Sandeep Singh
ਪੁਰਾਣੇ ਜਿਹੇ ਗਾਡਰ-ਬਾਲਿਆਂ ਵਾਲੀ ਛੱਤ ਵਾਲੇ ਕੋਠੇ ਵਿੱਚ ਚਿੜੀਆਂ ਦੇ ਬਹੁਤ ਸਾਰੇ ਆਹਲਣੇ ਸਨ, ਦਿਨ ਚੜ੍ਹਦੇ ਹੀ ਚਿੜੀਆਂ ਦੀਆਂ ਚਹਿਕਾਂ ਦੀ ਆਵਾਜ਼ ਸਾਰੇ ਘਰ ਵਿੱਚ ਸੁਣਾਈ ਦੇਣ ਲੱਗ ਜਾਂਦੀ ਸੀ। ਕਈ ਵਾਰੀ ਹਰ ਵੇਲੇ ਦੀ ਚੀਂ-ਚੀਂ ਸੁਣਕੇ ਅਤੇ ਗੰਦਗੀ ਵੇਖ ਕੇ ਬਹੁਤ ਅਕੇਵਾਂ ਹੁੰਦਾ ਅਤੇ ਅਸੀਂ ਸੋਚਦੇ ਕਿ ਸਾਰੇ ਆਹਲਣੇ ਹਟਾ ਕੇ ਬਾਲਿਆਂ ਦੀਆਂ ਵਿੱਥਾਂ ਵਿੱਚ ਲੱਕੜ ਦੇ ਗਟੂ ਫਸਾ ਕੇ ਇਹ ਕੰਮ ਪੱਕਾ ਹੀ ਬੰਦ ਕਰ ਦੇਣਾ, ਘਰ ਸੱਚ-ਮੁੱਚ ਹੀ ਚਿੜੀਆ ਘਰ ਬਣਿਆ ਹੋਇਆ ਸੀ। ਫਿਰ ਅਸੀਂ ਹਰ ਵਾਰ ਇਹ ਸੋਚ ਕੇ ਆਹਲਣੇ ਨਹੀਂ ਹਟਾਉਂਦੇ ਸੀ ਕਿ ਉਸ ਵਿੱਚ ਚਿੜੀਆਂ ਦੇ ਆਂਡੇ ਹੋਣੇ ਜਾਂ ਫਿਰ ਬੱਚੇ ਹੋਣਗੇ, ਗਰਮੀਆਂ ਵਿੱਚ ਕਹਿੰਦੇ ਕਿ ਗਰਮੀ ਬਹੁਤ ਆ ਸਰਦੀਆਂ ਚ ਸਾਫ ਕਰ ਦੇਣਾ ਅਤੇ ਸਰਦੀਆਂ ਚ ਇਹ ਕਹਿ ਕੇ ਟਾਲ ਦੇਂਦੇ ਕਿ ਠੰਡ ਚ ਇਨ੍ਹਾਂ ਦਾ ਔਖਾ ਹੋ ਜੂ ਗਰਮੀਆਂ ਚ ਇਹ ਕੰਮ ਕਰਾਂਗੇ। ਏਦਾਂ ਹੀ ਸਮਾਂ ਲੰਘਦਾ ਗਿਆ ਇਕ ਦਿਨ ਸਵੇਰੇ ਉੱਠ ਕੇ ਦੇਖਿਆ ਕਿ ਇਕ ਬੋਟ ਆਹਲਣੇ ਵਿਚੋਂ ਜ਼ਮੀਨ ਉੱਤੇ ਡਿੱਗਿਆ ਪਿਆ ਸੀ ਦੇਖਣ ਨੂੰ ਲੱਗ ਰਿਹਾ ਸੀ ਕਿ ਮਰ ਗਿਆ, ਜਦ ਕੋਲ ਜਾ ਕੇ ਹੱਥ ਲਗਾਇਆ ਤਾਂ ਥੋੜਾ ਜਿਹਾ ਹਿੱਲਿਆ ਬੜੀ ਖੁਸ਼ੀ ਹੋਈ ਕਿ ਹਾਲੇ ਜਿਉਂਦਾ ਹੈ। ਚੁੱਕ ਕੇ ਦੂਜੇ ਕਮਰੇ ਵਿੱਚ ਲੈ ਗਿਆ ਅਤੇ ਸਾਰਿਆਂ ਨੂੰ ਦਿਖਾਉਣ ਲੱਗ ਗਿਆ। ਸਭ ਕਹਿੰਦੇ ਇਹਨੇ ਨਹੀਂ ਬਚਣਾ, ਆਹਲਣਿਓ ਡਿੱਗਾ ਬੋਟ ਕਦੇ ਨਹੀਂ ਬਚਦਾ। ਪਰ ਮੈਂ ਇਹ ਗੱਲ ਅਣਸੁਣੀ ਕਰਕੇ ਉਦੇ ਲਈ ਆਟਾ ਲੈਣ ਚਲਾ ਗਿਆ, ਥੋੜਾ ਜਿਹਾ ਆਟਾ ਓਦੀ ਚੁੰਜ ਵਿੱਚ ਫਸਾ ਦਿੱਤਾ, ਬਹੁਤ ਛੋਟਾ ਸੀ ਇਸ ਲਈ ਖਾ ਨਹੀਂ ਰਿਹਾ ਸੀ ਫਿਰ ਪਾਣੀ ਤੇ ਤੁਪਕੇ ਚੁੰਜ ਨਾਲ ਲਾਏ ਬਸ ਇਸੇ ਤਰਾਂ ਕੁਝ ਨਾ ਕੁਝ ਖਵਾਉਣ ਪਿਆਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਇਸਨੂੰ ਬਚਾਇਆ ਜਾ ਸਕੇ। ਨਾ ਤਾਂ ਐਨੀ ਸਮਝ ਸੀ ਤਾਂ ਨਾ ਹੀ ਕੋਈ ਇੰਜ ਦਾ ਕੋਈ ਤਜਰਬਾ ਸੀ ਤੇ ਨਾ ਉਸ ਸਮੇਂ ਅੱਜ ਵਾਂਗੂ ਇੰਟਰਨੈਟ ਅਤੇ ਗੂਗਲ ਸੀ ਕਿ ਹਰ ਸਵਾਲ ਦਾ ਜਵਾਬ ਮਿਲ ਸਕੇ, ਇਸ ਲਈ ਜੋ ਸਮਝ ਆਇਆ ਜਾਂ ਆਸੇ ਪਾਸਿਓਂ ਪਤਾ ਲੱਗਾ ਕਰ ਲਿਆ। ਜਿਵੇਂ ਕਿਵੇਂ ਦਿਨ ਬੀਤ ਰਹੇ ਸਨ ਅਤੇ ਇਹ ਮਹਿਸੂਸ ਹੋਣ ਲੱਗ ਗਿਆ ਕਿ ਹੁਣ ਇਹ ਬਚ ਜਾਵੇਗਾ, ਬੋਟ ਨਾਲ ਬਹੁਤ ਮੋਹ ਪੈ ਗਿਆ ਸਕੂਲੇ ਜਾਣ ਤੋਂ ਪਹਿਲਾਂ ਉਦੇ ਨਾਲ ਖੇਡਣ ਤੇ ਵਾਪਸ ਆਉਂਦੇ ਫ਼ਿਰ ਉਦੇ ਆਲੇ-ਦਵਾਲੇ ਹੀ। ਉਸਨੂੰ ਮੈਂ ਇਕ ਕਣਕ ਛਾਨਣ ਵਾਲੀ ਛਾਨਣੀ ਦੇ ਹੇਠਾਂ ਭਾਂਡਾ ਰੱਖ ਕੇ ਉਸ ਵਿੱਚ ਰੱਖਿਆ ਹੋਇਆ ਸੀ ਤਾਂ ਕਿ ਦਿਸਦਾ ਵੀ ਰਹੇ, ਹਵਾ ਵੀ ਮਿਲਦੀ ਰਹੇ ਤੇ ਬਿੱਲੀ ਕੁੱਤੇ ਵਰਗੇ ਦੁਸ਼ਮਣ ਤੋਂ ਵੀ ਬਚਾ ਹੋ ਸਕੇ। ਸੌਣ ਲੱਗੇ ਵੀ ਆਪਣੇ ਕੋਲ ਹੀ ਰੱਖ ਲੈਣਾ ਤੇ ਰਾਤ ਨੂੰ ਉੱਠ-ਉੱਠ ਕੇ ਦੇਖਦੇ ਰਹਿਣਾ। ਦੇਖਦੇ ਦੇਖਦੇ ਉਹ ਵੱਡਾ ਹੋਣ ਲੱਗਾ ਅਤੇ ਖ਼ਮਬ ਪੁੰਗਰਨੇ ਸ਼ੁਰੂ ਹੋ ਗਏ, ਉਸਨੂੰ ਅੱਖਾਂ ਸਾਹਮਣੇ ਵੱਡਾ ਹੁੰਦੇ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ। ਜਿਵੇਂ ਜਿਵੇਂ ਖ਼ਮਬ ਆਕਾਰ ਲੈਣ ਲੱਗੇ ਸ਼ਇਦ ਉਦੇ ਖਵਾਬ ਵੀ ਆਕਾਰ ਲੈਣ ਲੱਗ ਗਏ, ਤੇ ਉਸਦੇ ਮਨ ਵਿੱਚ ਉਡਣ ਦੀ ਖ਼ਵਾਹਿਸ਼ ਜਨਮ ਲੈ ਰਹੀ ਸੀ।ਹੁਣ ਉਹ ਛਾਨਣੀ ਦੇ ਹੇਠਾਂ ਛਾਲਾਂ ਮਾਰਦਾ ਰਹਿੰਦਾ। ਜਿਵੇਂ ਜਿਵੇਂ ਉਸਦੇ ਖ਼ਮਬ ਆ ਰਹੇ ਸੀ ਅਤੇ ਉਹ ਵੱਡਾ ਹੋ ਰਿਹਾ ਸੀ ਮੇਰੇ ਲਈ ਉਸਨੂੰ ਸੰਭਾਲਣਾ ਦਿਨੋ-ਦਿਨ ਔਖਾ ਹੁੰਦਾ ਜਾ ਰਿਹਾ ਸੀ, ਉਸਨੂੰ ਆਟਾ-ਪਾਣੀ ਦੇਣਾ ਔਖਾ ਹੋ ਰਿਹਾ ਸੀ। ਹੁਣ ਮੈਨੂੰ ਉਸਦਾ ਧਿਆਨ ਅਤੇ ਨਿਗਰਾਨੀ ਦੋਨੋ ਹੀ ਜਿਆਦਾ ਕਰਨੇ ਪੈਂਦੇ ਸਨ, ਪਰ ਉਸਨੂੰ ਵੱਡਾ ਹੁੰਦੇ ਦੇਖ ਕੇ ਖੁਸ਼ੀ ਵੀ ਬਹੁਤ ਹੁੰਦੀ ਸੀ। ਹੁਣ ਲਗਭਗ ਉਹ ਪੂਰਾ ਚਿੜੀ ਦਾ ਆਕਾਰ ਲੈ ਚੁੱਕਾ ਸੀ ਅਤੇ ਖ਼ਮਬ ਵੀ ਲਗਭਗ ਸਾਰੇ ਆ ਗਏ ਸਨ, ਮੈਨੂੰ ਇੰਜ ਲਗਦਾ ਸੀ ਕਿ ਉਸਦਾ ਉਡਣ ਦਾ ਸਮਾਂ ਆ ਗਿਆ ਸੀ ਹੁਣ ਇਹ ਛਾਨਣੀ ਵਾਲੀ ਦੁਨੀਆਂ ਉਸ ਲਈ ਬਹੁਤ ਛੋਟੀ ਸੀ, ਹੁਣ ਉਹ ਖੁੱਲੇ ਅਸਮਾਨ ਵਿੱਚ ਉਡਣਾ ਚਾਉਂਦਾ ਸੀ, ਪਰਵਾਜ਼ ਭਰਨਾ ਚਾਉਂਦਾ ਸੀ, ਨਵੀਆਂ ਜਗਾਹ ਦੇਖਣਾ ਚਾਉਂਦਾ ਸੀ, ਨਵੇਂ ਦੋਸਤ, ਨਵੀਂ ਦੁਨੀਆਂ ਬਣਾਉਣਾ ਚਾਉਂਦਾ ਸੀ। ਫਿਰ ਇਕ ਦਿਨ ਮੈਂ ਹੌਸਲਾ ਜਿਹਾ ਕਰਕੇ ਇਸ ਉੱਪਰੋਂ ਉਹ ਛਾਨਣੀ ਹਟਾ ਦਿੱਤੀ, ਉਹ ਛਾਨਣੀ ਹਟਦੇ ਸਾਰ ਹੀ ਉਡਾਰੀ ਮਾਰਨ ਲੱਗਾ, ਪਰ ਕਦੇ ਐਨੀ ਵੱਡੀ ਛਾਲ ਨਾ ਮਾਰਨ ਕਰਕੇ ਉਥੇ ਹੀ ਡਿੱਗ ਗਿਆ, ਪਰ 2-4 ਵਾਰੀ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਨ ਦੇ ਬਾਅਦ ਉਹ ਉੱਡਣ ਵਿੱਚ ਕਾਮਯਾਬ ਹੋ ਗਿਆ। ਮੈਨੂੰ ਅੱਜ ਵੀ ਯਾਦ ਹੈ ਪਹਿਲਾਂ ਉਸਨੇ ਛੋਟੀ ਜਿਹੀ ਉਡਾਰੀ ਮਾਰੀ ਅਤੇ ਕਮਰੇ ਤੋਂ ਬਾਹਰ ਵੇਹੜੇ ਵਿੱਚ ਆਇਆ, ਫਿਰ ਅਗਲੀ ਉਡਾਰੀ ਵਿੱਚ ਵੇਹੜੇ ਵਿੱਚ ਲੱਗੇ ਅਮਰੂਦ ਦੇ ਬੂਟੇ ਤੇ ਬੈਠ ਗਿਆ, ਫਿਰ ਉਡਿਆ ਅਤੇ ਪਾਣੀ ਵਾਲੀ ਟੈਂਕੀ ਤੇ ਜਾ ਬੈਠਿਆ ਅਤੇ ਉਸਤੋਂ ਬਾਅਦ ਖੁੱਲੇ ਅਸਮਾਨ ਵਿੱਚ ਉਡਾਰੀ ਦਿਸੀ ਅਤੇ ਉਹ ਅੱਖੋਂ ਓਹਲੇ ਹੋ ਗਿਆ। ਬਹੁਤ ਰੋਏ ਸਾਰੇ ਭੈਣ ਭਰਾ, ਕਈ ਦਿਨ ਓਪਰਾ ਓਪਰਾ ਜਿਹਾ ਲਗਦਾ ਰਿਹਾ, ਉਹ ਛਾਨਣੀ ਕਈ ਮਹੀਨੇ ਵੀਰਾਨ ਪਈ ਰਹੀ ਜਦ ਵੀ ਉਸ ਵੱਲ ਦੇਖਦੇ ਸੀ ਤਾਂ ਸਭ ਕੁਝ ਯਾਦ ਆ ਜਾਂਦਾ ਸੀ ਇਸ ਲਈ ਉਸਨੂੰ ਵੇਖਣਾ ਹੀ ਛੱਡ ਦਿੱਤਾ। ਹੌਲੇ ਹੌਲੇ ਅਸੀਂ ਵੀ ਵੱਡੇ ਹੁੰਦੇ ਗਏ ਅਤੇ ਜ਼ਿੰਦਗੀ ਦੇ ਸਫਰ ਵਿੱਚ ਅੱਗੇ ਵੱਧਦੇ-ਵਧਦੇ ਆਹਲਣਿਓ ਡਿੱਗਾ ਬੋਟ ਬਹੁਤ ਪਿੱਛੇ ਰਹਿ ਗਿਆ। ਅੱਜ 15-16 ਸਾਲ ਪੁਰਾਣੀ ਇਹ ਗੱਲ ਅਚਾਨਕ ਯਾਦ ਆ ਗਈ ਜਦੋਂ ਇਕ ਲਾਚਾਰ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾ ਕੇ, ਉਹਨਾਂ ਨੂੰ ਉਡਣਾ ਸਿਖਾ ਕੇ ਵੇਹੜੇ ਵਿੱਚ ਬੈਠੇ ਉਸ ਛਾਨਣੀ ਰੂਪੀ ਘਰ ਨੂੰ ਸਿੱਲੀਆਂ ਅੱਖਾਂ ਨਾਲ ਦੇਖ ਰਹੇ ਸਨ ਅਤੇ ਭਰੇ ਹੋਏ ਗਲੇ ਨਾਲ ਬਹੁਤ ਕੁਝ ਕਹਿਣਾ ਚਾਉਂਦੇ ਹੋਏ ਵੀ ਖਾਮੋਸ਼ ਸਨ। ਸਭ ਚੁੱਪ ਸਨ ਪਰ ਫਿਰ ਵੀ ਅੰਦਰ ਬਹੁਤ ਜਿਆਦਾ ਸ਼ੋਰ ਸੀ ਇੰਜ ਲੱਗ ਰਿਹਾ ਸੀ ਕਿ ਖਾਮੋਸ਼ੀ ਦੀਆਂ ਚੀਕਾਂ ਕੰਨਾਂ ਦੇ ਪਰਦੇ ਪਾੜ ਦੇਣਗੀਆਂ। ਫ਼ਿਰ ਮਾਹੌਲ ਬਦਲਣ ਲਈ ਮੈਂ ਇਧਰ-ਉਧਰ ਦੀਆਂ ਗੱਲਾਂ ਛੇੜ ਦਿੱਤੀਆਂ। ਥੋੜਾ ਸਮਾਂ ਗੱਲਾਂ ਚਲੀਆਂ ਪਰ ਵਿਸ਼ਾ ਇੱਕ ਵਾਰੀ ਫਿਰ ਘੁੰਮ ਕੇ ਉਸ ਸ਼ਾਂਤੀ ਵੱਲ ਚਲਾ ਗਿਆ। ਬਾਪੂ ਜੀ ਬੋਲੇ ਪੁੱਤਰਾ ਜ਼ਿੰਦਗੀ ਦੇ ਇਸ ਮੋੜ ਤੇ ਆ ਕੇ ਲੁੱਟੇ ਜਿਹੇ ਮਹਿਸੂਸ ਕਰ ਰਹੇ ਹਾਂ, ਏਦਾਂ ਲਗਦਾ ਜ਼ਿੰਦਗੀ ਹੱਥੋਂ ਹਾਰ ਗਏ ਹਾਂ। ਧੀਆਂ ਨੂੰ ਵਿਆਹ ਕੇ ਉਹਨਾਂ ਦੇ ਘਰ ਤੋਰ ਦਿੱਤਾ ਤੇ ਪੁੱਤ ਵਿਦੇਸ਼ ਚਲਾ ਗਿਆ। ਸਾਰੀ ਉਮਰ ਲਗਾ ਦਿੱਤੀ ਉਹਨਾਂ ਦੀ ਜਿੰਦਗੀ ਬਣਾਉਣ ਲਈ, ਹਰ ਸੰਭਵ ਕੋਸ਼ਿਸ਼ ਕੀਤੀ ਕਿ ਕਦੇ ਉਹਨਾਂ ਨੂੰ ਕੋਈ ਕਮੀ-ਪੇਸ਼ੀ ਨਾ ਰਹੇ। ਚਲੋ ਉਂਞ ਤਾਂ ਸਾਰੇ ਮਾਪੇ ਹੀ ਕਰਦੇ ਹਨ ਅਸੀਂ ਕੁਝ ਵੱਖਰਾ ਨੀ ਕੀਤਾ ਤੇ ਸਾਨੂੰ ਪਤਾ ਵੀ ਸੀ ਕਿ ਇੰਜ ਹੀ ਹੋਣਾ ਸਭ ਨੇ ਚਲੇ ਜਾਣਾ ਪਰ ਫਿਰ ਵੀ ਇਹ ਦਿਲ ਨਹੀਂ ਸਮਝਦਾ, ਕੱਲਿਆਂ ਨੂੰ ਇਹ ਘਰ ਖਾਣ ਨੂੰ ਆਉਂਦਾ। ਸਾਰਾ ਦਿਨ ਇਕ ਅਜੀਬ ਜਿਹੀ ਚੁੱਪ ਛਾਈ ਰਹਿੰਦੀ ਹੈ। ਅਸੀਂ ਬੱਚਿਆਂ ਨੂੰ ਦੋਸ਼ ਨਹੀਂ ਦੇਂਦੇ ਉਹਨਾਂ ਨੇ ਵੀ ਆਪਣੀ ਜਿੰਦਗੀ ਜੀਣੀ ਹੈ, ਕਾਮਯਾਬ ਹੋਣ ਹੈ ਘਰ ਵਿੱਚ ਰਹਿ ਕੇ ਸਰਦਾ ਵੀ ਨਹੀਂ, ਪਰ ਸਾਡਾ ਕੱਲਿਆਂ ਦਾ ਵੀ ਉਹਨਾਂ ਤੋਂ ਬਿਨਾਂ ਕੀ ਜੀਣਾ। ਦੁਨੀਆਂ ਦਾ ਦਸਤੂਰ ਆ ਕਿ ਧੀਆਂ ਨੇ ਤੁਰ ਹੀ ਜਾਣਾ ਹੁੰਦਾ ਅਤੇ ਮੁੰਡਿਆ ਨੂੰ ਵੀ ਜਾਣਾ ਪੈਂਦਾ ਕੰਮਾਂ-ਕਾਰਾਂ ਲਈ। ਇਹ ਕੋਈ ਨਵੀਂ ਗੱਲ ਨਹੀਂ ਹੈ ਜੋ ਸਾਡੇ ਨਾਲ ਹੋਈ ਹੈ। ਪਰ ਪੁੱਤਰਾ ਯਾਦ ਬਹੁਤ ਆਉਂਦੀ ਐ, ਇਸ ਘਰ ਵਿੱਚ ਕਿਸੇ ਸਮੇਂ ਕਿੰਨੀ ਰੌਣਕ ਸੀ, ਇਸੇ ਵੇਹੜੇ ਵਿੱਚ ਸਭ ਬੱਚਿਆਂ ਨੇ ਰਲ ਕੇ ਖੇਡਣਾ, ਭੱਜੇ ਫਿਰਨਾ! ਮੇਲਾ ਹੀ ਲੱਗਾ ਰਹਿੰਦਾ ਸੀ। ਜ਼ਿੰਦਗੀ ਬਹੁਤ ਖੁਸ਼ਹਾਲ ਸੀ ਕੰਮ ਤੋਂ ਥੱਕੇ-ਟੁੱਟੇ ਆ ਕੇ ਜਦੋਂ ਬੱਚਿਆਂ ਨਾਲ ਸਮਾਂ ਬਿਤਾਉਂਦਾ ਸੀ ਤਾਂ ਥਕਾਵਟ ਪਤਾ ਈ ਨੀਂ ਕਦੋਂ ਖ਼ਤਮ ਹੋ ਜਾਂਦੀ ਸੀ। ਜਦੋਂ ਬੱਚੇ ਵੱਡੇ ਹੁੰਦੇ ਹਨ ਆਪਣੀ ਮੰਜ਼ਿਲ ਵੱਲ ਵਧਦੇ ਹਨ ਤਾਂ ਉਸ ਸਮੇਂ ਮਾਂ-ਬਾਪ ਤੋਂ ਜ਼ਿਆਦਾ ਖੁਸ਼ੀ ਕਿਸਨੂੰ ਹੋ ਸਕਦੀ। ਅਸੀਂ ਅੱਜ ਵੀ ਬਹੁਤ ਖੁਸ਼ ਹਾਂ, ਧੀਆਂ ਨੂੰ ਚੰਗੇ ਪਰਿਵਾਰ ਮਿਲ ਗਏ, ਮੁੰਡਾ ਕਨੇਡਾ ਚ ਆਪਣੀ ਜ਼ਿੰਦਗੀ ਵਧੀਆ ਜੀ ਰਿਹਾ, ਨੂੰਹ ਤੇ ਪੋਤਰੀ ਵੀ ਨਾਲ ਹੀ ਹੈ। ਸਾਨੂੰ ਵੀ ਕਹਿੰਦੇ ਨੇ ਕਿ ਇਥੇ ਬੁਲਾ ਲਵਾਂਗੇ, ਪਰ ਅਸੀਂ ਜਾਣਾ ਨਹੀਂ ਚਾਉਂਦੇ। ਸਾਡੀ ਸਾਰੀ ਉਮਰ ਜਿਸ ਪਿੰਡ, ਜਿਸ ਘਰ ਵਿੱਚ ਲੰਘੀ ਹੈ ਉਸਨੂੰ ਕਿਵੇਂ ਛੱਡ ਦੇਈਏ। ਸਾਡਾ ਆਲਾ-ਦੁਆਲਾ, ਸਾਡਾ ਆਂਢ-ਗੁਆਂਢ ਜਿੰਨਾ ਨਾਲ ਸਾਰੀ ਉਮਰ ਬਿਤਾਈ ਹੁਣ ਇਸ ਉਮਰ ਵਿੱਚ ਨਵੇਂ ਸਿਰੇ ਤੋਂ ਕਿੱਥੋਂ ਰਿਸ਼ਤੇ ਜੁੜਦੇ ਆ। ਅਸੀਂ ਹੁਣ ਕਿੱਥੇ ਜਾ ਸਕਦੇ ਆ ਹੁਣ ਤੇ ਇਸ ਧਰਤੀ ਤੇ ਹੀ ਪ੍ਰਾਣ ਨਿਕਲਣਗੇ। ਉਹ ਰਾਜ਼ੀ ਰਹਿਣ ਜਿਥੇ ਵੀ ਨੇ ਫ਼ੋਨ ਆ ਜਾਂਦਾ ਕਦੇ ਕਦੇ ਏਨਾ ਹੀ ਬਹੁਤ ਆ। ਜਦੋਂ ਦਿਲ ਕਰੂ ਆ ਕੇ ਮਿਲ ਜਾਣ ਨਹੀਂ ਤੇ ਉਹ ਵੀ ਉਹਨਾਂ ਦੀ ਮਰਜੀ, ਓਦਾਂ ਵੀ ਸਾਡੀ ਜ਼ਿੰਦਗੀ ਕਿੰਨੀ ਕੁ ਰਹਿ ਗਈ। ਬਾਪੂ ਜੀ ਆਪਣੇ ਮਨ ਦੀ ਭੜਾਸ ਕੱਢਦੇ-ਕੱਢਦੇ ਰੋਣ ਲੱਗ ਗਏ। ਇਕ ਵਾਰੀ ਫਿਰ ਤੋਂ ਉਹੀ ਚੁੱਪ ਸੀ ਤੇ ਮੈਂ ਸਮਝ ਨੀ ਪਾ ਰਿਹਾ ਰਿਹਾ ਸੀ ਕਿ ਇਹੋ ਜਿਹੇ ਸਮੇਂ ਕੀ ਕੀਤਾ ਜਾਵੇ। ਕੁਝ ਚਿਰ ਪਿੱਛੋਂ ਉਨ੍ਹਾਂ ਨੂੰ ਹੌਸਲਾ ਦੇ ਕੇ ਉਦਾਸ ਮਨ ਨਾਲ ਮੈਂ ਫਿਰ ਆਉਣ ਦਾ ਕਹਿ ਕੇ ਉਥੋਂ ਆ ਗਿਆ। ਉਸ ਰਾਤ ਮੈਂ ਸੋ ਨਹੀਂ ਸਕਿਆ, ਕਿੰਨੇ ਸਵਾਲ ਮੰਨ ਵਿੱਚ ਆਉਂਦੇ ਰਹੇ, ਇਸ ਸਭ ਵਿੱਚ ਕੌਣ ਗ਼ਲਤ ਸੀ, ਕਿਸਦੀ ਗਲਤੀ ਕਾਰਣ ਇਹ ਸਭ ਹੋ ਰਿਹਾ ਸੀ ਤੇ ਇਸ ਮਸਲੇ ਦਾ ਕੀ ਹੱਲ ਹੋ ਸਕਦਾ ਕਿਉਂਕ ਇਹ ਤਾਂ ਘਰ ਘਰ ਦੀ ਕਹਾਣੀ ਹੈ। ਮਾਪੇ ਸਾਰੀ ਉਮਰ ਬੱਚਿਆਂ ਲਈ ਲਗਾ ਦੇਂਦੇ ਹਨ ਤੇ ਅੰਤ ਨੂੰ ਬੱਚੇ ਆਪਣੇ ਬਵਿੱਖ ਦਾ ਹਵਾਲਾ ਦੇ ਕੇ ਆਪਣੇ ਵਰਤਮਾਨ ਅਤੇ ਭੂਤ ਦੋਵੇਂ ਹੀ ਭੁੱਲ ਜਾਂਦੇ। ਇਕ ਨਜ਼ਰੀਏ ਤੋਂ ਉਹਨਾਂ ਦੀ ਸੋਚ ਨੂੰ ਗ਼ਲਤ ਨਹੀਂ ਕਹਿ ਸਕਦੇ ਅੱਗੇ ਵਧਣ ਲਈ ਕੁਰਬਾਨੀਆਂ ਤਾਂ ਕਰਨੀਆਂ ਹੀ ਪੇਂਦੀਆਂ ਹਨ, ਘਰ ਛੱਡਣੇ ਪੈਂਦੇ ਹਨ, ਪਰ ਉਹਨਾਂ ਕੁਰਬਾਨੀਆਂ ਦਾ ਮੁੱਲ ਕਦੋ ਤੇ ਕੌਣ ਤਾਰੂ ਜੋ ਸਾਨੂੰ ਅੰਬਰਾਂ ਦੇ ਸੁਪਨੇ ਲੈਣ ਵਾਲੇ ਖ਼ਮਬ ਦੇਂਦੀਆਂ ਹਨ। ਕਿਤੇ ਨਾ ਕਿਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਖ਼ੁਦਗਰਜ਼ ਹਾਂ, ਬੁਢਾਪੇ ਵਿੱਚ ਮਾਪਿਆ ਦਾ ਸਹਾਰਾ ਬਨਣ ਵੇਲੇ ਅਸੀਂ ਕਿਤੇ ਦੂਰ ਜਾ ਕੇ ਬਹਿ ਗਏ ਅਤੇ ਮਾਪਿਆਂ ਦੀ ਜਵਾਨੀ ਤਾਂ ਅਸੀਂ ਪਹਿਲਾ ਹੀ ਖੋਹ ਲਈ ਸੀ ਬੁਢਾਪੇ ਨੂੰ ਵੀ ਖੋਹ ਲਿਆ। ਕਈ ਤਾਂ ਕੋਲ ਹੁੰਦੇ ਹੋਏ ਵੀ ਮਾਪਿਆਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਸਾਂਭਣਾ ਤਾਂ ਦੂਰ ਉਹਨਾਂ ਨਾਲ ਗੱਲਬਾਤ ਵੀ ਕਰਨਾ ਪਸੰਦ ਨਹੀਂ ਕਰਦੇ। ਜਿੰਨੀ ਖ਼ੁਦਗਰਜੀ ਔਲਾਦ ਆਪਣੇ ਮਾਪਿਆਂ ਪ੍ਰਤੀ ਦਿਖਾਉਂਦੀ ਹੈ ਅਗਰ ਉਸਦਾ ਕੁਝ ਅੰਸ਼ ਵੀ ਮਾਪਿਆਂ ਨੇ ਦਿਖਾਇਆ ਹੁੰਦਾ ਤਾਂ ਅਸੀਂ ਉਹ ਜ਼ਿੰਦਗੀ ਨਾ ਜੀ ਰਹੇ ਹੁੰਦੇ ਜੋ ਜੀ ਰਹੇ ਹਾਂ। ਕਿੰਨੀ ਹੈਰਾਨੀ ਅਤੇ ਦੁੱਖ ਵਾਲੀ ਗੱਲ ਹੈ ਕਿ ਜਿਸ ਮਾਂ-ਬਾਪ ਨੇ ਸਾਨੂੰ ਬੋਲਣਾ ਸਿਖਾਇਆ, ਤੁਰਨਾ ਸਿਖਾਇਆ, ਖਾਣਾ ਸਿਖਾਇਆ, ਇਸ ਕਾਬਲ ਬਣਾਇਆ ਕਿ ਅਸੀਂ ਦੁਨੀਆ ਵਿੱਚ ਐਨੀਆਂ ਮੱਲਾਂ ਮਾਰੀਆਂ ਅਤੇ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਅਸੀਂ ਹੀ ਆਪਣੇ ਮਾਪਿਆਂ ਨੂੰ ਮੱਤਾਂ ਦੇਣ ਲੱਗ ਜਾਂਦੇ ਹਾਂ, ਉਹਨਾਂ ਦੀਆਂ ਗੱਲਾਂ ਉਹਨਾਂ ਦੇ ਤਰੀਕਿਆਂ ਵਿਚ ਨੁਕਸ ਕੱਢਣ ਲੱਗ ਜਾਂਦੇ ਹਾਂ। ਜਿਸ ਪਿਓ ਨੇ ਸਾਡੀ ਹਰ ਨਿੱਕੀ ਨਿੱਕੀ ਤੇ ਬੇਮਤਲਬੀ ਗੱਲ ਤੋਤਲੀ ਜ਼ੁਬਾਨ ਸਮਝ ਕੇ ਸਾਨੂੰ ਉਸ ਗੱਲ ਦਾ ਜਵਾਬ ਦਿੱਤਾ ਗੱਲ ਸਮਝਾਈ ਉਹੀ ਪਿਓ ਸਾਨੂੰ ਪੜ੍ਹਿਆਂ-ਲਿਖਿਆਂ ਨੂੰ ਗਵਾਰ ਲੱਗਣ ਲੱਗ ਜਾਂਦਾ। ਮਾਪਿਆਂ ਕੋਲ ਕੁਝ ਹੋਵੇ ਨਾ ਹੋਵੇ ਫਿਰ ਵੀ ਉਹ ਬਣਦੀ ਵਾਹ ਲਾ ਕੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਦੇ ਹਨ ਅਤੇ ਇਸਦੇ ਉਲਟ ਬੱਚਾ ਜ਼ਿੰਗਦੀ ਵਿੱਚ ਬੇਹਦ ਪੈਸੇ ਕਮਾ ਕੇ ਵੀ ਦੋ ਪਲ ਦੀਆਂ ਖੁਸ਼ੀਆਂ ਨਹੀਂ ਦੇ ਪਾਉਂਦਾ। ਇਹ ਵਿਸ਼ਾ ਕੋਈ ਨਵਾਂ ਵਿਸ਼ਾ ਨਹੀਂ ਹੈ ਤੇ ਨਾ ਇਹ ਹਾਲਾਤ ਨਵੇਂ ਹਨ, ਹਮੇਸ਼ਾਂ ਤੋਂ ਇਹੀ ਕੁਝ ਹੁੰਦਾ ਆ ਰਿਹਾ, ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ ਖ਼ੁਦਗਰਜੀ ਅਤੇ ਲਾਲਚ ਵੀ ਵਧਣ ਲੱਗ ਜਾਂਦਾ ਹੈ ਅਤੇ ਜਿਵੇਂ-ਜਿਵੇਂ ਮਾਪਿਆਂ ਦੀ ਉਮਰ ਵਧਦੀ ਹੈ ਉਹਨਾਂ ਦੀਆਂ ਆਸਾਂ ਆਪਣੀ ਔਲਾਦ ਤੋਂ ਵਧਣ ਲੱਗ ਜਾਂਦੀਆਂ ਹਨ, ਲੋੜ ਹੈ ਬੱਸ ਇਸ ਗੱਲ ਨੂੰ ਸਮਝਣ ਦੀ, ਮਜਬੂਰੀਆਂ ਕਰਕੇ ਦੂਰੀਆਂ ਹੋ ਸਕਦੀਆਂ ਹਨ ਪਰ ਦਿਲ ਵਿੱਚ ਪਿਆਰ, ਸਤਿਕਾਰ ਅਤੇ ਉਹਨਾਂ ਦਾ ਬਣਦਾ ਸਥਾਨ ਉਹਨਾਂ ਨੂੰ ਜਰੂਰ ਮਿਲਣਾ ਚਾਹੀਦਾ। ਉਂਞ ਤਾਂ ਇਹ ਭਾਵਨਾ ਬਿਨਾਂ ਕਿਸੇ ਗ਼ਰਜ਼ ਤੋਂ ਹੋਣੀ ਚਾਹੀਦੀ ਹੈ ਪਰ ਅਗਰ ਅਸੀਂ ਫਰਜ਼ ਨਹੀਂ ਨਿਭਾ ਸਕਦੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਹਨਾਂ ਦੀ ਪਰਵਰਿਸ਼ ਦਾ ਮੁੱਲ ਹੀ ਤਾਰ ਦੇਈਏ, ਉਹਨਾਂ ਦੀਆਂ ਕੁਰਬਾਨੀਆਂ ਅਤੇ ਉੱਦਮ ਨੂੰ ਸੋਚ ਕੇ ਹੀ ਉਹਨਾਂ ਨੂੰ ਚੰਗਾ ਜੀਵਨ ਦੇ ਦੇਈਏ। ਸਾਡੇ ਵਾਂਗੂ ਉਹਨਾਂ ਦੀਆਂ ਕੋਈ ਬਹੁਤ ਲੋੜਾਂ ਨਹੀਂ ਹਨ ਬਸ ਉਹਨਾਂ ਨਾਲ ਬਿਤਾਇਆ ਥੋੜ੍ਹਾ ਸਮਾਂ ਹੀ ਉਹਨਾਂ ਨੂੰ ਜੀਉਂਦੇ ਰਹਿਣ ਲਈ ਬਹੁਤ ਹੈ। ਸਭ ਕੰਮ ਕਰੀਏ , ਆਪਣੇ ਸੁਪਨਿਆਂ ਦੀ ਪੂਰਤੀ ਲਈ ਦਿਨ ਰਾਤ ਇਕ ਕਰੀਏ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਈਏ ਪਰ ਮਾਪਿਆਂ ਨੂੰ ਕਦੇ ਅਣਗੌਲਿਆਂ ਨਾ ਕਰੀਏ। ਮੈਂ ਇਹ ਨਹੀਂ ਕਾਹੂੰਗਾ ਕਿ ਅਸੀਂ ਵੀ ਬੁਢੇ ਹੋਣਾ ਹੈ ਅਤੇ ਇਹ ਸਮਾਂ ਸਾਡੇ ਤੇ ਵੀ ਆਉਣਾ ਹੈ, ਕਿਉਂਕ ਕਿਸੇ ਡਰ ਜਾਂ ਲਾਲਚ ਵਿਚ ਆ ਕੇ ਨਹੀਂ ਬਲਕਿ ਆਪਣੀ ਜ਼ਿੰਦਗੀ ਦਾ ਹਿੱਸਾ ਅਤੇ ਅਹਿਮ ਕੰਮ ਸਮਝ ਕੇ ਮਾਪਿਆਂ ਨੂੰ ਅਪਨਾਉਣ ਦੀ ਲੋੜ ਹੈ, ਬਿਰਧ ਘਰਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਜੋ ਸਪੱਸ਼ਟ ਤੌਰ ਤੇ ਸਾਨੂੰ ਸ਼ੀਸ਼ਾ ਦਿਖਾ ਰਹੀ ਹੈ। ਕਿਉਂ ਅਸੀਂ ਇੰਝ ਦੇ ਹਾਲਾਤ ਪੈਦਾ ਕਰ ਦੇਂਦੇ ਹਾਂ ਕਿ ਸਾਡੇ ਮਾਂ-ਬਾਪ ਆਪਣੇ ਹੀ ਘਰ ਵਿੱਚ ਨਹੀਂ ਰਹਿ ਸਕਦੇ। ਜਮੀਨਾਂ, ਜਾਇਦਾਦਾਂ ਬਣਾ ਕੇ ਬੱਚਿਆਂ ਦੇ ਨਾਂ ਲਵਾ ਦੇਣ ਵਾਲੇ ਮਾਪੇ ਆਖਿਰਕਾਰ ਕਿਉਂ ਬਿਰਧਘਰਾਂ ਵਿੱਚ ਜ਼ਿੰਦਗੀ ਕੱਟਣ ਨੂੰ ਮਜਬੂਰ ਹੋ ਜਾਂਦੇ ਹਨ। ਸਾਨੂੰ ਲੋੜ ਹੈ ਸਮਝਦਾਰ ਬਣਨ ਦੀ ਅਤੇ ਆਪਣੇ ਆਪ ਨੂੰ ਲੱਭਣ ਦੀ, ਕਿਸੇ ਵੀ ਤੀਰਥ ਅਸਥਾਨ ਤੇ ਕਿਤੇ ਇਸ਼ਨਾਨ ਅਤੇ ਧਾਰਮਿਕ ਜਗ੍ਹਾ ਤੇ ਕੀਤੀ ਸੇਵਾ ਸਭ ਵਿਅਰਥ ਹਨ ਅਗਰ ਅਸੀਂ ਆਪਣੇ ਮਾਂ-ਬਾਪ ਦੀ ਸੇਵਾ ਨਾ ਕਰ ਸਕੇ। ਅਗਰ ਸਾਨੂੰ ਸਾਡੇ ਮਾਪਿਆਂ ਦੀ ਛਾਂ ਹੇਠਾਂ ਰੱਬ ਨਹੀਂ ਮਿਲਿਆ ਤਾਂ ਦੁਨੀਆ ਦੀ ਕਿਸੇ ਜਗ੍ਹਾ ਤੇ ਨਹੀਂ ਮਿਲ ਸਕਦਾ।
