ਖ਼ਿਆਲ | ਪੰਜਾਬੀ ਸ਼ਾਇਰੀ | ਪੰਜਾਬੀ ਗ਼ਜ਼ਲ
khayal

ਹਵਾਵਾਂ ਦੇ ਵਿੱਚ ਸੇਕ ਨੇ ਜ਼ਮੀਨ ਦਾ ਵੀ ਰੰਗ ਲਾਲ ਆ
ਸਾਜਿਸ਼ ਹੈ ਕਿਸੇ ਆਪਣੇ ਦੀ ਬੇਗਾਨੇ ਦੀ ਕੀ ਮਜਾਲ ਆ
ਖਲਾਰ ਕੇ ਬੀਜ ਦਿਲਾਂ ਵਿੱਚ ਜ਼ਹਿਰਾਂ ਦੇ
ਉੱਗ ਜਾਣੀ ਜ਼ਿੰਦਗੀ, ਸੋਹਣਾ ਇਹ ਖਿਆਲ ਆ
ਕੱਦ ਜਿੰਨ੍ਹਾਂ ਮਰਜ਼ੀ ਉੱਚਾ ਹੋਵੇ ਹੰਕਾਰ ਦਾ
ਜੇਰਾ ਰੱਖ ਹੰਕਾਰ ਦਾ ਦੂਜਾ ਨਾਂਅ ਕਾਲ ਆ
ਜਿੰਨੂ ਜਿੱਤ ਸਮਝ ਕੇ ਜਸ਼ਨ ਮਨਾਉਣ ਲੱਗੇ
ਉਹ ਤਾਂ ਤੇਰੇ ਦਿਲ ਦਾ ਬੱਸ ਇੱਕ ਮਲਾਲ ਆ
ਅੱਜ ਏਧਰ ਕੱਲ ਓਧਰ ਸਮਾਂ ਬੜਾ ਈ ਬੇਵਫਾ ਏ
ਹੁੰਦਾ ਕਿਸੇ ਹੋਰ ਪਾਸੇ ਦਿਸਦਾ ਕਿਸੇ ਦੇ ਨਾਲ ਆ
ਰੋਟੀ ਦੀ ਨਈਂ ਮੇਰੇ ਨਾਲ ਰੱਬ ਦੀ ਗੱਲ ਕਰ
ਧਰਮ ਦੇ ਨਾਂਅ ਤੇ ਇੱਥੇ ਹੁੰਦੇ ਰੋਜ਼ ਬਵਾਲ ਆ
ਮੇਰੇ ਨਾਲ ਨਈਂ ਆਪਣੇ-ਆਪ ਨਾਲ ਅੱਖਾਂ ਮਿਲਾ
ਬਾਹਰ ਦਾ ਨਈਂ ਅੰਦਰ ਦਾ ਦੱਸ ਕੀ ਹਾਲ ਆ
ਘਰਾਂ ਦੇ ਵਿੱਚ ਵੀ ਇਤਫ਼ਾਕ ਹੁਣ ਨਈਂ ਦਿਸਦਾ
ਪੈਸਾ,ਚੌਧਰ,ਮੈਂ-ਮੈਂ ਦੇ ਵਿਛੇ ਹਰ ਪਾਸੇ ਜਾਲ ਆ
ਰਾਖੀ ਲਈ ਰੱਖਿਆ ਸੀ ਮਾਲਕ ਬਣ ਬਹਿ ਗਿਆ
ਪੂਰੀ ਦੁਨੀਆਂ ਚ ਕਿਧਰੇ ਨਾ ਮਿਲਦੀ ਮਿਸਾਲ ਆ
ਗੱਲ ਦੇਸ ਦੀ ਹੋਵੇ ਭਾਵੇਂ ਆਪਣੇ ਵਜੂਦ ਦੀ
ਮੇਰੇ ਲਈ ਤਾਂ ਜ਼ਿੰਦਗੀ ਤੇ ਮੌਤ ਦਾ ਸਵਾਲ ਆ
ਚੁੱਪ ਕਰ ‘ਦੀਪ’ ਡਰ ਸਮੇਂ ਦੀਆਂ ਮਾਰਾਂ ਤੋਂ
ਦੜ ਵੱਟ ਕੱਢ ਜਿਹੜੇ ਤੇਰੇ ਰਹਿੰਦੇ ਅੱਠ ਦਸ ਸਾਲ ਆ….
ਸਨਦੀਪ ਸਿੰਘ ਸਿੱਧੂ
What's Your Reaction?






