ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਮੁੜ ਗਰਮਾਇਆ ਨਸਲਵਾਦ ਅਤੇ ਇਮੀਗ੍ਰੇਸ਼ਨ ਦਾ ਮੁੱਦਾ: ਪ੍ਰਵਾਸੀਆਂ ਦੀ ਵਧੀ ਚਿੰਤਾ
ਆਸਟ੍ਰੇਲੀਆ ਵਿੱਚ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਅਤੇ ਨਸਲਵਾਦ ਦਾ ਮੁੱਦਾ ਮੁੜ ਸੁਰਖੀਆਂ ਵਿੱਚ ਆ ਗਿਆ ਹੈ ਜਿਸ ਕਾਰਨ ਪਰਵਾਸੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ। 'ਵਨ ਨੇਸ਼ਨ' ਪਾਰਟੀ ਦੀ ਵੱਧ ਰਹੀ ਹਰਮਨਪਿਆਰਤਾ ਕਾਰਨ ਵੱਡੀਆਂ ਰਾਜਨੀਤਿਕ ਪਾਰਟੀਆਂ ਵੀ ਵੋਟਾਂ ਬਟੋਰਨ ਲਈ ਸਖ਼ਤ ਭਾਸ਼ਾ ਅਤੇ ਨੀਤੀਆਂ ਦੀ ਵਰਤੋਂ ਕਰ ਰਹੀਆਂ ਹਨ। ਰਿਪੋਰਟਾਂ ਅਨੁਸਾਰ ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਹੀ ਮਹਿੰਗਾਈ ਅਤੇ ਵੀਜ਼ਾ ਨਿਯਮਾਂ ਤੋਂ ਪਰੇਸ਼ਾਨ ਭਾਰਤੀ, ਪੰਜਾਬੀ ਅਤੇ ਹੋਰ ਏਸ਼ੀਆਈ ਪਰਵਾਸੀਆਂ ਲਈ ਇਹ ਰਾਜਨੀਤੀ ਨਵੀਂਆਂ ਮੁਸ਼ਕਲਾਂ ਪੈਦਾ ਕਰ ਰਹੀ ਹੈ।
ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਪਰਵਾਸੀਆਂ ਅਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਤੋਂ ਭਖ ਗਿਆ ਹੈ। ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਆਸਟ੍ਰੇਲੀਆਈ ਸਮਾਜ ਅਤੇ ਸਿਆਸਤ ਵਿੱਚ ਇਮੀਗ੍ਰੇਸ਼ਨ ਭਾਵ ਪਰਵਾਸ ਅਤੇ ਨਸਲਵਾਦ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। 'ਦਿ ਸਿਡਨੀ ਮੋਰਨਿੰਗ' ਦੀ ਰਿਪੋਰਟ ਮੁਤਾਬਕ, ਆਸਟ੍ਰੇਲੀਆ ਵਿੱਚ 'ਵਨ ਨੇਸ਼ਨ' ਪਾਰਟੀ ਦੀ ਪ੍ਰਸਿੱਧੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਦੇਸ਼ ਦੀਆਂ ਵੱਡੀਆਂ ਪਾਰਟੀਆਂ, ਜਿਵੇਂ ਕਿ ਲਿਬਰਲ ਅਤੇ ਨੈਸ਼ਨਲ ਪਾਰਟੀਆਂ, ਉੱਤੇ ਸਿਆਸੀ ਦਬਾਅ ਕਾਫੀ ਵੱਧ ਗਿਆ ਹੈ। ਇਸ ਸਥਿਤੀ ਦੇ ਚਲਦਿਆਂ ਆਉਂਦੇ ਦਸ ਸਾਲਾਂ ਲਈ ਆਸਟ੍ਰੇਲੀਆ ਵਿੱਚ ਆਵਾਸ ਉੱਤੇ ਰੋਕ ਲਗਾਉਣ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ। ਧਿਆਨ ਦੇਣ ਯੋਗ ਹੈ ਕਿ 'ਵਨ ਨੇਸ਼ਨ' ਪਾਰਟੀ ਦੀ ਸਥਾਪਨਾ ਪੌਲੀਨ ਹੈਨਸਨ ਵੱਲੋਂ ਸਾਲ 1996 ਵਿੱਚ ਕੀਤੀ ਗਈ ਸੀ। ਪੌਲੀਨ ਹੈਨਸਨ ਹਮੇਸ਼ਾ ਹੀ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਲਈ ਜਾਣੀ ਜਾਂਦੀ ਰਹੀ ਹੈ, ਖਾਸ ਤੌਰ 'ਤੇ ਜਦੋਂ ਗੱਲ ਪਰਵਾਸੀਆਂ ਅਤੇ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੀ ਆਉਂਦੀ ਹੈ। ਅੱਜ-ਕੱਲ੍ਹ ਇਹ ਪਾਰਟੀ ਆਸਟ੍ਰੇਲੀਆ ਦੇ ਪੇਂਡੂ ਅਤੇ ਖੇਤਰੀ ਇਲਾਕਿਆਂ ਵਿੱਚ ਆਪਣੀ ਪਕੜ ਬਹੁਤ ਮਜ਼ਬੂਤ ਕਰ ਰਹੀ ਹੈ, ਜਿਸ ਨੇ ਵੱਡੀਆਂ ਰਾਜਨੀਤਿਕ ਧਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ ਵਿੱਚ ਨਸਲਵਾਦ ਦੀ ਭਾਵਨਾ ਨੂੰ ਸਿਆਸੀ ਲਾਹੇ ਲਈ ਹਵਾ ਦਿੱਤੀ ਜਾ ਰਹੀ ਹੈ। ਕੁਝ ਰਾਜਸੀ ਨੇਤਾ 'ਵਨ ਨੇਸ਼ਨ' ਪਾਰਟੀ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਅਤੇ ਨਸਲਵਾਦੀ ਨੀਤੀਆਂ ਨੂੰ ਅਪਣਾਉਣ ਲੱਗ ਪਏ ਹਨ। ਇਹ ਰੁਝਾਨ ਬਹੁ-ਕੌਮੀ ਭਾਈਚਾਰਿਆਂ ਵਿੱਚ ਵੰਡੀਆਂ ਪਾਉਣ ਵਾਲੀ ਇੱਕ ਬੇਤੁਕੀ ਦਿਸ਼ਾ ਹੈ। ਆਸਟ੍ਰੇਲੀਆ ਵਿੱਚ ਨਸਲਵਾਦ ਅਤੇ ਇਮੀਗ੍ਰੇਸ਼ਨ ਦੀ ਇਸ ਸਿਆਸਤ ਦਾ ਸਭ ਤੋਂ ਵੱਡਾ ਅਸਰ ਪਰਵਾਸੀ ਭਾਈਚਾਰਿਆਂ ਉੱਤੇ ਪੈ ਸਕਦਾ ਹੈ। ਇਨ੍ਹਾਂ ਪ੍ਰਭਾਵਿਤ ਹੋਣ ਵਾਲੇ ਭਾਈਚਾਰਿਆਂ ਵਿੱਚ ਭਾਰਤੀ, ਪੰਜਾਬੀ ਅਤੇ ਹੋਰ ਏਸ਼ੀਆਈ ਸਮੂਹ ਵੀ ਸ਼ਾਮਲ ਹਨ। ਅੱਜ ਦੇ ਸਮੇਂ ਵਿੱਚ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਕਈ ਪਰਵਾਸੀ ਪਹਿਲਾਂ ਹੀ ਵੱਧ ਰਹੀ ਮਹਿੰਗਾਈ, ਨੌਕਰੀਆਂ ਦੀ ਘਾਟ ਅਤੇ ਵੀਜ਼ਾ ਸਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਔਖੇ ਹਾਲਾਤਾਂ ਵਿੱਚ ਨਸਲਵਾਦੀ ਰਾਜਨੀਤੀ ਉਨ੍ਹਾਂ ਅੰਦਰ ਅਸੁਰੱਖਿਆ ਅਤੇ ਚਿੰਤਾ ਨੂੰ ਹੋਰ ਵਧਾ ਰਹੀ ਹੈ। ਰਿਪੋਰਟ ਦਾ ਸਾਫ਼ ਸੰਦੇਸ਼ ਹੈ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖ਼ਿਲਾਫ਼ ਮਜ਼ਬੂਤੀ ਨਾਲ ਡਟ ਕੇ ਖੜ੍ਹਨਾ ਚਾਹੀਦਾ ਹੈ ਅਤੇ ਇਸ ਨੂੰ ਰਾਜਨੀਤਿਕ ਹਿੱਤਾਂ ਦਾ ਹਿੱਸਾ ਬਿਲਕੁਲ ਵੀ ਨਹੀਂ ਬਣਾਇਆ ਜਾਣਾ ਚਾਹੀਦਾ।
What's Your Reaction?