sandeep
ਹਵਾਵਾਂ ਦੇ ਵਿੱਚ ਸੇਕ ਨੇ ਜ਼ਮੀਨ ਦਾ ਵੀ ਰੰਗ ਲਾਲ ਆ ਸਾਜਿਸ਼ ਹੈ ਕਿਸੇ ਆਪਣੇ ਦੀ ਬੇਗਾਨੇ ਦੀ ਕੀ ਮਜਾਲ ਆ ਖਲਾਰ ਕੇ ਬੀਜ ਦਿਲਾਂ ਵਿੱਚ ਜ਼ਹਿਰਾਂ ਦੇ ਉੱਗ ਜਾਣੀ ਜ਼ਿੰਦਗੀ, ਸੋਹਣਾ ਇਹ ਖਿਆਲ ਆ ਕੱਦ ਜਿੰਨ੍ਹਾਂ ਮਰਜ਼ੀ ਉੱਚਾ ਹੋਵੇ ਹੰਕਾਰ ਦਾ ਜੇਰਾ ਰੱਖ ਹੰਕਾਰ ਦਾ ਦੂਜਾ ਨਾਂਅ ਕਾਲ ਆ ਜਿੰਨੂ ਜਿੱਤ ਸਮਝ ਕੇ ਜਸ਼ਨ ਮਨਾਉਣ ਲੱਗੇ ਉਹ ਤਾਂ ਤੇਰੇ ਦਿਲ ਦਾ ਬੱਸ ਇੱਕ ਮਲਾਲ ਆ ਅੱਜ ਏਧਰ ਕੱਲ ਓਧਰ ਸਮਾਂ ਬੜਾ ਈ ਬੇਵਫਾ ਏ ਹੁੰਦਾ ਕਿਸੇ ਹੋਰ ਪਾਸੇ ਦਿਸਦਾ ਕਿਸੇ ਦੇ ਨਾਲ ਆ ਰੋਟੀ ਦੀ ਨਈਂ ਮੇਰੇ ਨਾਲ ਰੱਬ ਦੀ ਗੱਲ ਕਰ ਧਰਮ ਦੇ ਨਾਂਅ ਤੇ ਇੱਥੇ ਹੁੰਦੇ ਰੋਜ਼ ਬਵਾਲ ਆ ਮੇਰੇ ਨਾਲ ਨਈਂ ਆਪਣੇ-ਆਪ ਨਾਲ ਅੱਖਾਂ ਮਿਲਾ ਬਾਹਰ ਦਾ ਨਈਂ ਅੰਦਰ ਦਾ ਦੱਸ ਕੀ ਹਾਲ ਆ ਘਰਾਂ ਦੇ ਵਿੱਚ ਵੀ ਇਤਫ਼ਾਕ ਹੁਣ ਨਈਂ ਦਿਸਦਾ ਪੈਸਾ,ਚੌਧਰ,ਮੈਂ-ਮੈਂ ਦੇ ਵਿਛੇ ਹਰ ਪਾਸੇ ਜਾਲ ਆ ਰਾਖੀ ਲਈ ਰੱਖਿਆ ਸੀ ਮਾਲਕ ਬਣ ਬਹਿ ਗਿਆ ਪੂਰੀ ਦੁਨੀਆਂ ਚ ਕਿਧਰੇ ਨਾ ਮਿਲਦੀ ਮਿਸਾਲ ਆ ਗੱਲ ਦੇਸ ਦੀ ਹੋਵੇ ਭਾਵੇਂ ਆਪਣੇ ਵਜੂਦ ਦੀ ਮੇਰੇ ਲਈ ਤਾਂ ਜ਼ਿੰਦਗੀ ਤੇ ਮੌਤ ਦਾ ਸਵਾਲ ਆ ਚੁੱਪ ਕਰ ‘ਦੀਪ’ ਡਰ ਸਮੇਂ ਦੀਆਂ ਮਾਰਾਂ ਤੋਂ ਦੜ ਵੱਟ ਕੱਢ ਜਿਹੜੇ ਤੇਰੇ ਰਹਿੰਦੇ ਅੱਠ ਦਸ ਸਾਲ ਆ…. ਸਨਦੀਪ ਸਿੰਘ ਸਿੱਧੂ
Sandeep Singh
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ ਖੁਸ਼ੀਆਂ ਵੰਡਣ ਵਾਲੇ ਦੁੱਖਾਂ ਨੂੰ ਜਰਦੇ ਵੇਖੇ ਮੈਂ ਬੜੀ ਰੌਣਕ ਸੀ ਦੇਖਿਆ ਮੈਂ ਝੂਠ ਦੀ ਮਹਿਫ਼ਿਲ ਵਿੱਚ ਸੱਚ ਦੇ ਰਾਖੇ ਕੱਲੇ ਬਹਿ ਹੌਕੇ ਭਰਦੇ ਵੇਖੇ ਮੈਂ ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ… ਬੜਾ ਵਧੀਆ ਨਜ਼ਾਰਾ ਸੀ ਯਾਤਰਾ ਤੇ ਜਾਂਦੇ ਭਗਤਾਂ ਦਾ ਉਤਸ਼ਾਹ ਵੇਖਣ ਵਾਲਾ ਸੀ ਜੈਕਾਰੇ ਲਾਉਂਦਿਆਂ ਸੰਗਤਾਂ ਦਾ ਚਿੱਟੇ ਕੱਪੜਿਆਂ ਵਿੱਚ ਲੁਕੋ ਕੇ ਕਾਲੇ ਜ਼ਮੀਰ ਨੂੰ ਰੱਬ ਨਾਲ ਹੀ ਕਈ ਠੱਗੀ ਕਰਦੇ ਵੇਖੇ ਮੈਂ ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ… ਬੜੀ ਰੀਜ ਨਾਲ ਪਿਓ ਨੇ ਤੋਰੀ ਸੀ ਧੀ ਡੋਲੀ ਵਿੱਚ ਬਿਠਾ ਕੇ ਕਰਦਾ ਅਰਦਾਸ ਰੱਬਾ ਚੰਗੇ ਲੇਖ ਆਈ ਹੋਵੇ ਲਿਖਾ ਕੇ ਸੁਣਿਆ ਹੈ ਦਾਜ ਖਾਤਿਰ ਕੁੜੀ ਓਹੋ ਮਾਰਤੀ ਲਾਚਾਰ ਐਸੇ ਮਾਪਿਆਂ ਦੇ ਅਥਰੂ ਹੜ੍ਹਦੇ ਵੇਖੇ ਮੈਂ ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ… ਮਾਂ ਕਹਿੰਦੀ ਸੋਹਣੀ ਜਹੀ ਨੂੰਹ ਰੌਣਕ ਬਣੇ ਘਰ ਦੀ ਫਿਰ ਓਹੀ ਸੱਸ ਪੋਤਰੀ ਜੰਮਣ ਤੇ ਕਿਉਂ ਲੜ੍ਹਦੀ ਔਰਤ ਹੀ ਔਰਤ ਨੂੰ ਕਿਉਂ ਨਹੀਂ ਸਮਝਦੀ ਜੰਮਣ ਤੋਂ ਪਹਿਲਾਂ ਕਈ ਮਸੂਮ ਬਾਲੀ ਚੜ੍ਹਦੇ ਵੇਖੇ ਮੈਂ ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ… ਖੁਦ ਅੱਗੇ ਵਧਣਾ ਮੰਨਿਆ ਬਹੁਤ ਹੀ ਜਰੂਰੀ ਆ ਪਰ ਦੂਜੇ ਨੂੰ ਡੋਬ ਦੇਣਾ ਏਡੀ ਵੀ ਕੀ ਮਜਬੂਰੀ ਆ ਖੁਸ਼ੀਆਂ ਦੀ ਵੀ ਹੁਣ ਬੋਲੀ ਲੱਗਣ ਲੱਗ ਗਈ ਖੁਦਗਰਜ਼ੀ ਦੇ ਕਾਲੇ ਬੱਦਲ ਵਰ੍ਹਦੇ ਵੇਖੇ ਮੈਂ ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ… ਆਪਣੀ ਭੈਣ ਨੂੰ ਦੇਵੀ ਤੇ ਦੂਜਿਆਂ ਦੀ ਨੂੰ ਮਾਲ ਸਮਝਦੇ ਹਾਂ ਆਪਣੀ ਆਸ਼ਕੀ ਹੈ ਪਾਕ ਤੇ ਦੂਜੇ ਦੀ ਨੂੰ ਚਾਲ ਸਮਝਦੇ ਹਾਂ ਕਿਸੇ ਦੇ ਚਰਿਤਰ ਨੂੰ ਦਾਗੀ ਕਹਿਣਾ ਕੰਮ ਬਹੁਤ ਹੀ ਆਸਾਨ ਹੈ ਆਪਣੇ ਹੀ ਚਿਹਰੇ ਉੱਤੇ ਪਏ ਕਈ ਪਰਦੇ ਵੇਖੇ ਮੈਂ ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ… ਨਫ਼ੇ ਨੁਕਸਾਨ ਦਾ ਹਿਸਾਬ ਲਾਉਂਦੇ ਆਪਣਾ ਆਪ ਗਵਾ ਬੈਠੇ ਖੁਸ਼ੀਆਂ ਲਈ ਭਟਕਦੇ ਫਿਰਦੇ ਗ਼ਮ ਝੋਲੀ ਪਾ ਬੈਠੇ ਪੈਸੇ ਤੋਂ ਬਿਨਾ ਨਹੀਂ ਚਲਦੀ ਜ਼ਿੰਦਗੀ ਦੀ ਗੱਡੀ ਪਰ ਮਾਇਆ ਤੇ ਜਿੱਤ ਪਾਉਣ ਲਈ ਕਿੰਨੇ ਹਰਦੇ ਵੇਖੇ ਮੈਂ ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ… ‘ ਦੀਪ ‘ ਲਾਇਆ ਮੈਂ ਹਿਸਾਬ ਤੇਰਾ ਗੱਲਾਂ ਸੋਹਣੀਆਂ ਬਣਾਉਣਾ ਤੂੰ ਦਿਲੋਂ ਕਰਦਾ ਏ ਗੱਲ ਜਾ ਫਿਰ ਬਸ ਦਿਲ ਹੀ ਬਹਿਲਾਉਣਾ ਤੂੰ ਕਾਸ਼ ਹੋ ਜਾਵੇ ਇਲਾਜ਼ ਇਸ ਦੋਗਲੇ ਜਿਹੇ ਮਨ ਦਾ ਆਪਣੇ ਮਨ ਨਾਲ ਕਈ ਲੜ੍ਹਦੇ ਵੇਖੇ ਮੈਂ ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…
Harpreet Singh Jwanda
ਸਾਉਣ ਭਾਦਰੋਂ ਦਾ ਚੁਮਾਸਾ..ਸਿਖਰ ਦੁਪਹਿਰ..ਪਿੰਡੋਂ ਬਾਹਰਵਾਰ..ਇਕਾਂਤ ਜਿਹਾ ਕਮਰਾ..ਸਾਰਿਆਂ ਰਲ ਪੈਸੇ ਪਾ ਕੁਝ ਘੰਟਿਆਂ ਲਈ ਵੀ.ਸੀ.ਆਰ ਲਿਆਂਦਾ.."ਪੁੱਤ ਜੱਟਾਂ ਦੇ" ਫਿਲਮ ਦਾ ਆਖਰੀ ਸੀਨ..ਅਚਾਨਕ ਕਮਰੇ ਦਾ ਬੂਹਾ ਖੁੱਲਦਾ..ਅੰਦਰ ਘੁੱਪ ਹਨੇਰਾ..ਚੜ੍ਹਦੀ ਉਮਰ ਦੀ ਇੱਕ ਮੁਟਿਆਰ ਫਿਲਮ ਵੇਖ ਰਹੀ ਭੀੜ ਵਿਚੋਂ ਆਪਣੇ ਦੋਹਾਂ ਵੀਰਾਂ ਨੂੰ ਲ਼ੱਭ ਮਾਂ ਦਾ ਸੁਨੇਹਾ ਦਿੰਦੀ.."ਖੇਤਾਂ ਵਿਚ ਡੰਗਰ ਚਾਰਦੇ ਬਾਪੂ ਦੀ ਰੋਟੀ ਫੜਾ ਆਓ.." ਅੱਗਿਓਂ ਅਣਸੁਣੀ ਕਰ ਦਿੰਦੇ..ਉਲਟਾ ਗੁੱਸੇ ਹੁੰਦੇ..ਤੂੰ ਇਥੇ ਕੀ ਲੈਣ ਆਈ..ਸ਼ਾਇਦ ਉਸਦਾ ਢਾਣੀ ਵਿਚ ਇੰਝ ਅਚਾਨਕ ਆਣ ਵੜਨਾ ਚੰਗਾ ਨਹੀਂ ਸੀ ਲੱਗਾ! ਜੁਆਬ ਸੁਣ ਨਿਰਾਸ਼ ਅਤੇ ਬੇਵੱਸ ਓਸੇ ਤਰਾਂ ਹੀ ਬੂਹਾ ਭੇੜ ਬਾਹਰ ਨੂੰ ਨਿੱਕਲ ਜਾਂਦੀ..ਘੜੀ ਕੂ ਮਗਰੋਂ ਉਹ ਬੰਨੇ ਤੇ ਡੰਗਰ ਚਾਰ ਰਹੀ ਹੁੰਦੀ..ਬਾਪੂ ਕੋਲ ਹੀ ਰੁੱਖਾਂ ਦੀ ਛਾਂ ਹੇਠ ਚਾਦਰ ਵਿਛਾ ਕੇ ਲੰਮੇ ਪਿਆ ਹੁੰਦਾ..! ਭੈਣਾਂ ਬਾਪੂਆਂ ਦੀ ਅਜੋਕੀ ਬੇਬਸੀ ਕੋਈ ਨਵੀਂ ਗੱਲ ਨਹੀਂ..ਵਰਤਾਰਾ ਦਹਾਕਿਆਂ ਤੋਂ ਇੰਝ ਹੀ ਚੱਲਿਆ ਆ ਰਿਹਾ..ਇਹ ਓਹਨਾ ਦਿਨਾਂ ਦੀ ਗੱਲ ਏ ਜਦੋਂ ਨਰਿੰਦਰ ਬੀਬਾ ਦਾ ਇਹ ਗੀਤ ਅਕਸਰ ਹੀ ਘਰਾਂ ਢਾਬਿਆਂ ਦਾ ਸ਼ਿੰਗਾਰ ਬਣਿਆ ਕਰਦਾ.."ਹਰਾ ਹਰਾ ਘਾਹ ਉੱਤੇ ਸੱਪ ਫੂਕਾਂ ਮਾਰਦਾ..ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ" ਓਦੋਂ ਦਰਮਿਆਨੇ ਤਬਕੇ ਲਈ ਲਵੇਰਾ ਰੱਖਣਾ ਸ਼ੌਕ ਅਤੇ ਮੱਝਾਂ ਚਾਰਨੀਆਂ ਮਜਬੂਰੀ ਹੁੰਦੀ ਸੀ..ਸ਼ੌਕ ਪਰਿਵਾਰ ਨੂੰ ਸਿਹਤਮੰਦ ਰੱਖਦਾ ਅਤੇ ਦੂਜਾ ਕੰਮ ਸਰਫ਼ੇ ਨਾਲ ਉਗਾਇਆ ਹਰਾ ਚਾਰਾ ਬਚਾਉਣ ਵਿਚ ਸਹਾਈ ਹੁੰਦਾ ਸੀ..! ਪਰ ਸੱਪ ਏਨੇ ਜ਼ਹਿਰੀ ਨਹੀਂ ਸਨ ਜਿੰਨੇ ਹੁਣ..ਹੁਣ ਵਾਲਿਆਂ ਨੂੰ ਤੇ ਰੂਹਾਂ ਤੇ ਡੰਗਣਾ ਵੀ ਆ ਗਿਆ! ਹਰਪ੍ਰੀਤ ਸਿੰਘ ਜਵੰਦਾ
Surjit Patar
ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਵਿਥਿਆ ਹੈ ਬਹੁਤਾ ਮੇਰਾ, ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ ਪਾਜ਼ੇਬਾਂ ਤੋਂ ਬੇੜੀਆਂ ਤਕ ਹਰ ਸਾਜ਼ ਤੋਂ ਕਵਿਤਾ ਵਾਕਿਫ਼ ਹੈ ਬੂਹੇ ਬੂਹੇ ਤੇ ਛਣਕਾ ਕੇ ਲੰਘਣ ਦਾ ਅਭਿਆਸ ਵੀ ਹੈ ਮੇਰੇ ਮਨ ਵਿਚ ਸਾਜ਼ ਹਜ਼ਾਰਾਂ ਅਪਣਾ ਅਪਣਾ ਰਾਗ ਵਜਾਉਣ, ਸ਼ੋਰ ਜਿਹਾ ਇਕ ਦਿਨ ਸਾਜ਼ੀਨਾ ਬਣ ਜਾਊ ਇਹ ਆਸ ਵੀ ਹੈ ਹਉਮੈ, ਮਮਤਾ, ਖੌਫ਼, ਦੁਚਿੱਤੀ ਚਾਰੇ ਪਾਸੇ ਕੰਧਾਂ ਨੇ, ਐ ਮਨ ਟੋਲ ਕੋਈ ਦਰਵਾਜ਼ਾ ਹੋਣਾ ਬੰਦ-ਖਲਾਸ ਵੀ ਹੈ...
