Votes
[Rating: 4]
Punjabi scientist Jaswinder Singh New Zealand

ਨਿਊਜ਼ੀਲੈਂਡ ਪ੍ਰਧਾਨ ਮੰਤਰੀ ਸਾਇੰਸ ਇਨਾਮ’ ਪ੍ਰਾਪਤ ਟੀਮ ਵਿਚ ਸ਼ਾਮਿਲ ਹੈ ਪੰਜਾਬੀ ਸਾਇੰਸਦਾਨ ਜਸਵਿੰਦਰ ਸਿੰਘ ਸੇਖੋਂ Courtesy: Courtesy: Punjabi Herald

‘ਨਿਊਜ਼ੀਲੈਂਡ ਪ੍ਰਧਾਨ ਮੰਤਰੀ ਸਾਇੰਸ ਇਨਾਮ’ ਪ੍ਰਾਪਤ ਟੀਮ ਵਿਚ ਸ਼ਾਮਿਲ ਹੈ ਪੰਜਾਬੀ ਸਾਇੰਸਦਾਨ ਜਸਵਿੰਦਰ ਸਿੰਘ ਸੇਖੋਂ -‘ਪੰਜਾਬ ਐਗਰੀਕਲਚਰ ਯੂਨੀਵਰਸਿਟੀ’ ਤੋਂ ਕੀਤੀ ਡਿਗਰੀ ਹੈ।

ਔਕਲੈਂਡ 15 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਦਿਨੀਂ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ‘ਪ੍ਰਧਾਨ ਮੰਤਰੀ ਸਾਇੰਸ ਇਨਾਮਾਂ’ ਦੀ ਵੰਡ ਕੀਤੀ ਗਈ। ਸਭ ਤੋਂ ਵੱਡਾ ਇਨਾਮ ਜੋ ਕਿ 5 ਲੱਖ ਡਾਲਰ ਦਾ ਸੀ ‘ਪਲਾਂਟ ਐਂਡ ਫੂਡ ਰਿਸਰਚ’ ਕੰਪਨੀ ਦੇ ਹਿੱਸੇ ਆਇਆ। ਇਹ ਇਨਾਮ ਨਿਊਜ਼ੀਲੈਂਡ ਦੇ ਰਾਸ਼ਟਰੀ ਫਲ ‘ਕੀਵੀ’ ਨੂੰ ਇਕ ਭਿਆਨਕ ਬਿਮਾਰੀ ਪੀ. ਐਸ.ਏ. (Pseudomonas syringae pv. actinidiae) ਤੋਂ ਰੋਗਮੁਕਤ ਕਰਨ ਅਤੇ ਕੀਵੀ ਪ੍ਰਜਾਤੀ ਨੂੰ ਬਚਾਉਣ ਵਾਸਤੇ ਦਿੱਤਾ ਗਿਆ।

‘ਪਲਾਂਟ ਐਂਡ ਫੂਡ ਰਿਸਰਚ’ ਕੰਪਨੀ ਵੱਲੋ ਇਸ ਕਾਰਜ ਦੇ ਲਈ ਜਿੱਥੇ ਚੀਫ ਆਪਰੇਟਿੰਗ ਆਫੀਸਰ ਡਾ. ਬਰੂਸ ਕੈਂਪਬਲ ਨੇ ਖਾਸ ਭੂਮਿਕਾ ਨਿਭਾਈ ਉਥੇ ਪੰਜਾਬੀ ਭਾਈਚਾਰੇ ਨੂੰ ਮਾਣ ਹੋਏਗਾ ਕਿ ਇਸ ਟੀਮ ਦੇ ਵਿਚ ਇਕ ਪੰਜਾਬੀ ਨੌਜਵਾਨ ਜਸਵਿੰਦਰ ਸਿੰਘ ਸੇਖੋਂ ਵੀ ਸ਼ਾਮਿਲ ਹੈ। ‘ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁ੍ਿਰਧਆਣਾ’ ਤੋਂ ਸ੍ਰੀ ਸੇਖੋਂ ਨੇ’ਪਲਾਂਟ ਬ੍ਰੀਡਿੰਗ ਐਂਡ ਜੈਨੇਟਿਕ’ ਵਿਸ਼ੇ ਦੇ ਵਿਚ ਡਿਗਰੀ ਕੀਤੀ ਹੋਈ ਹੈ। ਪਿਤਾ ਸਵ. ਸ. ਗੁਰਦੇਵ ਸਿੰਘ ਸੇਖੋਂ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ ਸੇਖੋਂ ਦਾ ਇਹ ਹੋਣ ਪੁੱਤਰ ਮੋਗਾ ਸ਼ਹਿਰ ਤੋਂ ਸੰਨ 2009 ਦੇ ਵਿਚ ਇਥੇ ‘ਲਿੰਕਨ ਯੂਨੀਵਰਸਿਟੀ ਕ੍ਰਾਈਸਟਚਰਚ’ ਦੇ ਵਿਚ ਫਲਾਂ ਸਬੰਧੀ ਉਚੇਰੀ ਪੜ੍ਹਾਈ ਲਈ ਪਹੁੰਚੇ ਸਨ।

2012 ਦੇ ਵਿਚ ਉਨ੍ਹਾਂ ‘ਪਲਾਂਟ ਐਂਡ ਫੂਡ ਰਿਸਰਚ’ ਕੰਪਨੀ ਦੇ ਵਿਚ ਆਪਣਾ ਖੋਜੀ ਕਾਰਜ ਟੀ ਪੁੱਕੀ ਖੋਜ ਕੇਂਦਰ ਵਿਖੇ ਆਰੰਭ ਕੀਤਾ। ਇਥੇ ਆ ਕੇ ਉਨ੍ਹਾਂ ਕੀਵੀ ਫਲ ਦੀ ਪ੍ਰਜਾਤੀ ਸੁਧਾਰ ਦੇ ਵਿਚ ਤਕਨੀਕੀ ਸਹਿਯੋਗ ਕੀਤਾ। ਇਸ ਵੇਲੇ ਉਹ ਜਿੱਥੇ ਕੀਵੀ ਫਲ ਦੇ ਵਿਕਾਸ ਉਤੇ ਕੰਮ ਕਰ ਰਹੇ ਹਨ ਉਥੇ ਉਹ ਪੀ.ਐਸ.ਏ. ਵਰਗੀ ਬਿਮਾਰੀ ਤੋਂ ਕੀਵੀ ਫਲ ਨੂੰ ਸਦਾ ਲਈ ਰੋਗ ਮੁਕਤ ਕਰਨ ਅਤੇ ਨਵੇਂ ਬੂਟਿਆਂ ਦੇ ਬੀਜ ਨੂੰ ਸੁਰੱਖਿਅਤ ਰੱਖਣ ਦੇ ਵਿਚ ਵੀ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।

ਗੋਲਡ ਕੀਵੀ ਫਰੂਟ ਅਜਿਹੇ ਸਾਇੰਸਦਾਨਾਂ ਦੀ ਹੀ ਦੇਣ ਹੈ ਜਿਸ ਦੇ ਨਾਲ ਇਹ ਫਲ ਪੀ.ਐਸ. ਏ ਵਰਗੇ ਰੋਗ ਨਾਲ ਲੜ ਸਕਦਾ ਹੈ। ਸ. ਸੇਖੋਂ ਇਸ ਵੇਲੇ ਪਾਪਾਮੋਆ ਵਿਖੇ ਆਪਣੀ ਪਤਨੀ ਸ੍ਰੀਮਤੀ ਰਮਨਦੀਪ ਕੌਰ ਸੇਖੋਂ ਅਤੇ ਇਕ ਬੇਟੀ ਫਰੀਦਾ ਕੌਰ ਸੇਖੋਂ ਨਾਲ ਰਹਿ ਰਹੇ ਹਨ। ਉਨ੍ਹਾਂ ਅਨੁਸਾਰ ਸਾਇੰਸ ਇਨਾਮ ਜਿੱਤਣਾ ਸਮੁੱਚੀ ਟੀਮ ਦੇ ਹਿੱਸੇ ਆਉਂਦਾ ਹੈ, ਹਰ ਇਕ ਨੇ ਆਪਣਾ ਯੋਗਦਾਨ ਪਾ ਕੇ ਦੇਸ਼ ਦੀ ਸ਼ਾਨ ਕੀਵੀ ਫਲ ਨੂੰ ਬਚਾਇਆ ਹੈ।

ਇਹ ਬਿਮਾਰੀ ਨਵੰਬਰ 2010 ਦੇ ਵਿਚ ਪਹਿਲੀ ਵਾਰ ਧਿਆਨ ਵਿਚ ਆਈ ਸੀ ਅਤੇ ਇਸਨੂੰ ਖਤਰਨਾਕ ਸ਼੍ਰੇਣੀ ਦੇ ਵਿਚ ਵੇਖਦਿਆਂ ਬਹੁਤ ਸਾਰੇ ਕੀਵੀ ਬਾਗ ਨਸ਼ਟ ਕਰਨੇ ਪੈ ਗਏ ਸਨ ਜਾਂ ਫਿਰ ਉਨ੍ਹਾਂ ਨੂੰ ਨਵੇਂ ਤਰੀਕੇ ਨਾਲ ਕੀਵੀ ਗੋਲਡ ਦੇ ਵਿਚ ਤਬਦੀਲ ਕਰਨਾ ਪਿਆ ਸੀ। ਇਸ ਕੰਪਨੀ ਦੇ ਲਗਪਗ 100 ਦੇ ਕਰੀਬ ਖੋਜ ਕਰਮਚਾਰੀਆਂ ਨੇ ਵੱਡੀ ਮੱਲ ਮਾਰਦਿਆਂ ਇਸ ਬਿਮਾਰੀ ਉਤੇ ਕਾਬੂ ਕਰਕੇ ਨਿਊਜ਼ੀਲੈਂਡ ਦੇ ਕੀਵੀ ਬਿਜ਼ਨਸ ਨੂੰ ਬਚਾ ਲਿਆ ਸੀ। ਸੋ ਸਲਾਮ ਹੈ ਅਜਿਹੇ ਸਾਇੰਸਦਾਨਾਂ ਨੂੰ ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਮਸ਼ਹੂਰ ਫਲ ‘ਕੀਵੀ’ ਨੂੰ ਬਚਾ ਲਿਆ।

‘ਪਲਾਂਟ ਐਂਡ ਫੂਡ ਰਿਸਰਚ’ ਕੰਪਨੀ ਦੇ ਵਿਚ ਕਈ ਹੋਰ ਭਾਰਤੀ ਸਾਇੰਸਦਾਨ ਵੀ ਕੰਮ ਕਰਦੇ ਹਨ ਜਿਨ੍ਹਾਂ ਵਿਚ ਡਾ. ਪ੍ਰਮੋਦ ਗੋਪਾਲ, ਡਾ. ਸਤੀਸ਼ ਕੁਮਾਰ, ਡਾ. ਹਰਜਿੰਦਰ ਸਿੰਘ ਅਤੇ ਹੋਰ ਵੀ ਕਈ ਖੋਜਕਰਤਾ ਸ਼ਾਮਿਲ ਹਨ।