ਨਵੇਂ ਭਾਜਪਾ ਪ੍ਰਧਾਨ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵਾਰ- 'ਕੇਵਲ ਢਿਲੋਂ 'ਚ ਨਹੀਂ ਹੈ ਕਾਬਲੀਅਤ'
ਪੰਜਾਬ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਵੱਲੋਂ ਨਵਾਂ ਸੂਬਾਈ ਪ੍ਰਧਾਨ ਬਣਾਏ ਜਾਣ 'ਤੇ ਭਾਜਪਾ ਦੇ ਸਿਰਫ਼ ਇਕ ਲੀਡਰ (ਸਾਬਕਾ ਕਾਂਗਰਸੀ ਮੁੱਖ ਮੰਤਰੀ) ਕੈਪਟਨ ਅਮਰਿੰਦਰ ਸਿੰਘ ਨੇ ਇਤਰਾਜ਼ ਜਤਾਇਆ।
Pro Punjab TV 'ਤੇ ਯਾਦਵਿੰਦਰ ਕਰਫਿਊ ਨੂੰ ਦਿੱਤੇ ਆਪਣੇ ਤਾਜ਼ਾ ਇੰਟਰਵਿਊ ਦੌਰਾਨ ਕੈਪਟਨ ਨੇ ਆਪਣੀ ਵਰਤਮਾਨ ਪਾਰਟੀ (ਭਾਜਪਾ) ਅਤੇ ਸਾਬਕਾ ਪਾਰਟੀ (ਕਾਂਗਰਸ) ਦਰਮਿਆਨ ਵੱਖੋ ਵੱਖ ਨੀਤੀਆਂ ਦੀ ਚਰਚਾ ਕੀਤੀ ਅਤੇ ਨਾਲ ਹੀ ਪੰਜਾਬ ਵਿੱਚ ਮੁੜ ਅਕਾਲੀ-ਭਾਜਪਾ ਰਲੇਵੇਂ ਦੀ ਸਲਾਹ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਿਹਾ ਕਿ ਕੇਵਲ ਸਿੰਘ ਢਿੱਲੋਂ ਵਿੱਚ ਪੰਜਾਬ ਭਾਜਪਾ (BJP) ਦਾ ਪ੍ਰਧਾਨ ਬਣਨ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਮੁਤਾਬਕ ਪੰਜਾਬ ਨੂੰ ਇਸ ਔਖੇ ਸਮੇਂ ਇੱਕ ਤਕੜੇ, ਦਲੇਰ ਅਤੇ 'ਡਾਂਗ ਵਾਲੀ ਸੋਚ' (Aggressive) ਵਾਲੇ ਲੀਡਰ ਦੀ ਲੋੜ ਹੈ।
ਕੈਪਟਨ ਨੇ ਨਾਰਾਜ਼ਗੀ ਜਤਾਈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਦੇ ਮਸਲਿਆਂ ਜਾਂ ਪ੍ਰਧਾਨ ਦੀ ਚੋਣ ਵੇਲੇ ਉਨ੍ਹਾਂ ਨਾਲ ਕੋਈ ਸਲਾਹ-ਮਸ਼ਵਰਾ (Consult) ਨਹੀਂ ਕਰਦੀ। ਉਨ੍ਹਾਂ ਨੇ ਖ਼ਬਰ ਮਿਲਣ 'ਤੇ ਹਾਈਕਮਾਂਡ ਦੇ ਮੰਤਰੀ ਕੋਲ ਇਸ ਫੈਸਲੇ 'ਤੇ ਇਤਰਾਜ਼ ਵੀ ਜਤਾਇਆ ਸੀ।
ਭਾਜਪਾ ਅਤੇ ਕਾਂਗਰਸ ਦੇ ਕਲਚਰ ਵਿੱਚ ਫਰਕ ਦੱਸਦਿਆ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਇੰਟਰਨਲ ਡੈਮੋਕਰੇਸੀ (ਅੰਦਰੂਨੀ ਲੋਕਤੰਤਰ) ਸੀ, ਜਿੱਥੇ ਉਹ ਆਪਣੀ ਗੱਲ ਹਾਈਕਮਾਂਡ ਅੱਗੇ ਖੁੱਲ੍ਹ ਕੇ ਰੱਖਦੇ ਸਨ ਅਤੇ 99% ਗੱਲ ਮੰਨੀ ਜਾਂਦੀ ਸੀ, ਜਦਕਿ ਭਾਜਪਾ ਵਿੱਚ ਕੋਈ ਵੀ ਲੀਡਰ ਹਾਈਕਮਾਂਡ ਦੇ ਫੈਸਲਿਆਂ ਖ਼ਿਲਾਫ਼ ਖੁੱਲ੍ਹ ਕੇ ਨਹੀਂ ਬੋਲਦਾ।
