ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮੁੱਖ ਮੰਤਰੀ ਮਾਨ ਨੇ ਕੰਮਕਾਜ ਮੁੜ ਸੰਭਾਲਿਆ - Radio Haanji
ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮੁੱਖ ਮੰਤਰੀ ਮਾਨ ਨੇ ਕੰਮਕਾਜ ਮੁੜ ਸੰਭਾਲਿਆ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਸਪਤਾਲ ’ਚੋਂ ਛੁੱਟੀ ਮਿਲਣ ਮਗਰੋਂ ਮੁੱਖ ਮੰਤਰੀ ਦਫ਼ਤਰ ਦਾ ਕੰਮਕਾਜ ਮੁੜ ਸ਼ੁਰੂ ਕਰ ਦਿੱਤਾ। ਚਾਰ ਦਿਨ ਪਹਿਲਾਂ ਮੁੱਖ ਮੰਤਰੀ ਅਚਨਚੇਤ ਸਿਹਤ ਸਮੱਸਿਆ ਆਉਣ ਕਰਕੇ ਹਸਪਤਾਲ ਭਰਤੀ ਹੋਏ ਸਨ। ਉਨ੍ਹਾਂ ਨੂੰ ਸ਼ਾਮ ਸਮੇਂ ਹਸਪਤਾਲ ਤੋਂ ਛੁੱਟੀ ਮਿਲੀ ਅਤੇ ਉਨ੍ਹਾਂ ਨੇ ਰਿਹਾਇਸ਼ ’ਤੇ ਪਹੁੰਚਦਿਆਂ ਹੀ ਸਰਕਾਰੀ ਸਮੀਖਿਆ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਪਤਾ ਲੱਗਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਜ਼ਿਆਦਾ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਨੇ ਬੀਤੇ ਦਿਨ ਮੁਹਾਲੀ ਦੇ ਹਸਪਤਾਲ ’ਚੋਂ ਵੀ ਜ਼ਰੂਰੀ ਫਾਈਲਾਂ ਕਲੀਅਰ ਕੀਤੀਆਂ ਹਨ। ਉਨ੍ਹਾਂ ਦੇ ਪ੍ਰਮੁੱਖ ਸਕੱਤਰ ਵੀਕੇ ਸਿੰਘ ਨੇ ਬੀਤੇ ਦਿਨ ਮੁੱਖ ਮੰਤਰੀ ਨਾਲ ਵਿੱਤ ਮਹਿਕਮੇ ਆਦਿ ਨਾਲ ਸਬੰਧਤ ਫਾਈਲਾਂ ’ਤੇ ਚਰਚਾ ਕੀਤੀ ਅਤੇ ਮੁੱਖ ਮੰਤਰੀ ਨੇ ਦਸਤਖ਼ਤ ਕੀਤੇ। ਮੁੱਖ ਮੰਤਰੀ ਨੇ ਅੱਜ ਸ਼ਾਮੀਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਸਰਕਾਰੀ ਕੰਮਾਂ ਬਾਰੇ ਚਰਚਾ ਕੀਤੀ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਉਨ੍ਹਾਂ ਪਰਾਲੀ ਪ੍ਰਬੰਧਨ ਬਾਰੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਭਲਕੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਵੀ ਸੱਦੀ ਹੈ। ਮੁੱਖ ਮੰਤਰੀ ਨੇ ਉੱਚ ਅਫ਼ਸਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਪੁਰਾਣੀਆਂ ਤੇ ਜ਼ਰੂਰੀ ਫਾਈਲਾਂ ਦਾ ਕੰਮ ਨਿਬੇੜਿਆ।
ਉਨ੍ਹਾਂ ਮੁੱਖ ਸਕੱਤਰ ਅਨੁਰਾਗ ਵਰਮਾ ਤੋਂ ਵੱਖ ਵੱਖ ਵਿਭਾਗਾਂ ਦੇ ਕੰਮਾਂ ਬਾਰੇ ਵੀ ਜਾਣਕਾਰੀ ਲਈ। ਇਸ ਤੋਂ ਪਹਿਲਾਂ ਹਸਪਤਾਲ ਵਿਚ ਅੱਜ ਕਾਂਗਰਸੀ ਵਿਧਾਇਕ ਪਰਗਟ ਸਿੰਘ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਮਿਲ ਕੇ ਸਿਹਤ ਦਾ ਹਾਲ ਜਾਣਿਆ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁਹਾਲੀ ਦੇ ਸੋਹਾਣਾ ਗੁਰਦੁਆਰਾ ਸਾਹਿਬ ’ਚ ਮੁੱਖ ਮੰਤਰੀ ਦੀ ਸਿਹਤਯਾਬੀ ਲਈ ਅਰਦਾਸ ਕਰਾਈ। ਕੈਬਨਿਟ ਵਜ਼ੀਰਾਂ ਨੇ ਫ਼ੋਨ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਬੁੱਧਵਾਰ ਰਾਤ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਡਾਕਟਰਾਂ ਦੀ ਨਿਗਰਾਨੀ ਹੇਠ ਫੋਰਟਿਸ ਦੀ ਤੀਜੀ ਮੰਜ਼ਿਲ ’ਤੇ ਆਈਸੀਯੂ ਮੈਡੀਕਲ ਵਾਰਡ ਵਿੱਚ ਦਾਖ਼ਲ ਸਨ।