ਕੈਨੇਡਾ ਵਿੱਚ ਰਸਾਇਣਕ ਨਸ਼ਿਆਂ ਦੀ ਖੇਪ ਸਣੇ ਪੰਜਾਬੀ ਦੀ ਗ੍ਰਿਫ਼ਤਾਰੀ
ਪੁਲੀਸ ਨੇ ਸੂਪਰਲੈਬ ਤੋਂ ਕਈ ਕਿਸਮਾਂ ਦੀਆਂ ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ, 45 ਹੈਂਡਗਨ, 21 ਏਅਰ ਸਟਾਈਲ ਰਾਈਫਲਾਂ, ਸਬਮਸ਼ੀਨ ਗਨ ਅਤੇ ਬੁਲੇਟ ਪਰੂਫ ਜੈਕੇਟਾਂ ਵੀ ਬਰਾਮਦ ਕੀਤੀਆਂ ਹਨ।
ਕੈਨੇਡਾ ਵਿੱਚ ਸੰਘੀ ਪੁਲੀਸ ਨੇ ਵੈਨਕੂਵਰ ਖੇਤਰ ਦੀ ਇਕ ਡਰੱਗ ਲੈਬ ’ਤੇ ਛਾਪੇ ਦੌਰਾਨ ਰਸਾਇਣਕ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਲੈਬ ਦੇ ਸੰਚਾਲਕ ਗੁਰਪ੍ਰੀਤ ਰੰਧਾਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖੇਤਰੀ ਪੁਲੀਸ ਦੇ ਸਹਾਇਕ ਕਮਿਸ਼ਨਰ ਡੇਵਿਡ ਟੇਬੌਲ ਨੇ ਦੱਸਿਆ ਕਿ ਇਹ ਨਸ਼ਾ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਣਾ ਸੀ। ਇਸ ਸੂਪਰਲੈਬ ਦੇ ਕੁਝ ਹਿੱਸੇ ਸਰੀ ਅਤੇ ਹੋਰ ਖੇਤਰਾਂ ਵਿੱਚ ਵੀ ਸਥਿਤ ਹਨ। ਜ਼ਬਤ ਕੀਤੇ ਸਾਮਾਨ ਦੀ ਕੀਮਤ ਕਰੋੜਾਂ ਡਾਲਰ ਹੈ।
ਪੁਲੀਸ ਨੇ ਸੂਪਰਲੈਬ ਤੋਂ ਕਈ ਕਿਸਮਾਂ ਦੀਆਂ ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ, 45 ਹੈਂਡਗਨ, 21 ਏਅਰ ਸਟਾਈਲ ਰਾਈਫਲਾਂ, ਸਬਮਸ਼ੀਨ ਗਨ ਅਤੇ ਬੁਲੇਟ ਪਰੂਫ ਜੈਕੇਟਾਂ ਵੀ ਬਰਾਮਦ ਕੀਤੀਆਂ ਹਨ। ਮੌਕੇ ਤੋਂ 5 ਲੱਖ ਡਾਲਰ ਵੀ ਮਿਲੇ ਹਨ। ਜਾਂਚ ਟੀਮ ਦੇ ਇੰਚਾਰਜ ਇੰਸਪੈਕਟਰ ਜਿਲੀਅਨ ਵੈਲਰਡ ਨੇ ਕਿਹਾ ਕਿ ਇਹ ਨਸ਼ੇ ਬਹੁਤ ਹੀ ਅਧੁਨਿਕ ਢੰਗ ਨਾਲ ਤਿਆਰ ਕੀਤੇ ਜਾਂਦੇ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਨਸ਼ੇ ਪਿਛਲੇ ਸਾਲ ਤੋਂ ਨੌਜਵਾਨਾਂ ਦੀਆਂ ਮੌਤਾਂ ਦਾ ਕਾਰਨ ਹਨ, ਤਾਂ ਉਨ੍ਹਾਂ ਸਪਸ਼ਟ ਜਵਾਬ ਨਹੀਂ ਦਿੱਤਾ।