ਸ੍ਰੀ ਮੁਕਤਸਰ ਸਾਹਿਬ ਤੋਂ ਬੱਚਿਆਂ ਦੀ ਤਸਕਰੀ ਕਰਨ ਵਾਲਾ ਮੁੱਖ ਸਰਗਨਾ ਗ੍ਰਿਫ਼ਤਾਰ, 50 ਤੋਂ ਵੱਧ ਬੱਚਿਆਂ ਦੀ ਖਰੀਦੋ-ਫਰੋਖਤ ਦਾ ਖੁਲਾਸਾ
ਬਹਾਦਰਗੜ੍ਹ ਪੁਲੀਸ ਨੇ ਅੰਤਰਰਾਜੀ ਬਾਲ ਤਸਕਰੀ ਗਿਰੋਹ ਦੇ ਮੁੱਖ ਸਰਗਨਾ ਪਰਗਟ ਸਿੰਘ ਉਰਫ਼ ਲਾਡੀ ਅਤੇ ਉਸ ਦੇ ਸਾਥੀ ਮੁਖਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਇਹ ਗਿਰੋਹ 10 ਤੋਂ ਵੱਧ ਸੂਬਿਆਂ ਵਿੱਚ 50 ਤੋਂ ਵੱਧ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਵਿੱਚ ਸ਼ਾਮਲ ਰਿਹਾ ਹੈ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ 8 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ, ਜਿਸ ਨਾਲ ਇਸ ਮਾਮਲੇ ਵਿੱਚ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 23 ਹੋ ਗਈ ਹੈ।
ਹਰਿਆਣਾ ਦੀ ਬਹਾਦਰਗੜ੍ਹ ਪੁਲੀਸ ਨੇ ਅੰਤਰਰਾਜੀ ਬੱਚਿਆਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਨੈੱਟਵਰਕ ਦੇ ਮੁੱਖ ਸਰਗਨਾ ਨੂੰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁੱਖ ਮੁਲਜ਼ਮ ਦੀ ਪਛਾਣ ਪਰਗਟ ਸਿੰਘ ਉਰਫ਼ ਲਾਡੀ ਵਜੋਂ ਹੋਈ ਹੈ, ਜੋ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਪੁਲੀਸ ਦੀ ਗ੍ਰਿਫ਼ਤ ਤੋਂ ਬਚਣ ਲਈ ਵੱਖ-ਵੱਖ ਥਾਵਾਂ ’ਤੇ ਲੁਕਦਾ ਫਿਰ ਰਿਹਾ ਸੀ। ਪੁਲੀਸ ਨੇ ਇਸ ਵਿਸ਼ੇਸ਼ ਅਪਰੇਸ਼ਨ ਦੌਰਾਨ ਉਸ ਦੇ ਸਾਥੀ ਮੁਖਪਾਲ ਸਿੰਘ ਉਰਫ਼ ਮੁੱਖਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਬਹਾਦਰਗੜ੍ਹ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਡੀਸੀਪੀ) ਮਯੰਕ ਮਿਸ਼ਰਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਗਟ ਸਿੰਘ ਇਸ ਅੰਤਰਰਾਜੀ ਤਸਕਰੀ ਗਿਰੋਹ ਦਾ ਮੁੱਖ ਸੰਚਾਲਕ ਸੀ। ਉਹ ਇਸ ਸਾਲ 31 ਮਾਰਚ ਨੂੰ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਲਈ 5,000 ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਸੀ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਰਗਟ ਸਿੰਘ ਦੀ ਸਾਲੀ ਬਲਜਿੰਦਰ ਕੌਰ ਉਰਫ਼ ਬੱਬੂ ਵੀ ਬੱਚਿਆਂ ਦੀ ਖਰੀਦੋ-ਫਰੋਖਤ ਅਤੇ ਤਸਕਰੀ ਦੇ ਇਸ ਧੰਦੇ ਵਿੱਚ ਬਰਾਬਰ ਦੀ ਹਿੱਸੇਦਾਰ ਸੀ।
