ਹਵਾ ਯੁੱਗ - Punjabi Kavita Hawa Yug - ਜਸਵੰਤ ਜ਼ਫ਼ਰ

ਜਸਵੰਤ ਸਿੰਘ ਜਾਫਰ ਪੰਜਾਬ ਦੇ ਪ੍ਰਸਿੱਧ ਲੇਖਕ, ਕਵੀ ਅਤੇ ਸਾਹਿਤਕਾਰ ਸਨ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਵੱਖ-ਵੱਖ ਰਚਨਾਵਾਂ ਰਾਹੀਂ ਅਮੂਲਕ ਯੋਗਦਾਨ ਦਿੱਤਾ। ਉਹਨਾਂ ਦੀਆਂ ਰਚਨਾਵਾਂ ਵਿੱਚ ਲੋਕਧਰਮ, ਮਿਠਾਸ ਭਰੀ ਭਾਸ਼ਾ ਅਤੇ ਸਮਾਜਿਕ ਸੱਚਾਈਆਂ ਦੀ ਝਲਕ ਮਿਲਦੀ ਹੈ। ਜਾਫਰ ਜੀ ਨੇ ਕਵਿਤਾ, ਨਾਟਕ ਅਤੇ ਲੇਖਾਂ ਰਾਹੀਂ ਪੇਂਡੂ ਜੀਵਨ ਦੀਆਂ ਗਹਿਰਾਈਆਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਉਜਾਗਰ ਕੀਤਾ। ਪੰਜਾਬੀ ਸਾਹਿਤ ਵਿੱਚ ਉਹਨਾਂ ਨੂੰ ਇਕ ਮਾਣਯੋਗ ਸਥਾਨ ਪ੍ਰਾਪਤ ਹੈ।

Apr 11, 2025 - 17:59
 0  266  0

Share -

ਹਵਾ ਯੁੱਗ - Punjabi Kavita Hawa Yug - ਜਸਵੰਤ ਜ਼ਫ਼ਰ
Punjabi Kavita Hawa Yug - Jaswant Jafar

