ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮੋਗਾ ਦੇ ਪੰਜਾਬੀ ਨੌਜਵਾਨ ਰਣਵੀਰ ਸਿੰਘ ਦੀ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ
ਮੋਗਾ ਜ਼ਿਲ੍ਹੇ ਦੇ ਪਿੰਡ ਨੰਗਲ ਨਾਲ ਸਬੰਧਤ 44 ਸਾਲਾ ਰਣਵੀਰ ਸਿੰਘ ਦੀ ਇਟਲੀ ਦੇ ਕਾਸਟੀਗਲੀਓਨ ਡੇਲੇ ਸਟੀਵੀਅਰੇ ਕਸਬੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਿਤਾਬਾਂ ਖ਼ਰੀਦਣ ਗਿਆ ਸੀ ਅਤੇ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੇ ਪਿੰਡ ਨੰਗਲ ਵਿਖੇ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਣਵੀਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਂਦਾ ਜਾਵੇ।
ਵਿਦੇਸ਼ਾਂ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨਾਂ ਨਾਲ ਵਾਪਰ ਰਹੇ ਹਾਦਸਿਆਂ ਦੀ ਲੜੀ ਵਿੱਚ ਇੱਕ ਹੋਰ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਨੰਗਲ ਦੇ ਰਹਿਣ ਵਾਲੇ 44 ਸਾਲਾ ਰਣਵੀਰ ਸਿੰਘ ਦੀ ਇਟਲੀ ਦੇ ਕਾਸਟੀਗਲੀਓਨ ਡੇਲੇ ਸਟੀਵੀਅਰੇ (ਮਾਨਤੋਵਾ) ਕਸਬੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਰਣਵੀਰ ਸਿੰਘ ਪਿਛਲੇ ਲਗਭਗ 26 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਰਣਵੀਰ ਸਿੰਘ ਸ਼ੁੱਕਰਵਾਰ ਸ਼ਾਮ ਆਪਣੇ ਬੱਚਿਆਂ ਲਈ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਾਮਾਨ ਖ਼ਰੀਦਣ ਲਈ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਾਜ਼ਾਰ ਗਿਆ ਹੋਇਆ ਸੀ। ਉਸ ਨੇ ਆਪਣੀ ਕਾਰ ਸੜਕ ਦੇ ਕਿਨਾਰੇ ਪਾਰਕ ਕੀਤੀ, ਜਿਸ ਵਿੱਚ ਉਸ ਦੀ ਪਤਨੀ ਅਤੇ ਬੱਚੇ ਬੈਠੇ ਸਨ, ਜਦਕਿ ਰਣਵੀਰ ਖ਼ੁਦ ਸੜਕ ਦੇ ਦੂਜੇ ਪਾਸੇ ਸਥਿਤ ਇੱਕ ਦੁਕਾਨ ’ਤੇ ਖ਼ਰੀਦਦਾਰੀ ਕਰਨ ਚਲਾ ਗਿਆ। ਖ਼ਰੀਦਦਾਰੀ ਮੁਕੰਮਲ ਕਰਨ ਉਪਰੰਤ ਜਦੋਂ ਉਹ ਵਾਪਸ ਆਪਣੀ ਕਾਰ ਵੱਲ ਆਉਣ ਲਈ ਸੜਕ ਪਾਰ ਕਰ ਰਿਹਾ ਸੀ, ਤਾਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਹਾਦਸਾ ਕਾਰ ਵਿੱਚ ਬੈਠੇ ਉਸ ਦੇ ਪਰਿਵਾਰ ਦੇ ਸਾਹਮਣੇ ਹੀ ਵਾਪਰਿਆ, ਜਿਸ ਕਾਰਨ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਚਲੇ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰਣਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਐਮਰਜੈਂਸੀ ਮੈਡੀਕਲ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਉਸ ਨੂੰ ਤੁਰੰਤ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ, ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਟਲੀ ਪੁਲੀਸ ਨੇ ਮਾਮਲਾ ਦਰਜ ਕਰਕੇ ਵਾਹਨ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਰਣਵੀਰ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ 8 ਸਾਲਾ ਪੁੱਤਰ ਛੱਡ ਗਿਆ ਹੈ। ਉਸ ਦੇ ਮਾਤਾ-ਪਿਤਾ ਅਤੇ ਦਾਦਾ ਪਿੰਡ ਨੰਗਲ (ਮੋਗਾ) ਵਿਖੇ ਰਹਿੰਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅਜੇ ਕੁਝ ਸਮਾਂ ਪਹਿਲਾਂ ਹੀ ਇਟਲੀ ਤੋਂ ਆਪਣੇ ਪਿੰਡ ਪਰਤ ਕੇ ਆਏ ਸਨ ਅਤੇ ਹਾਦਸੇ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਣਵੀਰ ਨਾਲ ਫ਼ੋਨ ’ਤੇ ਸੁੱਖ-ਸਾਂਦ ਸਬੰਧੀ ਗੱਲਬਾਤ ਹੋਈ ਸੀ। ਇਸ ਅਣਹੋਣੀ ਦੀ ਖ਼ਬਰ ਮਿਲਦਿਆਂ ਹੀ ਪਿੰਡ ਨੰਗਲ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਮਾਤਾ ਅਤੇ ਬਜ਼ੁਰਗ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਰਣਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਇਟਲੀ ਤੋਂ ਪੰਜਾਬ ਲਿਆਉਣ ਵਿੱਚ ਪ੍ਰਸ਼ਾਸਨਿਕ ਤੇ ਵਿੱਤੀ ਮਦਦ ਦਿੱਤੀ ਜਾਵੇ, ਤਾਂ ਜੋ ਪਰਿਵਾਰ ਆਪਣੇ ਜੱਦੀ ਪਿੰਡ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਸਕੇ।
What's Your Reaction?