Ernest Hemingway
ਉਹ ਕਮਰੇ ਵਿੱਚ ਖਿੜਕੀਆਂ ਬੰਦ ਕਰਨ ਆਇਆ । ਅਸੀਂ ਉਸ ਸਮੇਂ ਤੱਕ ਬਿਸਤਰੇ ਵਿੱਚ ਹੀ ਸਾਂ ਅਤੇ ਮੈਂ ਵੇਖਿਆ ਕਿ ਉਹ ਬੀਮਾਰ ਲੱਗ ਰਿਹਾ ਸੀ । ਉਹ ਕੰਬ ਰਿਹਾ ਸੀ ਅਤੇ ਉਸਦਾ ਚਿਹਰਾ ਤਣਿਆ ਹੋਇਆ ਸੀ । ਉਹ ਬਹੁਤ ਹੌਲੀ - ਹੌਲੀ ਚੱਲ ਰਿਹਾ ਸੀ , ਜਿਵੇਂ ਉਸਨੂੰ ਚਲਣ ਵਿੱਚ ਤਕਲੀਫ ਹੋ ਰਹੀ ਹੋਵੇ ।“ਕੀ ਗੱਲ ਹੈ , ਸ਼ੈਟਸ ?” “ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ।” “ਅੱਛਾ ਹੈ ਕਿ ਤੂੰ ਜਾਕੇ ਬੈੱਡ ਵਿੱਚ ਲੇਟ ਜਾ।” “ਨਹੀਂ । ਮੈਂ ਠੀਕ ਹਾਂ ।” “ਤੂੰ ਆਪਣੇ ਬਿਸਤਰ ’ਤੇ ਚੱਲ । ਮੈਂ ਕੱਪੜੇ ਬਦਲ ਕੇ ਆਉਂਦਾ ਹਾਂ ਅਤੇ ਵੇਖਦਾ ਹਾਂ ।” ਲੇਕਿਨ ਜਦੋਂ ਮੈਂ ਹੇਠਾਂ ਆਇਆ ਤਾਂ ਉਹ ਆਪਣੇ ਕੱਪੜੇ ਬਦਲ ਚੁੱਕਿਆ ਸੀ ਅਤੇ ਅੱਗ ਦੇ ਕੋਲ ਬੈਠਾ ਸੀ । ਨੌਂ ਸਾਲ ਦਾ ਉਹ ਬੱਚਾ ਬੀਮਾਰ ਅਤੇ ਦੁਖੀ ਲੱਗ ਰਿਹਾ ਸੀ । ਜਦੋਂ ਮੈਂ ਉਸਦੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਤਾਂ ਪਤਾ ਲਗਾ ਕਿ ਉਸਨੂੰ ਬੁਖਾਰ ਹੈ । “ ਤੂੰ ਬੈੱਡ ਵਿੱਚ ਲੇਟ ,”ਮੈਂ ਫਿਰ ਕਿਹਾ , “ਤੇਰੀ ਤਬੀਅਤ ਠੀਕ ਨਹੀਂ ਹੈ ।” “ਮੈਂ ਠੀਕ ਹਾਂ”, ਉਸਨੇ ਕਿਹਾ । ਜਦੋਂ ਡਾਕਟਰ ਆਇਆ ਤਾਂ ਉਸਨੇ ਥਰਮਾਮੀਟਰ ਲਗਾ ਕੇ ਮੁੰਡੇ ਦਾ ਬੁਖਾਰ ਦੇਖਿਆ । “ਕਿੰਨਾ ਹੈ”? ਮੈਂ ਉਸ ਤੋਂ ਪੁੱਛਿਆ । “ਇੱਕ ਸੌ ਦੋ।” ਹੇਠਾਂ ਜਾਕੇ ਡਾਕਟਰ ਨੇ ਤਿੰਨ ਤਰ੍ਹਾਂ ਦੇ ਵੱਖ - ਵੱਖ ਰੰਗਾਂ ਦੇ ਕੈਪਸੂਲ ਦਿੱਤੇ ਅਤੇ ਅਤੇ ਉਨ੍ਹਾਂ ਨੂੰ ਖਾਣ ਦਾ ਸਮਾਂ ਦੱਸਿਆ । ਇੱਕ ਕੈਪਸੂਲ ਬੁਖਾਰ ਉਤਾਰਣ ਦੇ ਲਈ , ਦੂਜਾ ਪੇਟ ਸਾਫ ਕਰਨ ਲਈ ਅਤੇ ਤੀਜਾ ਏਸਿਡਿਟੀ ਠੀਕ ਕਰਨ ਲਈ ਸੀ । ਉਸਨੇ ਸਮਝਾਇਆ ਕਿ ਇੰਫਲੁਏਂਜਾ ਦੇ ਕੀਟਾਣੂ ਢਿੱਡ ਵਿੱਚ ਏਸਿਡ ਹੋਣ ਤੇ ਹੀ ਜਿੰਦਾ ਰਹਿ ਸਕਦੇ ਹਨ । ਉਸਦੀਆਂ ਗੱਲਾਂ ਤੋਂ ਅਜਿਹਾ ਲੱਗ ਰਿਹਾ ਸੀ ਕਿ ਇੰਫਲੁਏਂਜਾ ਦੇ ਬਾਰੇ ਵਿੱਚ ਉਹ ਕਾਫੀ ਕੁੱਝ ਜਾਣਦਾ ਸੀ । ਉਸਨੇ ਦੱਸਿਆ ਕਿ ਜੇਕਰ ਬੁਖਾਰ ਇੱਕ ਸੌ ਚਾਰ ਡਿਗਰੀ ਤੋਂ ਉੱਤੇ ਨਹੀਂ ਜਾਂਦਾ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ । ਇਸ ਸਮੇਂ ਥੋੜ੍ਹਾ ਫਲੂ ਫੈਲਿਆ ਹੋਇਆ ਹੈ । ਖਤਰੇ ਦੀ ਗੱਲ ਨਹੀਂ , ਬਸ ਨਿਮੋਨੀਆ ਹੋਣ ਤੋਂ ਬਚਾਣਾ ਚਾਹੀਦਾ ਹੈ । ਕਮਰੇ ਵਿੱਚ ਵਾਪਸ ਆਕੇ ਮੈਂ ਬੇਟੇ ਦਾ ਬੁਖਾਰ ਲਿਖ ਲਿਆ ਅਤੇ ਤਿੰਨਾਂ ਤਰ੍ਹਾਂ ਦੇ ਕੈਪਸੂਲ ਖਾਣ ਦਾ ਸਮਾਂ ਵੀ ਨੋਟ ਕਰ ਲਿਆ । “ਮੈਂ ਤੈਨੂੰ ਕੁੱਝ ਪੜ੍ਹ ਕੇ ਸੁਣਾਊਂ ?” “ਜੇਕਰ ਤੁਸੀਂ ਚਾਹੁੰਦੇ ਹੋ ਤਾਂ ਠੀਕ ਹੈ,”ਮੁੰਡੇ ਨੇ ਕਿਹਾ । ਉਸਦਾ ਚਿਹਰਾ ਬਹੁਤ ਜਿਆਦਾ ਸਫੇਦ ਸੀ ਅਤੇ ਉਸਦੀਆਂ ਅੱਖਾਂ ਦੇ ਹੇਠਾਂ ਦਾ ਹਿੱਸਾ ਸਿਆਹ ਹੋ ਚੁੱਕਿਆ ਸੀ । ਉਹ ਬਿਸਤਰ ਉੱਤੇ ਚੁਪਚਾਪ ਲਿਟਿਆ ਸੀ ਅਤੇ ਜੋ ਕੁੱਝ ਹੋ ਰਿਹਾ ਸੀ ਉਸਤੋਂ ਬਹੁਤ ਜਿਆਦਾ ਨਿਰਪੇਖ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ । ਮੈਂ ਉਸਨੂੰ ਹੋਵਾਰਡ ਪਾਈਲੇ ਇੱਕ ਕਿਤਾਬ ‘ਬੁਕ ਆਫ਼ ਪਾਇਰੇਟਸ’ ਵਿੱਚੋਂ ਪੜ੍ਹ ਕੇ ਕੁੱਝ ਸੁਣਾਇਆ । ਲੇਕਿਨ ਮੈਂ ਵੇਖ ਰਿਹਾ ਸੀ ਕਿ ਜੋ ਕੁੱਝ ਮੈਂ ਪੜ੍ਹ ਰਿਹਾ ਸੀ ਉਸ ਉੱਤੇ ਉਸਦਾ ਧਿਆਨ ਨਹੀਂ ਸੀ । “ਤੂੰ ਕਿਵੇਂ ਮਹਿਸੂਸ ਕਰ ਰਿਹੈਂ , ਸ਼ੈਟਸ ?” ਮੈਂ ਉਸਤੋਂ ਪੁੱਛਿਆ । “ਅਜੇ ਤੱਕ ਤਾਂ ਉਹੋ ਜਿਹਾ ਹੀ ਹਾਂ , ਪਹਿਲਾਂ ਵਰਗਾ,”ਉਸਨੇ ਕਿਹਾ । ਮੈਂ ਉਸਦੇ ਬਿਸਤਰੇ ਦੀ ਪੈਂਦ ਵੱਲ ਕੁਰਸੀ ਉੱਤੇ ਬੈਠ ਗਿਆ ਅਤੇ ਚੁਪਚਾਪ ਆਪਣਾ ਕੁੱਝ ਪੜ੍ਹਦੇ ਹੋਏ ਅਗਲਾ ਕੈਪਸੂਲ ਖਿਲਾਉਣ ਦੇ ਸਮੇਂ ਦੀ ਉਡੀਕ ਕਰਨ ਲਗਾ । ਸੁਭਾਵਕ ਸੀ ਕਿ ਉਹ ਸੌਂ ਜਾਂਦਾ , ਲੇਕਿਨ ਜਦੋਂ ਮੈਂ ਉਸ ਵੱਲ ਵੇਖਿਆ ਤਾਂ ਉਹ ਆਪਣੇ ਬੈੱਡ ਦੀ ਪੈਂਦ ਵੱਲ ਵੇਖ ਰਿਹਾ ਸੀ । ਉਸਦੀਆਂ ਨਜ਼ਰਾਂ ਵਿੱਚ ਇੱਕ ਓਪਰਾਪਣ ਜਿਹਾ ਸੀ । “ਤੂੰ ਸੌਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ? ਮੈਂ ਤੈਨੂੰ ਦਵਾਈ ਲਈ ਜਗਾ ਲਵਾਂਗਾ ।” “ ਨਹੀਂ , ਮੈਂ ਜਾਗਦਾ ਰਹਾਂਗਾ ”। ਥੋੜ੍ਹੀ ਦੇਰ ਬਾਅਦ ਉਸਨੇ ਮੈਨੂੰ ਕਿਹਾ , “ ਪਾਪਾ , ਜੇਕਰ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਨੂੰ ਇੱਥੇ ਮੇਰੇ ਨਾਲ ਬੈਠਣ ਦੀ ਜਰੂਰਤ ਨਹੀਂ ।” “ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ , ਬੇਟੇ ।” “ਨਹੀਂ , ਮੇਰਾ ਭਾਵ ਹੈ ਕਿ ਅਗਰ ਤੁਹਾਨੂੰ ਜ਼ਰਾ ਕੁ ਵੀ ਮੁਸ਼ਕਿਲ ਹੈ ਤਾਂ ਤੁਹਾਨੂੰ ਇੱਥੇ ਰੁਕਣ ਦੀ ਜਰੂਰਤ ਨਹੀਂ ।” “ਮੈਨੂੰ ਲਗਾ ਕਿ ਉਸਦਾ ਸਿਰ ਕੁੱਝ ਹਲਕਾ ਹੋ ਗਿਆ ਹੈ , ਇਸਲਈ ਗਿਆਰਾਂ ਵਜੇ ਦਾ ਕੈਪਸੂਲ ਦੇਣ ਦੇ ਬਾਅਦ ਮੈਂ ਥੋੜ੍ਹੀ ਦੇਰ ਲਈ ਬਾਹਰ ਆ ਗਿਆ ।” ਇਹ ਇੱਕ ਖੁੱਲ੍ਹਾ ਠੰਡਾ ਦਿਨ ਸੀ । ਮੀਂਹ ਅਤੇ ਬਰਫ ਨਾਲ ਧਰਤੀ ਕੁੱਝ ਇਸ ਤਰ੍ਹਾਂ ਢਕੀ ਗਈ ਸੀ , ਜਿਵੇਂ ਸਾਰੇ ਪੱਤਰਹੀਣ ਰੁੱਖਾਂ , ਝਾੜੀਆਂ , ਝਾੜ – ਝਿੰਗਾਂ , ਘਾਹ ਅਤੇ ਖਾਲੀ ਜ਼ਮੀਨ ਉੱਤੇ ਬਰਫ ਦੀ ਵਾਰਨਿਸ਼ ਕਰ ਦਿੱਤੀ ਗਈ ਹੋਵੇ । ਮੈਂ ਆਪਣੀ ਆਇਰਿਸ਼ ਬੰਦੂਕ ਅਤੇ ਕੁੱਤੇ ਨੂੰ ਨਾਲ ਲਿਆ ਅਤੇ ਜੰਮੀ ਹੋਈ ਕਰੀਕ ਨਦੀ ਦੇ ਨਾਲ ਨਾਲ ਸੜਕ ਉੱਤੇ ਥੋੜ੍ਹਾ ਘੁੰਮਣ ਨਿਕਲ ਗਿਆ , ਲੇਕਿਨ ਚੀਕਣੀ ਸਤ੍ਹਾ ਤੇ ਚੱਲਣਾ ਅਤੇ ਖੜੇ ਰਹਿਣਾ ਮੁਸ਼ਕਲ ਹੋ ਰਿਹਾ ਸੀ । ਕੁੱਤਾ ਫਿਸਲ ਗਿਆ , ਅਤੇ ਮੈਂ ਵੀ ਦੋ ਵਾਰ ਡਿਗਿਆ । ਇੱਕ ਵਾਰ ਤਾਂ ਮੇਰੀ ਬੰਦੂਕ ਛੁੱਟ ਕੇ ਦੂਰ ਬਰਫ਼ ਵਿੱਚ ਜਾ ਡਿੱਗੀ । ਚੀਕਣੀ ਮਿੱਟੀ ਦੀ ਇੱਕ ਉੱਚੇ ਵੱਟ ਤੇ ਬੁਰੁਸ਼ ਦੇ ਰੁੱਖ ਉੱਤੇ ਬਟੇਰਿਆਂ ਦਾ ਝੁੰਡ ਵੇਖ ਕੇ ਸਾਡੇ ਚਿਹਰਿਆਂ ਤੇ ਖੁਸ਼ੀ ਛਾ ਗਈ । ਅਤੇ ਮੈਂ ਉਨ੍ਹਾਂ ਵਿਚੋਂ ਦੋ ਨੂੰ ਮਾਰ ਗਿਰਾਇਆ । ਬਾਕੀ ਉੱਚੀ ਵੱਟ ਦੇ ਪਰੇ ਓਝਲ ਹੋ ਗਏ । ਤੇ ਫੇਰ ਥੋੜ੍ਹੀ ਦੇਰ ਵਿੱਚ ਝੁੰਡ ਵਿੱਚੋਂ ਕੁੱਝ ਰੁੱਖਾਂ ਉੱਤੇ ਝਿਲਮਿਲਾਉਣ ਲੱਗਏ ਪਰ ਬਾਕੀ ਏਧਰ - ਉੱਧਰ ਬਿਖਰ ਗਏ । ਇਸ ਸਮੇਂ ਹੋਰ ਜਿਆਦਾ ਬਟੇਰੇ ਮਾਰ ਸਕਣਾ ਮੁਸ਼ਕਲ ਸੀ । ਮੈਂ ਕੇਵਲ ਦੋ ਹੀ ਮਾਰ ਸਕਿਆ , ਅਤੇ ਪੰਜ ਮੇਰੇ ਤੋਂ ਬੱਚ ਗਏ । ਮਗਰ ਮੈਂ ਇਹ ਸੋਚ ਖੁਸ਼ੀ ਖੁਸ਼ੀ ਪਰਤ ਪਿਆ ਕਿ ਘਰ ਦੇ ਇੰਨੇ ਨਜਦੀਕ ਬਟੇਰਿਆਂ ਦਾ ਇਹ ਝੁੰਡ ਮਿਲ ਗਿਆ ਅਤੇ ਕਿਸੇ ਹੋਰ ਦਿਨ ਲਈ ਅਜੇ ਵੀ ਬਹੁਤ ਸਾਰੇ ਬਾਕੀ ਸਨ । ਘਰ ਆਕੇ ਪਤਾ ਲਗਾ ਕਿ ਮੁੰਡੇ ਨੇ ਕਿਸੇ ਨੂੰ ਵੀ ਕਮਰੇ ਵਿੱਚ ਨਹੀਂ ਆਉਣ ਦਿੱਤਾ । “ਤੁਸੀਂ ਅੰਦਰ ਨਹੀਂ ਆ ਸਕਦੇ”, ਉਸਨੇ ਕਿਹਾ ਸੀ , “ਤੁਹਾਨੂੰ ਉਹ ਸਭ ਨਹੀਂ ਜਾਨਣਾ ਚਾਹੀਦਾ ਹੈ ਜੋ ਮੇਰੇ ਨਾਲ ਘੱਟ ਰਿਹਾ ਹੈ ।” ਮੈਂ ਉਸਦੇ ਕੋਲ ਗਿਆ ਅਤੇ ਉਸਨੂੰ ਠੀਕ ਉਵੇਂ ਹੀ ਹਾਲਤ ਵਿੱਚ ਲਿਟੇ ਪਾਇਆ , ਜਿਵੇਂ ਕਿ ਮੈਂ ਛੱਡ ਗਿਆ ਸੀ । ਉਸਦਾ ਚਿਹਰਾ ਬੱਗਾ ਸੀ , ਲੇਕਿਨ ਬੁਖਾਰ ਦੀ ਵਜ੍ਹਾ ਉਸਦੀਆਂ ਗੱਲ੍ਹਾਂ ਲਾਲ ਹੋਈਆਂ ਪਈਆਂ ਸਨ । ਉਹ ਪਹਿਲਾਂ ਵਾਂਗ ਹੀ ਚੁਪਚਾਪ ਆਪਣੇ ਬੈੱਡ ਦੀ ਪੈਂਦ ਵੱਲ ਟਿਕਟਿਕੀ ਲਗਾ ਵੇਖ ਰਿਹਾ ਸੀ । ਮੈਂ ਉਸਦਾ ਬੁਖਾਰ ਲਿਆ । “ਕਿੰਨਾ ਹੈ ?” “ਸੌ ਦੇ ਕਰੀਬ,”ਮੈਂ ਦੱਸਿਆ । ਹਾਲਾਂਕਿ ਇਹ ਇੱਕ ਸੌ ਦੋ ਪਵਾਇੰਟ ਚਾਰ ਸੀ । “ਇਹ ਇੱਕ ਸੌ ਦੋ ਸੀ ,”ਉਸਨੇ ਕਿਹਾ । “ਇਹ ਕਿਸਨੇ ਕਿਹਾ ?” “ਡਾਕਟਰ ਨੇ।” “ਤੁਹਾਡਾ ਬੁਖਾਰ ਬਿਲਕੁਲ ਠੀਕ ਹੈ , ਮੈਂ ਕਿਹਾ ਚਿੰਤਾ ਦੀ ਕੋਈ ਗੱਲ ਨਹੀਂ ਹੈ ।” “ ਮੈਂ ਚਿੰਤਾ ਨਹੀਂ ਕਰ ਰਿਹਾ ਹਾਂ ,” ਉਸਨੇ ਕਿਹਾ , “ ਲੇਕਿਨ ਮੈਂ ਆਪਣੇ ਆਪ ਨੂੰ ਸੋਚਣ ਤੋਂ ਨਹੀਂ ਰੋਕ ਪਾ ਰਿਹਾ ।” “ਸੋਚ ਨਾ ,” ਮੈਂ ਕਿਹਾ । “ ਇਸਨੂੰ ਹਲਕੇ - ਫੁਲਕੇ ਢੰਗ ਨਾਲ ਲੈ ।” “ਮੈਂ ਹਲਕੇ ਢੰਗ ਨਾਲ ਹੀ ਲੈ ਰਿਹਾ ਹਾਂ ,” ਉਸਨੇ ਕਿਹਾ ਅਤੇ ਸਿੱਧਾ ਉਪਰ ਵੱਲ ਦੇਖਣ ਲਗਾ । ਸਪਸ਼ਟ ਤੌਰ ਤੇ ਉਹ ਕਿਸੇ ਗੱਲ ਨੂੰ ਲੁੱਕਾ ਰਿਹਾ ਸੀ । “ਲੈ , ਪਾਣੀ ਨਾਲ ਇਹ ਦਵਾਈ ਖਾ ਲੈ ।” “ਕੀ ਤੁਸੀਂ ਸੋਚਦੇ ਹੋ ਕਿ ਇਹ ਕੋਈ ਅਸਰ ਕਰੇਗੀ ?” “ਹਾਂ , ਨਿਸ਼ਚਾ ਹੀ ਕਰੇਗੀ ।” ਮੈਂ ਬੈਠ ਗਿਆ ਅਤੇ ਮੈਂ ਸਮੁੰਦਰੀ ਡਾਕੂਆਂ ਵਾਲੀ ਕਿਤਾਬ ਖੋਲ੍ਹ ਕੇ ਉਥੋਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ , ਜਿੱਥੋਂ ਛੱਡਿਆ ਸੀ । ਲੇਕਿਨ ਮੈਂ ਵੇਖਿਆ ਕਿ ਉਹ ਸੁਣ ਨਹੀਂ ਰਿਹਾ , ਇਸ ਲਈ ਮੈਂ ਪੜ੍ਹਨਾ ਛੱਡ ਦਿੱਤਾ । “ਤੁਸੀਂ ਕੀ ਸੋਚਦੇ ਹੋ , ਮੈਂ ਕਿਸ ਸਮੇਂ ਤੱਕ ਮਰ ਜਾਵਾਂਗਾ ?” ਉਸਨੇ ਪੁੱਛਿਆ । “ਕੀ ! ?” “ਮੇਰੇ ਮਰਨ ਵਿੱਚ ਹੁਣ ਕਿੰਨੀ ਦੇਰ ਬਚੀ ਹੈ ?” “ਤੂੰ ਮਰਨ ਵਾਲਾ ਨਹੀਂ ਹੈਂ । ਇਹ ਤੈਨੂੰ ਕੀ ਹੋ ਗਿਆ ਹੈ ?” “ਓਹ ਹਾਂ , ਮੈਂ ਮਰ ਰਿਹਾ ਹਾਂ । ਮੈਂ ਉਨ੍ਹਾਂ ਨੂੰ ਕਹਿੰਦੇ ਹੋਏ ਸੁਣਿਆ ਕਿ ਬੁਖਾਰ ਇੱਕ ਸੌ ਦੋ ਹੈ ।” “ਇੱਕ ਸੌ ਦੋ ਬੁਖਾਰ ਨਾਲ ਲੋਕ ਮਰਦੇ ਨਹੀਂ ਹਨ । ਤੇਰੀ ਇਹ ਕਿਵੇਂ ਦੀ ਬੇਤੁਕੀ ਗੱਲ ਹੈ ।” “ਮੈਂ ਜਾਣਦਾ ਹਾਂ ਕਿ ਇੰਨੇ ਬੁਖਾਰ ਨਾਲ ਲੋਕ ਮਰ ਜਾਂਦੇ ਹਨ । ਫ਼ਰਾਂਸ ਵਿੱਚ ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤੱਦ ਮੁੰਡਿਆਂ ਨੇ ਮੈਨੂੰ ਦੱਸਿਆ ਸੀ ਕਿ ਕੋਈ ਵੀ ਚੁਤਾਲੀ ਡਿਗਰੀ ਵਿੱਚ ਜਿੰਦਾ ਨਹੀਂ ਰਹਿ ਸਕਦਾ । ਮੈਨੂੰ ਤਾਂ ਇੱਕ ਸੌ ਦੋ ਹੋ ਗਿਆ ਹੈ ।” ਉਹ ਸਵੇਰੇ ਨੌਂ ਵਜੇ ਤੋਂ ਸਾਰਾ ਦਿਨ ਆਪਣੇ ਮਰਨ ਦੀ ਉਡੀਕ ਕਰਦਾ ਰਿਹਾ ਸੀ ! ! “ ਓਏ ! ਪਗਲੇ , ਮੈਂ ਕਿਹਾ , ਤੂੰ ਹੋਸ਼ਿਆਰ ਬੁਧੂ ਹੈਂ । ਇਹ ਉਵੇਂ ਹੀ ਹੈ , ਜਿਵੇਂ ਮੀਲ ਅਤੇ ਕਿਲੋਮੀਟਰ । ਤੂੰ ਮਰਨ ਵਾਲਾ ਨਹੀਂ ਹੈਂ । ਉਹ ਦੂਜੀ ਤਰ੍ਹਾਂ ਦਾ ਥਰਮਾਮੀਟਰ ਹੈ । ਉਸ ਵਿੱਚ ਸੈਂਤੀ ਡਿਗਰੀ ਨਾਰਮਲ ਹੈ । ਇਸ ਵਿੱਚ ਅੱਠਾਨਵੇਂ ।” “ਕੀ ਤੁਹਾਨੂੰ ਪੱਕੀ ਤਰ੍ਹਾਂ ਪਤਾ ਹੈ ?” “ਹਾਂ, ਬਿਲਕੁੱਲ ਪੱਕੀ ਤਰ੍ਹਾਂ ,” ਮੈਂ ਕਿਹਾ । ਇਹ ਫਾਰਨਹਾਈਟ ਅਤੇ ਸੇਂਟੀਗਰੇਡ ਦਾ ਫਰਕ ਹੈ - ਮੀਲ ਅਤੇ ਕਿਲੋਮੀਟਰ ਵਾਂਗ । ਕੀ ਤੈਨੂੰ ਪਤਾ ਹੈ ਕਿ ਜਦੋਂ ਅਸੀਂ ਕਾਰ ਤੇ ਸੱਤਰ ਮੀਲ ਜਾਂਦੇ ਹਾਂ ਤਾਂ ਕਿੰਨੇ ਕਿਲੋਮੀਟਰ ਚੱਲ ਚੁੱਕੇ ਹੁੰਦੇ ਹਾਂ ? “ਓਹ , ਹਾਂ ,” ਉਸਨੇ ਕਿਹਾ । ਲੇਕਿਨ ਉਸਦਾ ਆਪਣੇ ਪੈਰਾਂ ਦੇ ਵੱਲ ਇੱਕ ਟਕ ਵੇਖਣਾ ਹੌਲੀ - ਹੌਲੀ ਘੱਟ ਹੋਇਆ । ਅਤੇ ਅੰਤ ਉਹ ਸਹਿਜ ਹੋ ਗਿਆ । ਅਗਲੇ ਦਿਨ ਤੱਕ ਉਹ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਿਆ । ਅਤੇ ਹੁਣ ਉਹ ਪਹਿਲਾਂ ਦੀ ਤਰ੍ਹਾਂ ਛੋਟੀਆਂ – ਛੋਟੀਆਂ ਚੀਜ਼ਾਂ ਲਈ ਜਿਦ ਅਤੇ ਚੀਖ ਪੁਕਾਰ ਕਰ ਰਿਹਾ ਸੀ ! (ਅਨੁਵਾਦ: ਚਰਨ ਗਿੱਲ)
Baba Nazmi
ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ । ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ । ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ, ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ । ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ, ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ । ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ, ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ । ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ, ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ । ਖ਼ਵਾਜਾ 'ਫ਼ਰੀਦ', ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ, ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ । ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ, 'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ ।
Kartar Singh Duggal
ਸੋਚ-ਸੋਚ ਕੇ ਉਨ੍ਹਾਂ ਇਹੀ ਫੈਸਲਾ ਕੀਤਾ ਕਿ ਤਾਏ ਜਵਾਲੇ ਨੂੰ ਆਪਣੇ ਕੋਲ ਬੁਲਾ ਲਿਆ ਜਾਵੇ।ਹੋਰ ਕੋਈ ਚਾਰਾ ਨਹੀਂ ਸੀ।ਤਾਇਆ ਵਿਹਲਾ ਸੀ, ਸੈਰ-ਸਪਾਟੇ ਦਾ ਸ਼ੌਕੀਨ, ਖੁਸ਼ ਹੋ ਕੇ ਆ ਜਾਵੇਗਾ।ਹੋਰ ਜੋ ਵੀ ਆਇਆ, ਤਿੰਨ ਮਹੀਨੇ ਕਿਸੇ ਉਨ੍ਹਾਂ ਕੋਲ ਨਹੀਂ ਬਹਿ ਰਹਿਣਾ ਸੀ। ਸੋਮਨਾਥ ਤੇ ਉਸ ਦੀ ਤ੍ਰੀਮਤ ਜਾਨਕੀ ਅਜੀਬ ਜੱਕੇ-ਤੱਕੇ ਵਿਚ ਸਨ।ਇਕ ਤਾਂ ਸਰਕਾਰ ਨੇ ਉਨ੍ਹਾਂ ਦੀ ਬਦਲੀ ਬੰਗਲੌਰ ਦੀ ਕਰ ਦਿੱਤੀ ਸੀ।ਪੰਜਾਬੋਂ ਸੈਂਕੜੇ ਮੀਲ ਦੂਰ ਤੇ ਹੁਣ ਬੰਗਲੌਰ ਆਏ ਉਨ੍ਹਾਂ ਨੂੰ ਛੇ ਮਹੀਨੇ ਵੀ ਨਹੀਂ ਹੋਏ ਸਨ ਕਿ ਸੋਮਨਾਥ ਨੂੰ ਇਕ ਕੋਰਸ ਕਰਨ ਲਈ ਗੁਹਾਟੀ ਜਾਣਾ ਪੈ ਰਿਹਾ ਸੀ।ਤਿੰਨ ਮਹੀਨੇ ਦਾ ਕੋਰਸ ਸੀ। ਪਿੱਛੇ ਉਸ ਦੀ ਤ੍ਰੀਮਤ ਤੇ ਬੱਚਾ ਇਕੱਲੇ ਹੋਣਗੇ।ਇੰਨੀ ਵੱਡੀ ਕੋਠੀ ਸੀ, ਸ਼ਹਿਰ ਦੇ ਬਾਹਰਵਾਰ।ਨੌਕਰ-ਚਾਕਰ ਸਨ, ਪਰ ਫਿਰ ਵੀ ਜਨਾਨੀ-ਮੁਹਾਣੀ ਜਾਨਕੀ ਤਿੰਨ ਮਹੀਨੇ ਇਕੱਲਿਆਂ ਕਿਵੇਂ ਕੱਟ ਲੈਂਦੀ।ਮਹਿੰਗਾਈ ਦੇ ਦਿਨ, ਚੋਰੀਆਂ ਇੰਨੀਆਂ ਵਧ ਗਈਆਂ ਸਨ ਕਿ ਕੀੜੀਆਂ ਵਾਂਗ ਅਗਲੇ ਗਲ਼ ਵੱਢ ਸੁੱਟਦੇ। ਤੇ ਉਨ੍ਹਾਂ ਚਿੱਠੀ ਪਾ ਕੇ ਤਾਏ ਜਵਾਲੇ ਨੂੰ ਸੱਦ ਲਿਆ।ਉਸ ਦੀ ਗੱਡੀ ਦਾ ਭਾੜਾ ਤੇ ਹੋਰ ਰਾਹ ਦਾ ਖਰਚ ਉਸ ਨੂੰ ਮਨੀਆਰਡਰ ਕਰਕੇ ਭੇਜ ਦਿੱਤਾ ਗਿਆ। ਤਾਏ ਜਵਾਲੇ ਨੇ ਸੁਣਿਆ ਤੇ ਝੱਟ ਤਿਆਰ ਹੋ ਪਿਆ।ਸੋਮਨਾਥ ਨੂੰ ਉਸ ਬੱਚਿਆਂ ਵਾਂਗ ਪਾਲਿਆ ਸੀ। ਸੋਮਨਾਥ ਦਾ ਪਿਓ ਤਾਂ ਉਸ ਨੂੰ ਪੰਜ ਸਾਲ ਦਾ ਛੱਡ ਕੇ ਮਰ ਗਿਆ ਸੀ।ਤਾਏ ਜਵਾਲੇ ਨੇ ਉਸ ਨੂੰ ਪੜ੍ਹਾਇਆ ਸੀ। ਪੜ੍ਹ-ਲਿਖ ਕੇ ਮੁੰਡਾ ਜਦੋਂ ਨੌਕਰ ਹੋਇਆ, ਤਾਏ ਜਵਾਲੇ ਨੇ ਉਸ ਦਾ ਵਿਆਹ ਕੀਤਾ।ਸੋਮਨਾਥ ਤੇ ਆਪਣੇ ਪੁੱਤਰ ਕਾਨ੍ਹ ਸਿੰਘ ਵਿਚ ਤਾਏ ਜਵਾਲੇ ਨੇ ਕਦੀ ਵਿਤਕਰਾ ਨਹੀਂ ਸੀ ਕੀਤਾ। ਜਦੋਂ ਦਾ ਨੌਕਰੀ ਤੋਂ ਰਿਟਾਇਰ ਹੋਇਆ, ਉਂਜ ਵੀ ਤਾਇਆ ਜਵਾਲਾ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦਾ।ਭਾਵੇਂ ਕੋਈ ਨਾਤੇਦਾਰ ਹੋਵੇ, ਭਾਵੇਂ ਨਾ ਹੋਵੇ।ਤਾਇਆ ਜਵਾਲਾ ਸਾਰੀ ਉਮਰ ਪਟਵਾਰੀ ਰਿਹਾ ਸੀ।ਸੈਂਕੜੇ ਲੋਕਾਂ ਦੀਆਂ ਖੁੱਭੀਆਂ ਹੋਈਆਂ ਖੇਤੀਆਂ ਉਸ ਕੱਢੀਆਂ ਸਨ।ਹਜ਼ਾਰਾਂ ਲਈ ਹੇਰਾ-ਫੇਰੀਆਂ ਕੀਤੀਆਂ ਸਨ।ਲੱਖਾਂ ਦੇ ਕੰਮ ਆਇਆ ਸੀ।ਆਪਣੇ ਪਿੰਡ ਵਿਚ ਤਾਇਆ ਜਵਾਲਾ ਪਹਿਲਾ ਮੁੰਡਾ ਸੀ, ਜਿਸ ਮਿਡਲ ਪਾਸ ਕੀਤੀ ਸੀ। ਮਿਡਲ ਪਾਸ ਕੀਤੀ ਤੇ ਝੱਟ ਉਸ ਨੂੰ ਨੌਕਰੀ ਮਿਲ ਗਈ ਸੀ।ਸ਼ੁਰੂ-ਸ਼ੁਰੂ ਵਿਚ ਤਾਂ ਉੱਠਦਾ-ਬੈਠਦਾ ਨਾਇਬ ਤਹਿਸੀਲਦਾਰੀ ਦੇ ਸੁਪਨੇ ਵੇਖਦਾ ਰਹਿੰਦਾ, ਪਰ ਪੂਰੇ ਚਾਲੀ ਸਾਲ ਉਹ ਨੌਕਰੀ ਕਰਕੇ ਪਟਵਾਰੀ ਹੀ ਰਿਟਾਇਰ ਹੋਇਆ।ਹਮੇਸ਼ਾ ਜਦੋਂ ਉਸ ਦੀ ਤਰੱਕੀ ਦੀ ਗੱਲ ਤੁਰਦੀ, ਕੋਈ ਨਾ ਕੋਈ ਵਿਘਨ ਪੈ ਜਾਂਦਾ।ਕਦੇ ਕੋਈ ਉਸ ਦੇ ਖ਼ਿਲਾਫ਼ ਸ਼ਿਕਾਇਤ ਕਰ ਦਿੰਦਾ ਕਿ ਉਹ ਵੱਢੀ ਖਾਂਦਾ।ਕਦੇ ਉਸ ਦੇ ਅਫਸਰਾਂ ਨੂੰ ਸ਼ਿਕਾਇਤ ਹੁੰਦੀ, ਉਹ ਉਨ੍ਹਾਂ ਦੀ ਪੱਤੀ ਠੀਕ-ਠੀਕ ਉਨ੍ਹਾਂ ਨੂੰ ਨਹੀਂ ਪਹੁੰਚਾਉਂਦਾ ਸੀ। ਤਰੱਕੀ ਨਾ ਹੋਈ ਤਾਂ ਕੀ, ਤਾਏ ਜਵਾਲੇ ਦੀ ਉੱਪਰ ਦੀ ਆਮਦਨ ਤਹਿਸੀਲਦਾਰ ਦੀ ਤਨਖਾਹ ਜਿੰਨੀ ਸੀ।ਤਾਏ ਜਵਾਲੇ ਨੂੰ ਕਿਸੇ ਗੱਲ ਦੀ ਕਦੇ ਕੋਈ ਚਿੰਤਾ ਨਹੀਂ ਸੀ ਹੋਈ, ਇਕ ਗਾਂ ਸੁੱਕਦੀ ਤਾਂ ਦੂਜੀ ਉਸ ਦੇ ਕਿੱਲੇ ਨਾਲ ਕੋਈ ਬੰਨ੍ਹ ਜਾਂਦਾ।ਇਕ ਮਹਿੰ ਲੱਤ ਮਾਰਦੀ ਤਾਂ ਕੋਈ ਹੋਰ ਲਵੇਰੀ ਉਸ ਦੇ ਵਿਹੜੇ ਛੱਡ ਜਾਂਦਾ।