ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਬੰਬੀਹਾ ਗੈਂਗ ਦੇ ਤਿੰਨ ਮੁੱਖ ਸ਼ੂਟਰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਪੰਜਾਬ ਪੁਲੀਸ ਨੇ ਸ਼ੁਰੂ ਕੀਤੀ ਡੂੰਘੀ ਪੁੱਛਗਿੱਛ
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ‘ਓਵਰਸੀਜ਼ ਫਿਊਜੀਟਿਵ ਟ੍ਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ’ (OFTEC) ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਲੋੜੀਂਦੇ ਮੁੱਖ ਗੁਰਗਿਆਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ, ਅਜੈ ਸਿੰਘ ਅਤੇ ਪਵਨਦੀਪ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਕਤਲ, ਫਿਰੌਤੀ, ਵਿਸਫੋਟਕ ਸਮੱਗਰੀ ਅਤੇ ਲੁਧਿਆਣਾ ਵਿੱਚ ਹੈਂਡ ਗ੍ਰਨੇਡ ਹਮਲੇ ਦੀ ਸਾਜ਼ਿਸ਼ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦੇ ਸਨ।
ਸਰਹੱਦ ਪਾਰ ਅਤੇ ਵਿਦੇਸ਼ਾਂ ਤੋਂ ਚੱਲ ਰਹੇ ਸੰਗਠਿਤ ਅਪਰਾਧ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲੀਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ‘ਓਵਰਸੀਜ਼ ਫਿਊਜੀਟਿਵ ਟ੍ਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ’ (OFTEC) ਨੇ ਕੇਂਦਰੀ ਜਾਂਚ ਏਜੰਸੀਆਂ ਦੇ ਤਾਲਮੇਲ ਨਾਲ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਖ਼ਤਰਨਾਕ ਗੁਰਗਿਆਂ ਨੂੰ ਮਲੇਸ਼ੀਆ ਤੋਂ ਦੇਸ਼ ਨਿਕਾਲਾ (ਡਿਪੋਰਟ) ਕਰਵਾ ਕੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ’ਤੇ ਪਹੁੰਚਦੇ ਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਨੇ ਇਨ੍ਹਾਂ ਮੁਲਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਪੰਜਾਬ ਲੈ ਆਂਦਾ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ (ਵਾਸੀ ਫ਼ਰੀਦਕੋਟ), ਅਜੈ ਸਿੰਘ ਅਤੇ ਪਵਨਦੀਪ ਸਿੰਘ (ਦੋਵੇਂ ਵਾਸੀ ਸ੍ਰੀ ਗੰਗਾਨਗਰ, ਰਾਜਸਥਾਨ) ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਇਹ ਤਿੰਨੋਂ ਮੁਲਜ਼ਮ ਮਲੇਸ਼ੀਆ ਵਿੱਚ ਲੁਕ ਕੇ ਬੰਬੀਹਾ ਗੈਂਗ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਚਲਾ ਰਹੇ ਸਨ ਅਤੇ ਪੰਜਾਬ ਤੇ ਗੁਆਂਢੀ ਸੂਬਿਆਂ ਵਿੱਚ ਕਤਲ, ਫਿਰੌਤੀ ਵਸੂਲੀ, ਵਿਸਫੋਟਕ ਸਮੱਗਰੀ ਸਪਲਾਈ ਕਰਨ ਅਤੇ ਟਾਰਗੇਟ ਕਿਲਿੰਗ ਦੇ ਦੋ ਦਰਜਨ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦੇ ਸਨ। ਜਾਂਚ ਦੌਰਾਨ ਇਨ੍ਹਾਂ ਦੇ ਤਾਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਨਾਲ ਵੀ ਜੁੜੇ ਹੋਣ ਦੇ ਸਬੂਤ ਸਾਹਮਣੇ ਆਏ ਹਨ।
