ਕੈਨੇਡਾ ’ਚ ਅੰਤਰ-ਸੂਬਾਈ ਨਸ਼ਾ ਤਸਕਰੀ ਨੈੱਟਵਰਕ ਬੇਨਕਾਬ: ਪੰਜਾਬੀ ਮੂਲ ਦੇ 9 ਨੌਜਵਾਨ ਤੇ ਵਿਅਕਤੀ ਗ੍ਰਿਫ਼ਤਾਰ; 'ਪ੍ਰੋਜੈਕਟ ਪਿੰਕ ਪੈਂਥਰ' ਤਹਿਤ $9.70 ਲੱਖ ਦੇ ਨਸ਼ੇ, ਹਥਿਆਰ, ਲਗਜ਼ਰੀ ਗੱਡੀਆਂ ਤੇ $1.26 ਲੱਖ ਨਕਦੀ ਬਰਾਮਦ

ਕੈਨੇਡੀਅਨ ਪੁਲੀਸ ਏਜੰਸੀਆਂ ਨੇ ਇੱਕ ਵੱਡੀ ਸਾਂਝੀ ਕਾਰਵਾਈ ਦੌਰਾਨ ਅੰਤਰ-ਸੂਬਾਈ ਨਸ਼ਾ ਤਸਕਰੀ ਸਿੰਡੀਕੇਟ ਦਾ ਪਰਦਾਫ਼ਾਸ਼ ਕਰਦਿਆਂ ਪੰਜਾਬੀ ਮੂਲ ਦੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ 6 ਵਿਨੀਪੈਗ (ਮੈਨੀਟੋਬਾ) ਅਤੇ 3 ਓਂਟਾਰੀਓ ਦੇ ਵਸਨੀਕ ਹਨ। ਦਸੰਬਰ 2025 ਵਿੱਚ ਵਿਨੀਪੈਗ ਪੁਲੀਸ ਸਰਵਿਸ ਦੀ ਸੰਗਠਿਤ ਅਪਰਾਧ ਇਕਾਈ ਵੱਲੋਂ 'ਪ੍ਰੋਜੈਕਟ ਪਿੰਕ ਪੈਂਥਰ' ਤਹਿਤ ਸ਼ੁਰੂ ਕੀਤੀ ਗਈ ਇਸ ਜਾਂਚ ਮਗਰੋਂ ਵਿਨੀਪੈਗ ਅਤੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਛਾਪੇਮਾਰੀ ਕੀਤੀ ਗਈ। ਪੁਲੀਸ ਨੇ ਮੁਲਜ਼ਮਾਂ ਕੋਲੋਂ 29 ਕਿਲੋ ਮੇਥਾਮਫੇਟਾਮਾਈਨ, 3 ਕਿਲੋ ਕੇਟਾਮਾਈਨ, 1,800 ਐੱਲਐੱਸਡੀ ਟੈਬਸ ਅਤੇ 31 ਗ੍ਰਾਮ ਹੈਰੋਇਨ ਸਮੇਤ ਲਗਭਗ 9,70,000 ਕੈਨੇਡੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ, 1,26,000 ਡਾਲਰ ਨਕਦੀ, 6 ਨਾਜਾਇਜ਼ ਹਥਿਆਰ, 800 ਤੋਂ ਵੱਧ ਕਾਰਤੂਸ ਅਤੇ ਚਾਰ ਲਗਜ਼ਰੀ ਵਾਹਨ ਬਰਾਮਦ ਕੀਤੇ ਹਨ।

Nov 13, 2026 - 02:55
 0  0

Share -

ਕੈਨੇਡਾ ’ਚ ਅੰਤਰ-ਸੂਬਾਈ ਨਸ਼ਾ ਤਸਕਰੀ ਨੈੱਟਵਰਕ ਬੇਨਕਾਬ: ਪੰਜਾਬੀ ਮੂਲ ਦੇ 9 ਨੌਜਵਾਨ ਤੇ ਵਿਅਕਤੀ ਗ੍ਰਿਫ਼ਤਾਰ; 'ਪ੍ਰੋਜੈਕਟ ਪਿੰਕ ਪੈਂਥਰ' ਤਹਿਤ $9.70 ਲੱਖ ਦੇ ਨਸ਼ੇ, ਹਥਿਆਰ, ਲਗਜ਼ਰੀ ਗੱਡੀਆਂ ਤੇ $1.26 ਲੱਖ ਨਕਦੀ ਬਰਾਮਦ
Image used for representation purpose only

