਮਹਾਨ ਪ੍ਰੇਰਨਾ ਸਰੋਤ ਹਨ।
Frequently Asked Questions
ਭਾਈ ਮਨੀ ਸਿੰਘ ਜੀ ਕੌਣ ਸਨ?
ਸਿੱਖ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਨੂੰ ਕਿਸ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ?
ਭਾਈ ਮਨੀ ਸਿੰਘ ਜੀ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਸਬੰਧ ਸੀ?
ਭਾਈ ਮਨੀ ਸਿੰਘ ਜੀ ਨੇ ਕਿਹੜੀ ਮਹਾਨ ਸਾਹਿਤਕ ਸੇਵਾ ਨਿਭਾਈ ਸੀ?
ਕੀ ਭਾਈ ਮਨੀ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਵੀ ਸੰਭਾਲਿਆ ਸੀ?
'ਬੰਦਈ ਖਾਲਸਾ' ਅਤੇ 'ਤੱਤ ਖਾਲਸਾ' ਦੇ ਮੱਤਭੇਦਾਂ ਨੂੰ ਕਿਸਨੇ ਸੁਲਝਾਇਆ ਸੀ?
ਭਾਈ ਮਨੀ ਸਿੰਘ ਜੀ ਦੀ ਗ੍ਰਿਫ਼ਤਾਰੀ ਅਤੇ ਸ਼ਹਾਦਤ ਦਾ ਮੁੱਖ ਕਾਰਨ ਕੀ ਸੀ?
ਭਾਈ ਮਨੀ ਸਿੰਘ ਜੀ ਦੇ ਪਰਿਵਾਰ ਨੂੰ "ਸ਼ਹੀਦਾਂ ਦਾ ਪਰਿਵਾਰ" ਕਿਉਂ ਕਿਹਾ ਜਾਂਦਾ ਹੈ?
What's Your Reaction?