ਡੰਗਰਾਂ ਦੇ ਚਾਰੇ ਨਾਲ ਕੋਠੜੀਆਂ ਭਰੀਆਂ ਰਹਿੰਦੀਆਂ।ਅਨਾਜ ਦੀਆਂ ਬੋਰੀਆਂ ਛੱਤ-ਛੱਤ ਤੱਕ ਚੜ੍ਹੀਆਂ ਹੁੰਦੀਆਂ।ਘਿਓ, ਗੁੜ, ਤਾਜ਼ਾ ਸਬਜ਼ੀ, ਫ਼ਲ, ਬਜਾਜੀ, ਹਰ ਚੀਜ਼ ਪਟਵਾਰੀ ਦੇ ਘਰ ਤੁਰਦੀ ਰਹਿੰਦੀ।ਤਾਏ ਜਵਾਲੇ ਨੇ ਆਪਣੇ ਹੱਥੀਂ ਸ਼ਾਇਦ ਹੀ ਕਦੇ ਕੱਚੀ ਕੌਡੀ ਖਰਚ ਕੀਤੀ ਹੋਵੇ।ਗਰਜ਼ਮੰਦ ਲੋਕ ਹਰ ਚੀਜ਼ ਉਸ ਦੇ ਘਰ ਪਹੁੰਚਾ ਜਾਂਦੇ।ਤਾਇਆ ਜਵਾਲਾ ਵੀ ਕੰਮ ਆਉਣ ਵਾਲਾ ਬੰਦਾ ਸੀ।ਜੋ ਆਏ, ਸੋ ਰਾਜ਼ੀ ਜਾਏ। ਰਿਟਾਇਰ ਹੋ ਕੇ ਵੀ ਤਾਇਆ ਜਵਾਲਾ ਲੋਕਾਂ ਦੇ ਕੰਮ ਕਰਾਉਂਦਾ ਰਹਿੰਦਾ।ਜ਼ਿਆਦਾਤਰ ਅਫਸਰ ਉਸ ਦੇ ਜਾਣ-ਪਛਾਣ ਸਨ।ਕਈਆਂ ਨਾਲ ਰਲ ਕੇ ਉਸ ਰਿਸ਼ਵਤ ਖਾਧੀ ਸੀ।ਹੁਣ ਵੀ ਜਦੋਂ ਕਿਸੇ ਦੇ ਜਾਂਦਾ, ਤਾਏ ਜਵਾਲੇ ਦਾ ਹਿੱਸਾ ਉਸ ਨੂੰ ਮਿਲ ਜਾਂਦਾ। ਸੋਮਨਾਥ ਨੇ ਜਦੋਂ ਦੀ ਹੋਸ਼ ਸੰਭਾਲੀ, ਹਮੇਸ਼ਾ ਤਾਏ ਜਵਾਲੇ ਨਾਲ ਝਗੜਦਾ ਕਿ ਉਸ ਨੂੰ ਰਿਸ਼ਵਤ ਨਹੀਂ ਲੈਣੀ ਚਾਹੀਦੀ ਸੀ।ਤਾਇਆ ਜਵਾਲਾ ਅੱਗੋਂ ਹੱਸ ਛੱਡਦਾ।ਪਟਵਾਰੀ ਦੀ ਤਨਖਾਹ ਅਠਾਰਾਂ ਰੁਪਏ ਸੀ।ਇਸ ਤਨਖਾਹ ਵਿਚ ਕਿਸੇ ਦਾ ਗੁਜ਼ਾਰਾ ਕਿਵੇਂ ਹੋ ਸਕਦਾ ਸੀ? ਅਠਾਰਾਂ ਰੁਪਏ ਤਾਂ ਉਸ ਦੀ ਮਹਿੰ ਮਹੀਨੇ ਵਿਚ ਖਾ ਜਾਂਦੀ ਸੀ।ਸੋਮਨਾਥ ਸੁਣਦਾ ਤੇ ਚੁੱਪ ਹੋ ਜਾਂਦਾ। ''ਹੋਰ ਸਾਰੇ ਪ੍ਰਬੰਧ ਮੈਂ ਕਰ ਦਿੱਤੇ ਨੇ, ਇਕ ਉੱਪਰ ਦੀ ਆਮਦਨ ਦਾ ਇੱਥੇ ਮੈਂ ਤੁਹਾਡਾ ਇੰਤਜ਼ਾਮ ਨਹੀਂ ਕਰ ਸਕਿਆ।'' ਸਟੇਸ਼ਨ ਤੋਂ ਤਾਏ ਜਵਾਲੇ ਨੂੰ ਲਿਆਂਦੇ ਹੋਏ ਸੋਮਨਾਥ ਨੇ ਰਸਤੇ ਵਿਚ ਛੇੜਿਆ। ਤਾਇਆ ਜਵਾਲਾ ਖੂਬ ਹੱਸਿਆ।ਹਸੀ ਜਾਵੇ, ਹਸੀ ਜਾਵੇ। ਅਗਲੇ ਦਿਨ ਤਾਏ ਜਵਾਲੇ ਨੂੰ ਸੌਂਪ-ਸੰਪਾਣੀ ਕਰਕੇ ਸੋਮਨਾਥ ਗੁਹਾਟੀ ਤੁਰ ਗਿਆ। ਸੋਮਨਾਥ ਨੂੰ ਤੁਰੇ ਕੋਈ ਤਿੰਨ ਘੰਟੇ ਹੋਏ ਹੋਣਗੇ ਕਿ ਉਸ ਦਾ ਪੰਜਾਬੀ ਚਪੜਾਸੀ ਦਫ਼ਤਰੋਂ ਨਿੱਜੀ ਡਾਕ ਲੈ ਕੇ ਆਇਆ।ਡਾਕ ਅੰਦਰ ਜਾਨਕੀ ਨੂੰ ਪਹੁੰਚਾ ਕੇ ਤਾਇਆ ਜਵਾਲਾ ਧੁੱਪ ਵਿਚ ਬੈਠਾ ਚਪੜਾਸੀ ਨਾਲ ਗੱਪਾਂ ਮਾਰਨ ਲੱਗ ਪਿਆ।ਚਪੜਾਸੀ ਬੜਾ ਪ੍ਰੇਸ਼ਾਨ ਸੀ। ਉਸ ਦੀ ਧੀ ਜਵਾਨ ਹੋ ਗਈ ਸੀ ਤੇ ਅਜੇ ਤੱਕ ਉਸ ਨੂੰ ਕੋਈ ਮੁੰਡਾ ਨਹੀਂ ਮਿਲਿਆ ਸੀ।ਇੰਨੇ ਦੂਰ ਬੈਠਾ ਉਹ ਕਿਵੇਂ ਆਪਣੀ ਕੁੜੀ ਲਈ ਯੋਗ ਵਰ ਢੂੰਡੇ? ਚਪੜਾਸੀ ਦੀ ਤ੍ਰੀਮਤ ਬਿਮਾਰ ਰਹਿੰਦੀ ਸੀ।ਉਸ ਨੂੰ ਸੰਗ੍ਰਹਿਣੀ ਹੋ ਗਈ ਸੀ।ਕੋਈ ਕਹਿੰਦਾ ਬਚ ਜਾਵੇਗੀ, ਕੋਈ ਕਹਿੰਦਾ ਨਹੀਂ ਬਚੇਗੀ। ਚਪੜਾਸੀ ਕਹਿੰਦਾ, ਜੋ ਕੁਝ ਹੋਣਾ ਸੀ ਹੋਵੇ, ਵਿਚੋਂ ਕਜੀਆ ਮੁੱਕੇ।ਉਸ ਦੀ ਬਿਮਾਰੀ ਤੋਂ ਉਹ ਬੜਾ ਅਵਾਜ਼ਾਰ ਸੀ। ਫਿਰ ਉੱਧਰ ਦਫ਼ਤਰ ਵਿਚ ਮਦਰਾਸੀ ਵੱਡਾ ਬਾਬੂ ਉਸ ਨੂੰ ਸਾਹ ਨਹੀਂ ਸੀ ਲੈਣ ਦਿੰਦਾ।ਹੁਣ ਉਸਦੀ ਦਫ਼ਤਰੀ ਬਣਨ ਦੀ ਵਾਰੀ ਸੀ ਤੇ ਹੈੱਡ ਕਲਰਕ ਕਿਸੇ ਹੋਰ ਦੀ ਮਦਦ ਕਰ ਰਿਹਾ ਸੀ।ਚਪੜਾਸੀ ਕਹਿੰਦਾ, ਉਸ ਨੂੰ ਪੱਕਾ ਯਕੀਨ ਸੀ ਕਿ ਵੱਡਾ ਬਾਬੂ ਸੋਮਨਾਥ ਦੇ ਵੀ ਕੰਨ ਭਰ ਦੇਵੇਗਾ ਤੇ ਤਰੱਕੀ ਕਿਸੇ ਹੋਰ ਦੀ ਹੋ ਜਾਵੇਗੀ। ਤਾਇਆ ਜਾਵਲਾ ਚਪੜਾਸੀ ਦੀਆਂ ਗੱਲਾਂ ਸੁਣ ਰਿਹਾ, ਕਿੰਨੇ ਚਿਰ ਤੋਂ ਉਸ ਦੇ ਮੂੰਹ ਵੱਲ ਵੇਖ ਉਸ ਦੀਆਂ ਅੱਖਾਂ ਵਿਚ ਝਾਕ ਰਿਹਾ ਸੀ।ਫਿਰ ਗੱਲਾਂ ਕਰਦੇ-ਕਰਦੇ ਉਹ ਬਾਹਰ ਕੋਠੀ ਦੇ ਫਾਟਕ ਤੱਕ ਨਿਕਲ ਗਏ।ਫਾਟਕ ਦੇ ਬਾਹਰ ਚਪੜਾਸੀ ਤੇ ਫਾਟਕ ਦੇ ਅੰਦਰ ਤਾਇਆ ਜਵਾਲਾ ਤੇ ਫਿਰ ਚਪੜਾਸੀ ਦਾ ਹੱਥ ਉਸ ਦੀ ਜੇਬ ਵਿਚ ਗਿਆ।ਫਿਰ ਉਹੀ ਹੱਥ ਤਾਏ ਜਵਾਲੇ ਦੀ ਮੁੱਠੀ ਵੱਲ ਵਧਿਆ, ਗਰੀਬ ਚਪੜਾਸੀ ਦਾ ਕੰਬਦਾ ਹੱਥ।ਫਿਰ ਤਾਏ ਜਵਾਲੇ ਨੇ ਫਾਟਕ ਬੰਦ ਕਰ ਲਿਆ। ਗਰਮ-ਗਰਮ ਮੁੱਠੀ ਤਾਇਆ ਜਵਾਲਾ ਧੁੱਪ ਵਿਚ ਮੁੜ ਆ ਬੈਠਾ, ਚਿਟਕਾ ਲਵਾਉਣ ਲੱਗ ਪਿਆ। ਸਵਾਦ-ਸਵਾਦ, ਗਠੁੱਲੇ 'ਤੇ ਧੁੱਪ ਵਿਚ ਬੈਠੇ ਤਾਏ ਜਵਾਲੇ ਦੀ ਅੱਖ ਲੱਗ ਗਈ। ''ਇਹ ਤੁਹਾਡੀ ਜੇਬ ਵਿਚ ਕੀ ਏ?'' ਉਸ ਦੀ ਨੂੰਹ ਜਾਨਕੀ ਨੇ ਤਾਏ ਜਵਾਲੇ ਤੋਂ ਪੁੱਛਿਆ। ''ਉਂਜ ਹੀ ਛਿੱਲੜ ਹੈ।'' ਤਾਇਆ ਜਵਾਲਾ ਸਾਹੋ-ਸਾਹ ਉੱਠ ਖਲੋਤਾ।ਪਸੀਨਿਉਂ-ਪਸੀਨਿਉਂ ਹੋ ਰਿਹਾ ਸੀ। ਸੁਪਨਾ ਸੀ।ਤਾਇਆ ਜਵਾਲਾ ਸੋਮਨਾਥ ਦੇ ਬੱਚੇ ਨੂੰ ਕੁੱਛੜ ਚੁੱਕੀ, ਕੋਠੀ ਦੇ ਲਾਅਨ ਵਿਚ ਟਹਿਲਣ ਲੱਗ ਪਿਆ।ਖਾਣਾ ਮੇਜ਼ 'ਤੇ ਲੱਗ ਗਿਆ ਸੀ।ਤਾਏ ਜਵਾਲੇ ਨੂੰ ਨੌਕਰ ਆਦਰ ਨਾਲ ਸੱਦ ਕੇ ਅੰਦਰ ਲੈ ਗਿਆ। ਦੁਪਹਿਰ ਦੇ ਖਾਣੇ ਤੋਂ ਬਾਅਦ ਜਾਨਕੀ ਸੌਂਦੀ ਸੀ, ਬੱਚੇ ਨੇ ਵੀ ਸੌਂ ਜਾਣਾ ਸੀ।ਜਾਨਕੀ ਦੀ ਮਰਜ਼ੀ ਸੀ ਕਿ ਤਾਇਆ ਜਵਾਲਾ ਵੀ ਆਰਾਮ ਕਰ ਲਵੇ। ਮੁੜ-ਮੁੜ ਉਹ ਕਹਿੰਦੀ, ਤੁਸੀਂ ਝੱਟ ਘੜੀ ਚਾਰਪਾਈ 'ਤੇ ਲੱਕ ਸਿੱਧਾ ਕਰ ਲਵੋ। ਪਰ ਤਾਏ ਜਵਾਲੇ ਨੂੰ ਜਿਵੇਂ ਸੌਣ ਦੇ ਖ਼ਿਆਲ ਤੋਂ ਡਰ ਆ ਰਿਹਾ ਹੋਵੇ ਤੇ ਉਹ ਬਾਹਰ ਨਿਕਲ ਗਿਆ।ਸਾਹਮਣੇ ਰੇਲਵੇ ਲਾਈਨ ਦੇ ਉਸ ਪਾਸੇ ਹਾਟ ਲੱਗਾ ਹੋਇਆ ਸੀ।ਤਾਇਆ ਜਵਾਲਾ ਸ਼ਾਮ ਤੱਕ ਘੁੰਮਦਾ ਰਿਹਾ।ਜਦੋਂ ਮੁੜਿਆ ਤਾਂ ਉਹ ਕੁਝ ਸਬਜ਼ੀ, ਕੁਝ ਫ਼ਲ ਤੇ ਸੋਮਨਾਥ ਦੇ ਬੱਚੇ ਲਈ ਇਕ ਖਿਡੌਣਾ ਖਰੀਦ ਲਿਆਇਆ।ਘਰ ਪੁੱਜਾ ਤਾਂ ਤਾਇਆ ਜਿਵੇਂ ਲੱਦਿਆ ਹੋਵੇ।''ਇਹ ਤੁਸੀਂ ਕਾਹਨੂੰ ਤਕਲੀਫ਼ ਕੀਤੀ ਏ?'' ਮੁੜ-ਮੁੜ ਜਾਨਕੀ ਕਹਿੰਦੀ।ਉਹ ਤਾਂ ਹਰ ਰੋਜ਼ ਸਵੇਰੇ ਮੋਟਰ 'ਤੇ ਬਾਜ਼ਾਰ ਜਾਂਦੀ ਸੀ ਤੇ ਆਪਣੇ ਹੱਥੀਂ ਸਬਜ਼ੀ, ਫ਼ਲ ਆਦਿ ਖਰੀਦ ਕੇ ਲਿਆਂਦੀ ਸੀ।ਫਿਰ ਜਾਨਕੀ ਨੇ ਜ਼ਿੱਦ ਕਰਕੇ ਤਾਏ ਕੋਲੋਂ ਪੂਰਾ ਹਿਸਾਬ ਲਿਆ ਤੇ ਕੌਡੀ-ਕੌਡੀ ਜਿਹੜੀ ਖਰਚ ਕੀਤੀ ਸੀ, ਉਸ ਨੂੰ ਮੋੜ ਦਿੱਤੀ।ਦਸਾਂ ਦਾ ਨੋਟ ਉਂਜ ਦਾ ਉਂਜ ਤਾਏ ਜਵਾਲੇ ਦੀ ਜੇਬ ਵਿਚ ਆ ਗਿਆ। ਉਸ ਦਿਨ ਤਰਕਾਲਾਂ ਵੇਲੇ ਜਾਨਕੀ ਤਾਏ ਜਵਾਲੇ ਨੂੰ ਉਥੋਂ ਦਾ ਮੰਦਰ ਵਿਖਾਉਣ ਤੁਰ ਪਈ।ਮੰਦਰ ਕੋਈ ਦੂਰ ਨਹੀਂ ਸੀ, ਪੈਦਲ ਹੀ ਉਹ ਗਏ।ਮੰਦਰ ਤੋਂ ਬਾਹਰ ਜਾਨਕੀ ਨੇ ਬਟੂਆ ਖੋਲ੍ਹਿਆ ਤੇ ਅੰਦਰ ਮੱਥਾ ਟੇਕਣ ਲਈ ਇਕ ਰੁਪਿਆ ਆਪਣੇ ਲਈ ਕੱਢਿਆ ਤੇ ਇਕ ਚਾਂਦੀ ਦਾ ਰੁਪਇਆ ਤਾਏ ਜਵਾਲੇ ਨੂੰ ਦਿੱਤਾ। ਸਾਰਾ ਸਮਾਂ ਮੰਦਰ ਵਿਚ ਬੈਠਾ ਕੀਰਤਨ ਸੁਣਦਾ ਰਿਹਾ ਤੇ ਤਾਏ ਜਵਾਲੇ ਨੂੰ ਲੱਗਦਾ ਕੋਈ ਚੀਜ਼ ਉਸ ਦੇ ਸੀਨੇ 'ਤੇ ਜਿਵੇਂ ਚੁਭ ਰਹੀ ਹੋਵੇ।ਇਹ ਦਸ ਦਾ ਨੋਟ ਸੀ।ਮੁੜ-ਮੁੜ ਤਾਇਆ ਜਵਾਲਾ ਆਪਣੇ ਮਨ ਨੂੰ ਸਮਝਾਉਂਦਾ।ਅੰਦਰ ਦੀ ਜੇਬ ਵਿਚ ਰੱਖਿਆ ਇਹ ਨੋਟ ਸੀ।ਅੱਜ-ਕੱਲ ਦੇ ਨੋਟ ਕਿਵੇਂ ਆਕੜੇ ਹੋਏ ਹੁੰਦੇ ਹਨ। ਅਗਲੀ ਸਵੇਰ ਸੌਂ ਕੇ ਉਠਿਆ ਤਾਂ ਤਾਏ ਜਵਾਲੇ ਲਈ ਉਰਦੂ ਦਾ ਅਖ਼ਬਾਰ ਉਡੀਕ ਕਰ ਰਿਹਾ ਸੀ।ਸਿਆਣੀ ਨੂੰਹ ਨੇ ਪਹਿਲਾਂ ਹੀ ਇਸ ਦਾ ਪ੍ਰਬੰਧ ਕਰ ਦਿੱਤਾ ਸੀ।ਉਸ ਨੂੰ ਪਤਾ ਸੀ ਕਿ ਤਾਏ ਦੀ ਅਖ਼ਬਾਰ ਤੋਂ ਬਿਨਾਂ ਰੋਟੀ ਨਹੀਂ ਸੀ ਲੰਘਦੀ ਤੇ ਉਰਦੂ ਤੋਂ ਬਿਨਾਂ ਉਸ ਨੂੰ ਹੋਰ ਕੋਈ ਜ਼ਬਾਨ ਨਹੀਂ ਆਉਂਦੀ ਸੀ।ਜਿੰਨੇ ਦਿਨ ਤਾਏ ਨੇ ਉਨ੍ਹਾਂ ਕੋਲ ਰਹਿਣਾ ਸੀ, ਉਸ ਦਾ ਅਖ਼ਬਾਰ ਸਵੇਰੇ ਆ ਜਾਇਆ ਕਰੇਗਾ। ਬੀੜੀ ਪੀਣ ਦਾ ਸ਼ੌਕੀਨ ਸੀ।ਨੂੰਹ ਰਾਣੀ ਨੇ ਉਸ ਦੇ ਆਉਣ ਤੋਂ ਪਹਿਲਾਂ ਬੀੜੀਆਂ ਦੇ ਕਈ ਪੈਕਟ ਉਸ ਦੇ ਕਮਰੇ ਵਿਚ ਲਿਆ ਰੱਖੇ ਸਨ।ਜਿੰਨੀਆਂ ਮਰਜ਼ੀ ਪੀਵੇ।ਬੀੜੀਆਂ ਬੰਗਲੌਰ ਵਿਚ ਹੀ ਤਾਂ ਬਣੀਆਂ ਸਨ। ਸਾਰੀ ਉਮਰ ਤਾਏ ਜਵਾਲੇ ਦਾ ਇਕੋ-ਇਕ ਜੋੜਾ ਹੁੰਦਾ ਸੀ; ਉਹੀ ਧੋਂਦਾ, ਉਹੀ ਪਾਉਂਦਾ।ਜਾਨਕੀ ਨੇ ਪਹਿਲੀ ਗੱਲ ਇਹ ਕੀਤੀ ਕਿ ਤਾਏ ਲਈ ਛੇ ਜੋੜੇ ਕੱਪੜਿਆਂ ਦੇ ਬਣਵਾਏ।ਬਾਕੀ ਘਰ ਦੇ ਕੱਪੜਿਆਂ ਦੇ ਨਾਲ ਉਸ ਦੇ ਕੱਪੜੇ ਵੀ ਧੋਬੀ ਕੋਲ ਧੋਣ ਲਈ ਜਾਂਦੇ।ਜਾਨਕੀ ਹਰ ਰੋਜ਼ ਉਸ ਦੇ ਕੱਪੜੇ ਬਦਲਵਾ ਦਿੰਦੀ।ਤਾਇਆ ਜਵਾਲਾ ਇਕ ਕਮੀਜ਼ ਦੀ ਜੇਬ ਵਿਚੋਂ ਦੂਜੀ ਜੇਬ ਵਿਚ ਦਸਾਂ ਦਾ ਨੋਟ ਕੱਢਦਾ ਤੇ ਪਾਉਂਦਾ ਰਹਿੰਦਾ।ਅੱਜ ਕਿੰਨੇ ਦਿਨ ਉਸ ਨੂੰ ਇੱਥੇ ਆਏ ਨੂੰ ਹੋ ਗਏ ਸਨ, ਇਕ ਪੈਸਾ ਉਸ ਨੂੰ ਖ਼ਰਚ ਕਰਨਾ ਨਹੀਂ ਪਿਆ ਸੀ।ਗਾਹ-ਗਹਾੜੇ ਦੇ ਪ੍ਰਸ਼ਾਦੇ ਲੰਗਰੋਂ। ਚੰਗੀ ਤੋਂ ਚੰਗੀ ਰੋਟੀ ਖਾਣ ਨੂੰ ਮਿਲ ਜਾਂਦੀ ਸੀ।