ਕੈਨੇਡਾ ਵਿੱਚ ਸੰਗਠਿਤ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਕੈਨੇਡੀਅਨ ਪੁਲੀਸ ਨੇ ਪੰਜਾਬ ਨਾਲ ਸਬੰਧਤ ਭਾਰਤੀ ਮੂਲ ਦੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵਿਸ਼ਾਲ ਅੰਤਰ-ਸੂਬਾਈ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਗਰੋਹ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਤੋਂ ਮੈਨੀਟੋਬਾ ਸੂਬੇ ਵਿੱਚ ਕੋਕੀਨ, ਮੇਥਾਮਫੇਟਾਮਾਈਨ, ਕੇਟਾਮਾਈਨ ਅਤੇ ਨੁਸਖ਼ੇ ਵਾਲੀਆਂ ਨਸ਼ੀਲੀਆਂ ਦਵਾਈਆਂ (ਪ੍ਰਿਸਕ੍ਰਿਪਸ਼ਨ ਓਪੀਓਇਡਜ਼) ਦੀ ਸਪਲਾਈ ਕਰਦਾ ਸੀ।

ਇਹ ਪੂਰੀ ਕਾਰਵਾਈ 'ਪ੍ਰੋਜੈਕਟ ਪਿੰਕ ਪੈਂਥਰ' (Project Pink Panther) ਅਧੀਨ ਅੰਜਾਮ ਦਿੱਤੀ ਗਈ, ਜਿਸ ਦੀ ਸ਼ੁਰੂਆਤ ਦਸੰਬਰ 2025 ਵਿੱਚ ਵਿਨੀਪੈਗ ਪੁਲੀਸ ਸਰਵਿਸ (WPS) ਦੀ ਸੰਗਠਿਤ ਅਪਰਾਧ ਇਕਾਈ ਵੱਲੋਂ ਕੀਤੀ ਗਈ ਸੀ। 'ਮੈਨੀਟੋਬਾ ਜਸਟਿਸ' ਦੇ ਸਹਿਯੋਗ ਨਾਲ ਚੱਲੀ ਇਸ ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਤਸਕਰ ਯਾਤਰੀ ਵਾਹਨਾਂ, ਨਿੱਜੀ ਕੋਰੀਅਰ ਸੇਵਾਵਾਂ, ਡਾਕ ਪਾਰਸਲਾਂ ਅਤੇ ਵਪਾਰਕ ਹਵਾਈ ਉਡਾਣਾਂ ਰਾਹੀਂ ਨਸ਼ੇ ਦੀਆਂ ਖੇਪਾਂ ਵਿਨੀਪੈਗ ਪਹੁੰਚਾਉਂਦੇ ਸਨ, ਜਿੱਥੋਂ ਸੁਰੱਖਿਅਤ ਟਿਕਾਣਿਆਂ ’ਤੇ ਸਟੋਰ ਕਰਕੇ ਅੱਗੇ ਪਰਚੂਨ ਵਪਾਰੀਆਂ ਨੂੰ ਸਪਲਾਈ ਕੀਤੀ ਜਾਂਦੀ ਸੀ।

