0447171674 | 0447171674 , 0393560344 | info@haanji.com.au

ਕਹਾਣੀ ਬੇਬਸੀ - ਹਰਪ੍ਰੀਤ ਸਿੰਘ ਜਵੰਦਾ

ਕਹਾਣੀ ਬੇਬਸੀ  - ਹਰਪ੍ਰੀਤ ਸਿੰਘ ਜਵੰਦਾ
ਸਾਉਣ ਭਾਦਰੋਂ ਦਾ ਚੁਮਾਸਾ..ਸਿਖਰ ਦੁਪਹਿਰ..ਪਿੰਡੋਂ ਬਾਹਰਵਾਰ..ਇਕਾਂਤ ਜਿਹਾ ਕਮਰਾ..ਸਾਰਿਆਂ ਰਲ ਪੈਸੇ ਪਾ ਕੁਝ ਘੰਟਿਆਂ ਲਈ ਵੀ.ਸੀ.ਆਰ ਲਿਆਂਦਾ.."ਪੁੱਤ ਜੱਟਾਂ ਦੇ" ਫਿਲਮ ਦਾ ਆਖਰੀ ਸੀਨ..ਅਚਾਨਕ ਕਮਰੇ ਦਾ ਬੂਹਾ ਖੁੱਲਦਾ..ਅੰਦਰ ਘੁੱਪ ਹਨੇਰਾ..ਚੜ੍ਹਦੀ ਉਮਰ ਦੀ ਇੱਕ ਮੁਟਿਆਰ ਫਿਲਮ ਵੇਖ ਰਹੀ ਭੀੜ ਵਿਚੋਂ ਆਪਣੇ ਦੋਹਾਂ ਵੀਰਾਂ ਨੂੰ ਲ਼ੱਭ ਮਾਂ ਦਾ ਸੁਨੇਹਾ ਦਿੰਦੀ.."ਖੇਤਾਂ ਵਿਚ ਡੰਗਰ ਚਾਰਦੇ ਬਾਪੂ ਦੀ ਰੋਟੀ ਫੜਾ ਆਓ.."
ਅੱਗਿਓਂ ਅਣਸੁਣੀ ਕਰ ਦਿੰਦੇ..ਉਲਟਾ ਗੁੱਸੇ ਹੁੰਦੇ..ਤੂੰ ਇਥੇ ਕੀ ਲੈਣ ਆਈ..ਸ਼ਾਇਦ ਉਸਦਾ ਢਾਣੀ ਵਿਚ ਇੰਝ ਅਚਾਨਕ ਆਣ ਵੜਨਾ ਚੰਗਾ ਨਹੀਂ ਸੀ ਲੱਗਾ!
ਜੁਆਬ ਸੁਣ ਨਿਰਾਸ਼ ਅਤੇ ਬੇਵੱਸ ਓਸੇ ਤਰਾਂ ਹੀ ਬੂਹਾ ਭੇੜ ਬਾਹਰ ਨੂੰ ਨਿੱਕਲ ਜਾਂਦੀ..ਘੜੀ ਕੂ ਮਗਰੋਂ ਉਹ ਬੰਨੇ ਤੇ ਡੰਗਰ ਚਾਰ ਰਹੀ ਹੁੰਦੀ..ਬਾਪੂ ਕੋਲ ਹੀ ਰੁੱਖਾਂ ਦੀ ਛਾਂ ਹੇਠ ਚਾਦਰ ਵਿਛਾ ਕੇ ਲੰਮੇ ਪਿਆ ਹੁੰਦਾ..!
ਭੈਣਾਂ ਬਾਪੂਆਂ ਦੀ ਅਜੋਕੀ ਬੇਬਸੀ ਕੋਈ ਨਵੀਂ ਗੱਲ ਨਹੀਂ..ਵਰਤਾਰਾ ਦਹਾਕਿਆਂ ਤੋਂ ਇੰਝ ਹੀ ਚੱਲਿਆ ਆ ਰਿਹਾ..ਇਹ ਓਹਨਾ ਦਿਨਾਂ ਦੀ ਗੱਲ ਏ ਜਦੋਂ ਨਰਿੰਦਰ ਬੀਬਾ ਦਾ ਇਹ ਗੀਤ ਅਕਸਰ ਹੀ ਘਰਾਂ ਢਾਬਿਆਂ ਦਾ ਸ਼ਿੰਗਾਰ ਬਣਿਆ ਕਰਦਾ.."ਹਰਾ ਹਰਾ ਘਾਹ ਉੱਤੇ ਸੱਪ ਫੂਕਾਂ ਮਾਰਦਾ..ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ"
ਓਦੋਂ ਦਰਮਿਆਨੇ ਤਬਕੇ ਲਈ ਲਵੇਰਾ ਰੱਖਣਾ ਸ਼ੌਕ ਅਤੇ ਮੱਝਾਂ ਚਾਰਨੀਆਂ ਮਜਬੂਰੀ ਹੁੰਦੀ ਸੀ..ਸ਼ੌਕ ਪਰਿਵਾਰ ਨੂੰ ਸਿਹਤਮੰਦ ਰੱਖਦਾ ਅਤੇ ਦੂਜਾ ਕੰਮ ਸਰਫ਼ੇ ਨਾਲ ਉਗਾਇਆ ਹਰਾ ਚਾਰਾ ਬਚਾਉਣ ਵਿਚ ਸਹਾਈ ਹੁੰਦਾ ਸੀ..!
ਪਰ ਸੱਪ ਏਨੇ ਜ਼ਹਿਰੀ ਨਹੀਂ ਸਨ ਜਿੰਨੇ ਹੁਣ..ਹੁਣ ਵਾਲਿਆਂ ਨੂੰ ਤੇ ਰੂਹਾਂ ਤੇ ਡੰਗਣਾ ਵੀ ਆ ਗਿਆ!
ਹਰਪ੍ਰੀਤ ਸਿੰਘ ਜਵੰਦਾ

Facebook Instagram Youtube Android IOS