ਕਾਊਂਟਰ ਇੰਟੈਲੀਜੈਂਸ ਦੇ ਏਡੀਜੀਪੀ ਅਮਿਤ ਪ੍ਰਸਾਦ ਅਨੁਸਾਰ ਇਹ ਗ੍ਰਿਫ਼ਤਾਰੀਆਂ ਮਹੀਨਿਆਂ ਦੀ ਖ਼ੁਫ਼ੀਆ ਨਿਗਰਾਨੀ ਅਤੇ ਪੜਤਾਲ ਦਾ ਨਤੀਜਾ ਹਨ। ਉਨ੍ਹਾਂ ਦੱਸਿਆ ਕਿ ਅਜੈ ਸਿੰਘ ਅਤੇ ਪਵਨਦੀਪ ਸਿੰਘ ਲੁਧਿਆਣਾ ਵਿੱਚ ਹੈਂਡ ਗ੍ਰਨੇਡ ਧਮਾਕਾ ਕਰਨ ਦੀ ਸਾਜ਼ਿਸ਼ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ। ਪੁਲੀਸ ਨੇ ਅਕਤੂਬਰ 2025 ਵਿੱਚ ਲੁਧਿਆਣਾ ਵਿਖੇ ਇੱਕ ਕਾਰਵਾਈ ਦੌਰਾਨ ਇਨ੍ਹਾਂ ਦੇ ਦੋ ਸਥਾਨਕ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਚੀਨ ਦਾ ਬਣਿਆ ਪੀ-86 (P-86) ਹੈਂਡ ਗ੍ਰਨੇਡ ਬਰਾਮਦ ਕਰਕੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਪੜਤਾਲ ਵਿੱਚ ਖੁਲਾਸਾ ਹੋਇਆ ਸੀ ਕਿ ਲੁਧਿਆਣਾ ਹਮਲੇ ਦੀ ਪੂਰੀ ਯੋਜਨਾ ਮਲੇਸ਼ੀਆ ਵਿੱਚ ਬੈਠ ਕੇ ਅਜੈ ਅਤੇ ਪਵਨਦੀਪ ਨੇ ਘੜੀ ਸੀ।
ਦੂਜੇ ਪਾਸੇ, ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ ਜੂਨ 2019 ਵਿੱਚ ਮਲੇਸ਼ੀਆ ਫਰਾਰ ਹੋ ਗਿਆ ਸੀ। ਉੱਥੇ ਜਾ ਕੇ ਉਹ ਵਿਦੇਸ਼ ਵਿੱਚ ਬੈਠੇ ਨਾਮੀ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ ਅਤੇ ਬੰਬੀਹਾ ਗੈਂਗ ਦਾ ਮੁੱਖ ਪ੍ਰਬੰਧਕ ਬਣ ਗਿਆ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀ ਆਗੂ ਜੀਵਨਜੋਤ ਸਿੰਘ ਚਾਹਲ ਉਰਫ਼ ਜੁਗਨੂੰ ਦੇ ਡਰਾਈਵਰ ਅਤੇ ਯਾਦਵਿੰਦਰ ਸਿੰਘ ਦੇ ਕਤਲ ਕਾਂਡ ਵਿੱਚ ਵੀ ਲੋੜੀਂਦਾ ਸੀ।
ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੰਜਾਬ ਵਿੱਚ ਸਰਗਰਮ ਉਨ੍ਹਾਂ ਦੇ ਸਥਾਨਕ ਨੈੱਟਵਰਕ, ਫੰਡਿੰਗ ਦੇ ਸਾਧਨਾਂ, ਹਥਿਆਰਾਂ ਦੇ ਰੂਟਾਂ ਅਤੇ ਵਿਦੇਸ਼ੀ ਹੈਂਡਲਰਾਂ ਦੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਪੰਜਾਬ ਪੁਲੀਸ ‘ਅਪਰੇਸ਼ਨ ਪ੍ਰਹਾਰ’ ਤਹਿਤ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਕਈ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਡਿਪੋਰਟ ਕਰਵਾ ਚੁੱਕੀ ਹੈ।
What's Your Reaction?