ਕਾਂਗਰਸ ਛੱਡਣ ਅਤੇ ਵਾਪਸੀ ਬਾਰੇ ਕੈਪਟਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਾਂਗਰਸ ਖੁਦ ਨਹੀਂ ਛੱਡੀ ਸੀ, ਬਲਕਿ ਹਾਈਕਮਾਂਡ ਦੇ ਕਹਿਣ 'ਤੇ ਅਸਤੀਫ਼ਾ ਦਿੱਤਾ ਸੀ। ਹੁਣ 84 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਕਾਂਗਰਸ ਵਿੱਚ ਵਾਪਸ ਜਾਣ ਦਾ ਕੋਈ ਵਿਚਾਰ ਨਹੀਂ ਹੈ, ਉਹ ਭਾਜਪਾ ਵਿੱਚ ਹੀ ਰਹਿਣਗੇ।
ਕੈਪਟਨ ਨੇ ਦੱਸਿਆ ਕਿ ਉਨ੍ਹਾਂ ਦੇ ਚਚੇਰੇ ਭਰਾ ਰਣਧੀਰ ਸਿੰਘ ਦੇ ਅਕਾਲ ਚਲਾਣੇ 'ਤੇ ਰਾਹੁਲ ਗਾਂਧੀ ਵੱਲੋਂ ਦੁੱਖ ਦਾ ਮੈਸੇਜ ਆਇਆ ਸੀ, ਜਦਕਿ ਭਾਜਪਾ ਵੱਲੋਂ ਕਿਸੇ ਨੇ ਕੋਈ ਅਫ਼ਸੋਸ ਨਹੀਂ ਜਤਾਇਆ।
'ਜੱਟ ਰਾਜਨੀਤੀ' ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੱਟ ਮੂਲ ਰੂਪ ਵਿੱਚ ਕਿਸਾਨ ਹੈ ਅਤੇ ਉਸਦੀ ਰਾਜਨੀਤੀ ਖੇਤੀਬਾੜੀ ਦੁਆਲੇ ਹੀ ਰਹੇਗੀ। ਉਨ੍ਹਾਂ ਚਿੰਤਾ ਜਤਾਈ ਕਿ ਅੱਜ ਪੰਜਾਬ ਦੀ ਜਵਾਨੀ ਖੇਤੀਬਾੜੀ ਅਤੇ ਫੌਜ (ਅਗਨੀਵੀਰ ਸਕੀਮ ਕਰਕੇ) ਵਿੱਚ ਭਵਿੱਖ ਨਾ ਦੇਖ ਕੇ ਬਾਹਰਲੇ ਮੁਲਕਾਂ ਵੱਲ ਜਾ ਰਹੀ ਹੈ, ਜੋ ਕਿ ਪੰਜਾਬ ਦਾ ਵੱਡਾ ਨੁਕਸਾਨ ਹੈ। ਦੱਸਦੇ ਚੱਲੀਏ ਕਿ ਅਗਨੀਵੀਰ ਸਕੀਮ ਕੇਂਦਰੀ ਭਾਜਪਾ ਸਰਕਾਰ ਦੁਆਰਾ ਹੀ ਆਰੰਭੀ ਗਈ ਹੈ।
ਅਕਾਲੀ ਦਲ ਨਾਲ ਗੱਠਜੋੜ ਬਾਰੇ ਬੋਲਦਿਆਂ ਕੈਪਟਨ ਨੇ ਦੱਸਿਆ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਦਾ ਮੁਕਾਬਲਾ ਕਰਨ ਲਈ ਅਤੇ ਭਾਜਪਾ ਦੀ ਮਜ਼ਬੂਤੀ ਲਈ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ (Alliance) ਹੋਣਾ ਚਾਹੀਦਾ ਹੈ।
What's Your Reaction?