ਭਾਰਤ-ਕੈਨੇਡਾ ਸਬੰਧਾਂ ਬਾਰੇ ਵਿਦੇਸ਼ ਸਕੱਤਰ ਵਿਕਰਮ ਮਿਸਰੀ 6 ਨਵੰਬਰ ਨੂੰ ਸੰਸਦੀ ਕਮੇਟੀ ਨੂੰ ਜਾਣਕਾਰੀ ਦੇਣਗੇ
ਵਿਕਰਮ ਮਿਸਰੀ, ਸੰਸਦੀ ਕਮੇਟੀ ਦੇ ਸਾਹਮਣੇ ਭਾਰਤ-ਚੀਨ ਸਬੰਧਾਂ 'ਚ ਹੋਏ ਹਾਲੀਆ ਸੁਧਾਰ ਬਾਰੇ ਵੀ ਗੱਲਬਾਤ ਕਰ ਸਕਦੇ ਹਨ, ਜੋ ਕਿ ਪੂਰਬੀ ਲੱਦਾਖ ਦੀ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਮੁੜ ਗਸ਼ਤ ਸ਼ੁਰੂ ਕਰਨ ਦੇ ਸਮਝੌਤੇ ਮਗਰੋਂ ਆਏ ਹਨ।
ਵਿਦੇਸ਼ ਸਕੱਤਰ ਵਿਕਰਮ ਮਿਸਰੀ 6 ਨਵੰਬਰ ਨੂੰ ਸੰਸਦੀ ਕਮੇਟੀ ਨੂੰ ਭਾਰਤ-ਕੈਨੇਡਾ ਸਬੰਧਾਂ ਬਾਰੇ ਜਾਣਕਾਰੀ ਦੇਣਗੇ। ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਤਣਾਅ ਤਦ ਵਧ ਗਿਆ ਸੀ, ਜਦੋਂ ਕੈਨੇਡਾ ਦੇ ਅਧਿਕਾਰੀਆਂ ਨੇ ਭਾਰਤ ਦੇ ਕੁਝ ਸੀਨੀਅਰ ਅਧਿਕਾਰੀਆਂ ਉੱਤੇ ਖਾਲਿਸਤਾਨ ਹਮਾਇਤੀ ਹਰਜੀਤ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਸੀ, ਜਿਸ ਨੂੰ ਭਾਰਤ ਨੇ ਸਖਤ ਨਿੰਦਾ ਕੀਤੀ ਅਤੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਵਿਕਰਮ ਮਿਸਰੀ, ਸੰਸਦੀ ਕਮੇਟੀ ਦੇ ਸਾਹਮਣੇ ਭਾਰਤ-ਚੀਨ ਸਬੰਧਾਂ 'ਚ ਹੋਏ ਹਾਲੀਆ ਸੁਧਾਰ ਬਾਰੇ ਵੀ ਗੱਲਬਾਤ ਕਰ ਸਕਦੇ ਹਨ, ਜੋ ਕਿ ਪੂਰਬੀ ਲੱਦਾਖ ਦੀ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਮੁੜ ਗਸ਼ਤ ਸ਼ੁਰੂ ਕਰਨ ਦੇ ਸਮਝੌਤੇ ਮਗਰੋਂ ਆਏ ਹਨ। ਭਾਰਤ ਦਾ ਮਤ ਹੈ ਕਿ ਕੈਨੇਡਾ ਨੇ ਆਪਣੇ ਦੇਸ਼ ਵਿਚ ਖਾਲਿਸਤਾਨੀ ਹਮਾਇਤੀਆਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਕਾਰਵਾਈ ਕਰਨ ਦੀ ਆਜ਼ਾਦੀ ਦਿੱਤੀ ਹੈ, ਜੋ ਦੋਵਾਂ ਦੇਸ਼ਾਂ ਵਿਚਾਲੇ ਮੁੱਖ ਤਣਾਅ ਦਾ ਕਾਰਨ ਬਣਿਆ ਹੈ।
ਭਾਰਤ ਨੇ ਪਿਛਲੇ ਮਹੀਨੇ ਛੇ ਕੈਨੇਡਾ ਦੇ ਕੂਟਨੀਤਕਾਂ ਨੂੰ ਕੱਢ ਦਿੱਤਾ ਅਤੇ ਆਪਣੇ ਹਾਈ ਕਮਿਸ਼ਨਰ ਸੰਜੈ ਵਰਮਾ ਅਤੇ ਕੁਝ ਹੋਰ ਕੂਟਨੀਤਕਾਂ ਨੂੰ ਵਾਪਸ ਸੱਦ ਲਿਆ। ਇਸ ਸਭ ਤੋਂ ਇਲਾਵਾ, ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮੌਰੀਸਨ ਨੇ ਦੋਸ਼ ਲਗਾਇਆ ਸੀ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦਾ ਨਿਰਦੇਸ਼ ਦਿੱਤਾ ਸੀ, ਜਿਸਨੂੰ ਭਾਰਤ ਨੇ ਮੁੜ ਬੇਬੁਨਿਆਦ ਦੱਸਿਆ ਹੈ।