ਮੈਲਬੌਰਨ ਵਿੱਚ ਤਿੰਨ ਪੰਜਾਬੀ ਨੌਜਵਾਨ ‘ਲੋਹੇ ਦੀਆਂ ਰਾਡਾਂ’ ਨਾਲ਼ ਹੋਏ ਹਮਲੇ ਪਿੱਛੋਂ ਗੰਭੀਰ ਰੂਪ ਵਿੱਚ ਜ਼ਖਮੀ
ਮੈਲਬੌਰਨ ਦੇ ਟਾਰਨੇਟ ਵਿੱਚ ਤਿੰਨ ਪੰਜਾਬੀ ਨੌਜਵਾਨਾਂ 'ਤੇ ਅਣਜਾਣ ਹਮਲਾਵਰਾਂ ਵੱਲੋਂ ਲੋਹੇ ਦੀਆਂ ਰਾਡਾਂ ਅਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਹਮਲਾ ਇੱਕ ਕਾਰ ਹਾਦਸੇ ਤੋਂ ਬਾਅਦ ਹੋਇਆ, ਜਿਸ ਵਿੱਚ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ। ਗੰਭੀਰ ਰੂਪ ਵਿੱਚ ਜ਼ਖਮੀ ਤਿੰਨੋ ਨੌਜਵਾਨ ਸੁਨਸ਼ਾਈਨ ਹਸਪਤਾਲ ਵਿੱਚ ਭਰਤੀ ਹਨ, ਜਦੋਂ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸ਼ਨੀਵਾਰ ਦੇ ਦਿਨ 24 ਸਾਲਾ ਸੁਖਪ੍ਰੀਤ ਸਿੰਘ, ਉਸਦਾ ਚਚੇਰਾ ਭਰਾ ਗੁਰਨੂਰ, ਉਹਨਾਂ ਦਾ ਦੋਸਤ ਬਲਰਾਜ ਸਿੰਘ ਅਤੇ ਪੰਜ ਹੋਰ ਦੋਸਤ ਦੋ ਵੱਖੋ-ਵੱਖਰੀਆਂ ਕਾਰਾਂ ਵਿੱਚ Melbourne ਦੇ Melton ਤੋਂ St.Kilda ਛੁੱਟੀ ਮਨਾਉਣ ਲਈ ਗਏ ਸਨ।
ਸਾਰਾ ਦਿਨ ਬੀਚ 'ਤੇ ਅਤੇ ਸ਼ਹਿਰ ਵਿੱਚ ਛੁੱਟੀ ਮਨਾਕੇ ਜਦੋਂ ਅੱਧੀ ਰਾਤ ਮਗਰੋਂ ਵਾਪਸ ਮੁੜ ਰਹੇ ਸਨ, ਤਾਂ ਇਹਨਾਂ ਵਿੱਚੋਂ ਇੱਕ ਦੋਸਤ ਨੂੰ ਉਹ Tarneit ਛੱਡਣ ਆਏ।
ਸੁਖਪ੍ਰੀਤ ਦਿਓਲ ਜੋਕਿ Holden Commodore ਚਲਾ ਰਿਹਾ ਸੀ, ਨੇ ਰੇਡੀਓ ਹਾਂਜੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਜਦੋਂ ਉਹ ਟਾਰਨੇਟ ਵਿੱਚ Boundary Road ਪਹੁੰਚੇ ਤਾਂ ਪਿੱਛੋਂ ਆ ਰਹੀ ਇੱਕ 4 wheel drive (D-Max) ਨੇ ਉਹਨਾਂ ਨੂੰ ਫੇਟ ਮਾਰਕੇ ਪਲਟਾ ਦਿੱਤਾ।
ਉਸ ਕਾਰ ਵਿੱਚੋਂ ਪੰਜ ਅਣਜਾਣ ਬੰਦੇ ਉੱਤਰੇ (ਸੰਭਾਵੀ ਤੌਰ 'ਤੇ 'ਅਫ਼ਰੀਕੀ ਮੂਲ' ਦੇ, ਪਰ ਅਜੇ ਪੁਸ਼ਟੀ ਹੋਣੀ ਬਾਕੀ) ਜਿੰਨ੍ਹਾਂ ਨੇ ਸੁਖਪ੍ਰੀਤ, ਬਲਰਾਜ ਅਤੇ ਗੁਰਨੂਰ 'ਤੇ ਤਿੱਖੇ ਵਾਰ ਕੀਤੇ। ਸੁਖਪ੍ਰੀਤ ਮੁਤਾਬਿਕ ਉਹਨਾਂ ਨੇ ਚਾਕੂ ਅਤੇ ਲੋਹੇ ਦੀਆਂ ਰਾਡਾਂ ਨਾਲ਼ ਹਮਲਾ ਕੀਤਾ।
ਜਦੋਂ ਤੱਕ ਸੁਖਪ੍ਰੀਤ ਹੁਰਾਂ ਦੇ ਬਾਕੀ ਦੇ ਪੰਜ ਦੋਸਤ ਦੂਸਰੀ ਕਾਰ ਰਾਹੀਂ ਉਹਨਾਂ ਤੱਕ ਪਹੁੰਚਦੇ, ਹਮਲਾਵਰ ਫਰਾਰ ਹੋ ਚੁੱਕੇ ਸਨ।
ਫਿਲਹਾਲ ਸੁਖਪ੍ਰੀਤ, ਗੁਰਨੂਰ, ਅਤੇ ਬਲਰਾਜ ਤਿੰਨੋ Sunshine Hospital ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹਾਲਤ ਵਿੱਚ ਭਰਤੀ ਹਨ।
What's Your Reaction?