ਧੋਬੀ ਦੇ ਧੋਤੇ ਹੋਏ ਸਾਫ਼ ਕੱਪੜੇ ਪਾਉਣ ਨੂੰ ਮਿਲ ਜਾਂਦੇ ਸਨ ਤੇ ਰਹਿਣ ਲਈ ਨਿਵੇਕਲਾ ਕਮਰਾ ਸੀ। ਬਾਹਰ ਜਾਂਦਾ, ਕੁਝ ਨਾ ਕੁਝ ਖਰੀਦ ਲਿਆਂਦਾ।ਘਰ ਪੁੱਜਦਾ ਤਾਂ ਪਹਿਲੀ ਗੱਲ, ਜਾਨਕੀ ਪੈਸਾ-ਪੈਸਾ ਉਸਦਾ ਉਸ ਨੂੰ ਮੋੜ ਦਿੰਦੀ ਤੇ ਮੁੜ-ਮੁੜ ਕਹਿੰਦੀ ਉਹ ਖੇਚਲ ਨਾ ਕਰਿਆ ਕਰੇ।ਉਹ ਆਪ ਜੋ ਬਾਜ਼ਾਰ ਜਾਂਦੀ ਸੀ, ਜਿਹੜੀ ਚੀਜ਼ ਉਸ ਨੂੰ ਲੋੜ ਹੁੰਦੀ, ਜਾਨਕੀ ਆਪ ਮੋਟਰ 'ਤੇ ਜਾ ਕੇ ਖਰੀਦ ਲਿਆਂਦੀ, ਸਗੋਂ ਇਸ ਤਰਾਂ ਮੋਟਰ ਦੀ ਬੈਟਰੀ ਵੀ ਤਾਜ਼ਾ ਹੋ ਜਾਂਦੀ ਸੀ।ਗਰੀਬ-ਗੁਰਬੇ ਨੂੰ ਦੇਣ ਲਈ, ਹੋਰ ਘਰ ਦਾ ਨਿੱਕ-ਸੁੱਕ ਖਰੀਦਣ ਲਈ ਹਮੇਸ਼ਾ ਜਾਨਕੀ ਤਾਏ ਕੋਲ ਕੁਝ ਟੁੱਟੇ ਪੈਸੇ ਰੱਖਦੀ।ਉਹ ਖਤਮ ਹੋ ਜਾਂਦੇ, ਹੋਰ ਦੇ ਦਿੰਦੀ।ਤਾਏ ਜਵਾਲੇ ਨੂੰ ਸਮਝ ਨਾ ਆਉਂਦੀ ਕਿ ਦਸਾਂ ਦੇ ਨੋਟ ਦਾ ਉਹ ਕੀ ਕਰੇ।ਦੋ ਹਫ਼ਤੇ ਗੁਜ਼ਰ ਗਏ ਸਨ।ਅਜੇ ਤੱਕ ਨੋਟ ਸਗਵੇਂ ਦਾ ਸਗਵਾਂ ਪਿਆ ਸੀ।ਇਕ ਪੈਸਾ ਨਹੀਂ ਉਸ ਦੇ ਵਿਚੋਂ ਤਾਏ ਦਾ ਕਿਤੇ ਖਰਚ ਹੋ ਸਕਿਆ।ਖਰਚ ਕਰਦਾ ਵੀ ਕਿੱਥੇ? ਫਿਰ ਇਕ ਦਿਨ ਤਾਇਆ ਬਾਹਰ ਬਰਾਂਡੇ ਵਿਚ ਬੈਠਾ ਅਖ਼ਬਾਰ ਪੜ ਰਿਹਾ ਸੀ ਕਿ ਅੰਦਰੋਂ ਨੌਕਰ ਆਇਆ ਤੇ ਕਿਹਾ, ''ਇਹ ਤੁਹਾਡਾ ਦਸਾਂ ਦਾ ਨੋਟ ਤੁਹਾਡੀ ਚਾਰਪਾਈ ਹੇਠ ਪਿਆ ਸੀ।'' ਨੌਕਰ ਨੇ ਨੋਟ ਤਾਏ ਦੇ ਹਵਾਲੇ ਕਰ ਦਿੱਤਾ।ਤਾਇਆ ਜਵਾਲਾ ਸੋਚ-ਸੋਚ ਕੇ ਹੈਰਾਨ ਹੁੰਦਾ, ਇੰਜ ਸਾਰੀ ਜ਼ਿੰਦਗੀ ਵਿਚ ਉਸ ਕਦੀ ਪੱਲਿਓਂ ਪੈਸਾ ਨਹੀਂ ਗੁਆਇਆ ਸੀ।ਕਦੋਂ ਨੋਟ ਉਸ ਦੀ ਜੇਬ ਵਿਚੋਂ ਨਿਕਲ ਕੇ ਹੇਠਾਂ ਡਿੱਗ ਪਿਆ, ਉਸ ਨੂੰ ਸਮਝ ਨਹੀਂ ਆ ਰਹੀ ਸੀ। ਕੁਝ ਦਿਨ ਬੀਤੇ ਤੇ ਧੋਬੀ ਘਰੋਂ ਉਚੇਚਾ ਮੁੜ ਕੇ ਆਇਆ।ਤਾਏ ਜਵਾਲੇ ਨੇ ਜਿਹੜੀ ਕਮੀਜ਼ ਧੋਣ ਲਈ ਭੇਜੀ ਸੀ, ਉਸ ਦੀ ਜੇਬ ਵਿਚੋਂ ਉਸ ਨੂੰ ਦਸਾਂ ਦਾ ਨੋਟ ਮਿਲਿਆ ਸੀ।ਤਾਏ ਜਵਾਲੇ ਨੇ ਸੁਣਿਆ ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।ਇਸ ਤਰ੍ਹਾਂ ਤਾਂ ਉਸ ਦੀ ਸਾਰੀ ਹਯਾਤੀ ਵਿਚ ਕਦੇ ਨਹੀਂ ਹੋਇਆ ਸੀ। ਫਿਰ ਤਾਏ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਉਸ ਨੋਟ ਦੀ ਖ਼ਬਰੇ ਕੋਈ ਵੁੱਕਤ ਹੀ ਨਹੀਂ ਸੀ।ਰਹਿਣ ਲਈ ਘਰ ਸੀ ਤੇ ਪਾਉਣ ਨੂੰ ਕੱਪੜੇ ਸਨ।ਦੋਵਾਂ ਵੇਲੇ ਚੰਗਾ-ਚੋਖਾ ਖਾਣ ਨੂੰ ਪੱਕਿਆ-ਪਕਾਇਆ ਮਿਲ ਜਾਂਦਾ ਸੀ, ਉਸ ਨੂੰ ਜਿਵੇਂ ਉਸ ਨੋਟ ਦੀ ਕੋਈ ਲੋੜ ਹੀ ਨਹੀਂ ਸੀ। ਫਿਰ ਇੰਜ ਹੋਣ ਲੱਗਾ।ਹਰ ਰੋਜ਼ ਰਾਤ ਨੂੰ ਸੁੱਤੇ-ਸੁੱਤੇ ਤਾਏ ਜਵਾਲੇ ਦੀ ਅੱਖ ਖੁੱਲ ਜਾਂਦੀ।ਕੇਹੇ ਭੈੜੇ ਸੁਪਨੇ ਉਸ ਨੂੰ ਆਉਂਦੇ ਸਨ।ਹਰ ਰੋਜ਼ ਜਿਵੇਂ ਇਕ ਕੰਡਿਆਲਾ ਸੱਪ ਆਉਂਦਾ ਤੇ ਉਸ ਦੀ ਛਾਤੀ 'ਤੇ ਉਸ ਨੂੰ ਡੰਗਦਾ।ਹਰ ਰੋਜ਼ ਭੋਥਲ ਕੇ ਉਹ ਜਾਗ ਪੈਂਦਾ।ਦਰਅਸਲ ਉਹ ਨੋਟ ਸੀ।ਜੇਬ ਵਿਚ ਪਿਆ ਨੋਟ ਰਾਤ ਨੂੰ ਖ਼ਬਰੇ ਤਾਏ ਜਵਾਲੇ ਨੂੰ ਚੁਭਦਾ ਸੀ ਤੇ ਉਸ ਨੂੰ ਹਰ ਰੋਜ਼ ਭੈੜੇ-ਭੈੜੇ ਸੁਪਨੇ ਆਉਣ ਲੱਗਦੇ। ਤਾਇਆ ਜਵਾਲਾ ਦਸਾਂ ਦੇ ਨੋਟ ਤੋਂ ਡਾਹਢਾ ਤੰਗ ਸੀ।ਨਾ ਖਰਚ ਹੋ ਸਕਦਾ ਤੇ ਨਾ ਕਿਤੇ ਸੰਭਾਲਿਆ ਜਾ ਸਕਦਾ। ਜਿੱਥੇ ਰੱਖਦਾ ਤੇ ਭੁੱਲਦਾ, ਕੋਈ ਨਾ ਕੋਈ ਨੌਕਰ ਮੁੜ ਉਸ ਦੀ ਤਲੀ 'ਤੇ ਲਿਆ ਰੱਖਦਾ।ਤਾਇਆ ਜਵਾਲਾ ਬੜਾ ਪ੍ਰੇਸ਼ਾਨ ਸੀ।ਫਿਰ ਇਕ ਦਿਨ ਦਫ਼ਤਰ ਦਾ ਚਪੜਾਸੀ ਜਦੋਂ ਡਾਕ ਦੇ ਕੇ ਜਾ ਰਿਹਾ ਸੀ ਤਾਂ ਤਾਇਆ ਉਸ ਦੇ ਨਾਲ ਕੋਠੀ ਦੇ ਫਾਟਕ ਤੱਕ ਤੁਰ ਪਿਆ।ਫਾਟਕ ਖੁੱਲਣ ਵੇਲੇ ਅੱਜ ਤਾਏ ਜਵਾਲੇ ਦਾ ਹੱਥ ਜੇਬ ਵਿਚ ਗਿਆ ਤੇ ਫਿਰ ਉਹੀ ਹੱਥ ਚਪੜਾਸੀ ਦੀ ਮੁੱਠੀ ਵੱਲ ਵਧਿਆ। ਚਪੜਾਸੀ ਹੈਰਾਨ ਸੀ।''ਤੂੰ ਇਹ ਮੋੜ ਲੈ, ਤੇਰਾ ਕੰਮ ਵੀ ਹੋ ਜਾਵੇਗਾ'', ਤਾਏ ਜਵਾਲੇ ਨੇ ਚਪੜਾਸੀ ਦੀ ਮੁੱਠੀ ਭੀੜਦੇ ਹੋਏ ਉਸ ਨੂੰ ਯਕੀਨ ਦਿਵਾਇਆ ਤੇ ਫਿਰ ਕਾਹਲੀ-ਕਾਹਲੀ ਕੋਠੀ ਦਾ ਫਾਟਕ ਬੰਦ ਕਰ ਲਿਆ।
Shiv Kumar Batalvi
ਅੱਜ ਫੇਰ ਦਿਲ ਗ਼ਰੀਬ ਇਕ ਪਾਂਦਾ ਹੈ ਵਾਸਤਾ ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ ਪੀੜਾਂ 'ਚ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ ਕਾਗ਼ਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ ਸ਼ਬਦਾਂ ਦੇ ਥਲ 'ਚ ਭਟਕਦਾ ਗੀਤਾਂ ਦਾ ਕਾਫ਼ਲਾ ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ ਕੁੱਖ ਤੋਂ ਕਬਰ ਤਕ ਦੋਸਤਾ ਜਿੰਨਾ ਵੀ ਫ਼ਾਸਲਾ ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚੱਲੀ ਰੱਖੀ ਸੀ ਜਿਹੜੀ ਓਸ ਨੇ ਮੁੱਦਤ ਤੋਂ ਦਾਸ਼ਤਾ
Jasbir Singh
ਕੌਣ ਖੜ੍ਹਾ ਸਰਪੰਚੀ ਨੂੰ ਤੇ ਕਿਹੜੇ ਪੰਚ ਕਹਾਵਣਗੇ ਵਿੱਚ ਵਿਚਾਲੇ ਥੋੜ੍ਹੇ ਜਿਹੇ ਜੋ ਸਰਬਸੰਤੀ ਵੀ ਚਾਹਵਣਗੇ ਲੋਕਾਂ ਪਿੱਛੇ ਲੱਗ ਕੇ ਬਹੁਤੀ ਫੂਕ ਨੀ ਛੱਕਣੀ ਚਾਹੀਦੀ ਨਾ ਹੋਵੇ ਭਾਵੇਂ ਵੋਟ ਪਰ ਪਿੰਡ ਦੀ ਖ਼ਬਰ ਤਾਂ ਰੱਖਣੀ ਚਾਹੀਦੀ ਜਿੱਥੇ ਹਾਸੇ ਖੇਡੇ ਕੀਤੀਆਂ ਬਚਪਨ ਵਾਲੀਆਂ ਝੇਡਾਂ ਜੀ ਪੰਜ ਸੱਤ ਹਾਣੀ ਸ਼ੁਗਲ ਚ ਕਰਦੇ ਸਿਆਸਤ ਵਾਲੀਆਂ ਖੇਡਾਂ ਸੀ ਜੋ ਵੀ ਹੋਜੇ ਪਿੰਡਾਂ ਵਾਲੀ ਸਾਂਝ ਨੀ ਟੁੱਟਣੀ ਚਾਹੀਦੀ ਨਾ ਹੋਵੇ ਭਾਵੇਂ ਵੋਟ ਪਰ ਪਿੰਡ ਦੀ ਖ਼ਬਰ ਤਾਂ ਰੱਖਣੀ ਚਾਹੀਦੀ ਕਿਧਰੇ ਸਾਕ ਸਰੀਕੀ ਕਿਧਰੇ ਜਾਤ ਪਾਤ ਦਾ ਰੌਲਾ ਜਿਹਾ ਸਾਰਾ ਪਿੰਡ ਲੜਾ ਦੇਂਦਾ ਏ ਚੁਗ਼ਲਖੋਰਾਂ ਦਾ ਟੋਲਾ ਜਿਹਾ ਗੱਲਾਂ ਦੇ ਵਿਚ ਆ ਕੇ ਐਵੇਂ ਪੂਛ ਨੀ ਚੱਕਣੀ ਚਾਹੀਦੀ ਨਾ ਹੋਵੇ ਭਾਵੇਂ ਵੋਟ ਪਰ ਪਿੰਡ ਦੀ ਖ਼ਬਰ ਤਾਂ ਰੱਖਣੀ ਚਾਹੀਦੀ ਦੱਸ ਕੀ ਲੈਣਾ ਜਸਬੀਰ ਤੂੰ ਨਾ ਤਿੰਨਾਂ ਚ ਨਾ ਤੇਰਾਂ ਚ ਹੱਸਦੇ ਵਸਦੇ ਰਹਿਣ ਸਾਰੇ ਮੰਗਦਾ ਰਹਿ ਤੂੰ ਖ਼ੈਰਾ ਚ ਪਰ ਲੱਖ ਵਸੀਏ ਪਰਦੇਸੀ ਪਿੰਡ ਦੀ ਯਾਦ ਨਾ ਦਿਲੋਂ ਭੁਲਾਈਦੀ ਨਾ ਹੋਵੇ ਭਾਵੇਂ ਵੋਟ ਪਰ ਪਿੰਡ ਦੀ ਖ਼ਬਰ ਤਾਂ ਰੱਖਣੀ ਚਾਹੀਦੀ ਜਸਬੀਰ ਜਿੰਦਵੜ੍ਹੀ
Khushpreet Singh Sunam
"ਗੱਲ ਤੁਹਾਡੇ ਦਿਲ ਦੀ" ✍️ ਮੈਲਬੌਰਨ ਵਿੱਚ ਕੋਂਸਲ ਚੋਣਾਂ ਦਾ ਆਗਾਜ਼ ਹੋਣ ਦੇ ਨਾਲ ਹੀ ਇਨਾਂ ਚੋਣਾਂ ਲਈ ਡਾਕ ਰਾਹੀਂ ਵੋਟ ਘਰ ਆਉਣ ਦਾ ਸਿਲਸਿਲਾ ਅੱਜ ਤੋਂ ਸ਼ੂਰੂ ਹੋ ਚੁੱਕਾ ਹੈ ਤੇ 25 ਅਕਤੂਬਰ ਤੱਕ ਵੋਟ ਪਾ ਕੇ ਭੇਜਣ ਦਾ ਆਖਰੀ ਦਿਨ ਹੋਵੇਗਾ ਇਹਨਾਂ ਚੋਣਾਂ ਦੇ ਨਤੀਜੇ 15 ਨਵੰਬਰ ਨੂੰ ਐਲਾਨੇ ਜਾਣਗੇ। ਵੋਟ ਪਾਉਣੀ ਲਾਜ਼ਮੀ ਹੋਵੇਗੀ ਨਹੀ ਜ਼ੁਰਮਾਨਾ ਅਦਾ ਕਰਨਾ ਪੈ ਸਕਦਾ ਹੈ। ਇਨਾਂ ਚੋਣਾਂ ਨੂੰ ਲੈ ਕੇ ਮੈਲਬੌਰਨ ਦੇ ਕਈ ਹਿੱਸਿਆਂ ਵਿੱਚ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ ਜਾਂ ਇੰਝ ਕਹਿ ਲਓ ਕਿ ਪੰਜਾਬ ਦੀਆਂ "ਸਰਪੰਚੀ ਚੋਣਾਂ" ਵਾਗੂੰ ਅਖਾੜਾ ਪੂਰੀ ਤਰਾਂ ਭਖਿਆ ਹੋਇਆ ਹੈ।ਮੈਲਬੌਰਨ ਵਿੱਚ ਨਵੀਂ ਵਾਰਡਬੰਦੀ ਦੇ ਚਲਦਿਆਂ ਵੱਡੇ ਪੱਧਰ ਤੇ ਪੰਜਾਬੀ ਉਮੀਦਵਾਰ ਇੰਨਾਂ ਚੋਣਾਂ ਵਿੱਚ ਨਿੱਤਰੇ ਹੋਏ ਹਨ ਤੇ ਇੱਥੋ ਦੀ ਰਾਜਨੀਤੀ ਵਿੱਚ ਪੈਰ ਪਾਉਣਾ ਇੱਕ ਚੰਗਾ ਸੰਕੇਤ ਹੈ ਪਰ ਕਈ ਵਾਰਡਾਂ ਵਿੱਚ ਸਾਡੇ ਆਪਣਿਆਂ ਦਾ ਹੀ ਮੁਕਾਬਲਾ ਆਹਮੋ-ਸਾਹਮਣੇ,ਤਿਕੋਣਾ,ਚਾਰਕੋਣਾ ਵੀ ਹੋਣ ਜਾ ਰਿਹਾ ਹੈ। ਜਿਸ ਕਾਰਨ ਇਹ ਚੋਣਾਂ ਦਿਲਚਸਪ ਬਣੀਆਂ ਹੋਈਆਂ ਹਨ। ਇਹਨਾਂ ਚੋਣਾਂ ਨੂੰ ਲੈ ਕੇ ਉਮੀਦਵਾਰ ਜ਼ਮੀਨੀ ਤੌਰ ਤੇ ਮਿਹਨਤ ਤਾਂ ਕਰ ਹੀ ਰਹੇ ਹਨ ਉਥੇ ਹੀ ਸੋਸ਼ਲ ਮੀਡੀਆ ਤੇ ਵੀ ਪੂਰੇ ਚਿੱਬ ਕੱਢੀ ਤੁਰੀ ਆ ਰਹੇ ਹਨ ਪਰ ਇਸ ਦੇ ਨਾਲ ਨਾਲ ਕਈ ਵਾਰਡਾਂ ਵਿੱਚ ਪੰਜਾਬੀਆਂ ਦੇ ਆਦਮ ਕੱਦ ਬੋਰਡਾਂ ਦਾ ਨਵਾਂ ਟਰੈਂਡ ਚੱਲਿਆ ਹੋਇਆ ਹੈ ਤੇ ਬੋਰਡਾਂ ਦੇ ਅੱਗੇ ਭਗਵੰਤ ਮਾਨ ਸਾਬ੍ਹ ਦੇ ਬੋਰਡ ਵੀ ਛੋਟੇ ਹੁੰਦੇ ਪ੍ਰਤੀਤ ਹੋ ਰਹੇ ਹਨ।