ਪਹਿਲੋ ਪਹਿਲ ਪੱਥਰ ਯੁੱਗ ਸੀ
ਪੱਥਰ ਦੇ ਔਜ਼ਾਰ ਪੱਥਰ ਦੇ ਹਥਿਆਰ
ਫਿਰ ਤਾਂਬਾ ਯੁੱਗ ਆਇਆ
ਤਾਂਬੇ ਦੇ ਅਸਤਰ ਸ਼ਸਤਰ ਬਰਤਨ
ਫਿਰ ਆਇਆ ਲੋਹਾ ਯੁੱਗ
ਬੰਦੇ ਕੋਲ ਪੈਸਾ ਹੋਇਆ
ਤੇ ਖ਼ੁਦ ਬੰਦਾ ਬੜਾ ਐਸਾ ਵੈਸਾ ਹੋਇਆ
ਗਰੀਬ ਹੋਇਆ ਧਨਵਾਨ ਹੋਇਆ
ਦਸਤਕਾਰ ਹੋਇਆ ਕਿਸਾਨ ਹੋਇਆ
ਚੰਗਾ ਹੋਇਆ ਮੰਦਾ ਹੋਇਆ
ਕਈ ਪ੍ਰਕਾਰ ਦਾ ਧੰਦਾ ਹੋਇਆ
ਵਪਾਰੀ ਹੋਇਆ ਪੁਜਾਰੀ ਹੋਇਆ
ਲੋਹੇ ਦੀ ਮਸ਼ੀਨ
ਬੰਦਾ ਬੜਾ ਤੇਜ਼ ਰਫ਼ਤਾਰੀ ਹੋਇਆ
ਤੇਜ਼ ਰਫ਼ਤਾਰੀ ਬੰਦਾ
ਯੁੱਗਾਂ ਨੂੰ ਤੇਜ਼ੀ ਨਾਲ ਬਦਲਣ ਲੱਗਾ
ਸਰਮਾਏ ਦਾ ਯੁੱਗ ਗਿਆਨ ਦਾ ਯੁੱਗ
ਕੰਪਿਊਟਰ ਯੁੱਗ ਸੂਚਨਾ ਯੁੱਗ
ਵਗੈਰਾ ਵਗੈਰਾ
ਕੀ ਤੁਹਾਨੂੰ ਪਤੈ ਅੱਜ ਦੇ ਯੁੱਗ ਦਾ ਨਾਂ ਕੀ ਏ?
ਇਹ ਹਵਾ ਯੁੱਗ ਹੈ
ਹਵਾ ਯੁੱਗ ਦਾ ਬੰਦਾ ਹਰ ਵੇਲੇ ਹਵਾ ਤੇ ਸਵਾਰ
ਮਾਰੋ ਮਾਰ
ਕਿਸੇ ਦੀ ਹਵਾ ਉੱਚੀ ਕਿਸੇ ਦੀ ਹਵਾ ਖਰਾਬ
ਕੋਈ ਹਵਾ ਕਰਦਾ ਕੋਈ ਹਵਾ ਛਕਦਾ
ਕਿਸੇ ਦੀ ਹਵਾ ਬੰਨ੍ਹੀਂ ਜਾਂਦੀ
ਕਿਸੇ ਦੀ ਹਵਾ ਕੱਢੀ ਜਾਂਦੀ
ਹਵਾ ਨਾਲ ਸ਼ਖਸ਼ੀਅਤਾਂ ਉਸਰਦੀਆਂ
ਹਵਾ ਨਾਲ ਅਕਸ ਵਿਗੜਦੇ
ਚੌਂਕਾਂ ਵਿਚ ਫਲੈਕਸ ਤੇ ਛਪੀਆਂ ਬੂਥੀਆਂ
ਹਵਾਖੋਰੀ ਕਰਦੀਆਂ
ਹਵਾ ਬਣਾਉਣ ਲਈ ਰੱਥ ਯਾਤਰਾਵਾਂ
ਸਿਖਰ ਸੰਮੇਲਨ ਹਵਾ 'ਚ ਉਡਦੇ ਗੁਬਾਰੇ
ਹਵਾ ਬਦਲਣ ਲਈ ਜਨ ਅੰਦੋਲਨ
ਤੇ ਹਵਾ ਨਾਲ ਸਰਕਾਰਾਂ ਬਦਲਦੀਆਂ
ਕਾਲਮ ਅਖ਼ਬਾਰ ਦੇ
ਚੈਨਲ ਸੰਚਾਰ ਦੇ
ਤੇ ਹੋਰ ਸਾਧਨ ਪ੍ਰਚਾਰ ਪਾਸਾਰ ਦੇ
ਸਾਰੇ ਦੇ ਸਾਰੇ ਹਵਾ ਯੰਤਰ
ਹਵਾ ਨਾਲ ਚਲਦਾ ਸ਼ੇਅਰ ਬਾਜ਼ਾਰ
ਨੀਤੀਆਂ ਮਾਰੂਥਲ ਦੇ ਟਿੱਬੇ
ਫੈਸਲੇ ਰੇਤਾ ਤੇ ਛਪੀਆਂ ਲਹਿਰਾਂ
ਹਵਾ ਉਹਨਾਂ ਨੂੰ ਸਥਾਨ ਤੇ ਆਕਾਰ ਬਖਸ਼ਦੀ
ਹਵਾ ਨਾਲ ਬਦਲਦੇ ਫੈਸ਼ਨ ਤੇ ਰਿਵਾਜ਼
ਹਵਾ ਨਾਲ ਚਲਦੇ ਵਾਦ ਤੇ ਸੰਵਾਦ
ਹਵਾ ਨਾਲ ਕੀਮਤਾਂ ਵਧਦੀਆਂ
ਤੇ ਕਦਰਾਂ ਘਟਦੀਆਂ
ਹਵਾ ਯੁੱਗ ਦੇ ਵਾਸੀਓ
ਸਾਹ ਲੈਣ ਜੋਗੀ ਹਵਾ ਬਚਾ ਕੇ ਰੱਖਣਾ
ਹਵਾ 'ਚ ਉਡਣਾ ਜ਼ਰੂਰ
ਪਰ ਧਰਤੀ ਨਾਲ ਸਪੰਰਕ ਬਣਾ ਕੇ ਰੱਖਣਾ
ਹਵਾ ਨੂੰ ਹੀ ਹਵਾ ਦੇਈ ਜਾਓਗੇ
ਤਾਂ ਹਵਾ ਨਾਲ ਸਦਾ ਲਈ ਹਵਾ ਹੋ ਜਾਓਗੇ
ਜ਼ਰਾ ਬਚ ਕੇ
ਹੇ ਮੇਰੇ ਹਵਾ ਯੁੱਗ ਦੇ ਵਾਸੀਓ

What's Your Reaction?

like

dislike

love

funny

angry

sad

wow