26 ਅਗਸਤ 2026 ਨੂੰ ਵਿਨੀਪੈਗ ਪੁਲੀਸ ਸਰਵਿਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA), ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ (OPP), ਪੀਲ ਰੀਜਨਲ ਪੁਲੀਸ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਨਾਲ ਮਿਲ ਕੇ ਵਿਨੀਪੈਗ ਅਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਟਿਕਾਣਿਆਂ ’ਤੇ ਇਕੱਠੀ ਛਾਪੇਮਾਰੀ ਕੀਤੀ। ਇਸ ਤਲਾਸ਼ੀ ਅਭਿਆਨ ਦੌਰਾਨ ਪੁਲੀਸ ਨੇ 29 ਕਿਲੋਗ੍ਰਾਮ ਮੇਥਾਮਫੇਟਾਮਾਈਨ, 3 ਕਿਲੋ ਕੇਟਾਮਾਈਨ, 1,800 ਐੱਲਐੱਸਡੀ (LSD) ਟੈਬਸ ਅਤੇ 31 ਗ੍ਰਾਮ ਹੈਰੋਇਨ ਜ਼ਬਤ ਕੀਤੀ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਲਗਭਗ 9,70,000 ਕੈਨੇਡੀਅਨ ਡਾਲਰ ਦੱਸੀ ਗਈ ਹੈ। ਇਸ ਤੋਂ ਇਲਾਵਾ 1,26,000 ਡਾਲਰ ਦੀ ਨਕਦੀ, ਛੇ ਹਥਿਆਰ, 800 ਤੋਂ ਵੱਧ ਜ਼ਿੰਦਾ ਕਾਰਤੂਸ, ਇੱਕ ਕੰਡਕਟਿਡ ਐਨਰਜੀ ਵੈਪਨ ਅਤੇ ਚਾਰ ਕੀਮਤੀ ਗੱਡੀਆਂ—ਮਰਸਡੀਜ਼-ਬੈਂਜ਼ GLC300, ਸ਼ੈਵਰਲੇ ਸਿਲਵੇਰਾਡੋ,ਸ਼ੈਵਰਲੇ ਕਰੂਜ਼ ਅਤੇ ਕੈਡੀਲੈਕ CTS—ਵੀ ਕਬਜ਼ੇ ਵਿੱਚ ਲਈਆਂ ਗਈਆਂ ਹਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਛੇ ਵਿਨੀਪੈਗ ਨਾਲ ਸਬੰਧਤ ਹਨ, ਜਿਨ੍ਹਾਂ ਦੀ ਪਛਾਣ ਤਰੁਣਦੇਵ ਸਿੰਘ (32), ਦਵਿੰਦਰ ਸਿੰਘ (57), ਅਮਨਦੀਪ ਸਿੰਘ (47),ਮਨਦੀਪ ਸਿੰਘ ਦੱਤਾ (37), ਕਰਨਵੀਰ ਸਿੰਘ (24) ਅਤੇ ਮਗਨਪ੍ਰੀਤ ਬੋਪਾਰਾਏ (25) ਵਜੋਂ ਹੋਈ ਹੈ। ਓਂਟਾਰੀਓ ਤੋਂ ਕਾਬੂ ਕੀਤੇ ਤਿੰਨ ਮੁਲਜ਼ਮਾਂ ਦੀ ਪਛਾਣ ਤਰਨਵੀਰ ਸੰਧੂ (37), ਕਰਨ ਜੋਸ਼ੀ (34) ਅਤੇ ਮਨਜਿੰਦਰ ਸਿੰਘ ਸੱਗੂ (43) ਵਜੋਂ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਤਰੁਣਦੇਵ ਸਿੰਘ, ਦਵਿੰਦਰ ਸਿੰਘ, ਕਰਨਵੀਰ ਸਿੰਘ, ਤਰਨਵੀਰ ਸੰਧੂ ਅਤੇ ਕਰਨ ਜੋਸ਼ੀ ਨੂੰ ਅਦਾਲਤੀ ਹਿਰਾਸਤ ਵਿੱਚ ਭੇਜਿਆ ਗਿਆ ਹੈ, ਜਦਕਿ ਬਾਕੀ ਚਾਰ ਮੁਲਜ਼ਮਾਂ ਨੂੰ ਸ਼ਰਤਾਂ ਸਹਿਤ ਰਿਹਾਈ ਦੇ ਹੁਕਮਾਂ ’ਤੇ ਛੱਡਿਆ ਗਿਆ ਹੈ। ਸਾਰੇ ਮੁਲਜ਼ਮਾਂ ਵਿਰੁੱਧ ਨਸ਼ਾ ਤਸਕਰੀ, ਅਪਰਾਧ ਰਾਹੀਂ ਕਮਾਈ ਜਾਇਦਾਦ ਰੱਖਣ, ਗ਼ੈਰ-ਕਾਨੂੰਨੀ ਹਥਿਆਰ ਰੱਖਣ ਅਤੇ ਨਿਆਂ ਪ੍ਰਕਿਰਿਆ ਵਿੱਚ ਅੜਿੱਕਾ ਪਾਉਣ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।

What's Your Reaction?

like

dislike

love

funny

angry

sad

wow