ਡੀਸੀਪੀ ਮਯੰਕ ਮਿਸ਼ਰਾ ਨੇ ਦੱਸਿਆ ਕਿ ਇਹ ਗਿਰੋਹ ਹੁਣ ਤੱਕ 50 ਤੋਂ ਵੱਧ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰ ਚੁੱਕਾ ਹੈ। ਇਸ ਗਿਰੋਹ ਦੇ ਤਾਰ ਪੰਜਾਬ ਅਤੇ ਹਰਿਆਣਾ ਤੋਂ ਲੈ ਕੇ ਮਹਾਰਾਸ਼ਟਰ ਸਮੇਤ ਦੇਸ਼ ਦੇ 10 ਤੋਂ ਵੱਧ ਸੂਬਿਆਂ ਨਾਲ ਜੁੜੇ ਹੋਏ ਹਨ। ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲਦਾ ਰਿਹਾ, ਜਿਸ ਕਾਰਨ ਪੁਲੀਸ ਨੂੰ ਉਸ ਤੱਕ ਪਹੁੰਚਣ ਵਿੱਚ ਸਾਢੇ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਲੱਗਿਆ। ਇਸ ਦੌਰਾਨ ਪੁਲੀਸ ਟੀਮਾਂ ਨੇ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਕਈ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਪੁਲੀਸ ਅਧਿਕਾਰੀ ਅਨੁਸਾਰ ਮੁਲਜ਼ਮ ਇਸ ਗ਼ੈਰ-ਕਾਨੂੰਨੀ ਨੈੱਟਵਰਕ ਨੂੰ ਬਹੁਤ ਹੀ ਸੰਗਠਿਤ ਅਤੇ ਸ਼ਾਤਰਾਨਾ ਤਰੀਕੇ ਨਾਲ ਚਲਾ ਰਿਹਾ ਸੀ। ਇਸ ਵਿੱਚ ਉਸ ਦੇ ਆਪਣੇ ਪਰਿਵਾਰਕ ਮੈਂਬਰ ਵੀ ਵੱਖ-ਵੱਖ ਭੂਮਿਕਾਵਾਂ ਵਿੱਚ ਸ਼ਾਮਲ ਸਨ। ਪਰਗਟ ਸਿੰਘ ਬਾਹਰੀ ਦੁਨੀਆ ਅਤੇ ਗਾਹਕਾਂ ਸਾਹਮਣੇ ਖ਼ੁਦ ਨੂੰ ਇੱਕ ਕਾਨੂੰਨੀ ਬੱਚਾ ਗੋਦ ਲੈਣ ਵਾਲੀ ਸੰਸਥਾ ਦਾ ਮੁਖੀ ਦੱਸਦਾ ਸੀ। ਇਸ ਫ਼ਰਜ਼ੀ ਪਛਾਣ ਦੀ ਆੜ ਵਿੱਚ ਉਸ ਨੇ ਕਮਿਸ਼ਨ ’ਤੇ ਕੰਮ ਕਰਨ ਵਾਲੇ ਏਜੰਟਾਂ ਦਾ ਇੱਕ ਵੱਡਾ ਨੈੱਟਵਰਕ ਤਿਆਰ ਕੀਤਾ ਹੋਇਆ ਸੀ।
ਨੈੱਟਵਰਕ ਦੇ ਕੰਮਕਾਜ ਬਾਰੇ ਖੁਲਾਸਾ ਕਰਦਿਆਂ ਡੀਸੀਪੀ ਨੇ ਦੱਸਿਆ ਕਿ ਏਜੰਟਾਂ ਨੂੰ ਵੱਖ-ਵੱਖ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਨੂੰ ਪੂਰੇ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ। ਏਜੰਟਾਂ ਨੂੰ ਕਿਸੇ ਬੱਚੇ ਦੇ ਸੌਦੇ ਦੀ ਰਕਮ ਵਿੱਚੋਂ 5 ਤੋਂ 10 ਪ੍ਰਤੀਸ਼ਤ ਕਮਿਸ਼ਨ ਦਿੱਤਾ ਜਾਂਦਾ ਸੀ ਅਤੇ ਸਾਰਾ ਲੈਣ-ਦੇਣ ਸਿਰਫ਼ ਨਕਦੀ ਵਿੱਚ ਹੁੰਦਾ ਸੀ। ਪਰਗਟ ਸਿੰਘ ਖ਼ੁਦ ਬੱਚੇ ਲੈਣ ਲਈ ਮਾਪਿਆਂ ਨਾਲ ਸਿੱਧਾ ਰਾਬਤਾ ਰੱਖਦਾ ਸੀ, ਜਦਕਿ ਬੱਚੇ ਨੂੰ ਅੱਗੇ ਪਹੁੰਚਾਉਣ ਅਤੇ ਵੇਚਣ ਦੇ ਵੱਖ-ਵੱਖ ਪੜਾਵਾਂ ਲਈ ਵੱਖਰੇ-ਵੱਖਰੇ ਏਜੰਟ ਵਰਤੇ ਜਾਂਦੇ ਸਨ। ਇਸ ਤਰ੍ਹਾਂ ਦੇ ਵੰਡੇ ਹੋਏ ਢਾਂਚੇ ਕਾਰਨ ਕਿਸੇ ਇੱਕ ਏਜੰਟ ਕੋਲ ਪੂਰੀ ਜਾਣਕਾਰੀ ਨਹੀਂ ਹੁੰਦੀ ਸੀ, ਜਿਸ ਨਾਲ ਗਿਰੋਹ ਆਪਣੀਆਂ ਕਾਰਵਾਈਆਂ ਨੂੰ ਲੁਕਾਉਣ ਵਿੱਚ ਸਫ਼ਲ ਰਹਿੰਦਾ ਸੀ।
ਪੁਲੀਸ ਨੇ ਪਰਗਟ ਸਿੰਘ ਅਤੇ ਮੁਖਪਾਲ ਸਿੰਘ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 8 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਪੁਲੀਸ ਨੈੱਟਵਰਕ ਵਿੱਚ ਸ਼ਾਮਲ ਬਾਕੀ ਮੈਂਬਰਾਂ, ਏਜੰਟਾਂ ਅਤੇ ਨਵਜੰਮੇ ਬੱਚਿਆਂ ਦੀ ਖਰੀਦ ਤੋਂ ਲੈ ਕੇ ਵਿਕਰੀ ਤੱਕ ਦੀ ਪੂਰੀ ਲੜੀ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲੀਸ ਅਨੁਸਾਰ ਇਨ੍ਹਾਂ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਇਸ ਕੇਸ ਵਿੱਚ ਫੜੇ ਗਏ ਕੁੱਲ ਮੁਲਜ਼ਮਾਂ ਦੀ ਗਿਣਤੀ ਹੁਣ 23 ਹੋ ਗਈ ਹੈ।
What's Your Reaction?