ਸੰਭਲ ’ਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ, ਤਿੰਨ ਮੌਤਾਂ, ਪੁਲੀਸ ਤੇ ਹਮਲਾ
ਇਨ੍ਹਾਂ ਹਲਾਕਤਾਂ ਦੇ ਮਗਰੋਂ ਸਥਿਤੀ ਤਣਾਓਪੂਰਨ ਹੈ। ਪ੍ਰਸ਼ਾਸਨ ਨੇ ਸੰਭਲ ਤਹਿਸੀਲ ਵਿੱਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਸਾਰੇ ਸਕੂਲ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ।
ਸੰਭਲ ਵਿੱਚ ਜਾਮਾ ਮਸਜਿਦ ਦੇ ਦੂਜੇ ਸਰਵੇਖਣ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਭੜਕਣ ਦੇ ਨਤੀਜੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 20 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ’ਤੇ ਪਥਰਾਅ ਕੀਤਾ ਗਿਆ ਅਤੇ ਕੁਝ ਸ਼ਰਾਰਤੀ ਅਨਸਰਾਂ ਨੇ ਗੋਲੀਆਂ ਵੀ ਚਲਾਈਆਂ।
ਇਨ੍ਹਾਂ ਹਲਾਕਤਾਂ ਦੇ ਮਗਰੋਂ ਸਥਿਤੀ ਤਣਾਓਪੂਰਨ ਹੈ। ਪ੍ਰਸ਼ਾਸਨ ਨੇ ਸੰਭਲ ਤਹਿਸੀਲ ਵਿੱਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਸਾਰੇ ਸਕੂਲ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਪੁਲੀਸ ਨੇ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਮਦਦ ਨਾਲ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 21 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜਾਮਾ ਮਸਜਿਦ ਦਾ ਸਰਵੇਖਣ ਸਥਾਨਕ ਅਦਾਲਤ ਦੇ ਹੁਕਮਾਂ ਤਹਿਤ ਕੀਤਾ ਜਾ ਰਿਹਾ ਸੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸਜਿਦ ਜਿਸ ਜਗ੍ਹਾ ਬਣੀ ਹੈ, ਉੱਥੇ ਪਹਿਲਾਂ ਇੱਕ ਹਰੀਹਰ ਮੰਦਰ ਸੀ। ਮ੍ਰਿਤਕਾਂ ਦੀ ਪਛਾਣ ਨਈਮ, ਬਿਲਾਲ, ਅਤੇ ਨੌਮਾਨ ਵਜੋਂ ਹੋਈ ਹੈ।
ਪੁਲੀਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ ਅਤੇ ਸਾਰੇ ਸਮਾਜ ਵਿਰੋਧੀ ਅਨਸਰਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇਗਾ। ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਘਟਨਾ ਬਾਰੇ ਪੂਰੀ ਜਾਂਚ ਜਾਰੀ ਹੈ।