ਪੰਜਾਬੀਆਂ ਦੀ ਬਹੁਤਾਤ ਵਾਲੇ ਇਲਾਕਿਆਂ ਚ ਆਲਮ ਇਹ ਹੈ ਕਿ ਜਿੱਥੇ ਸਾਡੇ ਆਲਿਆਂ ਦੇ ਬੋਰਡਾਂ, ਪੋਸਟਰਾਂ ਨੇ ਹਰੇਕ ਗਲ਼ੀ , ਨੁੱਕਰੇ , ਚੌਂਕਾਂ ਚ ਜਿੱਦੋ ਜਿੱਦੀ ਲਾ ਕੇ ਧੁੱਕੀ ਕੱਢ ਰੱਖੀ ਹੈ ਉੱਥੇ ਹੀ ਹੋਰਨਾਂ ਭਾਈਚਾਰਿਆਂ ਦੇ ਉਮੀਦਵਾਰ ਇਸ ਕੰਮ ਚ ਜਰੂਰ ਪਿੱਛੇ ਰਹਿ ਗਏ ਹਨ ਤੇ ਇੰਨਾਂ ਬੋਰਡਾਂ ਨੂੰ ਦੇਖ ਕੇ ਆਪਣੇ ਤੇ ਹੋਰਨਾਂ ਭਾਈਚਾਰਿਆਂ ਦੇ ਲੋਕ ਜਿਆਦਾ ਖੁਸ਼ ਵੀ ਨਹੀ ਜਾਪਦੇ ਤੇ ਆਮ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ "ਵੋਟਾਂ ਬੋਰਡਾਂ ਨੂੰ ਨਹੀਂ ਪੈਂਦੀਆ ਸਗੋਂ ਕੰਮਾਂ ਨੂੰ ਪੈਂਦੀਆਂ ਨੇ"। ਜਿਸ ਦਾ ਸਿੱਧਾ - ਸਿੱਧਾ ਕਾਰਣ ਇੱਕ ਇਹ ਵੀ ਹੈ ਕਿ ਸਾਡੇ ਉਮੀਦਵਾਰ ਹੋਰਨਾਂ ਉਮੀਦਵਾਰਾਂ ਵਾਂਗ ਦੂਜਿਆਂ ਭਾਈਚਾਰਿਆਂ ਵਿੱਚ ਘੱਟ ਵਿਚਰਦੇ ਹਨ ਅਤੇ ਇਹ ਗੱਲ ਸਮਝਣ ਤੋਂ ਜ਼ਰੂਰ ਭਜਦੇ ਹਨ ਕਿ ਇੱਥੋਂ ਦੀ ਰਾਜਨੀਤੀ ਸਾਡੀ ਰਾਜਨੀਤੀ ਤੋ ਬਿਲਕੁਲ ਵੱਖਰੀ ਹੈ ਤੇ ਇੱਥੇ ਚਿਹਰੇ ਨੂੰ ਘੱਟ ਸਗੋ ਕੰਮਾਂ ਨੂੰ ਤਰਜੀਹ ਦੇ ਕੇ ਵੋਟ ਪਾਈ ਜਾਂਦੀ ਹੈ ਤੇ ਹੋਰਨਾਂ ਭਾਈਚਾਰਿਆਂ ਨਾਲ ਸੰਪਰਕ ਬਨਾਉਣ ਚ ਪਿੱਛੇ ਰਹਿ ਜਾਂਦੇ ਹਾਂ ਤੇ ਇਸ ਦੇ ਨਾਲ ਨਾਲ ਮੁੱਦਿਆਂ ਤੇ ਮੁਸ਼ਕਿਲਾਂ ਦੀ ਸਹੀ ਜਾਣਕਾਰੀ ਨਾ ਹੋਣਾ ਵੀ ਕਿਤੇ ਨਾ ਕਿਤੇ ਅੜਿੱਕਾ ਬਣ ਰਿਹਾ ਹੈ ਕਿਉਕਿ ਉਸ ਬਾਬਤ ਸਾਡੇ ਉਮੀਦਵਾਰ ਜਮੀਨੀ ਪੱਧਰ ਤੇ ਕੰਮ ਘੱਟ ਕਰਦੇ ਹਨ ।ਬਹੁਤੇ ਉਮੀਦਵਾਰ ਤਰਜੀਹੀ ਵੋਟ( preference vote System) ਤੋ ਵੀ ਚੰਗੀ ਤਰਾਂ ਜਾਣੂ ਨਹੀ ਹਨ ਤੇ ਤਾਲਮੇਲ ਦੀ ਘਾਟ ਕਾਰਨ ਨੁਕਸਾਨ ਕਰਾ ਬੈਠਦੇ ਹਨ। ਮੈਲਬੌਰਨ ਦੇ ਪੰਜਾਬੀਆਂ ਦੀ ਬਹੁਤਾਤ ਵਾਲੇ ਇਲਾਕਿਆਂ ਵਿੰਡਮ, ਟਾਰਨੇਟ,ਟਰੁਗਨੀਨਾ,ਕਰੇਗੀਬਰਨ , ਏਪਿੰਗ,ਕਰੇਨਬਰਨ,ਮੈਲਟਨ, ਵੁੱਡਲੀ, ਕਲਾਇਡ, ਮਿਕਲਮ, ਡੋਨੀਬਰੁੱਕ, ਵਾੱਲਣ ਆਦਿ ਵਿੱਚ ਪੰਜਾਬੀਆਂ ਦੀ ਚੰਗੀ ਵਸੋਂ ਹੈ ਜਿੱਥੇ ਜਿਆਦਾਤਰ ਵਾਰਡਾਂ ਦੇ ਵਿੱਚੋਂ ਹੋਰਨਾਂ ਭਾਈਚਾਰਿਆਂ ਦੇ ਇਲਾਵਾ ਪੰਜਾਬੀ ਹੀ ਇੱਕ ਦੂਜੇ ਦੇ ਮੁਕਾਬਲੇ ਨਿੱਤਰੇ ਹੋਏ ਹਨ ਜਿਸ ਕਾਰਨ ਪੰਜਾਬੀ ਵੋਟਰ ਹੀ ਦੁਬਿਧਾ ਵਿੱਚ ਹੈ ਕਿ ਕਿਸ ਨੂੰ ਵੋਟ ਪਾਵੇ। ਜੇਕਰ ਹੁਣ ਗੱਲ ਉਮੀਦਵਾਰਾਂ ਦੀ ਕੀਤੀ ਜਾਵੇ ਤਾਂ ਇਸ ਵਾਰ ਜਿਆਦਾਤਰ ਨਵੇਂ ਚਿਹਰੇ ਕਿਸਮਤ ਅਜਮਾਈ ਕਰ ਰਹੇ ਹਨ ਤੇ ਅਤੇ ਜਿੱਥੇ ਕਈ ਪੁਰਾਣੇ ਚਿਹਰੇ ਫਿਰ ਮੈਦਾਨ ਵਿੱਚ ਹਨ ਉਨ੍ਹਾਂ ਦੀ ਖੇਡ ਖਰਾਬ ਕਰਨ ਲਈ ਆਪਣੇ ਵਾਲੇ ਮੋਹਰੀ ਭੂਮਿਕਾ ਨਿਭਾਉਣ ਲਈ ਪੈਰਾਸ਼ੂਟ ਰਾਹੀਂ ਉਤਰ ਆਏ ਹਨ। ਹਾਲਾਂਕਿ ਚੋਣ ਲੜਨਾ ਸਭ ਦਾ ਸੰਵਿਧਾਨਕ ਹੱਕ ਹੈ ਪਰ ਕਈ ਵਾਰ ਇੱਕ ਉਮੀਦਵਾਰ ਸਾਲਾਂ, ਮਹੀਨਿਆਂ ਬੱਧੀ ਮਿਹਨਤ ਨਾਲ ਲੋਕਾਂ ਨਾਲ ਰਾਬਤਾ ਬਣਾਉਂਦਾ ਰਹਿ ਜਾਂਦਾ ਹੈ ਤੇ ਮੌਕੇ ਤੇ ਆਪਣੇ ਵਾਲੇ ਆ ਕੇ ਖੇਡ ਖਰਾਬ ਕਰ ਦਿੰਦੇ ਹਨ। ਇਸ ਵਾਰ ਤਾਂ ਕਈ ਵਾਰ ਵਾਰਡਾਂ ਵਿੱਚ ਇਹੀ ਸਵਾਲ ਉੱਠਿਆ ਕਿ ਜੇ ਤੁਸੀ ਇੱਕ ਦੇਸ਼ , ਇੱਕ ਸਟੇਟ ਤੇ ਇੱਕੋ ਬੋਲੀ ਬੋਲਦੇ ਹੋ ਤਾਂ ਤੁਸੀ ਇੱਕ ਦੂਜੇ ਦੇ ਹੀ ਮੁਕਾਬਲੇ ਚੋਣ ਕਿਉ ਲੜ ਰਹੇ ਹੋ? ਜਿਸ ਦਾ ਸਾਡੇ ਕੋਲ ਕੋਈ ਜੁਆਬ ਨਹੀ ਹੁੰਦਾ ਤੇ ਇਹ ਵੀ ਸੁਨਣ ਵਿੱਚ ਆਉਂਦਾ ਹੈ ਕਿ ਆਪਣੇ ਬਿਜਨਸ ਦੀ ਮਸ਼ਹੂਰੀ ਲਈ ਜਾਂ ਆਪਣੇ ਪਿੰਡ ਸ਼ਹਿਰ ਚ ਦੱਸਣ ਲਈ ਹੀ ਚੋਣ ਲੜ ਰਹੇ ਹਨ। ਇਹੋ ਕਾਰਨ ਹੈ ਕਿ ਭਾਰਤੀਆਂ ਦੀ ਮੈਲਬੌਰਨ ਵਿੱਚ ਇੰਨੀ ਵੱਡੀ ਅਬਾਦੀ ਹੋਣ ਦੇ ਬਾਬਜੂਦ ਅਸੀਂ ਪ੍ਰਤੀਨਿਧਤਾ ਪੱਖੋਂ ਵਾਂਝੇ ਹਾਂ ਜੇਕਰ ਕੋੰਸਲ ਚੋਣਾਂ ਲਈ ਆਪਸ ਵਿੱਚ ਹੀ ਇੰਨੇ ਸਿੰਗ ਫਸਾਈ ਜਾ ਰਹੇ ਹਾਂ ਤਾਂ ਸਟੇਟ ਤੇ ਫੈਡਰਲ ਲੈਵਲ ਤੇ ਪੁੱਜਣਾ ਤਾਂ ਸਾਡੇ ਲਈ ਨਾਮੁਮਕਿਨ ਹੀ ਹੈ। ਕਿਉਂ ਕਿ ਇੱਕ ਚੰਗੇ ਦੇਸ਼ ਦੀ ਰਾਜਨੀਤੀ ਵਿੱਚ ਅਸੀ ਆਪਣੀ ਰਵਾਇਤੀ ਰਾਜਨੀਤੀ ਥੋਪਣ ਦੀ ਕੋਸ਼ਿਸ਼ ਕਰ ਰਹੇ ਹਾਂ ਹੋ ਸਕਦੈ ਕਿ ਅੱਜ ਕਿਸੇ ਹੱਦ ਤੱਕ ਕਾਮਯਾਬ ਵੀ ਹੋ ਜਾਈਏ ਪਰ ਭਵਿੱਖ ਵਿੱਚ ਸਾਡੀ ਨਵੀਂ ਪੀੜੀ ਲਈ ਔਕੜਾਂ ਜਰੂਰ ਪੈਦਾ ਕਰਾਂਗੇ। ਇਸ ਪੋਸਟ ਰਾਂਹੀ ਮੈ ਕਿਸੇ ਨੂੰ ਕੋਈ ਸਲਾਹ ਨਹੀਂ ਦੇ ਰਿਹਾ ਇਹ ਮੇਰੇ ਆਪਣੇ ਵਿਚਾਰ ਹਨ ਪਰ ਕਿੰਨਾ ਚੰਗਾ ਹੋਵੇ ਕਿ ਭਵਿੱਖ ਵਿੱਚ ਸਿਰ ਜੋੜ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਨਹੀ ਵੱਖਰੇ ਤਾਂ ਅਸੀ ਹਾਂ ਹੀ। ਪੋਸਟ ਥੋੜੀ ਲੰਮੀ ਹੋ ਗਈ ਪੜਨ ਲਈ ਧੰਨਵਾਦ। ✍️ਖੁਸ਼ਪ੍ਰੀਤ ਸਿੰਘ ਸੁਨਾਮ, ਪਿੰਡ ਤੇ ਡਾਕਖਾਨਾ ਮੈਲਬੌਰਨ
Sandeep Singh Sidhu
ਕਿੰਜ ਦੇ ਸੁਨੇਹੇ ਲੈ ਕੇ ਆਉਂਦੀਆਂ ਨੇ ਹਵਾਵਾਂ ਕਿਉਂ ਅਣਜਾਣ ਹੋ ਗਈਆਂ ਇਹ ਰਾਹਵਾਂ ਮੈਂ ਚਲਦਾ ਰਿਹਾ ਦਿਨ ਰਾਤ ਜਿਸ ਦੀ ਭਾਲ ਵਿੱਚ ਹਰ ਪਲ ਟਿਕਾਣੇ ਬਦਲਦੀਆਂ ਰਹੀਆਂ ਓ ਥਾਵਾਂ ਆ ਜਿੰਦਗੀ ਦੋ ਪਲ ਬੈਠ ਕੇ ਗੱਲ ਤਾਂ ਕਰੀਏ ਫਿਰ ਜਿੰਨੀਆਂ ਕਰਨੀਆਂ ਮੌਤ ਨਾਲ ਤੂੰ ਕਰ ਲਈ ਸਲਾਹਾਂ ਗ਼ਮ ਨਹੀਂ ਕੇ ਮੈਂ ਤੈਨੂੰ ਪਾ ਨਹੀਂ ਸਕਿਆ ਫਿਰ ਵੀ ਹਰ ਗ਼ਜ਼ਲ ਤੇਰੇ ਨਾ ਤੇ ਬਣਾਵਾਂ ਤੂੰ ਚੰਨ ਲੈ ਕੇ ਆਇਆ ਬੜੀ ਸੋਹਣੀ ਗੱਲ ਹੈ ਕਾਸ਼ ਬਣ ਦੀਵਾ ਹੀ ਮੈਂ ਕਿਸੇ ਦਰ ਨੂੰ ਰੋਸ਼ਨਾਵਾਂ ਮੈਂ ਅਣਜਾਣ ਤੇਰੇ ਲਈ ਸ਼ਇਦ ਤੇਰਾ ਇਹ ਵਹਿਮ ਸੀ ਮੈਂ ਓਹੀ ਹਾਂ ਜੋ ਨਿੱਤ ਤੇਰੇ ਸੁਪਨੇ ਵਿੱਚ ਆਵਾਂ ਬੜੇ ਅਦਬ ਨਾਲ ਪੁਕਾਰਿਆ ਕਿਸੇ ਨੇ ਮੇਰਾ ਨਾਮ ਪਤਾ ਲੱਗਾ ਮਹਿਫ਼ਿਲ ਵਿੱਚ ਹੋਰ ਵੀ ਸੀ ਮੇਰਾ ਸਿਰਨਾਵਾਂ ਹਸਰਤ ਬਸ ਇਹੀ ਹੈ ਮੌਤ ਗਲ ਲਾਉਣ ਤੋਂ ਪਹਿਲਾਂ ਓ ਮੇਰੀ ਹੋ ਜਾਵੇ ‘ਸਨਦੀਪ ‘ ਮੈਂ ਉਸਦਾ ਹੋ ਜਾਵਾਂ ।
Shiv Kumar Batalvi
ਪੁੰਨਿਆਂ ਦੇ ਚੰਨ ਨੂੰ ਕੋਈ ਮੱਸਿਆ ਕੀਕਣ ਅਰਘ ਚੜ੍ਹਾਏ ਵੇ ਕਿਉਂ ਕੋਈ ਡਾਚੀ ਸਾਗਰ ਖ਼ਾਤਰ ਮਾਰੂਥਲ ਛੱਡ ਜਾਏ ਵੇ । ਕਰਮਾਂ ਦੀ ਮਹਿੰਦੀ ਦਾ ਸੱਜਣਾ ਰੰਗ ਕਿਵੇਂ ਦੱਸ ਚੜ੍ਹਦਾ ਵੇ ਜੇ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲੀ 'ਤੇ ਲਾਏ ਵੇ । ਗ਼ਮ ਦਾ ਮੋਤੀਆ ਉਤਰ ਆਇਆ ਸਿਦਕ ਮੇਰੇ ਦੇ ਨੈਣੀਂ ਵੇ ਪ੍ਰੀਤ ਨਗਰ ਦਾ ਔਖਾ ਪੈਂਡਾ ਜਿੰਦੜੀ ਕਿੰਜ ਮੁਕਾਏ ਵੇ । ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ ਕਦ ਕੋਈ ਮਾਲੀ ਮਲ੍ਹਿਆਂ ਉੱਤੋਂ ਹਰੀਅਲ ਆਣ ਉਡਾਏ ਵੇ । ਪੀੜਾਂ ਦੇ ਧਰਕੋਨੇ ਖਾ ਖਾ ਹੋ ਗਏ ਗੀਤ ਕਸੈਲੇ ਵੇ ਵਿਚ ਨੜੋਏ ਬੈਠੀ ਜਿੰਦੂ ਕੀਕਣ ਸੋਹਲੇ ਗਾਏ ਵੇ । ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ ਵੇਖ ਕੇ ਕਿੰਜ ਕੁਰਲਾਵਾਂ ਵੇ ਲੈ ਚਾਂਦੀ ਦੇ ਬਿੰਗ ਕਸਾਈਆਂ ਮੇਰੇ ਗਲੇ ਫਸਾਏ ਵੇ । ਤੜਪ ਤੜਪ ਕੇ ਮਰ ਗਈ ਅੜਿਆ ਮੇਲ ਤੇਰੇ ਦੀ ਹਸਰਤ ਵੇ ਐਸੇ ਇਸ਼ਕ ਦੇ ਜ਼ੁਲਮੀ ਰਾਜੇ ਬਿਰਹੋਂ ਬਾਣ ਚਲਾਏ ਵੇ । ਚੁਗ ਚੁਗ ਰੋੜ ਗਲੀ ਤੇਰੀ ਦੇ ਘੁੰਗਣੀਆਂ ਵੱਤ ਚੱਬ ਲਏ ਵੇ 'ਕੱਠੇ ਕਰ ਕਰ ਕੇ ਮੈਂ ਤੀਲ੍ਹੇ ਬੁੱਕਲ ਵਿਚ ਧੁਖਾਏ ਵੇ । ਇਕ ਚੂਲੀ ਵੀ ਪੀ ਨਾ ਸਕੀ ਪਿਆਰ ਦੇ ਨਿੱਤਰੇ ਪਾਣੀ ਵੇ ਵਿੰਹਦਿਆਂ ਸਾਰ ਪਏ ਵਿਚ ਪੂਰੇ ਜਾਂ ਮੈਂ ਹੋਂਠ ਛੁਹਾਏ ਵੇ ।
Surjit Patar
ਉਦਾਸ ਹੋਵੀਂ ਨਿਰਾਸ਼ ਹੋਵੀਂ ਜਾਂ ਦਿਲ 'ਚ ਕੋਈ ਮਲਾਲ ਰੱਖੀਂ ਪਰ ਇਹ ਵੀ ਹੈ ਇਕ ਪੜਾਅ ਸਫਰ ਦਾ ਤੂੰ ਏਸ ਗੱਲ ਦਾ ਖਿਆਲ ਰੱਖੀਂ ਮੈਂ ਹਿਜ਼ਰ ਤੇਰੇ ਦੇ ਪੱਤਣਾਂ ਤੋਂ ਇਕ ਉਮਰ ਹੋਈ ਕਿ ਲੰਘ ਆਇਆਂ ਮੈਂ ਏਨਾ ਰੋਇਆਂ ਕਿ ਲਹਿਰ ਹੋਇਆਂ ਤੂੰ ਅਪਣੇ ਪੱਥਰ ਸੰਭਾਲ ਰੱਖੀਂ ਵਜੂਦ ਤੋਂ ਤੂੰ ਵੀ ਸਾਜ਼ ਹੀ ਹੈਂ ਤੇ ਆਪੇ ਸਾਜ਼ਨਵਾਜ਼ ਵੀ ਹੈਂ ਤੂੰ ਸੁਣ ਖਮੋਸ਼ੀ ਦੀ ਧੁਨ ਤੇ ਖੁਦ ਨੂੰ ਤੂੰ ਸੁਰ ਉਸੇ ਸਾਜ਼ ਨਾਲ ਰੱਖੀਂ ਇਹ ਚੰਨ ਤਾਰੇ, ਇਹ ਸਭ ਸੱਯਾਰੇ ਕਸ਼ਿਸ਼ ਦੇ ਮਾਰੇ ਹੀ ਘੁੰਮਦੇ ਨੇ ਖਿਆਲ, ਚਿਹਰਾ ਜਾਂ ਖਾਬ ਕੋਈ ਤੂੰ ਅਪਣੀ ਖਾਤਰ ਵੀ ਭਾਲ ਰੱਖੀਂ