ਸ੍ਰੀ ਅਕਾਲ ਤਖ਼ਤ ਵਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤਨਖਾਹੀਆ ਫ਼ੈਸਲਾ, ਅਗਲੇਰੀ ਕਾਰਵਾਈ ਲਈ ਮੀਟਿੰਗ
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਮੌਕੇ 'ਤੇ ਕਿਹਾ ਕਿ ਪੰਥਕ ਮੁੱਦਿਆਂ 'ਤੇ ਸਿੱਖ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰਨਾ ਪੰਥ ਦੀ ਪੁਰਾਣੀ ਰਵਾਇਤ ਹੈ, ਜਿਸਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਮਗਰੋਂ ਅਗਲੀ ਕਾਰਵਾਈ 'ਤੇ ਵਿਚਾਰ ਕਰਨ ਲਈ ਵਿਦਵਾਨਾਂ ਦੀ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਕਈ ਸਿੱਖ ਵਿਦਵਾਨ ਅਤੇ ਬੁੱਧੀਜੀਵੀ ਮੌਜੂਦ ਸਨ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਮੌਕੇ 'ਤੇ ਹਰ ਇੱਕ ਵਿਦਵਾਨ ਦੀ ਰਾਇ ਬੜੇ ਧਿਆਨ ਨਾਲ ਸੁਣੀ। ਕੁਝ ਵਿਦਵਾਨਾਂ ਨੇ ਆਪਣੇ ਵਿਚਾਰ ਲਿਖਤੀ ਰੂਪ ਵਿੱਚ ਪੇਸ਼ ਕੀਤੇ, ਜੋ ਇਸ ਗੱਲਬਾਤ ਦਾ ਹਿੱਸਾ ਬਣੇ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਮੌਕੇ 'ਤੇ ਕਿਹਾ ਕਿ ਪੰਥਕ ਮੁੱਦਿਆਂ 'ਤੇ ਸਿੱਖ ਵਿਦਵਾਨਾਂ ਨਾਲ ਵਿਚਾਰ-ਵਟਾਂਦਰਾ ਕਰਨਾ ਪੰਥ ਦੀ ਪੁਰਾਣੀ ਰਵਾਇਤ ਹੈ, ਜਿਸਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਲੇ ਸਮੇਂ ਵਿੱਚ ਸਿੱਖ ਸੰਪਰਦਾਵਾਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਵੀ ਮਿਲ ਕੇ ਇਹ ਚਰਚਾ ਕੀਤੀ ਜਾਵੇਗੀ ਤਾਂ ਜੋ ਪੰਥ ਦੇ ਨਵੇਂ ਅਤੇ ਸਾਂਝੇ ਅਜੇੰਡੇ ਨੂੰ ਅੱਗੇ ਵਧਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੁਪਰੀਮ ਕੋਰਟ ਦੇ ਵਕੀਲ ਐਚਐਸ ਫੂਲਕਾ, ਸਿੱਖ ਵਿਦਵਾਨ ਹਰ ਸਿਮਰਨ ਸਿੰਘ, ਅਤੇ ਹੋਰ ਕਈ ਵਿਦਵਾਨ ਵੀ ਸ਼ਾਮਿਲ ਸਨ। ਵਿਦਵਾਨਾਂ ਦੀ ਰਾਇ ਮੰਗਣ ਤੋਂ ਬਾਅਦ, ਹੁਣ ਸਿੱਖ ਜਥੇਬੰਦੀਆਂ ਦੀ ਇੱਕ ਹੋਰ ਮੀਟਿੰਗ ਬੁਲਾਈ ਜਾਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਆਪਣੀ ਸਲਾਹ ਨਾਲ ਅਗਲੇ ਕਦਮ 'ਤੇ ਫ਼ੈਸਲਾ ਕਰਨਗੇ।